ਭਾਰਤ ਵਿਰੋਧੀ ਦਹਿਸ਼ਤਗਰਦਾਂ ਦੇ ਸਾਰੇ ਗੁਨਾਹ ਮੁਆਫ਼ ਹਨ ਪਾਕਿਸਤਾਨ ਵਿਚ

ਭਾਰਤ ਵਿਰੋਧੀ ਦਹਿਸ਼ਤਗਰਦਾਂ ਦੇ ਸਾਰੇ ਗੁਨਾਹ ਮੁਆਫ਼ ਹਨ ਪਾਕਿਸਤਾਨ ਵਿਚ

ਪਾਕਿਸਤਾਨ ਵਿਚ ਤਿੰਨ ਹੀ ਚੀਜ਼ਾਂ ਹਨ-ਫ਼ੌਜ, ਦਹਿਸ਼ਤਵਾਦ ਤੇ ਅਵਾਮ। ਸਰਕਾਰ ਤਾਂ ਆਪਣਾ ਤੈਅ ਕੰਮ ਕਰਨ ਵਿਚ ਰੁਝੀ ਹੈ। ਬਾਕੀ ਸਾਰਾ ਕੰਮ ਫ਼ੌਜ ਕਰ ਰਹੀ ਹੈ। ਭਾਰਤ ਦਾ ਵਿਰੋਧ ਕਰਨ ਵਾਲਾ ਹਰ ਸ਼ਖ਼ਸ, ਹਰ ਸੰਗਠਨ ਉਸ ਦਾ ਮਿੱਤਰ ਹੈ। ਫੇਰ ਭਾਵੇਂ ਹੀ ਉਹ ਆਰਮੀ ਸਕੂਲ ਦੇ ਸੈਂਕੜੇ ਬੱਚਿਆਂ ਦਾ ਹਤਿਆਰਾ ਤਾਲਿਬਾਨ ਹੀ ਕਿਉਂ ਨਾ ਹੋਵੇ। ਅਤਿਵਾਦੀਆਂ ਨੂੰ ‘ਗੁੱਡ ਜਾਂ ਬੈਡ’ ਮੰਨਣ ਵਿਚ ਪਾਕਿਸਤਾਨ ਅਵਾਮ ਵੀ ਦੋ ਹਿੱਸਿਆਂ ਵਿਚ ਵੰਡੀ ਹੈ। ਇਨ੍ਹਾਂ ਸ਼ਬਦਾਂ ਦਾ ਉਥੋਂ ਦੀ ਫ਼ੌਜ ਪੂਰਾ ਇਸਤੇਮਾਲ ਕਰਦੀ ਹੈ। ਉਸ ਨੇ ਪਾਕਿਸਤਾਨ ਦੇ ਅਖ਼ਬਾਰ ਵਿਚ ਇਹ ਲੇਖ ਛਾਪਣ ਹੀ ਨਹੀਂ ਦਿੱਤਾ।
ਜੋ ਟੀ.ਵੀ. ਚੈਨਲ ਅਤਿਵਾਦੀਆਂ ਦੇ ਬਿਆਨ-ਇੰਟਰਵਿਊ ਟੀ.ਵੀ. ‘ਤੇ ਨਹੀਂ ਦਿਖਾਉਂਦੇ, ਫ਼ੌਜ ਉਸ ‘ਤੇ ਦਬਾਅ ਪਾਉਂਦੀ ਹੈ। ਫ਼ੌਜ ਵੀ ਚਾਹੁੰਦੀ ਹੈ ਕਿ ਅਤਿਵਾਦੀ ਸੰਗਠਨ ਦੇ ਨੇਤਾ ਟੀ.ਵੀ. ‘ਤੇ ਦਿਖਾਈ ਦੇਣ।
ਮੁਹੰਮਦ ਹਨੀਫ, ਬਰਤਾਨਵੀ-ਪਾਕਿਸਤਾਨੀ ਲੇਖਕ
ਭਾਰਤ ਖ਼ਿਲਾਫ਼ ਕਦੇ ਨਾ ਖ਼ਤਮ ਹੋਣ ਵਾਲੇ ਯੁੱਧ ਵਿਚ ਪਾਕਿਸਤਾਨ ਨੇ ਨਵਾਂ ਸਹਿਯੋਗੀ ਤਿਆਰ ਕਰ ਲਿਆ ਹੈ। ਉਹ ਪਾਕਿਸਤਾਨ ਵਿਚ ਸਭ ਤੋਂ ਕਰੂਰ ਹਤਿਆਰਾਂ ਵਿਚੋਂ ਇਕ ਜਨਤਕ ਚਿਹਰਾ ਹੈ। ਕਈ ਵਰ੍ਹਿਆਂ ਤਕ ਉਸ ਨੂੰ ਲਿਆਕਤ ਅਲੀ ਦੇ ਨਾਂ ਨਾਲ ਜਾਣਿਆ ਗਿਆ, ਬਾਅਦ ਵਿਚ ਉਹ ਅਹਿਸਾਨੁਲਾੱਹ ਅਹਿਸਾਨ ਹੋ ਗਿਆ। ਪਾਕਿਸਤਾਨੀ ਨੈਸ਼ਨਲ ਮੀਡੀਆ ਵਿਚ ਉਹ ਜਾਣਿਆ-ਪਛਾਣਿਆ, ਖੂੰਖਾਰ ਚਿਹਰਾ ਹੈ। ਪਾਕਿਸਤਾਨੀ ਤਾਲਿਬਾਨ ਜਾਂ ਤਹਿਰੀਕ-ਏ-ਤਾਲਿਬਾਨ (ਟੀ.ਟੀ.ਪੀ.)ਦੀ ਹਰ ਕਰੂਰਤਾ ਮਗਰੋਂ ਉਸ ਦਾ ਆਡੀਓ ਸੰਦੇਸ਼ ਜਾਂ ਭਿਆਨਕਤਾ ਵਾਲਾ ਵੀਡੀਓ ਮੀਡੀਆ ਵਿਚ ਆਉਂਦਾ ਹੈ। ਉਹ ਚੈਨਲਾਂ ‘ਤੇ ਵੀ ਈਸ਼ਵਰ ਦਾ ਡਰ ਦਿਖਾਉਣ ਤੋਂ ਬਾਜ ਨਹੀਂ ਆਉਂਦਾ, ਕਰੂਰ ਘਟਨਾਵਾਂ ਦੇ ਕਾਰਨਾਂ ਵਿਚ ਵੀ ਉਹ ਅਵਾਮ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।
