ਭਾਜਪਾ ਖ਼ਿਲਾਫ਼ ਵਿਰੋਧੀ ਧਿਰ ਹੋਈ ਇਕਜੁੱਟ

ਭਾਜਪਾ ਖ਼ਿਲਾਫ਼ ਵਿਰੋਧੀ ਧਿਰ ਹੋਈ ਇਕਜੁੱਟ
ਕੈਪਸ਼ਨ-ਸਾਂਝੀ ਵਿਰਾਸਤ ਬਚਾਓ ਸੰਮੇਲਨ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜੇਡੀ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ, ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਕਾਂਗਰਸ ਸਮੇਤ 12 ਤੋਂ ਵੱਧ ਵਿਰੋਧੀ ਪਾਰਟੀਆਂ ਨੇ ਭਾਜਪਾ ਖ਼ਿਲਾਫ਼ ਸਾਂਝੀ ਲੜਾਈ ਲੜਨ ਲਈ ਹੱਥ ਮਿਲਾ ਲਏ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਆਪਣੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ। ਵਿਰੋਧੀ ਧਿਰ ਦੀ ਏਕਤਾ ਦਾ ਮੰਚ ‘ਸਾਂਝੀ ਵਿਰਾਸਤ ਬਚਾਓ” ਸੀ ਜਿਸ ਦੀ ਮੇਜ਼ਬਾਨੀ ਜਨਤਾ ਦਲ (ਯੂ) ਦੇ ਬਾਗ਼ੀ ਆਗੂ ਸ਼ਰਦ ਯਾਦਵ ਨੇ ਕੀਤੀ ਅਤੇ ਉਸ ‘ਚ ਕਾਂਗਰਸ ਤੋਂ ਇਲਾਵਾ, ਸੀਪੀਐਮ, ਸੀਪੀਆਈ, ਸਮਾਜਵਾਦੀ ਪਾਰਟੀ, ਬਸਪਾ, ਆਰਜੇਡੀ, ਐਨਸੀਪੀ, ਨੈਸ਼ਨਲ ਕਾਨਫਰੰਸ, ਜਨਤਾ ਦਲ (ਐਸ) ਅਤੇ ਆਰਐਲਡੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੀਪੀਐਮ ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ ਰਾਜਾ ਅਤੇ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਹਾਜ਼ਰ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ”ਮੋਦੀ ਜੀ ਆਖਦੇ ਹਨ ਕਿ ਉਹ ਸਵੱਛ ਭਾਰਤ ਬਣਾਉਣਾ ਚਾਹੁੰਦੇ ਹਨ ਪਰ ਅਸੀਂ ‘ਸੱਚਾ ਭਾਰਤ’ ਚਾਹੁੰਦੇ ਹਾਂ।” ਉਨ੍ਹਾਂ ਕਿਹਾ ਕਿ ਆਰਐਸਐਸ ਹਰੇਕ ਸੰਸਥਾਨ ਵਿਚ ਆਪਣੇ ਲੋਕਾਂ ਨੂੰ ਭਰਤੀ ਕਰ ਰਹੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਸਿਰਫ਼ ਵਿਚਾਰਾਂ ਨਾਲ ਹੀ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ।
ਸ਼ਰਦ ਯਾਦਵ ਨੇ ਕਿਹਾ ਕਿ ਜੇਕਰ ਲੋਕ ਇਕਜੁੱਟ ਹੋ ਜਾਣ ਤਾਂ ਹਿਟਲਰ ਵੀ ਉਨ੍ਹਾਂ ਮੂਹਰੇ ਖੜ੍ਹਾ ਨਹੀਂ ਹੋ ਸਕਦਾ। ਸੀਪੀਐਮ ਦੇ ਸ੍ਰੀ ਯੇਚੁਰੀ ਨੇ ਕਿਹਾ ਕਿ ਦੇਸ਼ ਦੇ ਸਭਿਆਚਾਰਕ ਤਾਣੇ-ਬਾਣੇ ਨਾਲ ਛੇੜਖਾਨੀ ਕਰਕੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਆਗੂ ਅਹਿਮਦ ਪਟੇਲ ਨੇ ਸ਼ਰਦ ਯਾਦਵ ਨੂੰ ਸਰਕਾਰ ਨਾਲ ਲੜਨ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਕਿਹਾ। ਉਧਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਵਿਰਾਸਤ ਨੂੰ ਸੰਭਾਲਣ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਕੇਰਲਾ ਵਿਚ ਸੀਪੀਐਮ ਵਰਕਰਾਂ ਵੱਲੋਂ ਆਰਐਸਐਸ ਵਰਕਰ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਜਾਂਦੀ ਹੈ, ਇਹ ਕਿਹੋ ਜਿਹੀ ਵਿਰਾਸਤ ਹੈ।
ਅਬਦੁੱਲਾ ਬੋਲੇ-ਭਾਰਤ ਨੂੰ ਚੀਨ-ਪਾਕਿ ਤੋਂ ਨਹੀਂ, ਅੰਦਰੋਂ ਖ਼ਤਰਾ :
ਨੈਸ਼ਨਲ ਕਾਨਫਰੰਸ ਦੇ ਆਗੂ ਫ਼ਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਭਾਰਤ ਗੁਆਂਢੀ ਮੁਲਕਾਂ ਚੀਨ ਤੇ ਪਾਕਿਸਤਾਨ ਦਾ ਟਾਕਰਾ ਕਰਨ ਦੇ ਸਮਰੱਥ ਹੈ, ਪਰ ਮੁਲਕ ਨੂੰ ਅਸਲ ਖ਼ਤਰਾ ਅੰਦਰੋਂ ਦਰਪੇਸ਼ ਹੈ। ਬਜ਼ੁਰਗ ਆਗੂ ਨੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਲਏ ਬਿਨਾਂ ਕਿਹਾ ਕਿ ਅੰਦਰਲਾ ਕੋਈ ਚੋਰ ਹੈ, ਜੋ ਮੁਲਕ ਦਾ ਬੇੜਾ ਗਰਕ ਕਰ ਰਿਹੈ। ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਆਪਣੀ ਤਕਰੀਰ ਦੌਰਾਨ ਵਾਦੀ ਦੇ ਹਾਲਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੌਂ ਕਸ਼ਮੀਰ ਤੇ ਕਸ਼ਮੀਰੀਆਂ ਦੀ ਕੌਮੀਅਤ ‘ਤੇ ਸਵਾਲ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘ਸਾਨੂੰ ਸਾਡੀ ਕੌਮੀਅਤ ਪੁੱਛਣ ਵਾਲੇ ਉਹ ਕੌਣ ਹਨ? ਅਸੀਂ ਕਸ਼ਮੀਰੀਆਂ ਨੇ ਦੇਸ਼ ਵੰਡ ਮੌਕੇ ਪਾਕਿਸਤਾਨ ਦੀ ਥਾਂ ਭਾਰਤ ਨੂੰ ਤਰਜੀਹ ਦਿੱਤੀ ਕਿਉਂਕਿ ਭਾਰਤ ਨੇ ਬਰਾਬਰੀ ਦੀ ਜ਼ਾਮਨੀ ਦਿੱਤੀ ਸੀ।’