ਹਜ਼ਾਰਾਂ ਪਰਵਾਸੀ ਪੰਜਾਬ ‘ਚ ਕਿਉਂ ਕਰ ਰਹੇ ਹਨ ‘ਆਪ’ ਲਈ ਪ੍ਰਚਾਰ….

ਹਜ਼ਾਰਾਂ ਪਰਵਾਸੀ ਪੰਜਾਬ ‘ਚ ਕਿਉਂ ਕਰ ਰਹੇ ਹਨ ‘ਆਪ’ ਲਈ ਪ੍ਰਚਾਰ….

ਆਸ਼ੁਤੋਸ਼
ਮੈਂ ਕੈਨੇਡਾ ਦੇ ਕੈਲਗਰੀ ‘ਚ ਸੀ। ਤਾਪਮਾਨ ਮਨਫੀ ਦੇ ਨਜ਼ਦੀਕ ਪੁੱਜ ਚੁੱਕਾ ਸੀ। ਮੀਂਹ ਵੀ ਪੈ ਰਿਹਾ ਸੀ ਅਤੇ ਗਰਮ ਜੈਕੇਟ ਤੇ ਮਫਲਰ ਲੈਣ ਦੇ ਬਾਵਜੂਦ ਮੈਨੂੰ ਠੰਢ ਲੱਗ ਰਹੀ ਸੀ। ਸੰਜੇ ਸਿੰਘ ਵੀ ਮੇਰੇ ਨਾਲ ਸਨ। ਜਦੋਂ ਅਸੀਂ ਸਥਾਨਕ ਕਮਿਊਨਿਟੀ ਸੈਂਟਰ ਵੱਲ ਜਾ ਰਹੇ ਸਾਂ, ਮੈਂ ਸੋਚ ਰਿਹਾ ਸੀ ਕਿ ਸਾਨੂੰ ਸੁਣਨ ਲਈ ਕੁੱਝ 100 ਲੋਕ ਵੀ ਆਉਣਗੇ ਜਾਂ ਨਹੀਂ। ਪਰ ਜਦੋਂ ਅਸੀ ਉਥੇ ਪੁੱਜੇ ਤਾਂ ਸਾਨੂੰ ਹੈਰਾਨੀਜਨਕ ਖ਼ੁਸ਼ੀ ਹੋਈ। ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਕੁੱਝ ਜ਼ਿਆਦਾ ਹੀ ਭਰਿਆ ਹੋਇਆ ਸੀ। ਕੋਨੇ-ਕੋਨੇ ‘ਚ ਲੋਕ ਮੌਜੂਦ ਸਨ। ਭਾਰਤੀ ਭਾਈਚਾਰੇ ਤੋਂ 1000 ਤੋਂ ਵੱਧ ਲੋਕ, ਜਿਨ੍ਹਾਂ ‘ਚ ਜ਼ਿਆਦਾਤਰ ਪੰਜਾਬ ਦੇ ਸਨ, ਸਾਨੂੰ ਸੁਣਨ ਲਈ ਆਏ ਹੋਏ ਸਨ।
ਸਿੱਖ ਭਾਈਚਾਰੇ ਲਈ ਕੈਨੇਡਾ ਬਹੁਤ ਖਾਸ ਥਾਂ ਹੈ। ਅੰਗਰੇਜ਼ੀ ਅਤੇ ਫਰੈਂਚ ਤੋਂ ਬਾਅਦ ਇੱਥੇ ਤੀਜੀ ਸਭ ਤੋਂ ਵੱਧ ਹਰਮਨ ਪਿਆਰੀ ਭਾਸ਼ਾ ਗੁਰਮੁਖੀ ਹੀ ਹੈ ਅਤੇ ਇੱਥੇ ਦਾ ਰੱਖਿਆ ਮੰਤਰੀ ਵੀ ਸਿੱਖ ਹੈ, ਜੋ ਕੈਨੇਡਾ ਦਾ ਤੀਜਾ ਸਭ ਤੋਂ ਸ਼ਕਤੀਸ਼ਾਲੀ ਦਫ਼ਤਰ ਹੈ। ਇਸੇ ਤਰ੍ਹਾਂ ਕੈਨੇਡਾ ਦੇ 6 ਹੋਰ ਸ਼ਹਿਰਾਂ ‘ਚ ਵੀ ਬਿਲਕੁਲ ਅਜਿਹੇ ਹੀ ਨਜ਼ਾਰੇ ਨੇ ਸਾਡਾ ਸਵਾਗਤ ਕੀਤਾ ਅਤੇ ਲੋਕ ਸਾਨੂੰ ਸੁਣਨ ਲਈ ਉਤਸਾਹਤ ਵਿਖਾਈ ਦਿੱਤੇ। ਅਸਲੀਅਤ ਇਹ ਹੈ ਕਿ ਹਿੰਦੁਸਤਾਨ ‘ਚ ਕਦੇ-ਕਦੇ ਸਾਨੂੰ ਸੁਣਨ ਲਈ ਇੰਨੇ ਲੋਕ ਨਹੀਂ ਮਿਲ ਪਾਉਂਦੇ ਹਨ। ਸਾਲ 2015 ਦੇ ਅਮਰੀਕਾ ਅਤੇ ਕੈਨੇਡਾ ਦੌਰੇ ‘ਚ ਸਾਨੂੰ ਮਿਲੇ ਸ਼ਾਨਦਾਰ ਸਮਰਥਨ ਨੇ ਹੀ ਪਹਿਲੀ ਵਾਰ ਸਾਨੂੰ ਅਹਿਸਾਸ ਦਿਵਾਇਆ ਸੀ ਕਿ ਆਮ ਆਦਮੀ ਪਾਰਟੀ (ਆਪ) ਅਜਿਹੀ ਤਾਕਤ ਵਜੋਂ ਉਭਰ ਚੁਕੀ ਹੈ, ਜੋ ਪੰਜਾਬ ‘ਚ ਸਰਕਾਰ ਬਣਾ ਸਕਦੀ ਹੈ।
ਜਿਸ ਸ਼ਹਿਰ ‘ਚ ਅਸੀ ਗਏ, ਸੰਦੇਸ਼ ਸਪਸ਼ਟ ਸੀ – ਅਸੀ ਪੰਜਾਬੀ ‘ਘਰ’ ਵਿੱਚ ਚਲ ਰਹੇ ਅਕਾਲੀ ਕੁਸ਼ਾਸਨ ਤੋਂ ਅੱਕ ਚੁੱਕੇ ਹਾਂ ਅਤੇ ਹੁਣ ਅਸੀਂ ‘ਆਪ’ ਚਾਹੁੰਦੇ ਹਾਂ। ਇੰਟਰਨੈਟ ਅਤੇ ਸਮਾਰਟਫੋਨਾਂ ਕਾਰਨ ਉੱਥੇ ਰਹਿਣ ਵਾਲੇ ਸਾਰੇ ਲੋਕ ਪੰਜਾਬ ‘ਚ ਜਾਰੀ ਤਾਜ਼ਾ ਰਾਜਨੀਤਕ ਗਤੀਵਿਧੀਆਂ ਅਤੇ ਹਰ ਛੋਟੀ-ਛੋਟੀ ਬਾਰੀਕੀ ਤੋਂ ਜਾਣੂ ਸਨ ਅਤੇ ਉਨ੍ਹਾਂ ਕੋਲ ‘ਆਪ’ ਲਈ ਬਹੁਤ ਸਾਰੇ ਸੁਝਾਅ ਸਨ। ਅਸੀਂ ਉੱਥੋਂ ਦੇ ਲੋਕਾਂ ਤੋਂ ਅਜਿਹੀਆਂ ਕਹਾਣੀਆਂ ਵੀ ਸੁਣੀਆਂ ਕਿ ਕਿਵੇਂ ਉਹ ‘ਆਪ’ ਲਈ ਕੰਮ ਕਰਦੇ ਹਨ ਅਤੇ ਕਿਵੇਂ ਉਨ੍ਹਾਂ ਨੇ ਸਾਲ 2013 ਤੇ 2015 ਵਿਚ ਦਿੱਲੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਸਨ ਜਾਂ ਤਿੰਨ ਮਹੀਨੇ ਦੀਆਂ ਛੁੱਟੀਆਂ ਲਈਆਂ ਸਨ, ਤਾਂ ਕਿ ਉਹ ‘ਆਪ’ ਲਈ ਕੰਮ ਕਰ ਸਕਣ।
ਉਸ ਸਮੇਂ ਅਜਿਹਾ ਅਹਿਸਾਸ ਹੋਇਆ ਕਿ ਸਾਨੂੰ ਮਿਲ ਰਹੇ ਸਮਰਥਨ ਨੂੰ ਰਸਮੀ ਬਣਾਉਣਾ ਹੋਵੇਗਾ ਅਤੇ ਸਾਡੇ ਓਵਰਸੀਜ਼ ਚੈਪਟਰ (ਵਿਦੇਸ਼ੀ ਖਾਤਿਆਂ) ਨੂੰ ਸਹੀ ਤਰੀਕੇ ਨਾਲ ਸੁਚਾਰੂ ਕਰਨਾ ਹੋਵੇਗਾ। ਅਗਲੇ ਕੁੱਝ ਮਹੀਨਿਆਂ ‘ਚ ਵਿਦੇਸ਼ਾਂ ਵਿਚ ਮੌਜੂਦ ਸਾਡੇ ਵਾਲੰਟੀਅਰਾਂ ਦਾ ਢਾਂਚਾ ਸਹੀ ਆਕਾਰ ‘ਚ ਵਿਖਾਈ ਦੇਣ ਲੱਗਾ। 9 ਵੱਖ-ਵੱਖ ਇਕਾਈਆਂ ਸਥਾਪਤ ਕਰ ਦਿੱਤੀਆਂ ਗਈਆਂ – ਅਮਰੀਕਾ (ਯੂ.ਐਸ.ਏ.), ਕੈਨੇਡਾ, ਯੂਨਾਈਟਿਡ ਕਿੰਗਡਮ (ਯੂ.ਕੇ.), ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ.ਏ.ਈ., ਕਤਰ ਅਤੇ ਸਿੰਗਾਪੁਰ ਅਤੇ ਕੁੱਝ ਹੋਰ ਇਕਾਈਆਂ ਤਿਆਰ ਹੋ ਰਹੀਆਂ ਹਨ। ਜਿਸ ਸਮੇਂ ਵੈਟਿਕਨ ‘ਚ ਮਦਰ ਟੈਰੇਸਾ ਨੂੰ ਸੰਤ ਦਾ ਦਰਜਾ ਦਿੱਤਾ ਗਿਆ ਸੀ, ਅਰਵਿੰਦ ਕੇਜਰੀਵਾਲ ਗੈਰ-ਪ੍ਰਵਾਸੀ ਭਾਰਤੀ ਵਾਲੰਟੀਅਰਾਂ ਦੇ ਉਸ ਬਹੁਤ ਵੱਡੇ ਸੰਗਠਨ ਨੂੰ ਵੇਖ ਕੇ ਹੈਰਾਨ ਰਹਿ ਗਏ ਸਨ, ਜੋ ਉਨ੍ਹਾਂ ਨੂੰ ਲੈਣ ਲਈ ਹਵਾਈ ਅੱਡੇ ਪੁੱਜੇ ਸਨ।
ਅੱਜ ਜਦੋਂ ਪੰਜਾਬ ਅਤੇ ਗੋਆ ਚੋਣ ਵੱਲ ਵੱਧ ਰਹੇ ਹਨ, ਸੈਂਕੜੇ ਗੈਰ-ਪ੍ਰਵਾਸੀ ਵਾਲੰਟੀਅਰਾਂ ਨੇ ਛੁੱਟੀਆਂ ਲੈ ਲਈਆਂ ਹਨ ਅਤੇ ਪਾਰਟੀ ਲਈ ਪ੍ਰਚਾਰ ਕਰਨ ਲਈ ਇਨ੍ਹਾਂ ਦੋਵੇਂ ਸੂਬਿਆਂ ‘ਚ ਮੌਜੂਦ ਹਨ। ਜਾਂ ਤਾਂ ਉਨ੍ਹਾਂ ਲੋਕਾਂ ਨੇ ਆਪਣੀ ਪਸੰਦ ਦੇ ਚੋਣ ਖੇਤਰ ਚੁਣ ਲਏ ਹਨ ਜਾਂ ਉਨ੍ਹਾਂ ਨੇ ਸਾਨੂੰ ਕਿਸੇ ਇਕ ਚੋਣ ਖੇਤਰ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ। ਜਿਹੜੇ ਗੈਰ-ਪ੍ਰਵਾਸੀ ਭਾਰਤੀ ਸਾਡੇ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ‘ਚ ਔਰਤਾਂ ਤੇ ਨੌਜਵਾਨ ਵੀ ਹਨ ਅਤੇ ਬਜ਼ੁਰਗ ਭਾਰਤੀ ਵੀ, ਜੋ ਹਿੰਦੁਸਤਾਨ ਦੇ ਹਾਲਾਤ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਉਹ ਆਪਣੀ ਖੂਨ-ਪਸੀਨੇ ਦੀ ਕਮਾਈ ਖਰਚ ਕਰ ਰਹੇ ਹਨ ਅਤੇ ਬਦਲੇ ‘ਚ ਸਾਫ-ਸੁਥਰੀ, ਚੰਗੀ ਰਾਜਨੀਤੀ ਅਤੇ ਸੁਸ਼ਾਸਨ ਤੋਂ ਇਲਾਵਾ ਸਾਡੀ ਪਾਰਟੀ ਤੋਂ ਕੁੱਝ ਨਹੀਂ ਚਾਹੁੰਦੇ। ਅਸਲੀਅਤ ਇਹ ਹੈ ਕਿ ਉਹ ਸਾਡੇ ਚੰਦੇ ‘ਚ ਬਹੁਤ ਵੱਡਾ ਯੋਗਦਾਨ ਦੇ ਰਹੇ ਹਨ। ਪਾਰਟੀ ਦੇ ਕੁਲ ਫੰਡ ‘ਚ 22 ਫੀਸਦੀ ਹਿੱਸਾ ਉਨ੍ਹਾਂ ਦੇ ਦਾਨ ਦਾ ਹੈ। ਇਹ ਕਾਨੂੰਨੀ ਅਤੇ ਸਾਫ-ਸੁਥਰਾ ਪੈਸਾ ਹੈ। ਇਹ ਲੋਕ ਜ਼ਿਆਦਾਤਰ ਚੰਦਾ ਆਨਲਾਈਨ ਦਿੰਦੇ ਹਨ। ਜੋ ਭਾਰਤ ਨਹੀਂ ਆ ਸਕਦੇ, ਉਹ ਖੁਦ ਨੂੰ ‘ਕਾਲਿੰਗ ਕੈਂਪੇਨ’ ਲਈ ਦੁਨੀਆ ਭਰ ‘ਚ ਵਾਲੰਟੀਅਰਾਂ ਵਜੋਂ ਦਰਜ ਕਰਵਾ ਰਹੇ ਹਨ। ਲਗਭਗ 10 ਹਜ਼ਾਰ ਗੈਰ-ਪ੍ਰਵਾਸੀ ਭਾਰਤੀ ਜਾਂ ਓਵਰਸੀਜ ਵਾਲੰਟੀਅਰ ਇਸ ਨਾਲ ਜੁੜੇ ਹੋਏ ਹਨ। ਆਪਣਾ ਰੋਜ਼ਾਨਾ ਦਾ ਕੰਮਕਾਜ ਖਤਮ ਕਰਨ ਤੋਂ ਬਾਅਦ ਉਹ ਕਿਸੇ ਇਕ ਥਾਂ ‘ਤੇ ਇਕੱਤਰ ਹੁੰਦੇ ਹਨ ਜਾਂ ਘਰ ‘ਚ ਹੀ ਕੰਮ ਕਰਦੇ ਹਨ ਅਤੇ ਭਾਰਤ ‘ਚ ਵਸੇ ਆਪਣੇ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਨੂੰ ਫੋਨ ਕਰ ਸਮਝਾਉਂਦੇ ਹਨ ਕਿ ਕਿਉਂ ‘ਆਪ’ ਨੂੰ ਵੋਟ ਦੇਣਾ ਚਾਹੀਦਾ ਹੈ ਅਤੇ ਕਿਉਂ ਦੇਸ਼ ‘ਚ ਬਦਲਾਅ ਲਿਆਉਣ ਲਈ ‘ਆਪ’ ਦੀ ਲੋੜ ਹੈ। ਇਹ ਸਭ ਬਹੁਤ ਚੰਗੇ ਤਰੀਕੇ ਨਾਲ ਹੁੰਦਾ ਹੈ। ਹਰ ਕਿਸੇ ਨੂੰ ਰੋਜ਼ਾਨਾ ਲਗਭਗ 50 ਕਾਲ ਕਰਨੀ ਪੈਂਦੀ ਹੈ। ਸਾਲ 2015 ‘ਚ ਹੋਏ ਦਿੱਲੀ ਵਿਭਾਗ ਸਭਾ ਚੋਣ ਸਮੇਂ ਸਿਰਫ ਅਮਰੀਕਾ ‘ਚ ਵਸੇ 2400 ਓਵਰਸੀਜ਼ ਵਾਲੰਟੀਅਰਾਂ ਨੇ ਲਗਭਗ 10.8 ਲੱਖ ਕਾਲਾਂ ਕੀਤੀਆਂ ਸਨ।
ਪੰਜਾਬ ਦੇ ਲਗਭਗ ਹਰ ਪਿੰਡ ਤੋਂ ਕਮਾਉਣ ਲਈ ਕੋਈ ਨਾ ਕੋਈ ਵਿਦੇਸ਼ ‘ਚ ਜਾ ਕੇ ਰਹਿ ਰਿਹਾ ਹੈ ਅਤੇ ਵਿਦੇਸ਼ ‘ਚ ਰਹਿੰਦੇ ਅਜਿਹੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਵੱਲੋਂ ਆਉਣ ਵਾਲੀ ਕਾਲ ਦਾ ਭਾਰਤ ‘ਚ ਵਸੇ ਉਸ ਪਰਿਵਾਰ, ਪਿੰਡ ਦੇ ਹੋਰ ਸਾਥੀਆਂ ਅਤੇ ਸ਼ਹਿਰਾਂ ‘ਚ ਵਸੇ ਲੋਕਾਂ ਨੂੰ ਵੋਟ ਪਾਉਣ ਦੇ ਫੈਸਲੇ ‘ਤੇ ਬਹੁਤ ਅਸਰ ਪੈਂਦਾ ਹੈ। ਇਹ ਵਾਲੰਟੀਅਰ ਉਹ ਲੋਕ ਹਨ, ਜੋ ਉਨ੍ਹਾਂ ਦੇ ਪਿੰਡ ਅਤੇ ਆਸਪਾਸ ਦੇ ਲੋਕਾਂ ਵੱਲ ਕਾਮਯਾਬ ਵਿਅਕਤੀ ਵਜੋਂ ਸਨਮਾਨ ਨਾਲ ਵੇਖਦੇ ਹਨ। ਇਸ ਲਈ ਉਨ੍ਹਾਂ ਦੀ ਕਿਸੇ ਵੀ ਗੱਲ ਦਾ ਬਹੁਤ ਅਸਰ ਹੁੰਦਾ ਹੈ। ਗੋਆ ‘ਚ ਵੀ ਬਿਲਕੁਲ ਅਜਿਹਾ ਹੀ ਹੈ, ਜੋ ਕੁਲ 16 ਲੱਖ ਦੀ ਆਬਾਦੀ ਵਾਲਾ ਬਹੁਤ ਛੋਟਾ ਜਿਹਾ ਸੂਬਾ ਹੈ ਅਤੇ ਜਿੱਥੇ 5000 ਨੌਜਵਾਨ ਹਰ ਸਾਲ ਨੌਕਰੀਆਂ ਦੀ ਭਾਲ ਵਿਚ ਜਾਂ ਪੜ੍ਹਨ ਲਈ ਆਪਣੇ ਘਰਾਂ ਨੂੰ ਛੱਡ ਕੇ ਨਿਕਲ ਜਾਂਦੇ ਹਨ। ਸੈਂਕੜੇ ਗੋਆਨੀ ਗੈਰ-ਪ੍ਰਵਾਸੀ ਭਾਰਤੀ ਵੀ ਬਹੁਤ ਜੋਸ਼ ਨਾਲ ਕੈਂਪੇਨ ‘ਚ ਸ਼ਾਮਲ ਹਨ ਅਤੇ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਗੋਆ ‘ਚ ਵਸੇ ਆਪਣੇ ਦੋਸਤਾਂ ਨੂੰ ਸਮਝਾਉਂਦੇ ਹਨ ਕਿ ਅੱਜ ਕਿਉਂ ਜ਼ਰੂਰੀ ਹੈ।
ਆਖਰ ‘ਚ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਹਾਂ, ਜੋ ਕੈਨੇਡਾ ਦੇ ਵੈਨਕੂਵਰ ‘ਚ ਰਹਿਣ ਵਾਲੀ ਬਹੁਤ ਜੋਸ਼ੀਲੀ ਵਾਲੰਟੀਅਰ ਅਤੇ ਮੇਰੀ ਪਿਆਰੀ ਦੋਸਤ ਜਸਕੀਰਤ ਮਾਨ ਕਹਿੰਦੀ ਆ ਰਹੀ ਹੈ। ਅੱਜਕਲ ਉਹ ਪੰਜਾਬ ਵਿਚ ਹੈ, ਜਿੱਥੇ ਉਹ ਰੋਜ਼ਾਨਾ ਦੋ ਤੋਂ ਤਿੰਨ ਰੈਲੀਆਂ ਨੂੰ ਸੰਬੋਧਨ ਕਰ ਰਹੀ ਹੈ। ਆਪਣੇ ਭਾਸ਼ਣਾਂ ਵਿਚ ਉਹ ‘ਆਪ’ ਦੇ ਅੰਦੋਲਨ ਨੂੰ ‘ਆਜ਼ਾਦੀ ਦੀ ਦੂਜੀ ਲੜਾਈ’ ਕਹਿੰਦੀ ਹੈ। ਇਹੀ ਆਦਰਸ਼ਵਾਦ, ਆਪਣੇ ਦੇਸ਼ ਪ੍ਰਤੀ ਉਨ੍ਹਾਂ ਦਾ ਪਿਆਰ ਗੈਰ-ਪ੍ਰਵਾਸੀ ਭਾਰਤੀਆਂ ਨੂੰ ਇਸ ‘ਕੌਮੀ ਪੁਨਰ-ਜਾਗਰਣ’ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਕਰਦਾ ਹੈ। ਇਹ ਉਨ੍ਹਾਂ ਦਾ ‘ਕਰਜ਼ਾ ਚੁਕਾਉਣ ਦਾ ਸਮਾਂ’ ਹੈ। ਇਹ ਲੋਕ ਸੱਚੇ ਭਾਰਤੀ ਹਨ। ਰਾਸ਼ਟਰਵਾਦ ਉਨ੍ਹਾਂ ਦੀ ਸੋਚ ਦੀਆਂ ਜੜ੍ਹਾਂ ਵਿੱਚ ਹੈ।

ਪੰਜਾਬ ‘ਚ ਟਿਕਟਾਂ ਦੀ ਵਿਕਰੀ ਨੂੰ ਲੈ ਕੇ ਚਰਚਾ