ਜਨਵਰੀ 2014 ਵਿਚ ਟੀ.ਟੀ.ਪੀ. ਨੇ ‘ਐਕਸਪ੍ਰੈੱਸ ਟੀ.ਵੀ.’ ਦੇ ਤਿੰਨ ਕਰਮਚਾਰੀਆਂ ਦੀ ਜਾਨ ਲੈ ਲਈ ਸੀ। ਉਸ ਮਗਰੋਂ ਵੀ ਚੈਨਲ ਨੇ ਅਹਿਸਾਨ ਨੂੰ ਬੋਲਣ ਲਈ ਸੱਦਾ ਦਿੱਤਾ। ਟੈਲੀਫ਼ੋਨ ‘ਤੇ ਉਸ ਦਾ ਇੰਟਰਵਿਊ ਲਿਆ। ਉਦੋਂ ਉਸ ਨੇ ਉਸ ਘਟਨਾ ਦਾ ਕਾਰਨ ਦੱਸਿਆ। ਐਂਕਰ ਨੇ ਬਹੁਤ ਹਲੀਮੀ ਨਾਲ ਕਿਹਾ ਸੀ ਕਿ ਉਸ ਨੂੰ ਵੱਧ ਸਮਾਂ ਦਿੱਤਾ ਜਾਵੇਗਾ। ਅਜਿਹਾ ਲੱਗ ਰਿਹਾ ਸੀ ਜਿਵੇਂ ਚੈਨਲ ਅੱਗੇ ਅਜਿਹੇ ਹਮਲੇ ਹੋਰ ਨਾ ਹੋਣ, ਉਸ ਦੀ ਭੀਖ ਮੰਗ ਰਿਹਾ ਹੋਵੇ। ਪਿਛਲੇ ਵਰ੍ਹੇ ਲਾਹੌਰ ਦੇ ਇਕ ਪਾਰਕ ਵਿਚ ਈਸਟਰ ਪੂਰਵ ‘ਤੇ ਦਹਿਸ਼ਤੀ ਹਮਲੇ ਵਿਚ ਦਰਜਨਾਂ ਲੋਕ ਮਾਰੇ ਗਏ ਸਨ। ਉਸ ਦੀ ਜ਼ਿੰਮੇਵਾਰੀ ਵੀ ਅਹਿਸਾਨ ਨੇ ਲਈ ਸੀ। ਉਸੇ ਨੇ ਮਲਾਲਾ ‘ਤੇ ਹਮਲੇ ਦੀ ਜ਼ਿੰਮੇਵਾਰੀ ਲੈ ਕੇ ਕਿਹਾ ਸੀ ਕਿ ਜੇਕਰ ਉਹ ਜਿਉਂਦੀ ਬਚ ਗਈ, ਤਾਂ ਉਸ ਨੂੰ ਲੱਭ ਕੇ ਫਿਰ ਮਾਰਿਆ ਜਾਵੇਗਾ।
ਅਹਿਸਾਨ ਦੀ ਕਰੂਰ ਮੌਜੂਦਗੀ ਦੇ ਬਾਵਜੂਦ ਪਾਕਿਸਤਾਨੀ ਫ਼ੌਜ ਦਾ ਰੁਖ਼ ਇੰਜ ਲੱਗ ਰਿਹਾ ਸੀ-‘ਤੁਸੀਂ ਹਜ਼ਾਰਾਂ ਪਾਕਿਸਤਾਨੀਆਂ ਦੀ ਜਾਨ ਲੈ ਸਕਦੇ ਹੋ, ਪਰ ਉਸ ਮਗਰੋਂ ਤੁਹਾਨੂੰ ਸਿੱਧ ਕਰਨਾ ਪਏਗਾ ਕਿ ਤੁਸੀਂ ਵੀ ਭਾਰਤ ਨਾਲ ਓਨੀ ਹੀ ਨਫ਼ਰਤ ਕਰਦੇ ਹੋ, ਜਿੰਨੀ ਅਸੀਂ ਕਰਦੇ ਹਾਂ। ਇਸ ਤੋਂ ਬਾਅਦ ਤੁਹਾਡੇ ਸਾਰੇ ਗੁਨਾਹ ਮੁਆਫ਼ ਹੋ ਜਾਣਗੇ। ਮੀਡੀਆ ਵਿਚ ਅਜਿਹੀ ‘ਦਰਿਆਦਿਲੀ’ ‘ਤੇ ਕੁਝ ਹਦ ਤਕ ਉਦੋਂ ਕਮੀ ਆਈ, ਜਦੋਂ ਤਾਲਿਬਾਨ ਪੀੜਤ ਪਰਿਵਾਰਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਤੋਂ ਬਾਅਦ ਸਰਕਾਰ ਦੇ ਮੀਡੀਆ ਗਰੁੱਪ ਨੇ ਅਹਿਸਾਨ ਦੇ ਇਕ ਲੰਬੇ ਇੰਟਰਵਿਊ ‘ਤੇ ਕਟੌਤੀ ਕਰ ਦਿੱਤੀ। ਉਹ ਪਰਿਵਾਰ ਪੇਸ਼ਾਵਰ ਸਥਿਤ ਆਰਮੀ ਪਬਲਿਕ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਸਨ। ਤਾਲਿਬਾਨੀ ਹਮਲਾਵਰਾਂ ਨੇ ਸਾਲ 2014 ਵਿਚ ਉਸੇ ਸਕੂਲ ‘ਤੇ ਹਮਲਾ ਕਰਕੇ 140 ਜਾਨਾਂ ਲਈਆਂ ਸਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਸਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਸੀ ਕਿ ਅਹਿਸਾਨ ਨੂੰ ਸਕੂਲ ਦੇ ਸਾਹਮਣੇ ਫਾਂਸੀ ਦਿੱਤੀ ਜਾਵੇ। ਪਰ ਪਾਕਿਸਤਾਨੀ ਫ਼ੌਜ ਨੂੰ ਅਹਿਸਾਨ ਨਾਲ ਹਮਦਰਦੀ ਸੀ। ਉਸ ਨੇ ਟੀ.ਵੀ. ਚੈਨਲਾਂ ‘ਤੇ ਅਹਿਸਾਨ ਦਾ ਮੁਸਕਰਾਉਂਦਾ ਚਿਹਰਾ ਦਿਖਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਉਹ ਖ਼ੁਦ ਤਾਂ ਚੈਨਲਾਂ ‘ਤੇ ਆਉਂਦਾ ਹੀ, ਕਈ ਫੁਟੇਜ ਸਾਥੀਆਂ ਦੇ ਦਿਖਾਉਂਦਾ। ਉਹ ਚੈਨਲਾਂ ਦਾ ਫ਼ੀਚਰ ਕੰਟੈਂਟ ਬਣ ਚੁੱਕਾ ਸੀ। ਉਸ ਦੇ ਸਾਥੀਆਂ ਦੀਆਂ ਬੇਸ਼ੁਮਾਰ ਕਹਾਣੀਆਂ ਚੈਨਲਾਂ ‘ਤੇ ਦਿਖਾਈਆਂ ਗਈਆਂ। ਦੱਸਿਆ ਗਿਆ ਕਿ ਕਿਵੇਂ ਤਾਲਿਬਾਨੀ ਲੜਾਕੇ ਤਿੰਨ-ਤਿੰਨ ਪਤਨੀਆਂ ਰੱਖਦੇ ਹਨ, ਕਿਵੇਂ ਅਗਵਾ ਕਰਦੇ ਹਨ।
ਇੰਜ ਲਗਦਾ ਹੈ ਕਿ ਜਿਵੇਂ ਜਾਣਬੁਝ ਕੇ ਇਹ ਦਿਖਾਇਆ ਗਿਆ ਕਿ ਤਾਲਿਬਾਨ ਦਾ ਚਿਹਰਾ ਭਿਆਨਕ ਨਹੀਂ ਹੈ, ਉਸ ਦੀ ਆਪਣੀ ਵਿਚਾਰਧਾਰਾ ਹੈ ਤੇ ਪਾਕਿਸਤਾਨੀ ਸਮਾਜ ਨਾਲ ਉਹ ਡੂੰਘਾਈ ਨਾਲ ਜੁੜਿਆ ਹੈ। ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਰਤ ਹਮੇਸ਼ਆ ਤੋਂ ਉਨ੍ਹਾਂ ਦਾ ਦੁਸ਼ਮਣ ਰਿਹਾ ਹੈ। ਇੰਜ ਵੀ ਸਬੂਤ ਦਿਖਾਏ ਗਏ ਕਿ ਭਾਰਤ ਵਲੋਂ ਉਨ੍ਹਾਂ ਸਮੂਹਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਈ ਜਾਂਦੀ ਹੈ, ਜੋ ਪਾਕਿਸਤਾਨ ਵਿਚ ਹਮਲੇ ਕਰਨ। ਪਰ ਪਾਕਿਸਤਾਨੀ ਅਵਾਮ ਲਈ ਇਹ ਜ਼ਰੂਰੀ ਹੈ ਕਿ ਉਹ ਬੱਚਿਆਂ ਦੇ ਉਨ੍ਹਾਂ ਹਤਿਆਰਾਂ ਦੀ ਸੂਚੀ ਬਣਾਏ, ਜੋ ਭਾਰਤ ਵਿਰੋਧੀ ਪ੍ਰਚਾਰ ਕਰਦੇ ਹਨ। ਪਾਕਿਸਤਾਨੀ ਸਮਾਜ ਤਾਲਿਬਾਨ ਦੀ ਮੌਜੂਦਗੀ ਨੂੰ ਲੈ ਕੇ ਦੋ ਹਿੱਸਿਆਂ ਵਿਚ ਵੰਡਿਆ ਹੈ। ਇਕ ਪੱਖ ਮੰਨਦਾ ਹੈ ਕਿ ਤਾਲਿਬਾਨ ਦਾ ਚਿਹਰਾ ਭਿਆਨਕ ਹੈ ਤੇ ਉਹ ਕਰੂਰਤਾ ਨੂੰ ਅੰਜਾਮ ਦੇ ਕੇ ਉਥੋਂ ਦੇ ਲੋਕਤੰਤਰ ਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ। ਦੂਸਰਾ ਪੱਖ ਉਨ੍ਹਾਂ ਨੂੰ ‘ਰਾਹ ਤੋਂ ਭਟਕਿਆ ਭਰਾ’ ਮੰਨਦਾ ਹੈ। ਸਮਾਜ ਦਾ ਹਿੱਸਾ ਹੋਣ ਦਾ ਦਿਖਾਵਾ ਕਰਨ ਵਾਲਾ ਤਾਲਿਬਾਨ ਕੁਝ ਵੀ ਕਹਿੰਦਾ ਹੋਵੇ, ਉਸ ਦਾ ਤਰੀਕਾ ਪੂਰੀ ਤਰ੍ਹਾਂ ਅਸਵੀਕਾਰਨ ਯੋਗ ਹੈ। ਕੁਝ ਪਾਕਿਸਤਾਨੀ ਉਨ੍ਹਾਂ ਨੂੰ ਬਹਾਦੁਰ ਮੰਨ ਕੇ ਉਨ੍ਹਾਂ ‘ਤੇ ਮਾਣ ਮਹਿਸੂਸ ਕਰਦੇ ਹਨ। ਪਰ ਜਦੋਂ ਉਹੀ ਤਾਲਿਬਾਨ ਪਾਕਿਸਤਾਨ ਵਿਚ ਆਪਣੀ ‘ਬਹਾਦੁਰੀ’ ਦਿਖਾਉਂਦਾ ਹੈ, ਉਦੋਂ ਉਹ ਹੀ ਲੋਕ ਪਿੱਛੇ ਹਟ ਜਾਂਦੇ ਹਨ। ਅੱਜ ਪਾਕਿਸਤਾਨ ਲਈ ਤਾਲਿਬਾਨ ਅਜਿਹੀ ਸੰਪਤੀ ਹੈ, ਜੋ ਭਾਰਤ ਦੇ ਵਿਰੁੱਧ ਯੁੱਧ ਵਿਚ ਉਸ ਦੇ ਨਾਲ ਦਿਖਾਈ ਦਿੰਦਾ ਹੈ। ਸਾਲ 2008 (ਮੁੰਬਈ ‘ਤੇ ਹਮਲੇ ਦੇ ਵਕਤ) ਵਿਚ ਜਦੋਂ ਭਾਰਤ-ਪਾਕਿਸਤਾਨ ਇਕ ਹੋਰ ਯੁੱਧ ਦੇ ਮੁਹਾਨੇ ‘ਤੇ ਪਹੁੰਚ ਗਏ ਸਨ, ਉਦੋਂ ਤਾਲਿਬਾਨੀ ਨੇਤਾ ਪਾਕਿਸਤਾਨੀ ਫ਼ੌਜੀਆਂ ਨਾਲ ਲੜਨ ਲਈ ਤਿਆਰ ਸਨ। ਅੱਜ ਇਹ ਦੇਸ਼ ਫਿਰ ਇਹ ਤੈਅ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ‘ਕੱਲ੍ਹ ਦੇ ਦੈਂਤ ਨੂੰ ਅੱਜ ਦੇਸ਼ ਭਗਤ’ ਮੰਨਿਆ ਜਾ ਸਕਦਾ ਹੈ।
ਕਈ ਦੇਸ਼ਾਂ ਕੋਲ ਆਪਣੀ ਫ਼ੌਜ ਹੈ, ਪਰ ਪਾਕਿਸਤਾਨ ਵਿਚ ਫ਼ੌਜ ਕੋਲ ਆਪਣਾ ਦੇਸ਼ ਹੈ। ਜੇਕਰ ਪਾਕਿਸਤਾਨੀ ਨੇਤਾ ਇਹ ਦੇਸ਼ ਵਾਪਸ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸਿਰਫ਼ ਫ਼ੌਜ ਨੂੰ ਖ਼ੁਸ਼ ਕਰਨ ਲਈ ਇਕ-ਦੂਸਰੇ ਨੂੰ ਗ਼ੱਦਾਰ ਕਹਿਣ ਤੋਂ ਬਾਜ਼ ਆਉਣਾ ਹੋਵੇਗਾ।
‘ਦੀ ਨਿਊ ਯਾਰਕ ਟਾਈਮਜ਼’ ਤੋਂ ਧੰਨਵਾਦ ਸਹਿਤ।

ਅਮਰੀਕਾ ਵਿਚ ਦਲਾਈ ਲਾਮਾ ਦਾ ਵਿਰੋਧ ਕਰ ਰਹੇ ਹਨ ਚੀਨੀ ਵਿਦਿਆਰਥੀ
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਚਾਂਸਲਰ ਨੇ ਦਿੱਤਾ ਸੀ ਸੱਦਾ
ਸਟੇਫਨੀ ਸਾੱਲ
ਅਮਰੀਕੀ ਸਿੱਖਿਆ ਸੰਸਥਾ ਆਪਣੇ ਪ੍ਰੋਗਰਾਮਾਂ ਵਿਚ ਵਿਸ਼ਵ ਪੱਧਰੀ ਹਸਤੀਆਂ ਨੂੰ ਸੱਦਾ ਦਿੰਦੀਆਂ ਹਨ, ਤਾਂ ਕਿ ਵਿਦਿਆਰਥੀਆਂ ਨੂੰ ਨਵਾਂ ਜਾਣਨ-ਸਮਝਣ ਨੂੰ ਮਿਲੇ। ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਸਾਨ ਡਿਆਗੋ ਦੇ ਚਾਂਸਲਰ ਪ੍ਰਦੀਪ ਖੋਸਲਾ ਨੇ ਕੈਂਪਸ ਵਿਚ ਦੱਸਿਆ ਕਿ ਉਨ੍ਹਾਂ ਨੇ ਦਲਾਈ ਲਾਮਾ ਨੂੰ ਸੱਦਾ ਦਿੱਤਾ ਹੈ, ਤਾਂ ਕਿ ਉਹ ਵਿਸ਼ਵ ਪੱਧਰ ਦੀਆਂ ਬਿਹਤਰ ਗੱਲਾਂ ਵਿਦਿਆਰਥੀਆਂ ਨਾਲ ਸਾਂਝੀਆਂ ਕਰਨ। ਇਸ ਐਲਾਨ ਦੇ ਕੁਝ ਹੀ ਘੰਟਿਆਂ ਅੰਦਰ ਸੋਸ਼ਲ ਮੀਡੀਆ ਸਾਈਟਾਂ ਤੇ ਹੋਰ ਪਲੇਟਫਾਰਮਾਂ ‘ਤੇ ਲਗਾਤਾਰ ਸੰਦੇਸ਼ ਆਉਣ ਲੱਗੇ। ਇਕ ਨੇ ਤਾਂ ਇਹ ਵੀ ਲਿਖਿਆ ਕਿ-ਅਮਰੀਕੀਆਂ ਨੂੰ ਕਿਵੇਂ ਲੱਗੇਗਾ, ਜੇਕਰ ਕੋਈ ਬਿਨ ਲਾਦੇਨ ਨੂੰ ਸੱਦਾ ਦੇਵੇ।
