‘ਦ ਬਲੈਕ ਪ੍ਰਿੰਸ’ ਦੇ ਹਵਾਲੇ ਨਾਲ…

‘ਦ ਬਲੈਕ ਪ੍ਰਿੰਸ’ ਦੇ ਹਵਾਲੇ ਨਾਲ…

ਤੰਦਾਂ ਤੋਂ ਮੁਨਕਰ ਕਿਰਦਾਰਾਂ ਦੇ ਦਰਦਾਂ ਵਾਲਾ ਦੇਸ਼
ਹਰਪ੍ਰੀਤ ਸਿੰਘ ਕਾਹਲੋਂ

‘ਦੀ ਬਲੈਕ ਪ੍ਰਿੰਸ’ ਦੇ ਬਹਾਨੇ ਅਸੀ ਅਤੇ ਇਤਿਹਾਸ ਦਰਮਿਆਨ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਕੇ ਖੜ੍ਹੋ ਗਈਆਂ੩ਜਿਨ੍ਹਾਂ ਨੂੰ ਲੈ ਕੇ ਮੈਂ ਅਪਣਾ ਨਜ਼ਰੀਆ ਸਾਂਝਾ ਕਰ ਰਿਹਾ ਹਾਂ…
……‘ਦੀ ਬਲੈਕ ਪ੍ਰਿੰਸ’ ਫਿਲਮ ਦੇ ਆਉਣ ਨਾਲ ਪੰਜਾਬ ਨੂੰ ਜਜ਼ਬਾਤੀ ਹੁੰਦੇ ਵੇਖਿਆ ਹੈ। ਇਸ ਜਜ਼ਬਾਤ ‘ਚ ਅਹਿਸਾਸ, ਦਰਦ ਅਤੇ ਬੀਤੇ ਸਮੇਂ ਦਾ ਅਣਫੋਲਿਆ ਸਫਾ ਸਾਹਮਣੇ ਆਇਆ ਹੈ ਜਿਸ ਨਾਲ ਅਸੀ ਫਿਰ ਤੋਂ ਦੇਸ਼ ਪੰਜਾਬ ਦੀ ਗੱਲ ਤੋਰ ਰਹੇ ਹਾਂ। ਪਰ ਇਸ ਫ਼ਿਲਮ ਦੇ ਬਹਾਨੇ ਆਪਣਿਆਂ ਅੰਦਰ ਹੀ ਇੱਕ ਬਹਿਸ ਹੈ ਕਿ ਕੋਈ ਇਸ ਨੂੰ ਹੇਰਵਾ ਕਹਿ ਰਿਹਾ ਹੈ। ਕੋਈ ਰਜਵਾੜਾਸ਼ਾਹੀ ਦੇ ਮੁਰੀਦ ਹੋਣ ਦਾ ਦੋਸ਼ ਲਾ ਰਿਹਾ ਹੈ ਤੇ ਕੋਈ ਇਹਨੂੰ ਸਿੱਖਾਂ ਵੱਲੋਂ ਪ੍ਰਭਾਸ਼ਿਤ ਸੰਕਲਪ ਦੱਸ ਰਿਹਾ ਹੈ।
ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਸਮਝਦਾ ਹਾਂ ਕਿ ਫਿਲਮ ਦੇ ਇੱਕ ਜ਼ਰੀਏ ਦੇ ਤੌਰ ‘ਤੇ ਇਹਦੀ ਤਕਨੀਕੀ ਵਿਆਖਿਆ ਹੋ ਸਕਦੀ ਹੈ ਅਤੇ ਹੋਣੀ ਚਾਹੀਦੀ ਹੈ ਪਰ ਮੇਰਾ ਨੁਕਤਾ ਇਸ ਵਿਸ਼ੇ ਨੂੰ ਲੈ ਕੇ ਪੈਦਾ ਹੁੰਦੀ ਬਹਿਸ ਨੂੰ ਲੈ ਕੇ ਹੈ ਜੋ ਪੰਜਾਬ ਨੂੰ ਸਿੱਖ ਵਿਚਾਰਕ ਬਨਾਮ ਖੱਬੇਪੱਖੀ ਬਨਾਮ ਸੋ ਤੇ ਸੋ ਬਨਾਮ ਕਿੰਨਾ ਕੁਝ ਬਨਾਮ ਲਿਆ ਖੜ੍ਹਾ ਕਰਦੀ ਹੈ। ਇਸੇ ਬਨਾਮ ‘ਚ ਸਿਰਫ ਵਿਰੋਧ ਲਈ ਬਹਿਸੀ ਜਾਣਾ ਵਿਚਾਰਧਾਰਾ ਦੀ ਬੁਨਿਆਦੀ ਮਜਬੂਰੀ ਹੋ ਜਾਂਦੀ ਹੈ ਕਿ ਵਿਚਾਰਧਾਰਾ ਤੁਹਾਨੂੰ ਆਪਣੇ ਦਾਇਰੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੁੰਦੀ। ਅਜਿਹੇ ਦਾਇਰੇ ਖਤਰਨਾਕ ਵੀ ਹੁੰਦੇ ਹਨ।
