ਪੰਜਾਬ ਵਿਧਾਨ ਸਭਾ ਦਾ ਸਭ ਤੋਂ ‘ਕਾਲਾ ਦਿਨ’

ਪੰਜਾਬ ਵਿਧਾਨ ਸਭਾ ਦਾ ਸਭ ਤੋਂ ‘ਕਾਲਾ ਦਿਨ’

ਰਾਜਸੀ ਯੁੱਧ ਨੇ ਹਿੰਸਕ ਮੈਦਾਨ ਦਾ ਰੂਪ ਧਾਰਿਆ

ਸਰਕਾਰੀ ਜੋਰ ਜਬਰੀ ਦੌਰਾਨ ਵਿਧਾਇਕਾਂ ਦੀਆਂ ਪੱਗਾਂ ਲੱਥੀਆਂ, 
ਮਾਰਸ਼ਲਾਂ ਵਲੋਂ ਮਹਿਲਾ ਵਿਧਾਇਕਾਂ ਦੀ ਖਿੱਚ-ਧੂਹ
‘ਆਪ’ ਤੇ ਅਕਾਲੀ ਵਿਧਾਇਕਾਂ ਵਲੋਂ ਕਾਰਵਾਈ ਨਾ ਚੱਲਣ ਦੇਣ ‘ਤੇ ਹਾਲਤ ਵਿਗੜੇ 
ਸਪੀਕਰ ਵੱਲੋਂ ਸਮੁੱਚੀ ਵਿਰੋਧੀ ਧਿਰ ਨੂੰ ਸਦਨ ਵਿੱਚੋਂ ਕੱਢਣ ਦੀਆਂ ਹਦਾਇਤਾਂ
ਗੜਬੜ ਬਾਅਦ ਆਮ ਆਦਮੀ ਪਾਰਟੀ ਤੇ ਅਕਾਲੀ ਹੋਏ ‘ਕੱਠੇ’
pic-vidhan-sabha-ch
ਕੈਪਸ਼ਨ : ਪੰਜਾਬ ਵਿਧਾਨ ਸਭਾ ਵਿੱਚ ਕੀਤੀ ਗਈ ਖਿੱਚ-ਧੂਹ ਦੌਰਾਨ ਬੇਸੁਰਤ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਕੋਲ ਮਾਰਸ਼ਲਾਂ ਦਾ ਵਿਰੋਧ ਕਰਦੇ ਹੋਏ ਵਿਧਾਇਕ।
ਦਵਿੰਦਰ ਪਾਲ
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿਧਾਨ ਸਭਾ ‘ਚ ਵੀਰਵਰ 2 ਜੂਨ ਨੂੰ ਸਦਨ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੋ ਨਿਬਯਿਆ ਜਦੋਂ ਆਮ ਆਦਮੀ ਪਾਰਟੀ (ਆਪ) ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦੇ ਜ਼ੋਰਦਾਰ ਹੰਗਾਮਿਆਂ ਕਾਰਨ ਸਥਿਤੀ ਇੰਨੀ ਗੰਭੀਰ ਬਣ ਗਈ ਕਿ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਮਾਰਸ਼ਲਾਂ ਨੂੰ ਸਮੁੱਚੇ ਵਿਰੋਧੀ ਵਿਧਾਇਕਾਂ ਨੂੰ ਸਦਨ ਵਿੱਚੋਂ ਕੱਢਣ ਦੇ ਹੁਕਮ ਦੇ ਦਿੱਤੇ। ਫਿਰ ਅਕਾਲੀਆਂ ਦੀ ਮਦਦ ਨਾਲ ‘ਆਪ’ ਵਿਧਾਇਕਾਂ ਵੱਲੋਂ ਮੁੜ ਸਦਨ ਵਿੱਚ ਦਾਖ਼ਲ ਹੋਣ ‘ਤੇ ਮਾਰਸ਼ਲਾਂ ਨੇ ਇੰਨਾ ਸਖ਼ਤ ਰਵੱਈਆ ਅਪਣਾਇਆ ਕਿ ਕਈ ਵਿਧਾਇਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮਨਜੀਤ ਸਿੰਘ ਬਿਲਾਸਪੁਰ ਤੇ ਪਿਰਮਲ ਸਿੰਘ ਦੀਆਂ ਦਸਤਾਰਾਂ ਲੱਥ ਗਈਆਂ। ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਸਮੇਤ ਹੋਰਨਾਂ ਨੂੰ ਸੈਕਟਰ 16 ਦੇ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਾਉਣਾ ਪਿਆ।
ਸਪੀਕਰ ਨੇ ਵੀ ਸਖ਼ਤ ਰਵੱਈਆ ਅਪਣਾਉਂਦਿਆਂ ਸਮੁੱਚੀ ਵਿਰੋਧੀ ਧਿਰ ਨੂੰ ਵਿਧਾਨ ਸਭਾ ਦੀ ਇਮਰਾਤ ਤੋਂ ਹੀ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਤੇ ਅਕਾਲੀ ਵਿਧਾਇਕਾਂ ਦੇ ਵਤੀਰੇ ਨੂੰ ਗਲਤ ਕਰਾਰ ਦਿੰਦਿਆਂ ਨਿੰਦਾ ਕੀਤੀ ਤੇ ਵਿਧਾਨ ਸਭਾ ਨੇ ਵੀ ਨਿੰਦਾ ਮਤੇ ਪਾਸ ਕੀਤੇ। ਕੈਪਟਨ ਸਰਕਾਰ ਦੇ ਪਲੇਠੇ ਬਜਟ ਸੈਸ਼ਨ ਦੌਰਾਨ ਹੀ ਇਸ ਤਰ੍ਹਾਂ ਵਿਰੋਧੀ ਧਿਰ ‘ਚ ਬੈਠੀਆਂ ਦੋ ਪਾਰਟੀਆਂ (‘ਆਪ’ ਤੇ ਅਕਾਲੀ ਦਲ) ਨੂੰ ਇੱਕ ਮੰਚ ‘ਤੇ ਇਕੱਤਰ ਹੋਣ ਦਾ ਮੌਕਾ ਮਿਲ ਗਿਆ ਹੈ। ਤਣਾਅ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ ਕਰੀਬ ਇੱਕ ਘੰਟਾ ਮੁਲਤਵੀ ਰੱਖਣੀ ਪਈ।
ਸਾਰਾ ਮਾਮਲਾ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋਣੋਂ ਰੋਕਣ ਕਾਰਨ ਵਿਗੜਿਆ। ਕਾਰਵਾਈ ਸ਼ੁਰੂ ਹੋਇਆਂ ਚੰਦ ਮਿੰਟ ਹੀ ਹੋਏ ਸਨ ਕਿ ‘ਆਪ’ ਦੇ ਕੰਵਰ ਸੰਧੂ ਨੇ ਸਪੀਕਰ ਨੂੰ ਕਿਹਾ ਕਿ ਸ੍ਰੀ ਖਹਿਰਾ ਅਤੇ ਸ੍ਰੀ ਬੈਂਸ ਨੂੰ ਵਿਧਾਨ ਸਭਾ ਕੰਪਲੈਕਸ ਅੰਦਰ ਆਉਣੋਂ ਰੋਕਣਾ ਗਲਤ ਹੈ। ਸਪੀਕਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਅਤੇ ਪ੍ਰਸ਼ਨ ਕਾਲ ਦੀ ਕਾਰਵਾਈ ਜਾਰੀ ਰੱਖੀ। ਇਸ ‘ਤੇ ‘ਆਪ’ ਵਿਧਾਇਕ ਸਪੀਕਰ ਦੇ ਆਸਣ ਅੱਗੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਜਿਉਂ ਹੀ ਮਾਰਸ਼ਲਾਂ ਦਾ ਘੇਰਾ ਤੋੜਨ ਦਾ ਯਤਨ ਕੀਤਾ ਤਾਂ ਸਪੀਕਰ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ। ਸਪੀਕਰ ਨੇ ਮਾਰਸ਼ਲਾਂ ਨੂੰ ਹਦਾਇਤ ਦਿੱਤੀ ਕਿ ‘ਆਪ’ ਅਤੇ ਲੋਕ ਇਨਸਾਫ਼ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਇਸ ‘ਤੇ ਮਾਰਸ਼ਲਾਂ ਨੇ ਇਕੱਲੇ-ਇਕੱਲੇ ਵਿਧਾਇਕ ਨੂੰ ਚੁੱਕ ਕੇ ਕੱਢ ਦਿੱਤਾ। ‘ਆਪ’ ਦੇ ਵਿਧਾਇਕਾਂ ਨੂੰ ਕੱਢੇ ਜਾਣ ਪਿੱਛੋਂ ਅਕਾਲੀ-ਭਾਜਪਾ ਵਿਧਾਇਕ ਵੀ ਵਾਕਆਊਟ ਕਰ ਗਏ। ਫਿਰ ਅਕਾਲੀ ਵਿਧਾਇਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅੰਦਰ ਆਏ ਤੇ ਸਪੀਕਰ ਦੀ ਕਾਰਵਾਈ ਦਾ ਵਿਰੋਧ ਕੀਤਾ। ਸਪੀਕਰ ਵੱਲੋਂ ਗੱਲ ਨਾ ਸੁਣੇ ਜਾਣ ‘ਤੇ ਅਕਾਲੀ-ਭਾਜਪਾ ਵਿਧਾਇਕ ਸਦਨ ਦੇ ਵਿਚਕਾਰ ਆ ਕੇ ਨਾਅਰੇ ਮਾਰਨ ਲੱਗੇ।
ਇਸ ਦੌਰਾਨ ਅਕਾਲੀ-ਭਾਜਪਾ ਮੈਂਬਰ ਬਾਹਰ ਜਾ ਕੇ ‘ਆਪ’ ਦੇ ਵਿਧਾਇਕਾਂ ਨੂੰ ਨਾਲ ਲੈ ਕੇ ਸਦਨ ਦੇ ਵਿਚਕਾਰ ਆ ਗਏ। ਇਸ ਕਾਰਨ ਹਾਲਾਤ ਤਣਾਅਪੂਰਨ ਬਣ ਗਏ ਤੇ ਸਪੀਕਰ ਨੇ ਸਦਨ ਉਠਾ ਦਿੱਤਾ। ਸਦਨ ਮੁੜ ਜੁੜਨ ਤੋਂ ਪਹਿਲਾਂ ਮਾਰਸ਼ਲਾਂ ਨੇ ‘ਆਪ’ ਵਿਧਾਇਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਜ਼ੋਰ-ਜ਼ਬਰਦਸਤੀ ਦੌਰਾਨ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਮਾਰਸ਼ਲ ਬੇਰਹਿਮੀ ਨਾਲ ਬਾਹਰ ਲੈ ਗਏ। ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਅਤੇ ਹੋਰਨਾਂ ਨੇ ਮਾਰਸ਼ਲਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਹ ਵੀ ਕਾਰਵਾਈ ਦੀ ਮਾਰ ‘ਚ ਆ ਗਏ। ਹੋਰਨਾਂ ਵਿਧਾਇਕਾਂ ਨੂੰ ਵੀ ਮਾਰਸ਼ਲਾਂ ਨੇ ਚੁੱਕ ਕੇ ਕੱਢ ਦਿੱਤਾ।
ਸਦਨ ਮੁੜ ਜੁੜਿਆ ਤਾਂ ਅਕਾਲੀ-ਭਾਜਪਾ ਵਿਧਾਇਕਾਂ ਨੇ ‘ਆਪ’ ਦੇ ਹੱਕ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ‘ਤੇ ਸਪੀਕਰ ਨੇ ਅਕਾਲੀ-ਭਾਜਪਾ ਵਿਧਾਇਕਾਂ ਨੂੰ ਵੀ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ, ਪਰ ਅਕਾਲੀ ਵਿਧਾਇਕ ਪਹਿਲਾਂ ਹੀ ਸੁਖਬੀਰ ਬਾਦਲ ਦੀ ਅਗਵਾਈ ਹੇਠ ਬਾਹਰ ਚਲੇ ਗਏ। ਇਸ ਵਾਰੀ ਤਾਂ ਸਪੀਕਰ ਨੇ ਸਾਰੀ ਵਿਰੋਧੀ ਧਿਰ ਨੂੰ ਵਿਧਾਨ ਸਭਾ ਦੀ ਇਮਾਰਤ ਤੋਂ ਹੀ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ।
