”ਖਾਲਿਸਤਾਨ ਦੀ ਮੰਗ ਕਰਨਾ ਪ੍ਰਗਟਾਵੇ ਦੀ ਅਜ਼ਾਦੀ ਦਾ ਹਿੱਸਾ”
– ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਦਰਬਾਰ ਸਾਹਿਬ ਸਾਂਝੀਵਾਲਤਾ ਦਾ ਸੋਮਾ, ਜਿਸ ਸਾਂਝੀਵਾਲਤਾ ਨੂੰ ਕੈਨੇਡਾ ਸੰਵਿਧਾਨਕ ਧਰਮ ਵਜੋਂ ਅਪਨਾ ਰਿਹਾ ਏ
– ਭਾਰਤ ‘ਚ ਅੱਤਵਾਦ ਲਈ ਕੈਨੇਡਾ ਦੀ ਧਰਤੀ ਦਾ ਨਹੀਂ ਹੋਣ ਦਿਆਂਗਾ ਇਸਤੇਮਾਲ
– ਅਟਵਾਲ ਨੂੰ ਸੱਦਾ ਦੇਣ ਵਾਲੇ ਸਾਂਸਦ ਦੇ ਖ਼ਿਲਾਫ਼ ਲਵਾਂਗਾ ਐਕਸ਼ਨ
ਸੱਤ ਦਿਨ ਲਈ ਭਾਰਤ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੂਰੀ ਯਾਤਰਾ ਖਾਲਿਸਤਾਨੀ ਸਮੱਰਥਨ ਨੂੰ ਲੈ ਕੇ ਵਿਵਾਦਾਂ ਵਿਚ ਘਿਰੀ ਰਹੀ। ਪੰਜਾਬ ਵਿਚ ਇਹ ਮੁੱਦਾ ਭਖਿਆ ਰਿਹਾ, ਕਿਉਂਕਿ ਕੈਨੇਡਾ ਵਿਚ 14 ਲੱਖ ਭਾਰਤੀਆਂ ਵਿਚ ਤਕਰੀਬਨ 8 ਲੱਖ ਪੰਜਾਬੀ ਰਹਿੰਦੇ ਹਨ। ਟਰੂਡੋ ਦੇ ਦੌਰੇ ਦੌਰਾਨ ਕਈ ਸਵਾਲ ਵੀ ਕੀਤੇ ਗਏ। ਇਨ੍ਹਾਂ ਸਵਾਲਾਂ ਦੇ ਜਵਾਬ ਕੁਝ ਇੰਝ ਦਿੱਤੇ ਗਏ।
* ਤੁਹਾਨੂੰ ਖਾਲਿਸਤਾਨੀ ਵਿਚਾਰਧਾਰਾ ਦਾ ਸਮੱਰਥਕ ਕਿਹਾ ਜਾ ਰਿਹਾ ਹੈ, ਕੀ ਕਹੋਗੇ?
ਖਾਲਿਸਤਾਨ ਦੀ ਮੰਗ ਕਰਨਾ ਪ੍ਰਗਟਾਵੇ ਦੀ ਅਜ਼ਾਦੀ ਦਾ ਹਿੱਸਾ ਹੈ। ਅਸੀਂ ਕਿਸੇ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਨਹੀਂ ਕਰਦੇ ਹਾਂ, ਪਰ ਇਹ ਵੀ ਕਹਿਣਾ ਚਾਹਾਂਗਾ ਕਿ ਕੈਨੇਡਾ ਦੀ ਧਰਤੀ ‘ਤੇ ਕਿਸੇ ਵੀ ਹਿੰਸਕ ਅੰਦੋਲਨ ਨੂੰ ਉਤਸ਼ਾਹਿਤ ਨਹੀਂ ਹੋਣ ਦਿੱਤਾ ਜਾਵੇਗਾ। ਇੰਡੋ-ਕੈਨੇਡੀਅਨ ਖ਼ਾਸ ਕਰਕੇ ਸਿੱਖ ਕਮਿਊਨਿਟੀ ਨੇ ਕੈਨੇਡਾ ਦੇ ਵਿਕਾਸ ਵਿਚ ਬਹੁਤ ਯੋਗਦਾਨ ਦਿੱਤਾ ਹੈ ਤੇ ਮੇਰਾ ਭਾਰਤ ਦੌਰਾ ਇਨ੍ਹਾਂ ਕਮਿਊਨਿਟੀਜ਼ ਦੀਆਂ ਦੋਵਾਂ ਦੇਸਾਂ ਵਿਚਾਲੇ ਲੜੀ ਦੇ ਰੂਪ ਵਿਚ ਸੈਲੀਬਰੇਟ ਕਰਨਾ ਸੀ। ਮੈਂ ਉਨ੍ਹਾਂ ਦਾ ਸੱਭਿਆਚਾਰ ਦੇਖਿਆ, ਅਕਸ਼ਰਧਾਮ ਗੁਜਰਾਤ ਗਿਆ, ਦਰਬਾਰ ਸਾਹਿਬ ਵੀ ਗਿਆ ਤੇ ਉਸ ਦਾ ਅਹਿਸਾਸ ਵੀ ਕੀਤਾ। ਦਰਬਾਰ ਸਾਹਿਬ ਦੀ ਯਾਤਰਾ ਨੇ ਮੇਰਾ ਮਨ ਮੋਹ ਲਿਆ। ਇਹ ਸਾਂਝੀਵਾਲਤਾ ਦਾ ਸੋਮਾ ਹੈ, ਜਿਸ ਸਿਧਾਂਤ ਨੂੰ ਕੈਨੇਡਾ ਸੰਵਿਧਾਨਕ ਧਰਮ ਵਜੋਂ ਅਪਨਾ ਰਿਹਾ ਹੈ।
*ਸਜ਼ਾਯਾਫਤਾ ਜਸਪਾਲ ਅਟਵਾਲ ਤੁਹਾਡੇ ਨਾਲ ਆਇਆ ਹੈ, ਇਸ ‘ਤੇ ਤੁਸੀਂ ਕੀ ਕਹੋਗੇ?
ਜਸਪਾਲ ਸਿੰਘ ਅਟਵਾਲ ਸਾਡੇ ਨਾਲ ਨਹੀਂ ਆਇਆ, ਪਰ ਇਹ ਕਿਵੇਂ ਹੋਇਆ। ਇਸ ਦੀ ਜਾਂਚ ਕਰਵਾਈ ਜਾ ਰਹੀ ਹੈ।
* ਪਰ ਮੁੰਬਈ ‘ਚ ਡਿਨਰ ਪਾਰਟੀ ਵਿਚ ਤੁਹਾਡੀ ਪਤਨੀ ਸੋਫੀ ਟਰੂਡੋ ਦੇ ਨਾਲ ਅਟਵਾਲ ਦੀ ਤਸਵੀਰ ਆਈ ਹੈ?