ਕੈਨੇਡਾ ‘ਚ ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਚਰਚਾ ਜ਼ੋਰਾਂ ‘ਤੇ ਹੈ, ਉੱਥੇ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਦੇ ਵਿਕਣ ਦਾ ਮਾਮਲਾ ਵੀ ਉਠ ਰਿਹਾ ਹੈ। ‘ਆਪ’ ਇਨ੍ਹੀਂ ਦਿਨੀਂ ਕੈਨੇਡਾ ‘ਚ ‘ਚਲੋ ਪੰਜਾਬ’ ਮੁਹਿੰਮ ਨੂੰ ਚਲਾ ਰਿਹਾ ਹੈ ਅਤੇ ਇਸ ਦੌਰਾਨ ਇਹ ਮਾਮਲਾ ਵੀ ਉਠ ਰਿਹਾ ਹੈ।
ਬੀਤੇ ਦਿਨ ਕੈਲਗਰੀ ‘ਚ ਕੀਤੀ ਗਈ ਇਕ ਕਨਵੈਨਸ਼ਨ ‘ਚ ਆਮ ਆਦਮੀ ਪਾਰਟੀ ਦੇ ਐਨ.ਆਰ.ਆਈ. ਵਿੰਗ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਤੋਂ ਵੀ ਲੋਕਾਂ ਨੇ ਸਿੱਧੇ ਸਵਾਲ ਪੁੱਛ ਲਏ ਕਿ ‘ਆਪ’ ਨੇ ਆਖਰ ਪੈਸੇ ਲੈ ਕੇ ਟਿਕਟਾਂ ਕਿਉਂ ਵੇਚੀਆਂ ਹਨ। ਅਜਿਹੇ ‘ਚ ਸੰਘੇੜਾ ਨੂੰ ਕਹਿਣਾ ਪਿਆ ਕਿ ਉਸ ਤੋਂ ਤਾਂ ‘ਆਪ’ ‘ਚ ਕਿਸੇ ਨੇ ਕੋਈ ਪੈਸਾ ਨਹੀਂ ਮੰਗਿਆ। ਇਸ ਤਰ੍ਹਾਂ ਦੇ ਦੋਸ਼ਾਂ ‘ਚ ਕੋਈ ਸਚਾਈ ਨਹੀਂ ਹੈ। ਲੋਕ ਇਨ੍ਹਾਂ ਅਫਵਾਹਾਂ ‘ਤੇ ਧਿਆਨ ਨਾ ਦੇਣ। ਇਸ ਤੋਂ ਇਲਾਵਾ ਇਸ ਮੁੱਦੇ ‘ਤੇ ‘ਆਪ’ ਤੋਂ ਬਾਗੀ ਹੋ ਕੇ ‘ਆਪਣਾ ਪੰਜਾਬ ਪਾਰਟੀ’ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਦਾ ਨਾਂ ਵੀ ਕਾਫੀ ਚੁੱਕਿਆ ਹੈ ਅਤੇ ਉਦੋਂ ਤੋਂ ਹੀ ਇਹ ਮਾਮਲਾ ਉਠ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੰਡੀਆਂ ਹਨ। ਉੱਥੇ ਪੰਜਾਬ ਦੇ ਰਾਜਨੀਤਕ ਹਾਲਾਤ ਦਾ ਜਾਇਜ਼ਾ ਲੈ ਕੇ ਕੈਨੇਡਾ ਵਾਪਸ ਗਏ ਡਾ. ਅਨਮੋਲ ਕਪੂਰ ਨੇ ਦੱਸਿਆ ਕਿ ਪੰਜਾਬ ‘ਚ ਇਸ ਸਮੇਂ ਰਾਜਨੀਤਕ ਮਾਹੌਲ ਗਰਮਾ ਗਿਆ ਹੈ ਅਤੇ ਰਾਜਨੀਤਕ ਗਤਵਿਧੀਆਂ ਤੇਜ਼ ਹੋ ਰਹੀਆਂ ਹਨ।