ਮੈਂ ਇਸ ਤੋਂ ਬਾਹਰ ਹੋ ਨੁਕਤਿਆਂ ਨੂੰ ਵੇਖਦਾ ਹਾਂ। ਮਹਾਰਾਜਾ ਰਣਜੀਤ ਸਿੰਘ ਨੂੰ ਸਮਝਣ ਲਈ ਕੋਈ ਉਲਝਣ ਹੋਣੀ ਹੀ ਨਹੀਂ ਚਾਹੀਦੀ ਸੀ। ਉਹ ਇੱਕ ਰਾਜਾ ਸੀ ਸੋ ਸੁਭਾਵਕ ਰਜਵਾੜਾਸ਼ਾਹੀ ਸੀ। ਰਜਵਾੜਾਸ਼ਾਹੀ ਦਾ ਸੁਭਾਅ ਲੋਕਤੰਤਰੀ ਤਾਂ ਹੁੰਦਾ ਨਹੀਂ ਸੋ ਰਾਜ ਧਰਮ ਦੀਆਂ ਆਪਣੀ ਖੂਬੀਆਂ ਅਤੇ ਘਾਟਾਂ ਹਨ ਜਿਨ੍ਹਾਂ ਨੂੰ ਰਲਗੱਡ ਕੀਤੇ ਬਗੈਰ ਮਹਾਰਾਜਾ ਦੀ ਅਤੇ ਉਹਦੇ ਰਾਜ ਦੀ ਕਿਰਦਾਰਕੁਸ਼ੀ ਕੀਤੇ ਬਗੈਰ ਗੱਲ ਹੋ ਸਕਦੀ ਹੈ। ਅਜਿਹਾ ਮੈਂ ਸਮਝਦਾ ਹਾਂ।
ਉਹਦੇ ਰਾਜ ‘ਚ ਹਿੰਦੂ ਮੁਸਲਮਾਨ ਸਿੱਖ ਸਭ ਸਨ ਅਤੇ ਉਹਨੇ ਘੱਟੋ ਘੱਟ ਅਜਿਹਾ ਪ੍ਰਬੰਧ ਰੱਖਿਆ ਸੀ ਕਿ ਸਭ ਨੂੰ ਨਾਲ ਲੈ ਕੇ ਚੱਲਿਆ ਜਾਵੇ। ਇਸ ਦੇ ਬਾਵਜੂਦ ਉਹਦਾ ਇੱਕ ਆਪਣਾ ਧਰਮ ਵੀ ਸੀ। ਉਹ ਸਿੱਖ ਸੀ ਅਤੇ ਸਿੱਖ ਹੋਣ ਦੇ ਨਾਤੇ ਜੋ ਸੋਚ ਮਹਾਰਾਜਾ ਰਣਜੀਤ ਸਿੰਘ ਦੀ ਸੀ ਉਹ ਉਹਦੇ ਅੱਗੇ ਉਹਦੇ ਪੁੱਤ ਮਹਾਰਾਜਾ ਦਲੀਪ ਸਿੰਘ ਦੀ ਹੋਣੀ ਵੀ ਸੁਭਾਵਕ ਹੈ।
ਮਹਾਰਾਜਾ ਦੀ ਸਰਕਾਰ ਨੂੰ ਸਰਕਾਰ ਖ਼ਾਲਸਾ ਕਿਹਾ ਜਾਂਦਾ ਸੀ ਅਤੇ ਉਹਦੀ ਕੋਰਟ ਨੂੰ ਦਰਬਾਰ ਖ਼ਾਲਸਾ ਕਿਹਾ ਜਾਂਦਾ ਸੀ। ਉਹਨੇ ਹਿੰਦੂਆਂ ਦੇ ਬਹੁਤਾਤ ਇਲਾਕੇ ‘ਚ ਗਾਵਾਂ ਦੇ ਮੀਟ ਦੀ ਮਨਾਹੀ ਕੀਤੀ ਸੀ ਪਰ ਇਹਦਾ ਅਰਥ ਇਹ ਨਹੀਂ ਸੀ ਕਿ ਉਹ ਮੁਸਲਮਾਨਾਂ ਨੂੰ ਇਸ ਤੋਂ ਵਰਜਦਾ ਸੀ। ਉਹਨੇ ਅਜਿਹਾ ਯਕੀਨੀ ਬਣਾਇਆ ਸੀ ਕਿ ਕਿਸੇ ਇੱਕ ਨੂੰ ਦਿੱਤੀ ਸਹੂਲੀਅਤ ਦੂਜੇ ਦੀ ਅਜ਼ਾਦੀ ‘ਚ ਰੋੜਾ ਨਾ ਬਣੇ।
ਪੰਜਾਬ ਦੀ ਉਸ ਸਮੇਂ ਦੀ ਵਸੋਂ ਬਹੁਤਾਤ ‘ਚ ਮੁਸਲਮਾਨਾਂ ਦੀ ਸੀ। ਲਗਾਤਾਰ ਨਾਦਰਸ਼ਾਹੀ ਅਤੇ ਅਬਦਾਲੀ ਹਮਲਿਆਂ ਤੋਂ ਅਤੇ ਦਿੱਲੀ ਦੇ ਤਖ਼ਤ ਦੀ ਡਾਵਾਂਡੋਲਤਾ ਤੋਂ ਬਾਅਦ ਮੁਸਲਮਾਨਾਂ ਨੇ ਮਹਾਰਾਜਾ ਦਾ ਰਾਜ ਕਬੂਲ ਕੀਤਾ ਸੀ ਕਿਉਂਕਿ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ। ਉਹਦੇ ਰਾਜ ‘ਚ ਕੋਈ ਵੀ ਵੱਡੀ ਫਿਰਕੂ ਹਿੰਸਾ ਦੀ ਖ਼ਬਰ ਨਹੀਂ ਮਿਲਦੀ।