ਮੁੰਬਈ ਵਿਚ ਪਾਰਟੀ ਦੌਰਾਨ ਜਸਪਾਲ ਅਟਵਾਲ ਦੇ ਬਾਰੇ ਵਿਚ ਮੈਂ ਏਨਾ ਨਹੀਂ ਜਾਣਦਾ ਸੀ, ਕਿਉਂਕਿ ਉਹ ਸਾਡੇ ਨਾਲ ਨਹੀਂ ਆਇਆ ਸੀ। ਮੇਰੀ ਪਤਨੀ ਸੋਫੀ ਦੇ ਨਾਲ ਤਾਂ ਕਈ ਲੋਕਾਂ ਨੇ ਫੋਟੋ ਕਰਵਾਈਆਂ ਸਨ।
*ਜਿਨ੍ਹਾਂ 9 ਗਰਮਖ਼ਿਆਲੀਆਂ ਦੀ ਸੂਚੀ ਦਿੱਤੀ ਗਈ ਹੈ, ਕਦੋਂ ਤੱਕ ਕਾਰਵਾਈ ਕਰੋਗੇ?
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9 ਖਾੜਕੂਆਂ ਦੀ ਜਿਹੜੀ ਸੂਚੀ ਮੈਨੂੰ ਦਿੱਤੀ ਹੈ, ਉਹ ਸੂਚੀ ਮੈਂ ਆਪਣੀ ਸੁਰੱਖਿਆ ਏਜੰਸੀਆਂ ਨੂੰ ਕਾਰਵਾਈ ਲਈ ਦੇ ਦਿੱਤੀ ਹੈ।
*ਤੁਹਾਡਾ ਭਾਰਤ ਪੁੱਜਣ ‘ਤੇ ਮੋਦੀ ਵੱਲੋਂ ਫਿੱਕਾ ਸਵਾਗਤ ਕੀਤਾ ਗਿਆ। ਇਸ ਬਾਰੇ ਕੀ ਕਹਿਣਾ ਚਾਹੋਗੇ?
ਮੈਂ ਭਾਰਤ ਵਿਚ ਹੋਏ ਮੇਰੇ ਸਵਾਗਤ ਤੋਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਾਂ। ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ ਦੇ ਨਾਲ ਬੜੀ ਚੰਗੀ ਤਰ੍ਹਾਂ ਗੱਲਬਾਤ ਹੋਈ ਹੈ ਤੇ ਭਾਰਤ ਸਾਡੇ ਲਈ ਹਮੇਸ਼ਾਂ ਹੀ ਇੱਕ ਭਰੋਸੇਮੰਦ ਦੋਸਤ ਰਿਹਾ ਹੈ।
ਕੈਨੇਡਾ ‘ਚ ਰਹਿੰਦੇ ਪੰਜਾਬੀਆਂ ਲਈ ਰੁਜ਼ਗਾਰ, ਸਹੂਲਤਾਂ ਦੀ ਕੀ ਯੋਜਨਾ ਹੈ?
ਭਾਰਤ ਤੋਂ ਹਰ ਸਾਲ ਸਵਾ ਲੱਖ ਵਿਦਿਆਰਥੀ ਕੈਨੇਡਾ ਵਿਚ ਪੜ੍ਹਾਈ ਲਈ ਆਉਾਂਦੇ ਨ। ਚੀਨ ਤੋਂ ਬਾਅਦ ਭਾਰਤ ਦੂਜਾ ਵੱਡਾ ਦੇਸ ਹੈ, ਜਿੱਥੋਂ ਵਿਦਿਆਰਥੀ ਸਭ ਤੋਂ ਵੱਧ ਗਿਣਤੀ ਵਿਚ ਕੈਨੇਡਾ ਆਉਾਂਦੇ ਨ। ਇਸ ਸਾਲ ਦੇ ਅੰਤ ਤੱਕ ਭਾਰਤ ਇਸ ਮਾਮਲੇ ਵਿਚ ਨੰਬਰ ਵਨ ਹੋ ਜਾਵੇਗਾ। ਕੈਨੇਡਾ ਸਰਕਾਰ ਨੇ ਭਾਰਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਪੜ੍ਹਾ ਕੇ ਆਪਣੀ ਉੱਥੇ ਦੀਆਂ ਸਥਾਨਕ ਲੋੜਾਂ ਦੇ ਅਨੁਸਾਰ ਤਿਆਰ ਕਰਕੇ ਨੌਕਰੀਆਂ ਦੇਣ ਦਾ ਪ੍ਰਬੰਧ ਕੀਤਾ ਹੈ। ਕੈਨੇਡਾ ਵਿਚ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨਫਰਾਸਟ੍ਰੱਕਚਰ ਮੰਤਰੀ ਅਮਰਜੀਤ ਸੋਹੀ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹ ਵੱਡੇ-ਵੱਡੇ ਪ੍ਰੋਜੈਕਟਾਂ ‘ਤੇ ਕੰਮ ਕਰ ਰਹੇ ਹਨ।
1. ਸਪਾਊਜਲ ਇਮੀਗ੍ਰੇਸ਼ਨ ਦੇ ਮਾਮਲੇ ਵਿਚ ਅਸੀਂ ਸ਼ਲਾਘਾਯੋਗ ਕੰਮ ਕੀਤਾ ਹੈ ਤੇ ਕੈਨੇਡੀਅਨ ਨਾਗਰਿਕ ਭਾਰਤ ਵਿਚ ਜੇਕਰ ਵਿਆਹ ਕਰਦਾ ਹੈ, ਤਾਂ ਉਸ ਦੇ ਪਤੀ ਜਾਂ ਪਤਨੀ ਨੂੰ 6 ਮਹੀਨੇ ਵਿਚ ਪੀ ਆਰ ਵੀਜ਼ਾ ਮਿਲ ਜਾਂਦਾ ਹੈ, ਇਸ ਤੋਂ ਪਹਿਲਾਂ ਕਾਫ਼ੀ ਸਮਾਂ ਲੱਗਦਾ ਸੀ।
2. ਮਾਤਾ-ਪਿਤਾ ਤੇ ਦਾਦਾ ਦਾਦੀ (ਪੀ. ਜੀ.ਪੀ. ਕੈਟਾਗਰੀ) ਵਿਚ ਆਉਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਇੱਕ ਸਾਲ ਵਿਚ ਵਧਾ ਕੇ ਦੁੱਗਣੀ ਕਰ ਦਿੱਤੀ ਗਈ ਹੈ ਅਰਥਾਤ 5 ਤੋਂ ਵਧਾ ਕੇ 10 ਹਜ਼ਾਰ ਕਰ ਦਿੱਤੀ ਗਈ ਹੈ।
3. ਨੈਨੀ ਕੇਅਰ ਗਿਵਰ ਕੈਟਾਗਰੀ ਵਿਚ ਵੀ ਬੈਕਲਾਗ 80 ਫ਼ੀਸਦੀ ਖ਼ਤਮ ਕਰ ਦਿੱਤਾ ਹੈ। ਬਾਕੀ ਕੇਸ ਵੀ ਤੇਜ਼ੀ ਨਾਲ ਨਿਪਟਾਏ ਜਾ ਰਹੇ ਹਨ। ਇਸੇ ਕੈਟਾਗਰੀ ਵਿਚ ਆਉਣ ਵਾਲੀਆਂ ਅਰਜ਼ੀਆਂ ਨੂੰ ਇੱਕ ਸਾਲ ਵਿਚ ਖ਼ਤਮ ਕਰ ਦਿੱਤਾ ਜਾਵੇਗਾ।
( ਮੀਡੀਏ ‘ਚ ਵੱਖ ਵੱਖ ਥਾਈਂ ਪ੍ਰਗਟਾਏ ਵਿਚਾਰਾਂ ਉੱਤੇ ਆਧਾਰਿਤ ਰਿਪੋਰਟ)