ਦਲਾਈ ਲਾਮਾ ਦੇ ਯੂਨੀਵਰਸਿਟੀ ਕੈਂਪਸ ਵਿਚ ਆਉਣ ਦੀ ਸੂਚਨਾ ਮਾਤਰ ਦਾ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵਿਰੋਧ ਕੀਤਾ, ਉਹ ਵਿਦਿਆਰਥੀ ਅਤੇ ਸਕਾਲਰਸ ਐਸੋਸੀਏਸ਼ਨ ਸੀ। ਉਨ੍ਹਾਂ ਨੇ ਇਸ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਸੰਸਥਾ ਦਾ ਵਿਹਾਰ ਅਣਉਚਿਤ ਹੈ। ਹਾਲਾਂਕਿ, ਪਹਿਲਾਂ ਕਦੇ ਦਲਾਈ ਲਾਮਾ ਦਾ ਅਮਰੀਕਾ ਵਿਚ ਵਿਰੋਧ ਨਹੀਂ ਕੀਤਾ ਗਿਆ। ਉਹ ਕਈ ਵਾਰ ਅਮਰੀਕਾ ਯਾਤਰਾ ਕਰ ਚੁੱਕੇ ਹਨ। ਇਸ ਵਾਰ ਤਾਂ ਚੀਨੀ ਵਿਦਿਆਰਥੀਆਂ ਦੇ ਸਮੂਹ ਨੇ ਕਿਹਾ ਕਿ ਉਹ ਲਾਸ ਏਂਜਲਸ ਸਥਿਤ ਚੀਨੀ ਵਣਜ ਦੂਤਾਵਾਸ ਦੇ ਸਾਹਮਣੇ ਇਹ ਮਾਮਲਾ ਉਠਾਉਣਗੇ।
ਚੀਨੀ ਵਿਦਿਆਰਥੀਆਂ ਅਤੇ ਸਕਾਲਰਜ਼ ਐਸੋਸੀਏਸ਼ਨ ਨੇ ਮੰਗ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਲਾਈ ਲਾਮਾ ਨੂੰ ਅਧਿਆਤਮਕ ਗੁਰੂ ਨਾ ਕਹੇ। ਨਾਲ ਹੀ ਉਨ੍ਹਾਂ ਨੇ ਸਿਆਸੀ ਵਿਸ਼ਿਆਂ ‘ਤੇ ਬੋਲਣ ਤੋਂ ਰੋਕਿਆ ਜਾਵੇ। ਹਾਲਾਂਕਿ, ਯੂਨੀਵਰਸਿਟੀ ਨੇ ਸਪਸ਼ਟ ਕਰ ਦਿੱਤਾ ਕਿ ਉਹ ਇਸ ਮੰਗ ਨਾਲ ਸਹਿਮਤ ਨਹੀਂ ਹੈ। ਗੱਲਬਾਤ ਦੇ ਫੋਰਮ ‘ਤੇ ਕੌਮਾਂਤਰੀ ਮੁੱਦਿਆਂ ‘ਤੇ ਗੱਲ ਹੋਣੀ ਚਾਹੀਦੀ ਤੇ ਇਹ ਕਿਸੇ ਵੀ ਵਿਅਕਤੀ ਦੇ ਸਨਮਾਨ ਦੀ ਗੱਲ ਹੈ, ਫਿਰ ਭਾਵੇਂ ਹੀ ਉਹ ਕਿਸੇ ਮੁੱਦੇ ‘ਤੇ ਸਹਿਮਤ ਹੋਣ ਜਾਂ ਨਾ। ਅਮਰੀਕਾ ਵਿਚ ਪੜ੍ਹ ਰਹੇ ਚੀਨੀ ਵਿਦਿਆਰਥੀ ਬੀਜਿੰਗ ਦੀ ਤਰਜ਼ ‘ਤੇ ਵਿਰੋਧ ਕਰਨ ਲੱਗੇ ਹਨ। ਇਸ ਦੇ ਦੋ ਕਾਰਨ ਹਨ-ਪਹਿਲਾ ਇਹ ਕਿ ਅਮਰੀਕਾ ਵਿਚ ਨਵੀਂ ਸਰਕਾਰ ਹੈ ਤੇ ਉਸ ਨੇ ਚੀਨ ਨਾਲ ਬਿਹਤਰ ਸਬੰਧ ਬਣਾਉਣ ਦੀਆਂ ਗੱਲਾਂ ਕਹੀਆਂ ਹਨ। ਦੂਸਰਾ ਇਹ ਕਿ ਪਿਛਲੇ ਕੁਝ ਵਰ੍ਹਿਆਂ ਵਿਚ ਚੀਨ ਨੇ ਆਪਣੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਪੱਛਮ ਵਿਚ ਸਿੱਖਿਆ ਦਵਾਉਣ ਦੀ ਨੀਤੀ ਅਪਣਾਈ ਹੈ, ਖ਼ਾਸ ਤੌਰ ‘ਤੇ ਉਨ੍ਹਾਂ ਨੂੰ ਅਮਰੀਕੀ ਕਾਲਜਾਂ ਵਿਚ ਦਾਖ਼ਲੇ ਲਈ ਮਦਦ ਮੁਹੱਈਆ ਕਰਵਾਈ ਜਾਂਦਾ ਹੈ। ਅਮਰੀਕਾ ਵਿਚ ਚੀਨੀ ਵਿਦਿਆਰਥੀਆਂ ਦੀ ਸੰਖਿਆ 3.29 ਲੱਖ ਹੈ, ਜੋ ਇਕ ਦਹਾਕੇ ਪਹਿਲਾਂ ਦੀ ਤੁਲਨਾ ਵਿਚ ਪੰਜ ਗੁਣਾ ਵੱਧ ਹੈ।