ਸਦਨ ਵੱਲੋਂ ਨਿੰਦਾ ਮਤੇ ਪਾਸ
ਵਿਧਾਨ ਸਭਾ ਵਿੱਚ ‘ਆਪ’ ਤੇ ਅਕਾਲੀ ਵਿਧਾਇਕਾਂ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਸਦਨ ਵਿੱਚ ਇਨ੍ਹਾਂ ਵਿਧਾਇਕਾਂ ਦੀ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਨਿੰਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ‘ਆਪ’ ਦੇ ਵਿਧਾਇਕ ਜੈ ਕਿਸ਼ਨ ਖ਼ਿਲਾਫ਼ ਮਹਿਲਾ ਮਾਰਸ਼ਲ ਨਾਲ ਧੱਕਾ-ਮੁੱਕੀ ਦੇ ਦੋਸ਼ ਤਹਿਤ ਵੱਖਰਾ ਨਿੰਦਾ ਮਤਾ ਪਾਸ ਕੀਤਾ ਗਿਆ। ਇਸੇ ਤਰ੍ਹਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪਵਨ ਕੁਮਾਰ ਟੀਨੂੰ ਸਣੇ ਅਕਾਲੀ ਦਲ ਦੇ ਹੋਰਨਾਂ ਮੈਂਬਰਾਂ ਖਿਲਾਫ਼ ਨਿੰਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਬੁੱਧਵਾਰ ਨੂੰ ਸ੍ਰੀ ਟੀਨੂੰ ਅਤੇ ਹੋਰ ਅਕਾਲੀ ਵਿਧਾਇਕਾਂ ਨੇ ਸਪੀਕਰ ਅਤੇ ਇੱਕ ਮੰਤਰੀ ਖਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਇਹ ਮਤਾ ਵੀ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਹਾਕਮ ਧਿਰ ਨੇ ਮਾਮਲਾ ਸ਼ਾਂਤ ਕਰਨ ਦੀ ਕੋਈ ਕੋਸ਼ਿਸ਼ ਨਾ ਕੀਤੀ
ਵਿਧਾਨ ਸਭਾ ‘ਚ ਹੋਏ ਹੰਗਾਮਿਆਂ ਦੌਰਾਨ ਹਾਕਮ ਧਿਰ ਜਾਂ ਸਪੀਕਰ ਵੱਲੋਂ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਵੀ ਮੂਕ ਦਰਸ਼ਕ ਬਣੇ ਰਹੇ। ਉਧਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਮੌਜੂਦਗੀ ਵਿੱਚ ਕਿਹਾ, ”ਵਿਰੋਧੀ ਮੈਂਬਰਾਂ ਨੂੰ ਵਾਰ-ਵਾਰ ਸ਼ਾਂਤਮਈ ਢੰਗ ਨਾਲ ਬੈਠਣ ਦੀਆਂ ਅਪੀਲਾਂ ਕੀਤੀਆਂ ਗਈਆਂ ਪਰ ਜਦੋਂ ਵਿਧਾਇਕਾਂ ਨੇ ਮੇਰੇ ਵੱਲੋਂ ਕਾਗਜ਼ ਸੁੱਟਣੇ ਸ਼ੁਰੂ ਕਰ ਦਿੱਤੇ ਤਾਂ ਮੈਂ ਸਖ਼ਤ ਰੁਖ਼ ਅਪਣਾ ਲਿਆ।” ਉਨ੍ਹਾਂ ਇਹ ਵੀ ਕਿਹਾ, ”ਮੈਨੂੰ ਵਿਧਾਨ ਸਭਾ ਦੇ ਪੂਰੇ ਕੰਪਲੈਕਸ ਵਿੱਚੋਂ ਕਿਸੇ ਵਿਧਾਇਕ ਨੂੰ ਬਾਹਰ ਰੱਖਣ ਦੇ ਹੁਕਮ ਦੇਣ ਦਾ ਅਖ਼ਤਿਆਰ ਹੈ।”