ਕੈਪਟਨ ਨੇ ਟਰੂਡੋ ਨੂੰ ਸੌਂਪੀ ਪੰਜ ਖਾੜਕੂਆਂ ਦੀ ਸੂਚੀ
ਪਰ ਡਰੱਗ ਸਮੱਗਲਰਾਂ ਦੀ ਸੂਚੀ ਨਾ ਕੱਢੀ ਜੇਬ ‘ਚੋਂ ਬਾਹਰ
– ਕਾਲੀ ਸੂਚੀ ਸੌਂਪ ਕੇ ਕੈਪਟਨ ਨੇ ਪ੍ਰਵਾਸੀ ਸਿੱਖਾਂ ਦਾ ਕੀਤਾ ਅਕਸ ਖ਼ਰਾਬ
– ਕੈਪਟਨ ਦੀ ਨੀਤੀ ਕਾਰਨ ਵਿਦੇਸ਼ਾਂ ‘ਚ ਵਧ ਸਕਦੇ ਨੇ ਸਿੱਖਾਂ ‘ਤੇ ਨਸਲੀ ਹਮਲੇ
ਚੰਡੀਗੜ੍ਹ/ਬਿਊਰੋ ਨਿਊਜ਼:
ਅੰਮ੍ਰਿਤਸਰ ਦੌਰੇ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਾਲੇ ਵਪਾਰ, ਕਲਾ, ਸੱਭਿਆਚਾਰ ਤੋਂ ਇਲਾਵਾ ਅੱਤਵਾਦ ਤੇ ਡਰੱਗ ਸਮੱਗਲਿੰਗ ਜਿਹੇ ਗੰਭੀਰ ਵਿਸ਼ਿਆਂ ‘ਤੇ ਵੀ ਚਰਚਾ ਹੋਈ। ਸੂਤਰਾਂ ਅਨੁਸਾਰ ਕੈਪਟਨ ਨੇ ਪੰਜਾਬ ਵਿਚ 6 ਹਜ਼ਾਰ ਕਰੋੜ ਰੁਪਏ ਦੇ ਸਮੱਗਲਰ ਸਤਪ੍ਰੀਤ ਸੱਤਾ, ਪਰਮਿੰਦਰ ਪਿੰਕੀ ਤੇ ਅਮਰਿੰਦਰ ਲਾਡੀ ‘ਤੇ ਚਰਚਾ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਨੇ ਸਮੱਗਲਰਾਂ ਦੀ ਸੂਚੀ ਸੌਂਪੀ। ਹਾਲਾਂ ਕਿ ਉਨ੍ਹਾਂ ਨੇ ਖਾਲਿਸਤਾਨ ਸਰਗਰਮੀਆਂ ਵਿਚ ਸ਼ਾਮਲ ਕੁਝ ਦੇ ਸਿੱਖਾਂ ਦੇ ਨਾਂ ਜ਼ਰੂਰ ਸੌਂਪੇ ਹਨ।
ਕੌਣ ਹਨ ਕਾਲੀ ਸੂਚੀ ‘ਚ
ਪੁਲੀਸ ਸੂਤਰਾਂ ਨੇ ਪੰਜ ਨਾਵਾਂ ਦਾ ਖ਼ੁਲਾਸਾ ਕੀਤਾ ਹੈ ਜਿਨ੍ਹਾਂ ਵਿਚ ਲੁਧਿਆਣਾ ਦੇ ਸ਼ਿੰਗਾਰ ਸਿਨਮਾ ਬੰਬ ਕਾਂਡ ਵਿਚ ਲੋੜੀਂਦਾ ਖਾੜਕੂ, ਹੁਣੇ ਜਿਹੇ ਸਿਆਸੀ ਅਤੇ ਧਾਰਮਿਕ ਆਗੂਆਂ ਦੀਆਂ ਹੋਈਆਂ ਹੱਤਿਆਵਾਂ ਲਈ ਮਾਲੀ ਸਹਾਇਤਾ ਮੁਹੱਈਆ ਕਰਾਉਣ ਸਮੇਤ ਹੋਰਾਂ ਦੇ ਨਾਮ ਸ਼ਾਮਲ ਹਨ। ਉਂਜ ਟਰੂਡੋ ਨੂੰ ਕੁੱਲ 9 ਖਾੜਕੂਆਂ ਜਾਂ ਉਨ੍ਹਾਂ ਦੇ ਹਮਦਰਦਾਂ ਦੇ ਨਾਵਾਂ ਦੀ ਸੂਚੀ ਸੌਂਪੀ ਗਈ ਹੈ। ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਬਾਕੀ ਦੇ ਨਾਮ ਖ਼ੁਫ਼ੀਆ ਰਿਪੋਰਟਾਂ ਅਤੇ ਉਨ੍ਹਾਂ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਦੇ ਆਧਾਰ ‘ਤੇ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਨਾਵਾਂ ਵਿਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਛੇ ਅਤੇ ਖਾਲਿਸਤਾਨ ਟਾਈਗਰ ਫੋਰਸ ਜਾਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਤਿੰਨ ਮੈਂਬਰ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸੌਂਪੀ ਸੂਚੀ ਵਿਚ ਗੁਰਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਪ੍ਰੀਤ, ਗੁਰਜਿੰਦਰ ਸਿੰਘ ਪਨੂੰ, ਹਰਦੀਪ ਸਿੰਘ ਨਿੱਝਰ ਅਤੇ ਮਲਕੀਤ ਸਿੰਘ ਦੇ ਨਾਮ ਸ਼ਾਮਲ ਹਨ। ਨਸ਼ਰ ਕੀਤੇ ਨਾਵਾਂ ਵਿਚੋਂ ਤਿੰਨ ਖ਼ਿਲਾਫ਼ ਕਈ ਕੇਸ ਦਰਜ ਹਨ। ਸਰੀ ਵਾਸੀ ਮਲਕੀਤ ਸਿੰਘ ‘ਤੇ ਖਾੜਕੂਆਂ ਨੂੰ ਹੱਤਿਆਵਾਂ ਲਈ ਹਥਿਆਰ ਸਪਲਾਈ ਕਰਨ ਦੇ ਦੋਸ਼ ਹਨ। ਇਕ ਹੋਰ ਸਰੀ ਵਾਸੀ ਹਰਦੀਪ ਸਿੰਘ ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦਾ ਖਾੜਕੂ ਹੈ ਅਤੇ ਉਹ ਸ਼ਿੰਗਾਰ ਸਿਨਮਾ ਬੰਬ ਕਾਂਡ ਵਿਚ ਲੋੜੀਂਦਾ ਹੈ। ਉਸ ‘ਤੇ ਵੱਖ ਵੱਖ ਖਾੜਕੂ ਗਰੁੱਪਾਂ ਨੂੰ ਪੈਸੇ ਮੁਹੱਈਆ ਕਰਾਉਣ ਦੇ ਦੋਸ਼ ਹਨ। ਦਿਲਚਸਪ ਗੱਲ ਹੈ ਕਿ ਸਥਾਨਕ ਅਦਾਲਤ ਨੇ ਇਸ ਮਾਮਲੇ ਵਿਚ ਪੁਲੀਸ ਵੱਲੋਂ ਫੜੇ ਗਏ ਛੇ ਨੌਜਵਾਨਾਂ ਨੂੰ ਪਹਿਲਾਂ ਹੀ ਬਰੀ ਕਰ ਦਿੱਤਾ ਹੈ। ਗੁਰਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਅਤੇ ਗੁਰਜਿੰਦਰ ਸਿੰਘ ਪਨੂੰ ‘ਤੇ ਹੱਤਿਆਵਾਂ ਲਈ ਫੰਡ ਦੇਣ ਅਤੇ ਹਥਿਆਰ ਸਪਲਾਈ ਕਰਨ ਦੇ ਦੋਸ਼ ਹਨ।
ਪ੍ਰਵਾਸੀ ਸਿੱਖਾਂ ‘ਚ ਰੋਸ
ਜਸਟਿਨ ਟਰੂਡੋ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਵੱਲੋਂ ਕਨੇਡਾ ਵਿੱਚ ਰਹਿੰਦੇ ਏ ਕਲਾਸ ਦੇ ਸਿੱਖ ਖਾੜਕੂਆਂ ਦੀ ਸੂਚੀ ਸੌਂਪਣ ਨਾਲ ਪ੍ਰਵਾਸੀ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੈਪਟਨ ਦੇ ਇਸ ਕਦਮ ਨੂੰ ਪੰਥਕ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਨੇ ਇਹ ਸੂਚੀ ਸੌਂਪ ਕੇ ਪ੍ਰਵਾਸੀ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ ਕੀਤੀ ਹੈ। ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਕੈਪਟਨ ਨੇ ਇਹ ਸੂਚੀ ਸੌਂਪ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲਾ ਰੋਲ ਖੁਦ ਨਿਭਾਇਆ ਹੈ, ਕਿਉਂਕਿ ਮੁੱਖ ਮੰਤਰੀ ਦੇ ਤੌਰ ‘ਤੇ ਤਾਂ ਕੈਪਟਨ ਦੀ ਤਾਂ ਕਨੇਡਾ ਦੇ ਪ੍ਰਧਾਨ ਮੰਤਰੀ ਨਾਲ ਇਸ ਪੱਧਰ ‘ਤੇ ਗੱਲਬਾਤ ਕਰਨ ਦੀ ਹੈਸੀਅਤ ਵੀ ਨਹੀਂ ਬਣਦੀ।
ਸਿੱਖ ਹਲਕਿਆਂ ਵਿੱਚ ਚਰਚਾ ਹੈ ਕਿ ਇਸ ਕਦਮ ਨਾਲ ਕੈਪਟਨ ਦੇ ਭਾਜਪਾ ਨਾਲ ਅੰਦਰੂਨੀ ਸਬੰਧ ਪ੍ਰਗਟ ਹੋ ਗਏ, ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੀ ਕਮਾਂਡ ਨਾ ਦਿੱਤੇ ਜਾਣ ‘ਤੇ ਕੈਪਟਨ ਦੇ ਭਾਜਪਾ ਵਿੱਚ ਜਾਣ ਦੀ ਚਰਚਾ ਹੁੰਦੀ ਰਹੀ ਹੈ।
ਹੁਣ ਇਸ ਗੱਲ ਦੀ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਭਾਜਪਾ ਸਰਕਾਰ ਤੋਂ ਵਿੱਤੀ ਮੱਦਦ ਲੈਣੀ ਚਾਹੁੰਦਾ ਹੈ, ਜਿਸ ਕਰਕੇ ਉਹ ਸਭ ਕੁਝ ਜਾਣਦਿਆਂ ਹੋਇਆ ਵੀ ਸਿੱਖ ਵਿਰੋਧੀ ਫੈਸਲਿਆਂ ਉਪਰ ਅਮਲ ਕਰ ਰਿਹਾ ਹੈ। ਕੈਪਟਨ ਦੇ ਇਸ ਕਦਮ ਨਾਲ ਜਿਥੇ ਪੰਜਾਬ ਅੰਦਰ ਉਸਦੇ ਸਿੱਖ ਅਕਸ ਨੂੰ ਭਾਰੀ ਢਾਹ ਲੱਗੀ ਹੈ, ਉਥੇ ਕਨੇਡਾ, ਅਮਰੀਕਾ, ਯੂਰਪ, ਅਸਟਰੇਲੀਆ, ਅਰਥ ਅਤੇ ਹੋਰ ਵਿਦੇਸ਼ਾਂ ਵਿੱਚ ਵਸਦੇ ਲੱਖਾਂ ਸਿੱਖਾਂ ਵਿੱਚ ਵੀ ਕੈਪਟਨ ਦੇ ਇਸ ਕਦਮ ਨੇ ਨਿਰਾਸ਼ਤਾ ਲਿਆਂਦੀ ਹੈ। ਇਹੋ ਜਿਹਾ ਅਕਸ ਪੇਸ਼ ਕਰਨ ਕਾਰਣ ਸਿੱਖਾਂ ਤੇ ਨਸਲੀ ਹਮਲੇ ਹੋ ਸਕਦੇ ਹਨ।
ਸੂਤਰਾਂ ਅਨੁਸਾਰ ਇਹ ਸਭ ਕੁਝ ਮੋਦੀ ਦੇ ਇਸ਼ਾਰੇ ‘ਤੇ ਕੈਪਟਨ ਵੱਲੋਂ ਇਹ ਪੁਜ਼ੀਸ਼ਨ ਲਈ ਗਈ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਨਾਲ ਅਜਿਹੀ ਗੱਲਬਾਤ ਕਰਨ ਜਾਂ ਕੋਈ ਸੂਚੀ ਸੌਂਪਣ ਦਾ ਅਧਿਕਾਰ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦਾ ਬਣਦਾ ਹੈ, ਪਰ ਕੈਪਟਨ ਵੱਲੋਂ ਇਸ ਮੀਟਿੰਗ ਤੋਂ ਪਹਿਲਾਂ ਭਾਰਤ ਦੇ ਰਾਸਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੀਟਿੰਗ ਕੀਤੀ ਤੇ ਭਾਰਤ ਸਰਕਾਰ ਵੱਲੋਂ ਤਿਆਰ ਕੀਤੀ ਗਈ ਸੂਚੀ ਹੀ ਟਰੂਡੋ ਨੂੰ ਸੌਂਪੀ ਗਈ ਹੈ।
