ਇਨਸਾਫ ਦਾ ਕਤਲ

ਇਨਸਾਫ ਦਾ ਕਤਲ

ਦੇਸ਼ ਪੰਜਾਬ ਅੰਦਰ ਵਰਦੀਧਾਰੀ ਦਹਿਸ਼ਤਗਰਦਾਂ ਵਲੋਂ ਹੋਈ ਸਿੱਖ ਨਸਲਕੁਸ਼ੀ ਦੀ ਬਾਤ 
ਪਾਉਂਦਾ ਹੈ  4 ਫਰਵਰੀ 1986 ਦੇ ਦਿਨ ਵਾਪਰਿਆ ਸਾਕਾ ਨਕੋਦਰ
ਫਰੀਮੌਂਟ/ਬਿਊਰੋ ਨਿਊਜ਼:
ਪੰਜਾਬ ਦੇ ਨਕੋਦਰ ਕਸਬੇ ਵਿੱਚ ਅੱਜ ਤੋਂ ਇਕੱਤੀ ਸਾਲ ਪਹਿਲਾਂ 4 ਫਰਵਰੀ ਦੇ ਦਿਨ ਪੰਜਾਬ ਪੁਲਿਸ ਅਤੇ ਭਾਰਤੀ ਸੁਰੱਖਿਆਂ ਬਲਾਂ ਨੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸਬੰਧਿਤ ਚਾਰ ਗੁਰਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸ਼ਾਂਤਮਈ ਮਾਰਚ ਕੱਢ ਰਹੇ ਸਨ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਸਾਰੇ ਪਵਿੱਤਰ ਗ੍ਰੰਥਾਂ ਵਿੱਚੋਂ ਵਿਲੱਖਣ ਹਨ ਅਤੇ ਸਿੱਖਾਂ ਲਈ ਗੁਰੂ ਦੀ ਪਦਵੀ ਰੱਖਦੇ ਹਨ। ਸਿੱਖ ਧਰਮ ਵਿੱਚ ਸਿੱਖਾਂ ਲਈ ਗੁਰੂ ਗਰੰਥ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ। ਇਸ ਲਈ ਇੱਕ ਸਿੱਖ ਲਈ ਗੁਰੂ ਦਾ ਸਤਿਕਾਰ ਆਪਣੀ ਜਾਨ ਤੋਂ ਵੀ ਉੱਪਰ ਹੈ।
ਸਾਕਾ ਨਕੋਦਰ ਦੀ ਬਾਤ
4 ਫਰਵਰੀ 1986 ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਅਤੇ ਸਥਾਨਿਕ ਸਿੱਖ ਸੰਗਤ ਨਕੋਦਰ ਸ਼ਹਿਰ ਵਿੱਚ ਇਕੱਠੇ ਹੋਏ ਤਾਂ ਜੋ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਜਿਹੜੇ ਕਿ ਸਿੱਖ ਵਿਰੋਧੀ ਅਨਸਰਾਂ ਨੇਂ ਸ਼੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਨਕੋਦਰ ਵਿਖੇ 2 ਫਰਵਰੀ 1986 ਨੂੰ ਅੱਗ ਲਾ ਕੇ ਸਾੜ ਦਿੱਤੇ ਸਨ, ਨੂੰ ਜਲ ਪ੍ਰਵਾਹ ਕਰਨ ਲਈ ਪ੍ਰਾਪਤ ਕਰ ਸਕਣ । ਸੀ ਆਰ ਪੀ, ਬੀ ਐੱਸ ਐੱਫ, ਅਤੇ ਪੰਜਾਬ ਪੁਲੀਸ ਨੇਂ ਸਿੱਖਾਂ ਦੇ ਇਸ ਪੁਰਅਮਨ ਅਤੇ ਨਿਹੱਥੇ ਇਕੱਠ ਤੇ ਗੋਲੀਆਂ ਦਾ ਮੀਂਂਹ ਵਰਸਾ ਦਿੱਤਾ। ਪੁਲਿਸ ਦੀ ਬਿਨਾ ਕਿਸੇ ਭੜਕਾਹਟ ਦੇ ਕੀਤੀ ਗੈਰ-ਸੰਵਧਾਨਿਕ ਗੋਲੀਬਾਰੀ ਕਾਰਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ- ਗੋਰਸੀਆਂ ਮੌਕੇ ਤੇ ਹੀ ਸ਼ਹੀਦ ਹੋ ਗਏ। ਪਰ ਪੁਲਿਸ ਨੇਂ ਇਥੇ ਹੀ ਬੱਸ ਨਹੀਂ ਕੀਤੀ, ਘੋੜ ਸਵਾਰ ਪੁਲਿਸ ਵਲੋਂ 2 ਕਿਲੋਮੀਟਰ ਤੋਂ ਵੀ ਦੂਰ ਸ਼ੇਰਪੁਰ ਅਤੇ ਹੁਸੈਨਪੁਰ ਤੱਕ ਜਾ ਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ। ਪੁਲਿਸ ਨੇਂ ਘਰਾਂ ਦੇ ਵਿੱਚ ਵੜ ਕੇ ਗੋਲੀ ਚਲਾਈ ਘਰਾਂ ਦੇ ਦਰਵਾਜੇ ਤੋੜ ਕੇ ਸਿੱਖ ਗੱਭਰੂਆਂ ਨੂੰ ਬਾਹਰ  ਕੱਢ ਕੇ ਅੰਨ੍ਹਾ ਤਸ਼ੱਦਦ ਕੀਤਾ ਗਿਆ ।  