ਅਕਾਲ ਤਨੇ ਲਿਆ ਦਸਤਾਰ ਦੀ ਬੇਅਦਬੀ ਦਾ ਸਖ਼ਤ ਨੋਟਿਸ
pic-aap-mla-220617pt21
ਅੰਮ੍ਰਿਤਸਰ/ਬਿਊਰੋ ਨਿਊਜ:
ਵਿਧਾਨ ਸਭਾ ਵਿੱਚ ‘ਆਪ’ ਵਿਧਾਇਕ ਪਿਰਮਲ ਸਿੰਘ ਖਾਲਸਾ ਦੀ ਦਸਤਾਰ ਦੀ ਬੇਅਦਬੀ ਹੋਣ ਦੀ ਵਾਪਰੀ ਘਟਨਾ ਦੀ ਧਾਰਮਿਕ ਆਗੂਆਂ ਨੇ ਸਖ਼ਤ ਨਿੰਦਾ ਕਰਦਿਆਂ ਇਸ ਘਟਨਾ ਲਈ ਵਿਧਾਨ ਸਭਾ ਦੇ ਸਪੀਕਰ ਅਤੇ ਮਾਰਸ਼ਲਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਵਿਧਾਨ ਸਭਾ ਵਿੱਚ ਵਿਧਾਇਕ ਭਾਈ ਪਿਰਮਲ ਸਿੰਘ ਦੀ ਮਾਰਸ਼ਲਾਂ ਵੱਲੋਂ ਕੁਟਮਾਰ ਕਰਨਾ ਤੇ ਦਸਤਾਰ ਦੀ ਬੇਅਦਬੀ ਕਰਨਾ ਨਿੰਦਣਯੋਗ ਹੈ। ਉਨ੍ਹਾਂ ਇਸ ਮਾਮਲੇ ਵਿੱਚ ਮਾਰਸ਼ਲਾਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਨ ਅਤੇ ਸਜ਼ਾ ਦੇਣ ਲਈ ਆਖਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਘਟਨਾ ਦੀ ਨਿੰਦਾ ਕਰਦਿਆਂ ਆਖਿਆ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਨੇ ਇਕ ਅੰਤ੍ਰਿੰਗ ਕਮੇਟੀ ਦੀ 26 ਜੂਨ ਨੂੰ ਹੋਣ ਵਾਲੀ ਮੀਟਿੰਗ ‘ਚ ਵਿਚਾਰਿਆ ਜਾਵੇਗਾ। ਉਹ ਇਸ ਘਟਨਾ ‘ਚ ਜ਼ਖ਼ਮੀ ਹੋਈ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਤੇ ਮਨਜੀਤ ਸਿੰਘ ਬਿਲਾਸਪੁਰ ਦਾ ਚੰਡੀਗੜ੍ਹ ਦੇ ਹਸਪਤਾਲ ਹਾਲ ਪੁੱਛਣ ਲਈ ਵੀ ਗਏ। ਇਸੇ ਤਰ੍ਹਾਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਸਦਨ ਦੇ ਬਾਹਰ ਬਣਿਆ ਰਿਹਾ ਮੱਛੀ ਬਾਜ਼ਾਰ

pic-dastar-beadbi-in-assembly
ਕੈਪਸ਼ਨ : ਐਚਐਸ ਫੂਲਕਾ ਤੇ ਹੋਰ ਆਗੂਆਂ ਨੂੰ ਖਿੱਚ ਕੇ ਸਦਨ ਤੋਂ ਬਾਹਰ ਲਿਜਾਂਦੇ ਹੋਏ ਮਾਰਸ਼ਲ।