ਕੈਪਟਨ ਵੱਲੋਂ ਪਹਿਲਾਂ ਵੀ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀਆਂ ਸਮਰਥਕ ਦੱਸ ਕੇ ਮੁਲਾਕਾਤ ਨਾ ਕਰਨ ਦੀ ਗੱਲ ਕਰਕੇ ਕੇਂਦਰੀ ਏਜੰਸੀਆਂ ਦੇ ਇਸ਼ਾਰੇ ‘ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਚੁੱਕੀ ਹੈ ਤੇ ਹੁਣ ਫੇਰ ਪਹਿਲਾਂ ਤਾਂ ਟਰੂਡੋ ਦੇ ਨਾਲ ਆ ਰਹੇ ਸਿੱਖ ਮੰਤਰੀਆਂ ਦਾ ਸਵਾਗਤ ਨਾ ਕਰਨ ਦੀ ਗੱਲ ਕਰਕੇ ਕੇਂਦਰੀ ਏਜੰਸੀਆਂ ਦੀ ਖੁਸ਼ੀ ਪ੍ਰਾਪਤ ਕੀਤੀ ਗਈ, ਪਰ ਹੁਣ ਕੇਂਦਰੀ ਏਜੰਸੀਆਂ ਵੱਲੋਂ ਤਿਆਰ ਕੀਤੀ ਕਾਲੀ ਸੂਚੀ ਵਿਚਲੇ ਸਿੱਖਾਂ ਦੀ ਹਵਾਲਗੀ ਵਾਲੀ ਲਿਸਟ ਟਰੂਡੋ ਨੂੰ ਸੌਂਪ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਕੋਝਾ ਯਤਨ ਕੀਤਾ ਗਿਆ ਹੈ।
ਟਰੂਡੋ ਨੇ ਦਿੱਤਾ ਭਰੋਸਾ
ਟਰੂਡੋ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨਾਲ ਇਕ ਮੀਟਿੰਗ ਦੌਰਾਨ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੁਲਕ ਭਾਰਤ ਜਾਂ ਇਸ ਦੇ ਕਿਸੇ ਹੋਰ ਖਿੱਤੇ ਵਿੱਚ ਕਿਸੇ ਵੀ ਵੱਖਵਾਦੀ ਹਿੰਸਕ ਲਹਿਰ ਨੂੰ ਸਮਰਥਨ ਨਹੀਂ ਦੇਵੇਗਾ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਕੈਨੇਡਾ ਦੇ ਕਾਰੋਬਾਰੀ ਨਿਵੇਸ਼ ਲਈ ਕਦਮ ਚੁੱਕਣ ਦੀ ਵੀ ਅਪੀਲ ਕੀਤੀ। ਮੁੱਖ ਮੰਤਰੀ ਨੇ ਉਚੇਰੀ ਸਿੱਖਿਆ, ਵਿਗਿਆਨਕ ਖੋਜ ਤੇ ਤਕਨਾਲੋਜੀ ਦੇ ਨਾਲ-ਨਾਲ ਹੁਨਰ ਵਿਕਾਸ ਵਰਗੇ ਕੁਝ ਖੇਤਰਾਂ ਵਿਚ ਕੈਨੇਡਾ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਦਾਲਾਂ, ਮੱਕੀ ਅਤੇ ਪਸ਼ੂ ਧਨ ਦੇ ਖੇਤਰਾਂ ਵਿੱਚ ਵਿਗਿਆਨਕ ਖੋਜ ਅਤੇ ਤਕਨਾਲੋਜੀ ਦੇ ਰੂਪ ਵਿੱਚ ਆਪਸੀ ਸਹਿਯੋਗ ਦਾ ਸੁਝਾਅ ਦਿੱਤਾ। ਉਨ੍ਹਾਂ ਹੁਨਰ ਵਿਕਾਸ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਸੁਝਾਅ ਦਿੱਤਾ ਕਿ ਕੈਨੇਡਾ ਵੱਲੋਂ ਪੰਜਾਬ ਦੀ ਹੁਨਰ ਵਿਕਾਸ ਯੂਨੀਵਰਸਿਟੀ ਵਿਚ ਆਪਣੇ ਕਾਰੋਬਾਰ ਜਾਂ ਯੂਨੀਵਰਸਿਟੀ ਰਾਹੀਂ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ‘ਤੇ ਵਿਚਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਿੱਖਿਅਤ ਪੰਜਾਬੀ ਨੌਜਵਾਨਾਂ ਦੇ ਕੈਨੇਡਾ ਵਿੱਚ ਆਵਾਸ ਨੂੰ ਹੁਲਾਰਾ ਦੇਣ ਲਈ ਸਹਾਇਤਾ ਦੇ ਸਕਦਾ ਹੈ।
ਕੀ ਕਹਿੰਦੇ ਨੇ ਪੰਥਕ ਆਗੂ
ਅੰਮ੍ਰਿਤਸਰ/ਬਿਊਰੋ ਨਿਊਜ਼:
ਦਲ ਖਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਸਟਿਨ ਟਰੂਡੋ ਨੂੰ ਸੌਂਪੀ ਗਈ ਸੂਚੀ ਨਾਲ ਕੁੱਝ ਖਾਸ ਨਹੀਂ ਹੋਣ ਵਾਲਾ, ਕਿਉਂਕਿ ਕਨੇਡਾ ਵਿੱਚ ਸਭ ਕੁਝ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਹੁੰਦਾ ਹੈ । ਉੱਥੇ ਰਹਿੰਦੇ ਸਿੱਖ ਵੀ ਉਥੇ ਦੇ ਕਾਨੂੰਨ ਦੀ ਪੂਰੀ ਤਰਾਂ ਪਾਲਣਾ ਕਰਦੇ ਹਨ ਅਤੇ ਕੈਪਟਨ ਦੀ ਕੋਈ ਸੂਚੀ ਉਥੇ ਕਿਸੇ ਦਾ ਕੁਝ ਨਹੀਂ ਵਿਗਾੜ ਸਕੇਗੀ । ਉਹਨਾਂ ਦਾ ਕਹਿਣਾ ਹੈ ਕਿ ਕਨੇਡਾ ਵਿੱਚ ਭਾਰਤ/ਪੰਜਾਬ ਵਾਂਗ ਕੇਵਲ ਕਿਸੇ ਦੇ ਵਿਚਾਰਾਂ ਕਰ ਕੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਝੂਠੇ ਮੁਕਾਬਲੇ ਬਣਾ ਕੇ ਲੋਕਾਂ ਦਾ ਕਤਲ ਕੀਤਾ ਜਾਂਦਾ ਹੈ । ਭਾਈ ਗਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕੈਪਟਨ ਅਮਰਿੰਦਰ ਸਿੰਘ ਆਪਣੇ ਕਿਸੇ ਖਾਸ ਕਾਰਨ ਕਰ ਕੇ ਜਾਂ ਮਜਬੂਰੀ ਕਰ ਕੇ ਆਪਣੇ ਆਪ ਨੂੰ ‘ਭਾਰਤ ਦੀ ਆਖੰਡਤਾ’ ਦੇ ਵੱਡੇ ਚੈਂਪੀਅਨ ਸਿੱਧ ਕਰਨਾ ਚਾਹੁੰਦੇ ਹਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਆਪਣੀ ਕੌਮ ਦੀ ਸਿਕਾਇਤ ਕਰਨਾ ਤਾਂ ਬਹੁਤ ਹੀ ਨੀਚਤਾ ਭਰਿਆ ਕੰਮ ਹੁੰਦਾ ਹੈ। ਉਹਨਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਮੁੱਖ ਮੰਤਰੀ ਹੁੰਦਿਆਂ ਅਥਾਹਾਂ ਪਾਵਰਾਂ ਹਨ ਅਤੇ ਉਹ ਹੁਣ ਤੱਕ ਪੰਜ ਨੌਜਵਾਨਾਂ ਨੂੰ ਪੁਲੀਸ ਕੋਲੋਂ ਕਤਲ ਕਰਵਾ ਚੁੱਕੇ ਹਨ ਤਾਂ ਫੇਰ ਉਹਨਾਂ ਨੂੰ ਹੁਣ ਕਨੇਡਾ ਦੀ ਸਰਕਾਰ ਕੋਲ ਸਿਕਾਇਤ ਕਰਨ ਦੀ ਕੀ ਲੋੜ ਪੈ ਗਈ ਹੈ। ਉਹਨਾਂ ਕਿਹਾ ਜੋ ਕੰਮ ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹੋਰੀਂ ਕਰਦੇ ਰਹੇ ਹਨ, ਹੁਣ ਉਹੀ ਕੰਮ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਹੈ।
ਅਕਾਲੀ ਬੁਲਾਰਾ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕੈਪਟਨ ਨੇ ਬੜਾ ਅਹਿਮ ਮੌਕਾ ਗੁਆ ਦਿੱਤਾ। ਮੀਟਿੰਗ ਬਿਨਾਂ ਏਜੰਡੇ ਦੀ ਸੀ ਤੇ ਜਦ ਕਿ ਅੰਮ੍ਰਿਤਸਰ ਤੋਂ ਕੈਨੇਡਾ ਲਈ ਸਿੱਧੀ ਉਡਾਨ, ਪੰਜਾਬ ਵਿਚ ਕਿਸਾਨਾਂ ਤੇ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਗੰਭੀਰ ਮਾਮਲਿਆਂ ਨੂੰ ਚੁੱਕਣਾ ਚਾਹੀਦਾ ਸੀ। ਕੈਪਟਨ ਨੇ ਤਾਂ ਸਿਰਫ਼ ਆਪਣੀ ਵਿਗੜ ਰਹੀ ਰਾਜਨੀਤਕ ਅਕਸ ਨੂੰ ਹੀ ਸੁਧਾਰਨ ਲਈ ਡਰਾਮਾ ਰਚਿਆ ਹੈ ਤੇ ਇਸ ਮੀਟਿੰਗ ਦਾ ਪੰਜਾਬ ਕੋਈ ਲਾਭ ਨਹੀਂ ਹੋਵੇਗਾ।
ਸੂਚੀ ਦੇਣਾ ਵਿਦੇਸ਼ ਨੀਤੀ ਦਾ ਹਿੱਸਾ : ਕਾਂਗਰਸ
ਅੰਮ੍ਰਿਤਸਰ-ਪੰਜਾਬ ਵਿਚ ਖਾੜਕੂ ਸਰਗਰਮੀਆਂ ਵਿਚ ਸ਼ਾਮਲ ਜਿਨ੍ਹਾਂ 9 ਲੋਕਾਂ ਦੀ ਸੂਚੀ ਟਰੂਡੋ ਨੂੰ ਸੌਂਪੀ ਗਈ ਹੈ, ਉਸ ਨੂੰ ਲੈ ਕੇ ਵਿਵਾਦ ਚੁੱਕਣਾ ਸ਼ੁਰੂ ਹੋ ਗਿਆ ਹੈ। ਜਾਣਕਾਰਾਂ ਦੀ ਮੰਨੀਏ, ਤਾਂ ਕੈਪਟਨ ਨੇ ਪ੍ਰੋਟੋਕੋਲ ਦੇ ਉਲਟ ਜਾ ਕੇ ਸੂਚੀ ਸੌਂਪੀ ਹੈ। ਕਾਂਗਰਸ ਬੁਲਾਰਾ ਡਾ. ਰਾਜਕੁਮਾਰ ਵੇਰਕਾ ਤੋਂ ਪੁੱਛਿਆ ਗਿਆ ਕਿ ਕੈਪਟਨ ਨੇ ਇਹ ਸੂਚੀ ਸੌਂਪ ਕੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ, ਤਾਂ ਉਨ੍ਹਾਂ ਕਿਹਾ ਕਿ ਸੂਚੀ ਕੇਂਦਰ ਦੇ ਇਸ਼ਾਰੇ ਤੇ ਉਨ੍ਹਾਂ ਦੀ ਸਲਾਹ ਨਾਲ ਹੀ ਟਰੂਡੋ ਨੂੰ ਸੌਂਪੀ ਗਈ ਹੈ, ਕਿਉਂਕਿ ਇਹ ਵੀ ਵਿਦੇਸ਼ ਨੀਤੀ ਦਾ ਵੱਡਾ ਹਿੱਸਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਨਾਲ ਸਬੰਧ ਮਜ਼ਬੂਤ ਕਰਨ ਦਾ ਮੌਕਾ ਗੁਆਇਆ
-ਕੈਪਟਨ ਨੇ ਵੀ ਰਵੱਈਆ ਠੀਕ ਨਹੀਂ ਅਪਨਾਇਆ
-ਟਰੂਡੋ ਦੇ ਫਿੱਕੇ ਸਵਾਗਤ ‘ਤੇ ਬਾਜਵਾ ਨੇ ਉਠਾਏ ਸਵਾਲ
ਅੰਮ੍ਰਿਤਸਰ/ਬਿਊਰੋ ਨਿਊਜ਼:
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਫਿੱਕਾ ਸਵਾਗਤ ਕੀਤੇ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਬਾਜਵਾ ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਨਜ਼ਰ-ਅੰਦਾਜ਼ ਕਰਕੇ ਪੀ. ਐੱਮ. ਨੇ ਕੈਨੇਡਾ ਨਾਲ ਚੰਗੇ ਸਬੰਧਾਂ ਦੀ ਸੰਭਾਵਨਾ ਨੂੰ ਘੱਟ ਕੀਤਾ ਹੈ। ਪੇਸ਼ ਹੈ ਪੂਰੀ ਗੱਲਬਾਤ :
ਪ੍ਰਸ਼ਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਦੌਰੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਉੱਤਰ : ਕੈਨੇਡਾ ਵਿਚ 7 ਤੋਂ 8 ਲੱਖ ਪੰਜਾਬੀ ਰਹਿੰਦੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਦੀ ਹੈ। ਪੰਜਾਬ ਵਿਚ ਅਸੀਂ 13 ਲੋਕ ਸਭਾ ਮੈਂਬਰ ਚੁਣ ਕੇ ਸੰਸਦ ਵਿਚ ਭੇਜਦੇ ਹਾਂ ਪਰ ਕੈਨੇਡਾ ਵਿਚ 18 ਪੰਜਾਬੀਆਂ ਨੂੰ ਸੰਸਦ ਵਿਚ ਥਾਂ ਮਿਲੀ ਹੈ। ਇਹ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਹੈ, ਜਿਥੇ 4 ਪੰਜਾਬੀ ਕੇਂਦਰ ਸਰਕਾਰ ਦੇ ਮੰਤਰੀ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਖੁਦ ਕਿਹਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਉਨ੍ਹਾਂ ਨੇ ਆਪਣੀ ਕੈਬਨਿਟ ਵਿਚ ਸਿੱਖਾਂ ਨੂੰ ਵੱਧ ਅਹਿਮੀਅਤ ਦਿੱਤੀ ਹੈ। ਟਰੂਡੋ ਦੇ ਪੰਜਾਬ ਦੌਰੇ ਨਾਲ ਸੂਬੇ ਨੂੰ ਜ਼ਿਆਦਾ ਫਾਇਦਾ ਹੋਵੇਗਾ, ਕਿਉਂਕਿ ਕੈਨੇਡਾ ਅਤੇ ਪੰਜਾਬ ਦੋਹਾਂ ਦੀ ਆਰਥਿਕਤਾ ਖੇਤੀਬਾੜੀ ‘ਤੇ ਟਿਕੀ ਹੋਈ ਹੈ ਅਤੇ ਕੈਨੇਡਾ ਸਾਡੀ ਖੇਤੀਬਾੜੀ ਵਿਚ ਕਾਫੀ ਮਦਦ ਕਰ ਸਕਦਾ ਹੈ। ਕੈਨੇਡਾ ਵਿਚ ਵਸਣ ਵਾਲੇ ਪੰਜਾਬੀਆਂ ਦੀ ਨਜ਼ਰ ਇਸ ਦੌਰੇ ‘ਤੇ ਲੱਗੀ ਹੋਈ ਸੀ ਅਤੇ ਉਹ ਚਾਹੁੰਦੇ ਸਨ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਭਾਰਤ ਖੁੱਲ੍ਹੇ ਦਿਲ ਨਾਲ ਸਵਾਗਤ ਕਰੇ।
ਪ੍ਰਸ਼ਨ : ਕੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਾਮਲੇ ਵਿਚ ਦੇਰ ਨਹੀਂ ਕਰ ਦਿੱਤੀ?
ਉੱਤਰ : ਇਸ ਦਾ ਜਵਾਬ ਖੁਦ ਕੈਪਟਨ ਅਮਰਿੰਦਰ ਸਿੰਘ ਦੇ ਸਕਦੇ ਹਨ। ਇਸ ਮਾਮਲੇ ਵਿਚ ਦੇਰੀ ਤਾਂ ਹੋਈ ਹੈ, ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਹੁਣ ਜੋ ਵੀ ਹੋਇਆ ਹੈ ਠੀਕ ਹੋਇਆ ਹੈ ਅਤੇ ਇਸ ਮੁਲਾਕਾਤ ਦੌਰਾਨ ਪੁਰਾਣੇ ਗਿਲੇ-ਸ਼ਿਕਵੇ ਦੂਰ ਹੋਏ ਹਨ ਪਰ ਮੈਨੂੰ ਜ਼ਿਆਦਾ ਨਾਰਾਜ਼ਗੀ ਕੇਂਦਰ ਸਰਕਾਰ ਦੇ ਰਵੱਈਏ ਤੋਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਡੋਨਾਲਡ ਟਰੰਪ ਦੀ ਬੇਟੀ, ਯੂ. ਏ. ਈ. ਦੇ ਪ੍ਰਿੰਸ, ਇਸਰਾਈਲ ਦੇ ਪ੍ਰਧਾਨ ਮੰਤਰੀ ਲਈ ਪ੍ਰੋਟੋਕਾਲ ਤੋੜਿਆ ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ ਪਰ ਜਸਟਿਨ ਟਰੂਡੋ ਵਰਗੇ ਵਿਅਕਤੀ ਦਾ ਆਗਰਾ ਵਿਚ ਸਵਾਗਤ ਕਰਨ ਲਈ ਡੀ. ਐੱਮ. ਨੂੰ ਭੇਜਿਆ ਗਿਆ। ਉਥੇ ਘੱਟ ਤੋਂ ਘੱਟ ਯੂ. ਪੀ. ਦੇ ਮੁੱਖ ਮੰਤਰੀ ਨੂੰ ਜਾਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਅਹਿਮਦਾਬਾਦ ਵਿਚ ਵਿਸ਼ੇਸ਼ ਤੌਰ ‘ਤੇ ਅਟੈਂਡ ਕੀਤਾ ਪਰ ਟਰੂਡੋ ਦੇ ਮਾਮਲੇ ਵਿਚ ਇਹ ਦਰਿਆ ਦਿਲੀ ਨਹੀਂ ਦਿਖਾਈ ਗਈ। ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਕੈਨੇਡਾ ਨਾਲ ਸਬੰਧ ਹੋਰ ਮਜ਼ਬੂਤ ਕਰਨ ਦੇ ਮਾਮਲੇ ਵਿਚ ਮੌਕਾ ਗੁਆਇਆ ਹੈ।
ਪ੍ਰਸ਼ਨ : ਪ੍ਰਧਾਨ ਮੰਤਰੀ ਦੇ ਇਸ ਰਵੱਈਏ ਦਾ ਕਾਰਨ ਕੀ ਹੋ ਸਕਦਾ ਹੈ?