ਬਾਕੀ ਜਿਹੜਾ ਉਹਦੇ ਪਰਿਵਾਰ ਦੇ ਅੰਦਰ ਦੀਆਂ ਸਾਜਿਸ਼ਾਂ ਅਤੇ ਕਤਲੋਗਾਰਦ ਦੀਆਂ ਖ਼ਬਰਾਂ ਹਨ ਉਹ ਉਸ ਦੌਰ ਦੀ ਰਜਵਾੜਾਸ਼ਾਹੀ ਦੀ ਸੁਭਾਵਿਕ ਨਿਸ਼ਾਨੀ ਸੀ। ਅਜਿਹਾ ਉਸ ਦੌਰ ਅੰਦਰ ਜਹਾਂਗੀਰ ਤੋਂ ਲੈ ਕੇ ਉਸ ਸਮੇਂ ਦੇ ਸੂਬੇਦਾਰਾਂ ਮੀਰ ਮੰਨੂ ਅਤੇ ਬਾਦਸ਼ਾਹ ਸ਼ਾਹ ਆਲਮ ਦੇ ਪਰਵਾਰਕ ਵਰਤਾਰੇ ‘ਚ ਵੀ ਵਿਖਦਾ ਹੈ। ਮਹਰਾਜਾ ਰਣਜੀਤ ਸਿੰਘ ਦੀ ਮਹਾਨਤਾ ਸੀ ਕਿ ਉਹਨੇ ਪੇਸ਼ੇ ਵਜੋਂ ਇੱਕ ਨੱਚਣ ਵਾਲੀ ਮੋਰਾਂ ਕੰਜਰੀ ਨੂੰ ਵੀ ਇੱਜ਼ਤ ਦਿੱਤੀ ਅਤੇ ਉਹਨੂੰ ਬਕਾਇਦਾ ਵਿਆਹ ਕਰਕੇ ਲਿਆਇਆ ਸੀ। ਇਸ ਬੁਨਿਆਦ ‘ਤੇ ਖਲੋਤਾ ਦੇਸ਼ ਪੰਜਾਬ ਦਾ ਸ਼ਾਸ਼ਨ ਮਹਾਰਾਜਾ ਦਲੀਪ ਸਿੰਘ ਤੱਕ ਅਤੇ ਉਹਦੇ ਜਵਾਨ ਹੋਣ ਤੱਕ ਕੀ ਭੁਗਤ ਰਿਹਾ ਹੈ, ਮੈਂ ਇਸ ਤੰਦ ਤੋਂ ਫਿਲਮ ਨੂੰ ਵੇਖ ਰਿਹਾ ਹਾਂ।
ਇਸ ਫਿਲਮ ਨੂੰ ਵੇਖਣ ਵਾਲਿਆਂ ਦੀ ਭਾਵਨਾ ਨੂੰ ਲੈ ਕੇ ਜਦੋਂ ਇਹਨੂੰ ਹੇਰਵਾ ਕਿਹਾ ਜਾਂਦਾ ਹੈ ਤਾਂ ਇਤਿਹਾਸ ਦੀ ਇੱਕ ਪਰਿਭਾਸ਼ਾ ਹੈ ਕਿ Every History is an Autobiography ਇਸ ਪਰਿਭਾਸ਼ਾ ਨਾਲ ਚੱਲਦੇ ਹੋਏ ਮੈਂ ਆਪਣੀ ਗੱਲ ਰੱਖ ਰਿਹਾ ਹਾਂ। ਮੇਰਾ ਕਿਸੇ ਨਾਲ ਬਹਿਸਣ ਦਾ ਕੋਈ ਇਰਾਦਾ ਨਹੀਂ। ਬੱਸ ਮੈਂ ਥੋੜ੍ਹਾ ਫਿਕਰ ‘ਚ ਹਾਂ ਕਿ ਇਤਿਹਾਸ ਨੂੰ ਨਾ ਵੇਖਣ ਨਾਲ ਅਸੀ ਕੱਲ੍ਹ ਅੱਜ ਅਤੇ ਕੱਲ੍ਹ ਦੀ ਨਜ਼ਰ ਤੋਂ ਬਾਹਰ ਹੋ ਜਾਵਾਂਗੇ। ਅੱਗੇ ਨੂੰ ਵੇਖਣ ਲਈ ਪਿੱਛੇ ਨੂੰ ਵੇਖਣਾ ਵੀ ਜ਼ਰੂਰੀ ਹੁੰਦਾ ਹੈ।
ਮੈਂ ਕੌਣ ਹਾਂ ?
ਜੇ ਮੇਰੇ ‘ਚੋਂ ਮੇਰੀ ਜ਼ੁਬਾਨ, ਮਿੱਟੀ ਦਾ ਰਿਸ਼ਤਾ, ਧਰਮ, ਪੁਰਖਿਆਂ ਦਾ ਇਤਿਹਾਸ ਅਤੇ ਉਸ ਇਤਿਹਾਸ ਨਾਲ ਮੇਰਾ ਨਾਤਾ ਕੱਢ ਦਿੱਤਾ ਜਾਵੇ ਤਾਂ ਕੁੱਲ ਜਮ੍ਹਾਂ ਬਾਕੀ ਬਕਾਇਆ ਕੀ ਬੱਚਦਾ ਹੈ ਆਖਰ ?
ਫੇਰ ਵਿਸਾਖੀ ਦਾ ਮਨਾਉਣਾ ਵੀ ਕੀ ਹੈ ਅਤੇ ਦਿਵਾਲੀ ਦੇ ਦੀਵੇ ਵੀ ਕੀ ਹਨ ?
ਪੋਹ ਦੀ ਸ਼ਾਹਦਤ ਨਾਲ ਸਾਡਾ ਰਿਸ਼ਤਾ ਕੀ ਹੈ ਅਤੇ ਉਹਨਾਂ ਫੋਟੋਆਂ ਨੂੰ ਵੇਖ ਚਾਚੇ ਬਸ਼ੀਰ, ਬਾਪੂ ਗੰਡਾ ਸਿੰਘ ਤੇ ਰਾਮਦੀਨ ਦੀ ਸਾਂਝ ਵੀ ਕੀ ਹੈ ?
ਜੇ ਇਹ ਉਦਰੇਵਾਂ (Nostalgia), ਇੱਕ ਹੇਰਵਾ ਹੈ ਤਾਂ ਸਾਡਾ ਅੱਜ ਵੀ ਕੀ ਹੈ ਅਤੇ ਭੱਵਿਖ ਨੂੰ ਵੇਖਣਾ ਜਾਂ ਉਸ ਲਈ ਆਸਵੰਦ ਹੋਣਾ ਵੀ ਕੀ ਹੈ ?
ਜੇ ਜਜ਼ਬਾਤ ਇੱਕ ਸ਼ੁਦਾ ਹੈ ਤਾਂ ਫਿਰ ਰਿਸ਼ਤਿਆਂ ਦਾ ਹੋਣਾ ਵੀ ਕੀ ਹੈ ?
47 ਦੀ ਵੰਡ ਕੀ ਹੈ ਅਤੇ ਉਸੇ ‘ਚੋਂ ਸਾਡੇ ਬਾਬੇ ਲਾਹੌਰ, ਚਾਵੜੀ ਬਜ਼ਾਰ, ਰਾਵਲਪਿੰਡੀ, ਚਾਂਦਨੀ ਚੌਂਕ ਨੂੰ ਯਾਦ ਕਰਦੇ ਮਰ ਗਏ ਜਾਂ ਮਰ ਜਾਣਾ ਏ ਇੱਕ ਦਿਨ, ਆਖਰ ਇਹ ਦਰਦ ਕੀ ਹੈ ?
ਫਿਰ ਜਲ੍ਹਿਆਂ ਵਾਲੇ ਬਾਗ ਜਾਣਾ ਵੀ ਕੀ ਹੈ ਅਤੇ ਭਗਤ ਸਿੰਘ ਦੇ ਖਟਕੜ ਕਲਾਂ ਵਾਲੇ ਘਰ ਨੂੰ ਵੇਖਣਾ ਵੀ ਕੀ ਹੈ ?
ਘੱਟੋ ਘੱਟ ਭਾਵਨਾਵਹੀਨ ਮੁਨਕਰ ਆਦਮ ਮੈਂ ਤਾਂ ਨਹੀਂ ਹੋ ਸਕਦਾ। ਮੇਰੀ ਤੰਦ ਮੇਰੇ ਅਤੀਤ ਨਾਲ ਹੀ ਉਹ ਤੰਦ ਹੈ ਜੋ ਮੇਰੇ ਜਿਉਂਦੇ ਹੋਣ ਦੇ ਪੂਰਨੇ ਪਾਉਂਦਾ ਹੈ। ਸਾਡੇ ਦਾਦੇ ਨੇ ਜੋ ਕਦਰਾਂ ਕੀਮਤਾਂ ਸਿੱਖੀਆਂ ਅਤੇ ਉਹ ਜੋ ਅਸਾਂ ਤੱਕ ਪਹੁੰਚਈਆਂ ਉਹ ਸਾਡੇ ਪਰਿਵਾਰ ਦੀ ਕਦਰਾਂ ਕੀਮਤਾਂ ਦੀ ਵਿਰਾਸਤ ਦੇ ਹੇਰਵੇ ‘ਚੋਂ ਹੀ ਸਿੱਖੀ ਗਈ ਹੈ।
ਅਜਿਹੇ ‘ਚ ਹੁਣ ਜੇ ਮੈਂ ਫਿਲਮ ‘ਓਸ਼ੀਅਨ ਆਫ ਪਰਲ’ ਦੇ ਡਾ. ਅੰਮ੍ਰਿਤ ਸਿੰਘ ਅਤੇ ‘ਦੀ ਬਲੈਕ ਪ੍ਰਿੰਸ’ ਦੇ ਮਹਾਰਾਜਾ ਦਲੀਪ ਸਿੰਘ ਦੀ ਤੜਪ ਮਹਿਸੂਸ ਕਰਾਂਗਾ ਤਾਂ ਹੀ ਸਮਝ ਸਕਾਂਗਾ ਕਿ ਮਹਾਰਾਜਾ ਦਲੀਪ ਸਿੰਘ ਦਾ ਦਰਦ ਕੀ ਹੈ। ਫਿਲਮ ਓਸ਼ੀਅਨ ਆਫ ਪਰਲ ਦੀ ਸ਼ੁਰੂਆਤ ਬਹੁਤ ਹੀ ਦਾਰਸ਼ਨਿਕ ਹੈ। ਫਿਲਮ ਦਾ ਨਾਇਕ ਆਪਣੇ ਬਾਰੇ ਦੱਸਦਾ ਹੋਇਆ ਸਵਾਲ ਪਾਉਂਦਾ ਹੈ ਕਿ ਜ਼ਿੰਦਗੀ ਦੇ ਇਸ ਚੱਕਰ ਬਾਰੇ ਕੀ ਕਦੀ ਸੋਚਿਆ ਹੈ ? ਅਸੀ ਆਪਣੇ ਮਾਂ ਪਿਓ ਦੇ ਘਰ ਹੀ ਉਹਨਾਂ ਲਈ ਕਿਉਂ ਪੈਦਾ ਹੁੰਦੇ ਹਾਂ ? ਇਸ ਸੰਸਾਰ ‘ਚ ਏਨੀ ਧਰਤੀ ਹੈ ਪਰ ਅਸੀ ਆਪਣੇ ਦੇਸ਼ ਆਪਣੇ ਸ਼ਹਿਰ ਹੀ ਕਿਉਂ ਪੈਦਾ ਹੋਏ ? ਇੱਥੇ ਨਾਇਕ ਕਹਿੰਦਾ ਹੈ ਕਿ ਕਿਉਂ ਕੋਈ ਨਵੀਂ ਦੁਨੀਆਂ ‘ਚ ਆ ਕੇ ਪੁਰਾਣੇ ਨੂੰ ਜਿਓਂਦਾ ਰੱਖਣ ਲਈ ਸੰਘਰਸ਼ ਕਰਦਾ ਹੈ। ਬੇਸ਼ੱਕ ਸਿਆਣੇ ਕਹਿੰਦੇ ਹਨ ਕਿ ਅੱਜ ਦੀ ਗਲਤੀ ਕੱਲ੍ਹ ਦਾ ਸੱਭਿਆਚਾਰ ਅਤੇ ਪਰਸੋਂ ਦਾ ਕਾਨੂੰਨ, ਇਹ ਇੰਝ ਹੀ ਚੱਲਦਾ ਹੈ। ਇਸੇ ‘ਚ ਪੁਰਾਣੇ ਤੋਂ ਨਵੇਂ ਦਾ ਸੰਘਰਸ਼ ਹੈ। ਪੀੜ੍ਹੀ ਪਾੜਾ ਹੈ, ਸੱਭਿਅਤਾਵਾਂ ਦਾ ਅੰਤਰ ਹੈ। ਇਹ ਹਰ ਉਹ ਸ਼ੈ ‘ਚ ਹੈ ਜਿੱਥੇ ਪਰਵਾਸ ਹੈ। ਇਹ ਵਜੂਦ ਦਾ ਸੰਘਰਸ਼ ਹੈ।
ਓਸ਼ੀਅਨ ਆਫ ਪਰਲਜ਼ ਦਾ ਨੁਕਤਾ ਹੈ ਕਿ
ਮੈਂ ਮਰ ਜਾਵਾਂ ਇਹ ਮੌਤ ਨਹੀਂ
ਮੇਰੀ ਆਤਮਾ ਮਰ ਜਾਵੇ ਅਸਲ ਮੌਤ ਹੈ
ਇਸੇ ਵਜੂਦ ਨੂੰ ਅੰਨ੍ਹੇ ਘੋੜੇ ਦਾ ਦਾਨ ਫਿਲਮ ਦਾ ਮਜ਼ਦੂਰ ਪਾਤਰ ਇੰਝ ਕਹਿੰਦਾ ਹੈ ਕਿ
ਕਹਿੰਦੇ ਨੇ ਆਤਮਾ ਮਰਦੀ ਨਹੀਂ
ਜੇ ਆਤਮਾ ਮਰਦੀ ਨਹੀਂ
ਤਾਂ ਫਿਰ ਮੌਤ ਕੀ ਹੋਈ ?
ਜੁੰਪਾ ਲਹਿਰੀ ਆਪਣੇ ਨਾਵਲ’ਦੀ ਨੇਮਸੇਕ’ ‘ਚ ਵੀ ਇਹੋ ਤਲਾਸ਼ ਕਰਦੀ ਹੈ। ਇਸ ਨਾਵਲ ਦੇ ਕਿਰਦਾਰ ਅਸ਼ੋਕ ਅਤੇ ਆਸ਼ਿਮਾ ਗਾਂਗੁਲੀ ਦਾ ਆਪਣੇ ਮੁੰਡੇ ਨਿਖਿਲ ਗੋਗੁਲ ਗਾਂਗੁਲੀ ਨਾਲ ਅਮਰੀਕਾ ‘ਚ ਬੰਗਾਲ ਨੂੰ ਲੱਭਣਾ ਉਸੇ ਜੜ੍ਹਾਂ ਦਾ ਸੰਵਾਦ ਹੈ ਜਿਸ ਨਾਲ ਪੀੜ੍ਹੀ ਦਰ ਪੀੜ੍ਹੀ ਅਸੀ ਆਪਣੇ ਪੁਰਖਿਆਂ ਨਾਲ ਗੱਲਾਂ ਕਰਦੇ ਹਾਂ। ਜੁੰਪਾ ਦੇ ਨਾਵਲ ਦਾ ਪਾਤਰ ਆਪਣੇ ਮੁੰਡੇ ਦਾ ਨਾਮ ਯੁਕ੍ਰੇਣ ਦੇ ਲੇਖਕ ਨਿਕੋਲਾਈ ਗੋਗੁਲ ਦੇ ਨਾਮ ਤੋਂ ਰੱਖਦਾ ਹੈ। ਨਾਵਲ ਦਾ ਜਿਹੜਾ ਗਾਂਗੁਲੀ ਅਮਰੀਕਾ ‘ਚ ਇੱਕਲਾ ਪਿਆ ਹੋਇਆ ਹੈ ਉਹੋ ਜਦੋਂ ਆਪਣੇ ਪਿਤਾ ਦੇ ਫੁੱਲ ਤਾਰਨ ਕੋਲਕਾਤਾ ਹੁਗਲੀ ਨਦੀ ‘ਤੇ ਆਉਂਦਾ ਹੈ ਤਾਂ ਉਹਨੂੰ ਪੱਛਮੀ ਬੰਗਾਲ ‘ਚ ਗਾਂਗੁਲੀ ਸਰਨੇਮ ਦੇ ਕਿੰਨੇ ਲੋਕ ਵਿਖਾਈ ਦਿੰਦੇ ਹਨ।
ਸੋ ਪੂਰੀ ਦੁਨੀਆਂ ਦੇ ਜਿਉਂਦੇ ਜਾਗਦੇ ਲੋਕ ਤਾਂ ਆਪਣੀ ਸਾਂਝ ਇਸੇ ਹੇਰਵੇ ਤੋਂ ਤਰਾਸ਼ਦੇ ਹਨ ਪਤਾ ਨਹੀਂ ਫਿਲਮ ‘ਦੀ ਬਲੈਕ ਪ੍ਰਿੰਸ’ ਨੂੰ ਲੈ ਕੇ ਸਾਡੇ ਵਰਗਿਆਂ ਦੀ ਗੱਲ ਨੂੰ ਮਹਿਜ਼ ਹੇਰਵੇ ਦਾ ਸ਼ੁਦਾ ਕਿਉਂ ਕਿਹਾ ਜਾ ਰਿਹਾ ਹੈ ? ਸਾਡੀ ਇਸੇ ਤੰਦ ‘ਚੋਂ ਅਸੀ ਬੰਗਾਲ ਦੇ ਬੁਟਕੇਸ਼ਵਰ ਦੱਤ ਦੀ ਹਾਲ ਹੀ ‘ਚ ਛਪੀ ਸਟੋਰੀ ਨੂੰ ਪੜ੍ਹਦੇ ਹਾਂ। ਅਸੀ ਇਸ ਖ਼ਬਰ ਨੂੰ ਪੜ੍ਹ ਕੇ ਤੜਪਦੇ ਹਾਂ ਕਿ ਬੁਟਕੇਸ਼ਵਰ ਦੱਤ ਨਾਲ ਆਖਰੀ ਵੇਲੇ ਕੀ ਹੋਇਆ। ਬੁਟਕੇਸ਼ਵਰ ਦੱਤ ਮੇਰਾ ਕੀ ਲੱਗਦਾ ਹੈ ? ਉਹਦੇ ਨਾਲ ਮੇਰੀ ਅਜਿਹੀ ਸਾਂਝ ਕਿਉਂ ਹੈ ? ਇਸ ਨੂੰ ਸਮਝਣਾ ਤਾਂ ਪੈਣਾ ਹੈ।
ਇਸੇ ਤੰਦ ‘ਚੋਂ ਸਾਨੂੰ ਰਸੂਲ ਹਮਜ਼ਾਤੋਵ ਆਪਣਾ ਪੰਜਾਬੀ ਭਰਾ ਲੱਗਦਾ ਹੈ। ਸਾਨੂੰ ਕੀ ਲੋੜ ਸੀ ਕਿ ਅਸੀ ਬੇਗਾਨੀ ਧਰਤੀ ਦੇ ਬੇਗਾਨੇ ਬੰਦੇ ਨੂੰ ਏਨਾਂ ਪਿਆਰ ਕੀਤਾ। ਕਿਉਂ ਕਿ ਉਹ ਮਿੱਟੀ ਦੀ ਗੱਲ ਕਰਦਾ ਹੈ੩ਸਿਰਫ ਇਸ ਲਈ੩
‘ਦੀ ਬਲੈਕ ਪ੍ਰਿੰਸ’ ਬਾਰੇ ਅਣਗਿਣਤ ਬੇਬੁਨਿਆਦ ਬਹਿਸਾਂ ‘ਚ ਇੱਕ ਬਹਿਸ ਸੀ ਕਿ ਅਜਿਹੀਆਂ ਫਿਲਮਾਂ ਮਾਹੌਲ ਖ਼ਰਾਬ ਕਰਦੀਆਂ ਹਨ। ਕਿੰਨੀ ਬਚਕਾਣਾ ਗੱਲ ਹੈ। ਤਿੱਬਤ ਵਾਲਿਆਂ ਦੇ ਦਿਲ ‘ਚ ਉਹ ਤਿੱਬਤ ਦੇਸ਼ ਹੈ ਜੀਹਦਾ ਹੁਣ ਕਿਸੇ ਵੀ ਤਰ੍ਹਾਂ ਦਾ ਅਜ਼ਾਦ ਦੇਸ਼ ਵਾਲਾ ਵਜੂਦ ਨਹੀਂ ਹੈ। ਫਿਰ ਕੀ ਅਸੀ ਤਿੱਬਤ ਵਾਲਿਆਂ ਦੇ ਦਰਦ ਨੂੰ ਮੂਰਖਾਂ ਦਾ ਦਰਦ ਮੰਨ ਲਈਏ ?
ਇਹ ਹੱਕ ਸਾਨੂੰ ਨਹੀਂ। ਇਸੇ ਦਰਦ ਦੇ ਵਿਲਕਦੇ ਸਾਡੇ ਬਾਬੇ ਦੇਸ਼ ਪੰਜਾਬ ਦੀਆਂ ਗੱਲਾਂ ਕਰਦੇ ਮਰ ਗਏ। ਉਹਨਾਂ ਦੀ ਨਜ਼ਰ ‘ਚ ਲਾਹੌਰ ਮੁਲਤਾਨ ਦੀਆਂ ਗੱਲਾਂ ਬੇਬੁਨਿਆਦ ਕਿਵੇਂ ਹੋ ਸਕਦੀਆਂ ਹਨ ਜਦੋਂ ਕਿ ਸੱਚ ਹੈ ਕਿ ਭੂਗੋਲਿਕ ਪੱਧਰ ‘ਤੇ ਹੁਣ ਵਜੂਦ ਭਾਰਤ ਪਾਕਿਸਤਾਨ ਦਾ ਹੈ। ਪਰ ਚੇਤਨਾ ਦੀ ਗਵਾਹੀ ਵੀ ਮਾਇਨੇ ਰੱਖਦੀ ਹੈ। ਜੋ ਸਾਡੇ ਬਾਬਿਆਂ ਨੇ ਗਵਾਇਆਂ ਅਸੀ ਉਹਨੂੰ ਸਿਰਫ ਇਸ ਕਰਕੇ ਨਾ ਸਮਝੀਏ ਕਿ ਅਸੀ ਉਹੋ ਵੇਲਾ ਵੇਖਿਆ ਹੀ ਨਹੀਂ !