ਜਦੋਂ ਚੀਨ ਸਰਕਾਰ ਹੀ ਆਪਣੇ ਵਿਦਿਆਰਥੀਆਂ ਨੂੰ ਅਮਰੀਕਾ ਭੇਜਣ ਵਿਚ ਭੂਮਿਕਾ ਨਿਭਾ ਰਹੀ ਹੈ, ਤਾਂ ਸੰਭਵ ਹੈ ਕਿ ਉਨ੍ਹਾਂ ਵਿਦਿਆਰਥੀਆਂ ਦੇ ਸਮੂਹ ਵੀ ਚੀਨ ਦੀ ਪਾਰਟੀ ਲਾਈਨ ‘ਤੇ ਚੱਲਣਗੇ। ਚੀਨ ਸਰਕਾਰ ਸਮਰਥਕ ਵਿਦਿਆਰਥੀਆਂ ਦਾ ਸਮੂਹ ਬਰਤਾਨੀਆ ਵਿਚ ਵੀ ਸਰਗਰਮ ਹੈ। ਕੁਝ ਹੀ ਦਿਨ ਪਹਿਲਾਂ ਡਰਹਮ (ਯੂ.ਕੇ.) ਵਿਚ ਚੀਨੀ ਵਿਦਿਆਰਥੀਆਂ ਦੇ ਸਮੂਹ ਨੇ ਇਕ ਫੋਰਮ ਵਿਚ ਚੀਨ-ਹਾਂਗ ਕਾਂਗ ਦੇ ਰਿਸ਼ਤਿਆਂ ‘ਤੇ ਆਈਆਂ ਪ੍ਰਤੀਕਿਰਿਆਵਾਂ ਦਾ ਵਿਰੋਧ ਕੀਤਾ ਸੀ। ਇਕ ਤੱਥ ਇਹ ਵੀ ਹੈ ਕਿ ਪੱਛਮ ਵਿਚ ਚੀਨੀ ਵਿਦਿਆਰਥੀਆਂ ਦੇ ਸਮੂਹ ‘ਤੇ ਜਾਸੂਸੀ ਦੇ ਦੋਸ਼ ਵੀ ਲੱਗ ਰਹੇ ਹਨ।
ਯੂਨੀਵਰਸਿਟੀ ਆਫ਼ ਬ੍ਰਿਸਟਲ ਵਿਚ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਪ੍ਰੋਫੈਸਰ ਜੈਫਰੀ ਹੈਂਡਰਸਨ ਕਹਿੰਦੇ ਹਨ-ਮੈਨੂੰ ਨਹੀਂ ਲਗਦਾ ਕਿ ਵਿਦਿਆਰਥੀ ਸਮੂਹਾਂ ‘ਤੇ ਉਨ੍ਹਾਂ ਦੀ ਸਰਕਾਰ ਦਾ ਕੰਟਰੋਲ ਹੁੰਦਾ ਹੋਵੇਗਾ। ਖ਼ਾਸ ਤੌਰ ‘ਤੇ ਜਦੋਂ ਗੱਲ ਵਿਦੇਸ਼ੀ ਯੂਨੀਵਰਸਿਟੀਆਂ ਦੇ ਕੈਂਪਸ ਦੀ ਹੋਵੇ। ਪ੍ਰੋਫੈਸਰ ਹੈਂਡਰਸਨ ਹਾਂਗ ਕਾਂਗ ਮਾਮਲਿਆਂ ਦੇ ਮਾਹਰ ਹਨ, ਉਨ੍ਹਾਂ ਨੂੰ ਪਹਿਲਾਂ ਚੀਨੀ ਸਮੂਹਾਂ ਦੇ ਅਜਿਹੇ ਈ-ਮੇਲ ਮਿਲੇ ਹਨ ਕਿ ਉਹ ਅਜਿਹੇ ਵਿਸ਼ੇ ‘ਤੇ ਕੁਝ ਵੀ ਨਾ ਬੋਲਿਆ ਕਰਨ, ਜਿਸ ਨਾਲ ਚੀਨ ਤੇ ਹਾਂਗ ਕਾਂਗ ਦੇ ਰਿਸ਼ਤੇ ਪ੍ਰਭਾਵਤ ਹੋਣ।
‘ਦੀ ਨਿਊ ਯਾਰਕ ਟਾਈਮਜ਼’ ਤੋਂ ਧੰਨਵਾਦ ਸਹਿਤ

ਤੇਲ ਦੀਆਂ ਕੀਮਤਾਂ ਨੇ ਦਿੱਤੀ ਦੁਨੀਆ ਨੂੰ ਆਰਥਿਕ ਸਥਿਰਤਾ, ਪਰ ਜੋਖ਼ਮ ਖ਼ਤਮ ਨਹੀਂ
ਪੇਟ੍ਰਿਸ਼ਿਆ ਕੋਹੇਨ ਤੇ ਨੀਲ ਇਰਵਿਨ, ਆਰਥਿਕ ਮਾਹਰ
ਅਮਰੀਕੀ ਕਿਰਤ ਵਿਭਾਗ ਨੇ ਹਾਲ ਹੀ ਵਿਚ ਇਕ ਡਾਟਾ ਰਿਪੋਰਟ ਜਾਰੀ ਕੀਤੀ ਹੈ, ਉਸ ਅਨੁਸਾਰ ਅਪ੍ਰੈਲ ਮਹੀਨੇ ਵਿਚ ਉਥੇ ਰਿਕਾਰਡ 2.11 ਲੱਖ ਨਵੀਆਂ ਨੌਕਰੀਆਂ ਲੋਕਾਂ ਨੂੰ ਮਿਲੀਆਂ ਹਨ। ਬੇਰੁਜ਼ਗਾਰੀ ਦੀ ਦਰ 4.4 ਫੀਸਦੀ ਹੈ, ਜੋ ਮਾਰਚ ਦੇ 4.5 ਫ਼ੀਸਦੀ ਤੋਂ ਘੱਟ ਹੈ। ਪਿਛਲੇ 10 ਵਰ੍ਵਿ੍ਹਆਂ ਦੀ ਸਥਿਤੀ ਵਿਚ ਇਹ ਸਭ ਤੋਂ ਘੱਟ ਹੈ। ਇਸੇ ਤੋਂ ਸਮਝਿਆ ਜਾ ਸਕਦਾ ਹੈ ਕਿ ਅਮਰੀਕੀ ਅਰਥ ਵਿਵਸਥਾ ਮਜ਼ਬੂਤੀ ਵੱਲ ਵੱਧ ਰਹੀ ਹੈ। ਇਸ ਦਾ ਸਿੱਧਾ ਅਸਰ ਸੰਸਾਰ ਦੀ ਅਰਥ ਵਿਵਸਥਾ ‘ਤੇ ਪਏਗਾ। ਅਜਿਹਾ ਇਸ ਲਈ ਕਿਉਂਕਿ ਵਿਸ਼ਵ ਪੱਧਰ ‘ਤੇ ਮਹਿੰੰਗਾਈ ਦੀ ਦਰ ਸਥਿਰ ਹੈ।