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਅੱਜ ਵਰਗਾ ਭਿਆਨਕ ਵਰਤਾਰਾ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ, ਜਦੋਂ ਦੋ ਵਿਧਾਇਕਾਂ ਨੂੰ ਸਟਰੇਚਰਾਂ ‘ਤੇ ਪਾ ਕੇ ਹਸਪਤਾਲ ਦਾਖਲ ਕਰਵਾਉਣਾ ਪਿਆ। ਕੁਝ ਵਿਧਾਇਕ ਬੁਰੀ ਤਰ੍ਹਾਂ ਘੜੀਸੇ ਗਏ ਤੇ ਉਨ੍ਹਾਂ ਦੀਆਂ ਪੱਗਾਂ ਲਹਿ ਗਈਆਂ। ਵਿਧਾਨ ਸਭਾ ਦੇ ਦਾਖਲੇ ਵਾਲੇ ਗੇਟ ਦੇ ਬਾਹਰ ਜ਼ਬਰਦਸਤ ਰੌਲੇ-ਰੱਪੇ ਤੇ ਚੀਕ-ਚਿਹਾੜੇ ਦਾ ਆਲਮ ਸੀ ਤੇ ਇਕ ਤਰ੍ਹਾਂ ਮੱਛੀ ਮਾਰਕੀਟ ਤੋਂ ਵੀ ਮਾੜੀ ਹਾਲਤ ਬਣੀ ਹੋਈ ਸੀ।
ਇਸ ਦੌਰਾਨ ਚਾਰ-ਪੰਜ ਵਿਧਾਇਕਾਂ ਦੀਆਂ ਪੱਗਾਂ ਲੱਥੀਆਂ, ਪਰ ਇਕ ਵਿਧਾਇਕ ਦੀ ਪੱਗ ਦੇ ਮਾਮਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨੋਟਿਸ ਲਿਆ ਅਤੇ 26 ਜੂਨ ਨੂੰ ਕਾਰਜਕਾਰਨੀ ਦੀ ਮੀਟਿੰਗ ਸੱਦ ਲਈ। ਹਾਕਮ ਤੇ ਵਿਰੋਧੀ ਧਿਰ ਦਰਮਿਆਨ ਤਣਾਅ ਤਾਂ ਦਿਨ ਪਹਿਲਾਂ ਹੀ ਬਣ ਗਿਆ ਸੀ ਪਰ ਅੱਜ ਦਸ ਵਜੇ ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਿੰਟ ਮਾਮਲਾ ਉਦੋਂ ਵਿਗੜ ਗਿਆ ਜਦੋਂ ‘ਆਪ’ ਦੇ ਸੁਖਪਾਲ ਖਹਿਰਾ ਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਬੈਂਸ ਨੂੰ ਵਿਧਾਨ ਸਭਾ ਦੇ ਕੰਪਲੈਕਸ ਦੇ ਅੰਦਰ ਜਾਣੋਂ ਰੋਕ ਦਿੱਤਾ ਗਿਆ। ਉਹ ਉਥੇ ਹੀ ਧਰਨੇ ‘ਤੇ ਬੈਠ ਗਏ। ਇਸ ਮੁੱਦੇ ‘ਤੇ ਸਦਨ ਦੇ ਅੰਦਰ ਵੀ ਹੰਗਾਮਾ ਹੋ ਗਿਆ।
‘ਆਪ’ ਦੇ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਲੱਤਾਂ-ਬਾਹਾਂ ਤੋਂ ਫੜ ਕੇ ਸਦਨ ਦੇ ਬਾਹਰ ਕੀਤਾ ਤਾਂ ਮਾਰਸ਼ਲਾਂ ਨਾਲ ਝੜਪਾਂ ਕਾਰਨ ਚਾਰ-ਪੰਜ ਵਿਧਾਇਕਾਂ ਦੀਆਂ ਪੱਗਾਂ ਲਹਿ ਗਈਆਂ ਅਤੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਸਣੇ ਚਾਰ ਵਿਧਾਇਕ ਜ਼ਖਮੀ ਹੋ ਗਏ। ਬੀਬੀ ਮਾਣੂੰਕੇ ਤੇ ਮਨਜੀਤ ਸਿੰਘ ਬਿਲਾਸਪੁਰ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਵਿਧਾਨ ਸਭਾ ਦੇ ਦਾਖਲੇ ਵਾਲੇ ਗੇਟ ਸਾਹਮਣੇ ਭਾਰੀ ਰੌਲਾ ਤੇ ਚੀਕ-ਚਿਹਾੜਾ ਪੈ ਰਿਹਾ ਸੀ ਪਰ ਕੋਈ ਕਿਸੇ ਦੀ ਸੁਨਣ ਵਾਲਾ ਨਹੀਂ ਸੀ। ਗਰਮੀ ਤੇ ਹੁੰਮਸ ਹਾਲਾਤ ਹੋਰ ਵਿਗਾੜੇ ਹੋਏ ਸਨ। ਦੋ ਜ਼ਖਮੀ ਵਿਧਾਇਕ ਨੀਮ ਬੇਹੋਸ਼ੀ ਦੀ ਹਾਲਤ ਵਿਚ ਸਨ, ਜਿਨ੍ਹਾਂ ਨੇ ਪਾਣੀ ਪਿਆਏ ਜਾਣ ‘ਤੇ ਕੁਝ ਸੁਰਤ ਸੰਭਾਲੀ।
ਸਦਨ ਵਿਚੋਂ ਕੱਢੇ ਜਾਣ ‘ਤੇ ‘ਆਪ’ ਵਿਧਾਇਕ ਵਿਧਾਨ ਸਭਾ ਅੰਦਰਲੇ ਗੇਟ ਸਾਹਮਣੇ ਲੇਟ ਗਏ ਪਰ ਮਾਰਸ਼ਲ ਉਨ੍ਹਾਂ ਨੂੰ ਕੰਪਲੈਕਸ ਵਿਚੋਂ ਬਾਹਰ ਕੱਢਣ ਲਈ ਖਿੱਚ-ਧੂਹ ਕਰਦੇ ਰਹੇ, ਜਿਸ ਕਾਰਨ ਦੋ-ਤਿੰਨ  ਵਿਧਾਇਕਾਂ ਦੀਆਂ ਕਮੀਜ਼ਾਂ ਦੇ ਬਟਣ ਵੀ ਟੁੱਟ ਗਏ। ਮਾਰਸ਼ਲਾਂ ਅਤੇ ‘ਆਪ’ ਵਿਧਾਇਕਾਂ ਵਿਚਾਲੇ ਅੱਧੇ ਘੰਟੇ ਤੋਂ ਵੱਧ ਸਮਾਂ ਖਿੱਚ-ਧੂਹ ਹੁੰਦੀ ਰਹੀ। ‘ਆਪ’ ਦੇ ਜੈ ਕਿਸ਼ਨ ਸਿੰਘ ਰੋੜੀ ਅਤੇ ਅਕਾਲੀ ਦਲ ਦੇ ਪਵਨ ਟੀਨੂੰ ਨੇ ਸਦਨ ਵਿਚ ਜਾਣ ਲਈ ਕਈ ਵਾਰ ਗੇਟ ਨੂੰ ਧੱਕੇ ਮਾਰ ਕੇ ਖੋਲ੍ਹਣ ਦਾ ਯਤਨ ਕੀਤਾ ਪਰ ਉਹ ਸਫਲ ਨਾ ਹੋਏ। ‘ਆਪ’ ਵਿਧਾਇਕਾਂ ਨੇ ਸਪੀਕਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ‘ਜਮਹੂਰੀਅਤ ਦਾ ਕਾਤਲ’ ਦੱਸਿਆ।
ਵਿਰੋਧੀ ਧਿਰ ਦੇ ਨੇਤਾ ‘ਆਪ’ ਦੇ ਐਚ.ਐਸ. ਫੂਲਕਾ ਅਤੇ ਕੰਵਰ ਸੰਧੂ ਨੇ ਸੁਮੱਚੀ ਸਥਿਤੀ ਨੂੰ ਜਮਹੂਰੀਅਤ ਦੇ ਇਤਿਹਾਸ ਵਿਚ ‘ਕਾਲਾ ਦਿਨ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਾਲਾਤ ਐਮਰਜੈਂਸੀ ਤੋਂ ਵੀ ਮਾੜੇ ਹੋ ਗਏ ਹਨ। ਸਪੀਕਰ ਨੇ ਵਿਰੋਧੀ ਆਵਾਜ਼ ਹੀ ਬੰਦ ਕਰ ਦਿਤੀ ਹੈ। ‘ਆਪ’ ਦੇ ਦੋ ਹੋਰ ਵਿਧਾਇਕਾਂ ਨੇ ਕਿਹਾ, ”ਮਾਰਸ਼ਲਾਂ ਨੇ ਸਾਡੇ ਕੇਸਾਂ ਅਤੇ ਕਰਾਰਾਂ ਦੀ ਬੇਅਬਦੀ ਕੀਤੀ ਹੈ।” ਉਨ੍ਹਾਂ ਕਿਹਾ ਕਿ ਉਹ ਮਾਮਲਾ ਅਕਾਲ ਤਖ਼ਤ ਕੋਲ ਵੀ ਉਠਾਉਣਗੇ। ਉਨ੍ਹਾਂ ਕਿਹਾ, ”ਵਿਧਾਨ ਸਭਾ ਤਾਂ ਪੱਗਾਂ ਅਤੇ ਚੁੰਨੀਆਂ ਦੀ ਰਾਖੀ ਲਈ ਹੈ ਪਰ ਇੱਥੇ ਦੋਵਾਂ ਨੂੰ ਬੇਪੱਤ ਕੀਤਾ ਗਿਆ ਹੈ।”