ਇਹ ਉਹਨਾਂ ਦੇ ਜਜ਼ਬਾਤ ਦਾ ਘਾਣ ਹੈ।
ਅਸੀ ਹੁਣ ਦੇ ਹਿਸਾਬ ਨਾਲ ਵਰਤਾਰਾ ਕਰ ਜਾਂਦੇ ਹਾਂ ਪਰ ਕੱਲ੍ਹ ਕੀ ਹੈ ਕੋਣ ਕਹੇਗਾ ਜਾਂ ਦੱਸ ਸਕਦਾ ਹੈ। ‘ਵੋਲਗਾ ਤੋਂ ਗੰਗਾ ਤੱਕ’ ਕਿਤਾਬ ‘ਚ ਰਾਹੁਲ ਸਾਂਕਰਤਿਆਇਨ ਇੱਕ ਗੱਲ ਬਹੁਤ ਕਮਾਲ ਕਰਦਾ ਹੈ। ਇਹ ਗੱਲ ਉਹਦੀ ਕਿਤਾਬ ਵਿਚਲੀ ਉਹਦੀ ਆਖਰੀ ਕਹਾਣੀ ‘ਸੁਮੇਰ’- 1942 ਈਸਵੀ ‘ਚ ਹੈ।
”ਭਾਰਤ ਦਾ ਖੰਡਤ ਜਾਂ ਅਖੰਡਤ ਰਹਿਣਾ ਉਹਦੇ ਵਾਸੀਆਂ ਉੱਤੇ ਨਿਰਭਰ ਏ। ਮੌਰੀਆ ਦੇ ਸਮੇਂ ਹਿੰਦੂਕੁਸ਼ ਤੋਂ ਅਗਾਂਹ ਆਮੂ ਦਰਿਆ ਭਾਰਤ ਦੀ ਹੱਦ ਸੀ ਤੇ ਭਾਸ਼ਾ-ਰੀਤੀ-ਰਿਵਾਜ਼ ਇਤਿਹਾਸ ਦੇ ਨਜ਼ਰੀਏ ਤੋਂ ਅਫ਼ਗਾਨ ਜਾਤੀ (ਪਠਾਣ) ਭਾਰਤ ਦੇ ਅੰਦਰ ਏ। ਦੱਸਵੀਂ ਸਦੀ ਤੱਕ ਕਾਬੁਲ ਹਿੰਦੂ ਰਾਜ ਰਿਹੈ, ਇਸ ਤਰ੍ਹਾਂ ਹਿੰਦੂਸਤਾਨ ਦੀ ਹੱਦ ਹਿੰਦੂਕੁਸ਼ ਏ। ਭਲਾ ਅਖੰਡ ਹਿੰਦੂਸਤਾਨ ਵਾਲੇ ਹਿੰਦੂਕੁਸ਼ ਤੱਕ ਦਾਅਵਾ ਕਰਨ ਲਈ ਤਿਆਰ ਨੇ ? ਜੇ ਅਫ਼ਗਾਨ ਦੀ ਇੱਛਾ ਦੇ ਵਿਰੁਧ ਨਾ ਕਹੋ, ਤਾਂ ਸਿੰਧੂ ਦੇ ਪੱਛਮ ਵੱਲ ਵੱਸਣ ਵਾਲੇ ਸਰਹੱਦੀ ਅਫ਼ਗਾਨਾਂ ਨੂੰ ਵੀ ਉਹਨਾਂ ਦੀ ਇੱਛਾ ਦੇ ਵਿਰੁੱਧ ਅਖੰਡ ਹਿੰਦੂਸਤਾਨ ਵਿੱਚ ਨਹੀਂ ਰੱਖਿਆ ਜਾ ਸਕਦਾ।ਨਫਿਰ ਉਹੀ ਗੱਲ ਸਿੰਧੂ, ਪੰਜਾਬ, ਕਸ਼ਮੀਰ, ਪੂਰਬੀ ਬੰਗਾਲ ਵਿੱਚ ਕਿਉਂ ਨਹੀਂ ਹੋਣੀ ਚਾਹੀਦੀ।”
ਪੰਜਾਬੀ ਦੇ ਸ਼ਾਇਰ ਪ੍ਰੋ ਕੁਲਵੰਤ ਸਿੰਘ ਗਰੇਵਾਲ ਦੀ ਇੱਕ ਕਵਿਤਾ ਦੀਆਂ ਲਾਈਨਾਂ ਹਨ:
ਪੰਜਾਬ ਨਾ ਸੀਮਾ ਨਾ ਅਸੀਮ
ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ
ਇਸ ਨੁਕਤੇ ਨੂੰ ਮੈਂ ਸਮਝ ਸਕਦਾ ਹਾਂ ਕਿਉਂਕਿ ਮੇਰੇ ਵਡੇਰੇ ਲਾਇਲਪੁਰੋਂ ਇੱਧਰ ਆਏ। ਮੇਰੇ ਬੁਜ਼ਰਗਾਂ ਦੀਆਂ ਗੱਲਾਂ ‘ਚ ਨਾ ਮੁੱਕਣ ਵਾਲਾ ਰੁਦਣ ਰਿਹਾ ਹੈ ਸਾਰੀ ਉੱਮਰ੩
ਉਹਨਾਂ ਕਹਿਣਾ ਸਾਡੇ ਲਾਹੌਰ ‘ਚ ਆਹ ਗੱਲ, ਸਾਡੇ ਬਾਰ ਦੇ ਇਲਾਕੇ ‘ਚ ਫਲਾਣੀ ਗੱਲ ਆਦਿ ਆਦਿ
ਕਹਿੰਦੇ ਨੇ ਜਿਹੜੀ ਥਾਂ ਨਾਲ ਤੁਹਾਡੀ ਜੜ੍ਹਾਂ ਦਾ ਨਾਤਾ ਹੁੰਦਾ ਹੈ ਉਹ ਥਾਂ ਤੁਹਾਡੇ ਅੰਦਰ ਵੱਸ ਜਾਂਦੀ ਹੈ। ਉਹਨਾਂ ਨੂੰ ਅਸੀ ਕਿਵੇਂ ਕੱਢੀਏ ? ਬੇਸ਼ੱਕ ਦੇਸ਼ ਪੰਜਾਬ ਦਾ ਭੂਗੋਲਿਕ ਕੋਈ ਵਜੂਦ ਨਾ ਹੋਵੇ ਅਤੇ ਇਸ ਦੌਰ ਦੇ ਸਮੀਕਰਣਾਂ ‘ਚ ਇਹ ਲਾਹੇਵੰਦ ਵੀ ਨਾ ਹੋਵੇ ਪਰ ਲੋਕਾਂ ਦਾ ਆਪਣੀ ਜਨਮ ਭੁੰਇ ਤੋਂ ਉਜੜਨਾ ? ਕੀ ਇਸ ਤੋਂ ਵੱਡਾ ਘਾਣ ਹੁੰਦਾ ਹੈ ਕੋਈ ?