ਚੀਨ ਨੇ ਪਿਛਲੇ ਕੁਝ ਵਰ੍ਹਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਦੇ ਚਲਦਿਆਂ ਵਿਸ਼ਵ ਦੀ ਅਰਥ ਵਿਵਸਥਾ ਦਾ ਇਹ ਵੱਡਾ ਹਿੱਸੇ ਬਣ ਕੇ ਸਭ ਦੇ ਸਾਹਮਣੇ ਹੈ। ਪਿਛਲੇ 5-6 ਮਹੀਨਿਆਂ ਵਿਚ ਉਸ ਦੀਆਂ ਵਪਾਰਕ ਗਤੀਵਿਧੀਆਂ ਵਿਚ ਕਮੀ ਜ਼ਰੂਰ ਆਈ ਸੀ, ਪਰ ਉਸ ਦੀ ਰਫ਼ਤਾਰ ਫਿਰ ਵਧਣ ਲੱਗੀ ਹੈ। ਇਸ ਦਾ ਲਾਭ ਵੀ ਵਿਸ਼ਵ ਅਰਥ ਵਿਵਸਥਾ ਨੂੰ ਮਿਲੇਗਾ। ਹਾਲਾਂਕਿ, ਵੇਨੇਜੁਏਲਾ ਵਰਗੇ ਤੇਲ ਸਮਰੱਥ ਕੁਝ ਦੇਸ਼ ਹਨ, ਜਿਥੇ ਸਥਿਤੀ ਖ਼ਰਾਬ ਹੈ। ਵਿਸ਼ਵ ਪੱਧਰ ‘ਤੇ ਦੇਖੀਏ ਤਾਂ ਹਾਲ ਦੇ ਮਹੀਨਿਆਂ ਵਿਚ ਅਰਥ ਵਿਵਸਥਾ ਸਥਿਰ ਬਣੀ ਹੋਈ ਹੈ। ਇਸ ਵਿਚ ਸਭ ਤੋਂ ਵੱਡੀ ਭੂਮਿਕਾ ਕੱਚੇ ਤੇਲ ਦੀਆਂ ਕੀਮਤਾਂ ਨੇ ਨਿਭਾਈ ਹੈ, ਜੋ ਸਾਲ 2016 ਵਿਚ ਹੇਠਲੇ ਪੱਧਰ ਤਕ ਆ ਗਈ ਸੀ। ਉਸ ਦੀਆਂ ਕੀਮਤਾਂ ਪਿਛਲੇ ਤਿੰਨ ਵਰ੍ਹਿਆਂ ਦੇ ਮੁਕਾਬਲੇ ਹਾਲੇ ਵੀ ਘੱਟ ਹੀ ਹਨ। ਸਾਲ 2017 ਦੇ ਆਰਥਿਕ ਨਤੀਜੇ ਕਿਵੇਂ ਰਹਿਣਗੇ, ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ। ਆਰਥਿਕ ਮਾਹਰਾਂ ਦੇ ਅਨੁਮਾਨ ਵਿਚ ਸਥਿਰਤਾ ਤਾਂ ਹੈ, ਪਰ ਝਟਕੇ ਦਾ ਖ਼ਦਸ਼ਾ ਵੀ ਹੈ।
ਕਈ ਵੱਡੇ ਬੈਂਕ ਮਹਿੰਗਾਈ ਦਰ ਦੋ ਫੀਸਦੀ ਤੋਂ ਉਪਰ ਲਿਜਾਣ ਲਈ ਸੰਘਰਸ਼ ਕਰ ਰਹੇ ਹਨ। ਇਕ ਤੱਥ ਜੋ ਉਭਰ ਰਿਹਾ ਹੈ, ਉਹ ਇਹ ਹੈ ਕਿ ਵਿਸ਼ਵੀ ਪੱਧਰ ‘ਤੇ ਮਹਿੰਗਾਈ ਦੀ ਦਰ ਹਾਲੇ ਵੀ ਘੱਟ ਹੀ ਰਹੇਗੀ ਤੇ ਅਨੁਮਾਨ ਨਾਲੋਂ ਕਿਤੇ ਅੱਗੇ ਤਕ ਇਹ ਸਥਿਤੀ ਰਹਿਣ ਵਾਲੀ ਹੈ। ਯੂਰੋਜ਼ੋਨ ਵਿਚ ਪਿਛਲੀ ਫਰਵਰੀ ਵਿਚ ਉਥੇ ਮਹਿੰਗਾਈ ਦਰ 2 ਫ਼ੀਸਦੀ ਤਕ ਪਹੁੰਚੀ। ਸਾਲ 2013 ਮਗਰੋਂ ਪਹਿਲੀ ਵਾਰ ਅਜਿਹਾ ਹੋਇਆ। ਅਮਰੀਕਾ ਵਿਚ ਪਿਛਲੇ 5 ਵਰ੍ਹਿਆਂ ਵਿਚ ਪਹਿਲੀ ਵਾਰ ਮਹਿੰਗਾਈ ਦਰ 2 ਫ਼ੀਸਦੀ ਦੇ ਪੱਧਰ ‘ਤੇ ਹੈ। ਪਰ ‘ਕੰਜ਼ਿਊਮਰ ਪ੍ਰਾਈਜ਼’ ਵਿਚ ਅਗਲੇ ਪੰਜ ਸਾਲ ਤਕ ਸਾਲਾਨਾ 1.4 ਫ਼ੀਸਦੀ ਦੀ ਦਰ ਨਾਲ ਵਾਧਾ ਹੋਵੇਗਾ।