ਉੱਥੇ ਹੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਵੀ ਐਨ.ਆਰ.ਆਈ. ਪੰਜਾਬੀ ਚੋਣ ਲਈ ਪੰਜਾਬ ਜਾਣ ਦੀ ਤਿਆਰੀ ਕਰ ਰਹੇ ਹਨ। ਉਥੋਂ 20 ਜਨਵਰੀ ਦੇ ਆਸਪਾਸ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਪੰਜਾਬ ਜਾਣਾ ਸ਼ੁਰੂ ਕਰਨਗੇ। ਆਸਟ੍ਰੇਲੀਆ ‘ਚ ਨੌਜਵਾਨ ਪ੍ਰਵਾਸੀ ਬਹੁ-ਗਿਣਤੀ ‘ਚ ਹਨ, ਜਿਨ੍ਹਾਂ ‘ਚ ਕਾਫੀ ‘ਆਪ’ ਸਮਰਥਕ ਹਨ ਅਤੇ ਪੰਜਾਬ ਤੋਂ ਵੀ ‘ਆਪ’ ਪਾਰਟੀ ਵੱਲੋਂ ਉਨ੍ਹਾਂ ਨੂੰ ਪ੍ਰਚਾਰ ਲਈ ਲਗਾਤਾਰ ਬੁਲਾਇਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ‘ਚ ਪੰਜਾਬ ਤੋਂ ਐਨ.ਆਰ.ਆਈਜ. ਦੀ ਗਿਣਤੀ ਵਧਣ ਨਾਲ ਪੰਜਾਬ ‘ਚ ਚੋਣ ਪ੍ਰਚਾਰ ਹੋਰ ਰੰਗ-ਬਿਰੰਗਾ ਹੋ ਜਾਵੇਗਾ।

ਪੰਜਾਬ ਵਿਚ ਜਾਣ ਲਈ ਟਿਕਟਾਂ ਦੀ ਮੰਗ ਵਧੀ
ਪੰਜਾਬ ਚੋਣਾਂ ਵਿਚ 20 ਤੋਂ ਵੀ ਘੱਟ ਦਿਨ ਰਹਿਣ ਕਾਰਨ ਹੁਣ ਕੈਨੇਡਾ ਤੇ ਅਮਰੀਕਾ ਵਿਚ ਭਾਰਤ ਜਾਣ ਵਾਲੀਆਂ ਉਡਾਣਾਂ ਦੀ ਸੰਖਿਆ ਵਧਣ ਲੱਗੀ ਹੈ ਤੇ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਿਚੋਂ ਜ਼ਿਆਦਾਤਰ ‘ਆਮ ਆਦਮੀ ਪਾਰਟੀ’ ਦੇ ਸਮਰਥਕ ਹਨ। ਇਕ ਅੰਦਾਜ਼ੇ ਅਨੁਸਾਰ ਇਕ ਵਾਰ ਇਕੱਲੀ ‘ਆਪ’ ਲਈ 35 ਹਜ਼ਾਰ ਤੋਂ ਵੱਧ ਪਰਵਾਸੀ ਭਾਰਤੀ ਸਮਰਥਕ ਪੰਜਾਬ ਪਹੁੰਚਣਗੇ। ਟੋਰਾਂਟੋ ਵਿਚ ਇਨ੍ਹੀਂ ਦਿਨੀਂ 24 ਜਨਵਰੀ ਨੂੰ ਮਜੀਠਾ ਵਿਚ ਹੋਣ ਵਾਲੀ ਰੈਲੀ ਲਈ ਪ੍ਰਚਾਰ ਕਾਫ਼ੀ ਤੇਜ਼ ਹੋ ਗਿਆ ਹੈ। ‘ਚੱਲੋ ਪੰਜਾਬ’ ਮੁਹਿੰਮ ਤਹਿਤ ਇਸ ਰੈਲੀ ਵਿਚ ਘੱਟੋ ਘੱਟ 5 ਹਜ਼ਾਰ ਐਨ.ਆਰ.ਆਈਜ਼ ਦੇ ਸ਼ਾਮਲ ਹੋਣ ਦੀ ਉਮੀਦ ਹੈ। ਜੋ ਕਿ ‘ਆਪ’ ਦਾ ਇਕ ਤਰ੍ਹਾਂ ਨਾਲ ਪਰਵਾਸੀ ਪੰਜਾਬੀਆਂ ਦੇ ਸਮਰਥਨ ਦਾ ਸ਼ਕਤੀ ਪ੍ਰਦਰਸ਼ਨ ਹੋਵੇਗਾ। ‘ਆਪ’ ਸਮਰਥਕ 2000 ਤੋਂ ਵੱਧ ਪਰਵਾਸੀ ਪੰਜਾਬੀ ਪਹਿਲਾਂ ਹੀ ਪੰਜਾਬ ਪੁੱਜ ਚੁੱਕੇ ਹਨ ਤੇ ‘ਆਪ’ ਸਮਰਥਕਾਂ ਦੀਆਂ ਦੋ ਹੋਰ ਉਡਾਣਾਂ ਜਲਦੀ ਹੀ ਪੰਜਾਬ ਪਹੁੰਚਣਗੀਆਂ। ਐਨ.