ਸਾਡੀ ਅਰਦਾਸ ‘ਚ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਚਾਹ ਹੈ। ਇਹ ਉਮੀਦ ਸਾਡੇ ਦਰਦ ‘ਚੋਂ ਨਿਕਲੀ ਹੈ। ਇਹਨੂੰ ਕੋਈ ਰਾਸ਼ਟਰਵਾਦ ਦੇ ਦਾਇਰੇ ‘ਚ ਰੱਖ ਸਾਨੂੰ ਕੋਈ ਐਂਟੀ ਨੈਸ਼ਨਲ ਕਹਿ ਦੇਵੇ ਤਾਂ ਇਹ ਉਹਦੀ ਆਪਣੀ ਅਕਲ ਹੈ। ਪਰ ਨਨਕਾਣਾ ਸਾਹਿਬ ਨੂੰ ਲੈ ਕੇ ਸਾਡਾ ਆਪਣੀ ਜ਼ਮੀਨ ਤੋਂ ਵਿਛੜਣ ਦਾ ਰੁਦਣ ਹੀ ਤਾਂ ਹੈ।
ਅਜਿਹੇ ਰੁਦਣ ਨਾਲ ਕੌਮਾਂ ਜਿੱਥੇ ਜਿੱਥੇ ਵੀ ਆਪਣੀ ਉਮੀਦ ਦੇ ਗੀਤ ਗਾਉਂਦੀਆਂ ਹਨ, ਸਾਂਝ ਉਹਨਾਂ ਨਾਲ ਸਦਾ ਰਹੇਗੀ। ਜਿਹੜੇ ਕਸ਼ਮੀਰੀ ਪੰਡਿਤ ਆਪਣੀ ਧਰਤੀ ਤੋਂ ਵਿਛੜ ਗਏ ਅਸੀ ਉਹਨਾਂ ਦੇ ਦਰਦ ਨੂੰ ਅੱਖੋ ਪਰੋਖੇ ਕਰ ਸਕਦੇ ਹਾਂ ?
ਇਹ ਦੌਰ ਬਰਲਿਨ ਦੀਆਂ ਟੁੱਟਦੀਆਂ ਕੰਧਾਂ ਦੇ ਹਵਾਲੇ ਵੇਖਣ ਦਾ ਹੈ। ਉਮੀਦ ਹੈ ਤਾਂ ਪੰਛੀ ਘਰਾਂ ਨੂੰ ਪਰਤਦੇ ਜ਼ਰੂਰ ਹਨ।
ਅੰਤ ਵਿੱਚ ਮੈਂ ਇਹੋ ਕਹਿਣਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਦਾਸਤਾਨ ਜੋ ਪਰਦਾਪੇਸ਼ ਹੁੰਦੀ ਹੈ ਉਸ ਨਾਲ ਜੁੜ ਅਸੀ ਜੁੜਦੇ ਹਾਂ ਕਿਉਂ ਕ ਉਹਦਾ ਬਿਆਨ ਇਹੋ ਹੈ ਕਿ ਇਤਿਹਾਸ ਦੀ ਇੱਕ ਵੱਡੀ ਤਾਕਤ ਨੇ ਉਸ ਬੱਚੇ ਨਾਲ ਜੋ ਕੀਤਾ ਉਸ ‘ਚ ਉਹਦੀ ਮਿੱਟੀ ਉਹਨੂੰ ਨਸੀਬ ਨਾ ਹੋਈ। ਉਹਦਾ ਧਰਮ, ਉਹਦੇ ਰਿਸ਼ਤੇ ਉਸ ਤੋਂ ਵੱਖ ਕਰ ਦਿੱਤੇ ਗਏ। ਬੰਦੇ ਦਾ ਜਿਊਣਾ ਸਿਰਫ ਖਾਣਾ ਪੀਣਾ ਸੌਣਾ ਤਾਂ ਨਹੀਂ ਹੁੰਦਾ। ਬੰਦੇ ਦਾ ਇੱਕ ਵਜੂਦ ਹੈ ਅਤੇ ਉਸ ਵਜੂਦ ਦਾ ਦਰਦ ਇਤਿਹਾਸ ਦੀ ਤਾਰੀਖ਼ ਦਾ ਵੱਡਾ ਮੋੜ ਹੈ। ਇਤਿਹਾਸ ਦੀ ਇੱਹ ਪਰਿਭਾਸ਼ਾ ਵਾਰ ਵਾਰ ਸਮਝਣ ਚੇਤਾ ਕਰਾਉਂਦੀ ਹੈ :- Every History is an Autobiography
ਸੋ ਜੇ ਇਸ ਤੋਂ ਵੀ ਮੁਨਕਰ ਹੋਣਾ ਹੈ ਤਾਂ ਤੁਹਾਡੀ ਕਹਾਣੀ ਵੀ ਕਦੀ ਨਹੀਂ ਕਹੀ ਜਾਵੇਗੀ।