ਉੱਤਰ : ਵਿਦੇਸ਼ ਵਿਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਦੇ ਧਾਰਮਿਕ ਸਥਾਨਾਂ ਵਿਚ ਐਂਟਰੀ ‘ਤੇ ਲਾਈ ਗਈ ਰੋਕ ਇਸ ਦਾ ਇਕ ਕਾਰਨ ਹੋ ਸਕਦਾ ਹੈ ਪਰ ਇਸ ਲਈ ਕੈਨੇਡਾ ਦੀ ਸਰਕਾਰ ਅਤੇ ਉਸ ਦੇ ਮੰਤਰੀ ਜ਼ਿੰਮੇਵਾਰ ਨਹੀਂ ਹੋ ਸਕਦੇ, ਕਿਉਂਕਿ ਇਹ ਫੈਸਲਾ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਨਿੱਜੀ ਤੌਰ ‘ਤੇ ਲਿਆ ਹੈ। ਮੈਨੂੰ ਲੱਗਦਾ ਹੈ ਕਿ ਇਸੇ ਕਾਰਨ ਟਰੂਡੋ ਦੇ ਪ੍ਰਤੀ ਨਾਰਾਜ਼ਗੀ ਹੈ ਪਰ ਸਾਨੂੰ ਇਹ ਸਮਝਣਾ ਹੋਵੇਗਾ ਕਿ ਕੈਨੇਡਾ ਵਿਚ ਬੈਠ ਕੇ ਲੋਕ ਭਾਰਤੀ ਅਧਿਕਾਰੀਆਂ ਨਾਲ ਇਸ ਤਰ੍ਹਾਂ ਦਾ ਰਵੱਈਆ ਅਪਣਾ ਰਹੇ ਹਨ, ਉਹ ਵੀ ਆਪਣੇ ਹੀ ਹਨ ਅਤੇ ਉਨ੍ਹਾਂ ਦੀਆਂ ਜੜ੍ਹਾਂ ਇਥੇ ਜੁੜੀਆਂ ਹੋਈਆਂ ਹਨ। ਇਸ ਸਮੇਂ ਉਹ ਭਾਰਤ ਦੇ ਨਾਗਰਿਕ ਨਹੀਂ ਹਨ ਅਤੇ ਇਕ ਆਜ਼ਾਦ ਦੇਸ਼ ਵਿਚ ਰਹਿੰਦੇ ਹਨ। ਅਸੀਂ ਇਸ ਤਰ੍ਹਾਂ ਦੇ ਰਵੱਈਏ ਨਾਲ ਹੁਕਮ ਜਾਰੀ ਕਰਕੇ ਉਨ੍ਹਾਂ ਦੀ ਸੋਚ ਨਹੀਂ ਬਦਲ ਸਕਦੇ। ਸਾਨੂੰ ਆਪਣੀ ਵਿਦੇਸ਼ ਨੀਤੀ ਨੂੰ ਰੀ-ਡਰਾਫਟ ਕਰਨ ਦੀ ਲੋੜ ਹੈ। ਪਿਛਲੇ 4 ਸਾਲ ਵਿਚ ਚੀਨ, ਨੇਪਾਲ, ਮਾਲਦੀਵ, ਸ਼੍ਰੀਲੰਕਾ ਨਾਲ ਸਾਡੇ ਸਬੰਧਾਂ ਵਿਚ ਗਿਰਾਵਟ ਆਈ ਹੈ। ਇਥੋਂ ਤੱਕ ਕਿ ਸਾਡਾ ਪੁਰਾਣਾ ਮਿੱਤਰ ਰੂਸ ਵੀ ਸਾਡੇ ਤੋਂ ਦੂਰ ਹੋ ਗਿਆ ਹੈ। ਕੇਂਦਰ ਦੀ ਸਰਕਾਰ ਨੇ ਟਰੂਡੋ ਨਾਲ ਜਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਹੈ, ਉਹ ਇਕ ਸੰਭਾਵਿਤ ਸਹਿਯੋਗੀ ਨੂੰ ਨਾਰਾਜ਼ ਕਰਨ ਵਾਲਾ ਹੈ ਅਤੇ ਇਸ ਦਾ ਅੱਗੇ ਲੰਮੇ ਸਮੇਂ ਤੱਕ ਨੁਕਸਾਨ ਹੋਵੇਗਾ।
ਪ੍ਰਸ਼ਨ : ਜਸਟਿਨ ਟਰੂਡੋ ‘ਤੇ ਵੱਖਵਾਦੀਆਂ ਪ੍ਰਤੀ ਨਰਮ ਰਵੱਈਆ ਅਪਣਾਉਣ ਦੇ ਭਾਰਤ ਦੇ ਨੇਤਾਵਾਂ ਨੇ ਦੋਸ਼ ਲਗਾਏ ਹਨ, ਇਸ ਬਾਰੇ ਕੀ ਕਹਿਣਾ ਚਾਹੋਗੇ?
ਉੱਤਰ : ਹਾਲ ਹੀ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦਾ ਬਿਆਨ ਆਇਆ ਸੀ ਕਿ ਉਨ੍ਹਾਂ ਦਾ ਅਜਿਹੇ ਲੋਕਾਂ ਨਾਲ ਕੋਈ ਵਾਸਤਾ ਨਹੀਂ ਜੋ ਕੈਨੇਡਾ ਵਿਚ ਰਹਿ ਕੇ ਭਾਰਤ ਦੇ ਵਿਰੋਧ ਵਿਚ ਕੰਮ ਕਰਨ ਅਤੇ ਮੁਹਿੰਮ ਚਲਾਉਣ ਦਾ ਕੰਮ ਕਰਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਵੀ ਇਸ ਮਾਮਲੇ ‘ਤੇ ਬਕਾਇਦਾ ਬਿਆਨ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਨੂੰ ਜ਼ਿਆਦਾ ਨਹੀਂ ਉਠਾਉਣਾ ਚਾਹੀਦਾ। ਇਹ ਮਾਮਲਾ ਕੂਟਨੀਤਿਕ ਨਜ਼ਰੀਏ ਤੋਂ ਖੁੱਲ੍ਹੇ ਦਿਲ ਵਾਲਾ ਰਵੱਈਆ ਅਪਣਾ ਕੇ ਹੀ ਸੁਲਝਾਇਆ ਜਾ ਸਕਦਾ ਹੈ। ਇਸ ਸਨਮਾਨ ਦੇ ਉਹ ਹੱਕਦਾਰ ਵੀ ਹਨ ਕਿਉਂਕਿ ਕੈਨੇਡਾ ਹਰ ਸਾਲ ਲੱਗਭਗ ਸਵਾ ਲੱਖ ਭਾਰਤੀਆਂ ਨੂੰ ਵੀਜ਼ਾ ਜਾਰੀ ਕਰਦਾ ਹੈ ਅਤੇ ਇਥੋਂ ਦੇ ਲੋਕ ਉਥੇ ਜਾ ਕੇ ਕੰਮ ਅਤੇ ਪੜ੍ਹਾਈ ਕਰਦੇ ਹਨ। ਕੈਨੇਡਾ ਵਿਚ ਕੰਮ ਕਰਨ ਵਾਲੇ ਪੰਜਾਬੀਆਂ ਦੇ ਪੈਸੇ ਨਾਲ ਪੰਜਾਬ ਦੀ ਆਰਥਿਕਤਾ ਚਲਦੀ ਹੈ।
Comments (0)