ਵੱਡੇ ਪੱਧਰ ‘ਤੇ ਜੋ ਬਦਲਾਅ ਪਿਛਲੇ 6 ਮਹੀਨਿਆਂ ਵਿਚ ਦੇਖਣ ਵਿਚ ਆਇਆ ਹੈ, ਉਹ ਤੇਲ ਦੀਆਂ ਕੀਮਤਾਂ ਹਨ। ਸਰਦੀਆਂ ਆਉਂਦੇ ਹੀ ਉਨ੍ਹਾਂ ਦੀਆਂ ਕੀਮਤਾਂ ਕੁਝ ਵਧੀਆਂ, ਜਦਕਿ ਸਾਲ 2016 ਦੀ ਸ਼ੁਰੂਆਤ ਵਿਚ ਇਹ ਸਭ ਤੋਂ ਘੱਟ ਸੀ। ਹਾਲਾਂਕਿ, ਤੇਲ ਦੀਆਂ ਕੀਮਤਾਂ ਹਾਲੇ ਵੀ ਸਥਿਰ ਵਰਗੀਆਂ ਹਨ। ਦਸੰਬਰ ਤੋਂ ਹੀ ਵੈਸਟ ਟੈਕਸਾਸ ਵਿਚ ਕੱਚੇ ਤੇਲ ਦੀ ਕੂਮਤ 48 ਤੋਂ 54 ਡਾਲਰ ਪ੍ਰਤੀ ਬੈਰਲ ਹੈ, ਜਦਕਿ ਫਰਵਰੀ 2016 ਵਿਚ ਇਹ 26 ਡਾਲਰ ਪ੍ਰਤੀ ਬੈਰਲ ‘ਤੇ ਸੀ। ਕੱਚੇ ਤੇਲ ਤੋਂ ਇਲਾਵਾ ਜੋ ਵੱਡੇ ਵਪਾਰਕ ਸਾਮਾਨ ਹਨ, ਉਹ ਸਟੀਲ ਤੇ ਐਲੂਮੀਨੀਅਮ ਹਨ, ਜਿਨ੍ਹਾਂ ਦੀ ਵੱਡੇ ਪੱਧਰ ‘ਤੇ ਮੰਗ ਹੁੰਦੀ ਹੈ। ਇਸ ਦਾ ਸਭ ਤੋਂ ਵੱਡਾ ਬਾਜ਼ਾਰ ਹਾਲੇ ਚੀਨ ਹੈ, ਜਿੱਥੇ ਇਨ੍ਹਾਂ ਦੀਆਂ ਕੀਮਤਾਂ ਵਿਚ ਭਾਰੀ ਉਤਾਰ-ਚੜ੍ਹਾਅ ਬਣਿਆ ਹੋਇਆ ਹੈ। ਚੀਨ ਤੋਂ ਇਲਾਵਾ ਭਾਰਤ ਵਿਚ ਵੀ ਇਸ ਦੀ ਵੱਡੀ ਮਾਰਕੀਟ ਹੈ। ਇਨ੍ਹਾਂ ਮੁਲਕਾਂ ਦੀ ਵਿਸ਼ਵ ਪੱਧਰੀ ਅਰਥ ਵਿਵਸਥਾ ਵਿਚ ਭੂਮਿਕਾ ਵੱਧ ਰਹੀ ਹੈ। ਅਮਰੀਕਾ ਵਰਗੇ ਮੁਲਕ ਵਿਚ ਇੰਫਰਾਸਟਕਚਰ ਖੇਤਰ ਵਿਚ ਵੱਡੇ ਪੱਧਰ ‘ਤੇ ਨਿਵੇਸ਼ ਨਾਲ ਵੀ ਵਿਆਜ ਤੇ ਮਹਿੰਗਾਈ ਦੀਆਂ ਦਰਾਂ ਵਧ ਸਕਦੀਆਂ ਹਨ। ਇਹ ਵੱਖਰੀ ਗੱਲ ਹੈ ਕਿ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਨੇ ਹਾਲੇ ਤਕ ਇੰਫਰਾਸਟਰਕਚਰ ਪਾਲਸੀ ਐਲਾਨ ਨਹੀਂ ਕੀਤੀ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਫ਼ਿਲਹਾਲ ਕਿਸੇ ਚਮਤਕਾਰ ਦੀ ਉਮੀਦ ਨਹੀਂ ਹੈ। ਵਿਸ਼ਵ ਅਰਥ ਵਿਵਸਥਾ ਨੂੰ ਵਧੇਰੇ ਬਿਹਤਰ ਸਥਿਤੀ ਵਿਚ ਲਿਆਉਣ ਲਈ ਵਧੇਰੇ ਸਖ਼ਤ ਕਦਮ ਚੁੱਕਣੇ ਹੋਣਗੇ।
ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕੋਨਾਮਿਕਸ ਵਿਚ ਸੀਨੀਅਰ ਫੈਲੋ ਜੋਸੇਫ਼ ਜੇਗਨਨ ਕਹਿੰਦੇ ਹਨ ਕਿ ਅਸੀਂ ਮਹਿੰਗਾਈ ਦੀ ਹੇਠਲੇ ਪੱਧਰ ਵਾਲੀ ਸਥਿਤੀ ਤੋਂ ਛੁਟਕਾਰਾ ਪਾ ਲਿਆ ਹੈ। ਆਉਣ ਵਾਲੇ ਸਮੇਂ ਵਿਚ ਇਹ ਵਧਦੀ ਹੈ ਤਾਂ ਜ਼ਿਆਦਾ ਬਿਹਤਰ ਸਥਿਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਲਈ ਦੋਹਾਂ ਹੀ ਸਥਿਤੀਆਂ ਵਿਚ ਜੋਖ਼ਮ ਬਣਿਆ ਹੋਇਆ ਹੈ।
‘ਦੀ ਨਿਊ ਯਾਰਕ ਟਾਈਮਜ਼’ ਤੋਂ ਧੰਨਵਾਦ ਸਹਿਤ