ਇਸ ਸਾਕੇ ਦੇ ਚੌਥੇ ਸ਼ਹੀਦ ਭਾਈ ਹਰਮਿੰਦਰ ਸਿੰਘ ਕਨਵੀਨਰ ਖਾਲਸਾ ਕਾਲਜ ਜਲੰਧਰ ਨੂੰ ਸਵਰਨ ਘੋਟਣੇ ਐੱਸ ਪੀ ਨੇਂ ਵਾਲਾਂ ਤੋਂ  ਫੜਿਆ ਅਤੇ ਜਸਕੀਰਤ ਨਾਮ ਦੇ ਇੰਸਪੈਕਟਰ ਨੇਂ ਮੂੰਹ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਜਦੋਂ ਉਹ ਨੱਥਾ ਸਿੰਘ ਦੇ ਆਰੇ ਦੇ ਅੰਦਰ ਬੈਠਾ ਸੀ ।  ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਸਭਾ ਦੀ ਕਮੇਟੀ ਨੇਂ ਆਪਣੀ ਰਿਪੋਰਟ ਵਿੱਚ ਭਾਈ ਚਲੂਪਰ ਦੀ ਸ਼ਹੀਦੀ ਨੂੰ ਪੁਲਿਸ ਵਲੋਂ ਕੀਤਾ ਨੰਗਾ ਚਿੱਟਾ ਕਤਲ ਦੱਸਿਆ ਗਿਆ ਹੈ ।
ਸਿੱਖ ਨੌਜਵਾਨਾਂ ਦੇ ਸ਼ਹੀਦੀ ਸਰੂਪਾਂ ਦੀ ਪਹਿਚਾਣ ਹੋਣ ਦੇ ਬਾਵਜੂਦ ਸਰਕਾਰੀ ਅਧਿਕਾਰੀਆਂ ਨੇਂ ਪੀੜਤ ਪਰਿਵਾਰਾਂ ਨੂੰ ਸਿੰਘਾਂ ਦੇ ਸ਼ਹੀਦੀ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ। ਸਰਕਾਰੀ ਅਧਿਕਾਰੀਆਂ ਨੇਂ ਇਨ੍ਹਾਂ ਗੁਰਸਿੱਖਾਂ ਨੂੰ ਅਣਪਛਾਤੇ ਅਤੇ ਲਾਵਾਰਿਸ ਕਹਿ ਕੇ ਆਪ ਹੀ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ।  ਮੌਕੇ ਦੇ ਐੱਸ ਡੀ ਐੱਮ ਨੇਂ ਆਪਣੇ ਬਿਆਨ ਵਿੱਚ ਕਿਹਾ ਕਿ ਤਿੰਨ ਮਿਰਤਕ ਦੇਹਾਂ ਦੀ ਪਹਿਚਾਣ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਇੱਕ ਸ਼ਾਮ ਪਹਿਲਾਂ ਹੀ ਹੋ ਗਈ ਸੀ। ਦੋ ਪੋਸਟ ਮਾਰਟਿਮ ਰਿਪੋਰਟਾਂ ਤੇ ਮਿਰਤਕਾਂ ਦੇ ਨਾਮ ਲਿਖੇ ਹੋਏ ਹਨ, ਜੋ ਕਿ  ਚਿੱਟੇ ਦਿਨ ਵਾਂਗ਼ ਸਬੂਤ ਹਨ ਕਿ ਸਰਕਾਰੀ ਅਧਿਕਾਰੀਆਂ ਨੇ ਮਿਰਤਕ ਦੇਹਾਂ ਦੀ ਪਹਿਚਾਣ ਬਾਰੇ ਝੂਠ ਬੋਲਿਆ]। ਇੱਥੋਂ ਤੱਕ ਕਿ ਪੋਸਟ ਮਾਰਟਮ ਵੀ ਅੱਧੀ ਰਾਤ ਨੂੰ ਕੀਤੇ ਗਏ ਜੋ ਕਿ ਭਾਰਤੀ ਸੰਵਧਾਨ ਦੀ ਉਲੰਘਣਾ ਹੈ ।
31 ਸਾਲ ਬੀਤ ਜਾਣ ਤੋਂ ਬਾਅਦ ਵੀ ਅਦਾਲਤੀ ਜਾਂਚ ਰਿਪੋਰਟ ਜਨਤਕ ਨਹੀਂ ਕੀਤੀ ਗਈ, ਸਿੰਘਾਂ ਦੇ ਕਾਤਲਾਂ ਨੂੰ ਅਜੇ ਤੱਕ ਕੋਈ ਸਜਾ ਨਹੀਂ।
ਪੰਜਾਬ ਸਰਕਾਰ ਨੇਂ ਜਸਟਿਸ ਗੁਰਨਾਮ ਸਿੰਘ ਵਲੋਂ ਕੀਤੀ ਅਦਾਲਤੀ ਜਾਂਚ ਅਜੇ ਤੱਕ ਵੀ ਜਨਤਕ ਨਹੀਂ ਕੀਤੀ ਜਿਨ੍ਹਾਂ ਨੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਜਲਾਈਆਂ ਅਤੇ ਜਿਨ੍ਹਾਂ ਪੁਲਿਸ ਵਾਲਿਆਂ ਨੇਂ ਸਿੰਘਾਂ ਦੇ ਕਤਲ ਕੀਤੇ ਨੂੰ ਕਿਸੇ ਸਰਕਾਰ ਜਾਂ ਅਦਾਲਤ ਨੇਂ ਕੋਈ ਸਜ਼ਾ ਨਹੀਂ ਦਿੱਤੀ ।