ਸਪੀਕਰ ‘ਰਾਣਾ ਗੁੰਡਾ’ ਮੁਆਫ਼ ਮੰਗੇ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਵਿਧਾਇਕ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਲਾਂਜ ਵਿਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ”ਅੱਜ ਦਾ ਦਿਨ ਜਮਹੂਰੀਅਤ ਵਿਚ ਸਭ ਤੋਂ ਉਦਾਸ ਕਰਨ ਵਾਲਾ ਦਿਨ ਹੈ। ਉਨ੍ਹਾਂ ਕਿਹਾ ਸਪੀਕਰ ਨੂੰ ਇਕ ਨਿੰਦਾਜਨਕ ਸ਼ਬਦ ਨਾਲ ਸੰਬੋਧਨ ਕੀਤੇ ਜਾਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ, ”’ਸਪੀਕਰ ਨੇ ਜੇ ਮੁਆਫੀ ਨਾ ਮੰਗੀ ਤਾਂ ਉਸ ਨੂੰ ਗੱਦੀਉਂ ਲਾਹੁਣ ਲਈ ਸੰਘਰਸ਼ ਕੀਤਾ ਜਾਵੇਗਾ।” ਸਪੀਕਰ ਦੇ ਹੁਕਮਾਂ ਤੋਂ ਬਾਅਦ ਮਾਰਸ਼ਲਾਂ ਨੇ ਔਰਤਾਂ ਨਾਲ ‘ਹੱਥੋਪਾਈ’ ਕੀਤੀ ਹੈ। ਉਨ੍ਹਾਂ ਕਿਹਾ, ”ਪੱਗਾਂ ਲਾਹੁਣ ਅਤੇ ਦਲਿਤਾਂ ਵਿਧਾਇਕਾਂ ਨਾਲ ਮਾਰ-ਕੁੱਟ ਦਾ ਮਾਮਲਾ ਘੱਟਗਿਣਤੀ ਕਮਿਸ਼ਨ ਅਤੇ ਐਸ.ਸੀ. ਕੌਮੀ ਕਮਿਸ਼ਨ ਕੋਲ ਉਠਾਇਆ ਜਾਵੇਗਾ।” ਸ੍ਰੀ ਬਾਦਲ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਪੀਕਰ ਨੂੰ ਅਹੁਦੇ ਤੋਂ ਲਾਂਭੇ ਕਰ ਦੇਣ। ਇਸ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ‘ਆਪ’ ਵਿਧਾਇਕ ਪਿਰਮਲ ਸਿੰਘ ਖਾਲਸਾ ਦੀ ਕੇਸਰੀ ਪੱਗ ਦੋ ਹੱਥਾਂ ਵਿੱਚ ਚੁੱਕੀਂ ਪ੍ਰੈਸ ਲਾਂਜ ਵਿਚ ਆ ਗਏ। ਉਨ੍ਹਾਂ ਕਿਹਾ ਕਿ ਜਦੋਂ ਮਾਰਸ਼ਲ ਵਿਧਾਇਕ ਨਾਲ ਹੱਥੋਪਾਈ ਹੋ ਰਹੇ ਸਨ ਤਾਂ ਪੱਗ ਲਹਿ ਗਈ ਅਤੇ ਉਨ੍ਹਾਂ ਇਸ ਨੂੰ ਰੁਲਣ ਤੋਂ ਬਚਾਉਣ ਲਈ ਚੁੱਕ ਲਿਆ। ਇਸ ਤੋਂ ਬਾਅਦ ਸ੍ਰੀ ਬਾਦਲ ਤੇ ਸ੍ਰੀ ਮਜੀਠੀਆ ‘ਆਪ’ ਵਿਧਾਇਕ ਦੀ ਪੱਗ ਦੇਣ ਹਸਪਤਾਲ ਪਹੁੰਚੇ। ਉਨ੍ਹਾਂ ਨਾਲ ਸ੍ਰੀ ਫੂਲਕਾ ਤੇ ਕੰਵਰ ਸੰਧੂ ਵੀ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਹਸਪਤਾਲ ਪਹੁੰਚ ਕੇ ‘ਆਪ’ ਵਿਧਾਇਕਾਂ ਦਾ ਹਾਲ-ਚਾਲ ਪੁੱਛਿਆ ਤੇ ਵਿਧਾਨ ਸਭਾ ਦੇ ਘਟਨਾਕ੍ਰਮ ਦੀ ਨਿਖੇਧੀ ਕੀਤੀ।