ਸਿਟੀ ਸੈਂਟਰ ਘੁਟਾਲਾ : ਕਲੀਨ ਚਿੱਟ ਦੇ ਬਾਵਜੂਦ ਨਹੀਂ ਘਟੀਆਂ ਕੈਪਟਨ ਦੀਆਂ ਮੁਸ਼ਕਲਾਂ

ਸਿਟੀ ਸੈਂਟਰ ਘੁਟਾਲਾ : ਕਲੀਨ ਚਿੱਟ ਦੇ ਬਾਵਜੂਦ ਨਹੀਂ ਘਟੀਆਂ ਕੈਪਟਨ ਦੀਆਂ ਮੁਸ਼ਕਲਾਂ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗੀ ਐਫਆਈਆਰ ਤੇ ਚਲਾਨ ਦੀ ਕਾਪੀ
ਲੁਧਿਆਣਾ/ਬਿਊਰੋ ਨਿਊਜ਼ :
ਲੁਧਿਆਣਾ ਦੇ ਬਹੁਕਰੋੜੀ ਸਿਟੀ ਸੈਂਟਰ ਘੁਟਾਲਾ ਮਾਮਲੇ ਵਿੱਚ ਵਿਜੀਲੈਂਸ ਨੇ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦਿੱਤੀ ਹੈ ਪਰ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੀਆਂ ਮੁਸ਼ਕਲਾਂ ਹਾਲੇ ਖ਼ਤਮ ਨਹੀਂ ਹੋਈਆਂ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਇਸ ਮਾਮਲੇ ਵਿੱਚ 2013 ਵਿੱਚ ਦਰਜ ‘ਐਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ’ (ਈਸੀਆਈਆਰ) ਬਰਕਰਾਰ ਹੈ। ਈਡੀ ਨੇ ਇਸੇ ਸਾਲ ਲੁਧਿਆਣਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਕੇ ਵਿਜੀਲੈਂਸ ਵੱਲੋਂ ਐਫਆਈਆਰ ਤੇ ਚਲਾਨ ਦੀ ਕਾਪੀ ਨਾ ਦੇਣ ਸਬੰਧੀ ਦੱਸਿਆ ਸੀ। ਹੁਣ ਈਡੀ ਇਸ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰਨ ਦੀ ਤਿਆਰੀ ਵਿੱਚ ਹੈ।
ਦੱਸਣਯੋਗ ਹੈ ਕਿ 2002 ਤੋਂ 2007 ਦੇ ਆਪਣੇ ਕਾਰਜਕਾਲ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਦੇ ਸਿਟੀ ਸੈਂਟਰ ਨੂੰ ਆਪਣਾ ਡਰੀਮ ਪ੍ਰਾਜੈਕਟ ਆਖਿਆ ਸੀ ਪਰ ਮੁੱਖ ਮੰਤਰੀ ਪਿਛਲੇ 10 ਸਾਲਾਂ ਤੋਂ ਇਸ ਕੇਸ ਵਿੱਚ ਫਸੇ ਹੋਏ ਹਨ। ਹੁਣ ਵਿਜੀਲੈਂਸ ਨੇ ਮੁੱਖ ਮੰਤਰੀ ਨੂੰ ਰਾਹਤ ਦਿੱਤੀ ਹੈ ਪਰ ਇਸ ਮਾਮਲੇ ਵਿੱਚ ਲੱਗੀ ਈਡੀ ਹਾਲੇ ਪਿੱਛੇ ਹਟਦੀ ਨਜ਼ਰ ਨਹੀਂ ਆ ਰਹੀ। ਇਸ ਕੇਸ ਦੀ ਐਫਆਈਆਰ ਤੇ ਚਲਾਨ ਦੀ ਕਾਪੀ ਈਡੀ ਲੰਬੇ ਸਮੇਂ ਤੋਂ ਮੰਗ ਰਹੀ ਹੈ ਪਰ ਵਿਜੀਲੈਂਸ ਨੇ ਕਾਪੀ ਨਹੀਂ ਦਿੱਤੀ, ਜਿਸ ਤੋਂ ਬਾਅਦ ਈਡੀ ਹੁਣ ਇਸ ਲਈ ਹਾਈ ਕੋਰਟ ਵਿੱਚ ਪਹੁੰਚ ਕਰ ਰਹੀ ਹੈ। ਬੀਤੇ ਦਿਨੀਂ ਵਿਜੀਲੈਂਸ ਨੇ ਸਿਟੀ ਸੈਂਟਰ ਘੁਟਾਲੇ ਦੀ ਐਫ਼ਆਈਆਰ ਵਿੱਚ ਨਾਮਜ਼ਦ ਕੁੱਲ 32 ਮੁਲਜ਼ਮਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਸਬੰਧਤ ਐਫ਼ਆਈਆਰ ਰੱਦ ਕਰਨ ਦੀ ਅਰਜ਼ੀ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿੱਚ ਦਾਖ਼ਲ ਕੀਤੀ ਹੈ, ਜਿਸ ਦੀ ਸੁਣਵਾਈ ਹੁਣ 2 ਸਤੰਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਿਟੀ ਸੈਂਟਰ ਦੀ ਉਸਾਰੀ 10 ਸਾਲਾਂ ਤੋਂ ਬੰਦ ਪਈ ਹੈ, ਇਸ ਜ਼ਮੀਨ ‘ਤੇ ਉਸਾਰੀ ਅਧੀਨ ਸਾਰਾ ਸਾਮਾਨ ਕੇਸ ਪ੍ਰਾਪਰਟੀ ਬਣ ਚੁੱਕਿਆ ਸੀ। ਹੁਣ ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਸਿਟੀ ਸੈਂਟਰ ਦੀ ਉਸਾਰੀ ਦੁਬਾਰਾ ਸ਼ੁਰੂ ਹੋਣ ਦੀ ਚਰਚਾ ਹੈ।
ਸੁਖਪਾਲ ਖਹਿਰਾ ਬੋਲੇ- ਕੈਪਟਨ ਦਾ ਬਾਦਲਾਂ ਨਾਲ ਦੋਸਤਾਨਾ ਮੈਚ :
ਲੁਧਿਆਣਾ : ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਤੋਂ ਕਲੀਨ ਚਿੱਟ ਲੈ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਗੁੰਡਾਗਰਦੀ ‘ਤੇ ਉਤਰ ਆਏ ਹਨ। ਉਹ ਕਾਂਗਰਸੀਆਂ ਵੱਲੋਂ ਜ਼ਖਮੀ ਕੀਤੇ ‘ਆਪ’ ਨੇਤਾ ਅਮਰ ਸਿੰਘ ਉਰਫ਼ ਹੈਪੀ ਸੇਖੋਂ ਤੇ ਉਸ ਦੇ ਭਰਾ ਦਾ ਹਾਲ ਜਾਣਨ ਲਈ ਡੀਐਮਸੀ ਹਸਪਤਾਲ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨਾਲ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਸਰਕਾਰ ਆਉਣ ਤੋਂ ਬਾਅਦ ਕਾਂਗਰਸੀ ਗੁੰਡਾਗਰਦੀ  ਕਰਨ ਲੱਗੇ ਹਨ। ਖੰਨਾ ਵਿੱਚ ਗਾਂਧੀ ਗਰੁੱਪ ਦੇ ਮਨਵਿੰਦਰ ਗਾਂਧੀ ਦੇ ਕਤਲ ਤੋਂ ਸਾਫ਼ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਮੁੱਖ ਮੰਤਰੀ ਕਹਿੰਦੇ ਹਨ ਕਿ ਸਾਰੇ ਗੈਂਗਸਟਰ ਸੂਬਾ ਛੱਡ ਕੇ ਭੱਜ ਚੁੱਕੇ ਹਨ, ਕੈਪਟਨ ਨੂੰ ਉਨ੍ਹਾਂ ਗੈਂਗਸਟਰਾਂ ਦੇ ਨਾਮ ਦੱਸਣੇ ਚਾਹੀਦੇ ਹਨ। ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਕੋਈ ਵੀ ਕਦਮ ਚੁੱਕਣ ਵਿੱਚ ਨਾਕਾਮ ਨਜ਼ਰ ਆ ਰਹੀ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਬਾਦਲਾਂ ਨੂੰ ਬਚਾਉਣ ਲਈ ਕੈਪਟਨ ਨੇ ਆਪਣੇ ਸਾਰੇ ਮੰਤਰੀਆਂ ਦੇ ਹੱਥ ਬੰਨ੍ਹ ਦਿੱਤੇ ਹਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਾਸਟਵੇਅ ਦਾ 20 ਹਜ਼ਾਰ ਕਰੋੜ ਦਾ ਘੁਟਾਲਾ ਸਾਹਮਣੇ ਲਿਆਂਦਾ ਹੈ ਪਰ ਕੈਪਟਨ ਬਾਦਲਾਂ ਨਾਲ ਦੋਸਤਾਨਾ ਮੈਚ ਖੇਡ ਰਹੇ ਹਨ। ਇਸ ਲਈ ਨਾ ਤਾਂ ਪੰਜਾਬ ਵਿੱਚ ਰੇਤ ਮਾਫ਼ੀਆ ਖ਼ਤਮ ਹੋ ਰਿਹਾ ਹੈ ਤੇ ਨਾ ਹੋਰ ਮਾਫ਼ੀਆ ਨੂੰ ਨੱਥ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਸਿਟੀ ਸੈਂਟਰ ਮਾਮਲੇ ਦੀ ਕਿਸੇ ਹੋਰ ਏਜੰਸੀ ਤੋਂ ਜਾਂਚ ਕਰਵਾਈ ਜਾਵੇ।