ਇਸ ਤੋਂ ਵੱਧ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਅਕਾਲੀ ਦਲ (ਬਾਦਲ), ਜੋ ਕਿ ਸਿੱਖਾਂ ਦੀ ਪਾਰਟੀ ਹੋਣ ਦਾ ਦਾਵਾ ਕਰਦੀ ਹੈ, ਨੇਂ ਡੀ ਜੀ ਪੀ ਇਜ਼ਹਾਰ ਆਲਮ ਜੋ ਕਿ ਇਸ ਸਾਕੇ ਲਈ ਸਿੱਧੇ ਤੌਰ ਉਤੇ ਜਿੰਮੇਵਾਰ ਹੈ ਨੂੰ ਆਲੀ ਦਲ ਦਾ ਨੇਤਾ ਬਣਾਇਆ ਅਤੇ ਉਸਦੀ ਘਰਵਾਲੀ ਅਕਾਲੀ ਦਲ ਦੇ ਸੀਟ ਤੇ ਅਸੈਬਲੀ ਮੈਂਬਰ ਬਣੀ।
ਸਿੱਖਾਂ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਾਇਮ ਰੱਖਣ ਦੀ ਹਰ ਵੇਲੇ ਯਾਦ ਕਰਵਾਓਣ ਵਾਲੀ ਸ਼੍ਰੋਮਣੀ ਕਮੇਟੀ 31 ਸਾਲ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਸ਼ਹੀਦ ਸਿੰਘਾਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਵਿੱਚ ਅਸਫਲ ਰਹੀ ਹੈ ।
ਵਰਨਣਯੋਗ ਹੈ ਕਿ 2 ਫਰਵਰੀ 2011 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਮਾਗਮ ਦੌਰਾਨ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਸਿੰਘਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਿਮੰਦਰ ਸਿੰਘ ਸ਼ਾਮ ਚੁਰਾਸੀ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਅਤੇ ਭਾਈ ਝਲਮਨ ਸਿੰਘ ਰਾਜੋਵਾਲ (ਗੋਰਸੀਆਂ) ਨੂੰ ਕੌਮੀ ਸ਼ਹੀਦ ਕਰਾਰ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਸਿੱਖ ਸ਼ਹੀਦਾਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਹਿਦਾਇਤ ਕੀਤੀ ਸੀ ਪਰ ਸ਼੍ਰੋਮਣੀ ਕਮੇਟੀ ਅਜੇ ਤੱਕ ਕੇਦਰੀ ਅਜਾਇਬ ਘਰ ਵਿੱਚ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਨਹੀਂਂ ਲਗਾ ਸਕੀ। 29 ਨਵੰਬਰ 2016 ਨੂੰ ਬਾਪੂ ਬਲਦੇਵ ਸਿੰਘ ਅਤੇ ਮਾਤਾ ਬਲਦੀਪ ਕੌਰ, ਮਾਪੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਵਲੋਂ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਯਾਦ ਪੱਤਰ ਦੇ ਕੇ ਆਪਣੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਵੀ ਕੀਤੀ ਗਈ ਸੀ ਪਰ ਅਫਸੋਸ ਸ਼ਰੋਮਣੀ ਕਮੇਟੀ ਨੂੰ ਆਪਣੇ ਕੌਮੀ ਫਰਜ਼ਾਂ ਦਾ ਅਹਿਸਾਸ ਨਹੀਂ ਹੋਇਆ।