ਆਰ.ਆਈਜ਼ ਪੰਜਾਬੀਆਂ ਦਾ ਵਿਸ਼ੇਸ਼ ਪੰਜਾਬ ਦੌਰਾ 20 ਜਨਵਰੀ ਤੋਂ ਇਕ ਫਰਵਰੀ ਤਕ ਪੂਰੇ ਪੰਜਾਬ ਵਿਚ ‘ਆਪ’ ਉਮੀਦਵਾਰਾਂ ਦੇ ਪੱਖ ਵਿਚ ਚੋਣ ਪ੍ਰਚਾਰ ਕਰੇਗਾ।
ਪੰਜਾਬ ਵਿਚ ਕਾਂਗਰਸ ਦੀ ਹਾਲਤ ਕੁਝ ਬਿਹਤਰ ਹੁੰਦਿਆਂ ਦੇਖ ਕੇ ਅਮਰੀਕਾ ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਵੀ ਤੇਜ਼ੀ ਨਾਲ ਸਰਗਰਮ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਵਿਚ ਅਮਰੀਕਾ ਤੋਂ ਓਵਰਸੀਜ਼ ਕਾਂਗਰਸ ਦੇ ਮੈਂਬਰ ਐਨ.ਆਰ.ਈਜ਼ ਕਾਂਗਰਸ ਦੇ ਪੱਖ ਵਿਚ ਪ੍ਰਚਾਰ ਲਈ ਪੰਜਾਬ ਪਹੁੰਚਣੇ ਸ਼ੁਰੂ ਹੋ ਜਾਣਗੇ। ਅਮਰੀਕਾ ਵਿਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਗੁਰਮੀਤ ਗਿੱਲ ਕਾਰੋਬਾਰ ਤੋਂ ਛੁੱਟੀ ਲੈ ਕੇ ਕਾਂਗਰਸ ਲਈ ਸਮਰਥਨ ਹਾਸਲ ਕਰਨ ਵਿਚ ਜੁਟ ਗਏ ਹਨ। ਕਾਂਗਰਸ ਦੇ ਅਮਰੀਕਾ ਵਿਚ 27 ਯੂਨਿਟ ਹਨ ਤੇ ਸਾਰਿਆਂ ਨੂੰ ਆਪਣੇ ਮੈਂਬਰਾਂ ਨੂੰ ਪੰਜਾਬ ਭੇਜਣ ਲਈ ਕਿਹਾ ਗਿਆ ਹੈ।

‘ਆਪ’ ਦੇ ਪ੍ਰਚਾਰ ਲਈ ਟਿਕਟਾਂ ‘ਤੇ ਛੋਟ
ਇਟਲੀ ਐਨ.ਆਰ.ਆਈ. ਸੈੱਲ ਦੇ ਕਨਵੀਨਰ ਫਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਕਰਨ ਬਾਰੇ ਪਤਾ ਚੱਲਣ ‘ਤੇ ਪੰਜਾਬੀ ਟਰੈਵਲ ਏਜੰਟਾਂ ਵਲੋਂ 10 ਫੀਸਦੀ ਤੱਕ ਟਿਕਟਾਂ ‘ਤੇ ਛੋਟ ਦਿੱਤੀ ਗਈ ਹੈ। ਫਰਜਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਹੀ ਉਹ 50 ਮੈਂਬਰੀ ਕਾਫ਼ਲੇ ਨਾਲ ਇਟਲੀ ਤੋਂ ਪੰਜਾਬ ਪੁੱਜੇ ਸਨ ਤੇ ਜਦੋਂ ਟਰੈਵਲ ਏਜੰਟਾਂ ਨੂੰ ਉਨ੍ਹਾਂ ਦੇ ਪੰਜਾਬ ਜਾਣ ਦੇ ਮੰਤਵ ਬਾਰੇ ਦੱਸਿਆ ਤਾਂ ਖਰੀਦੀਆਂ ਟਿਕਟਾਂ ‘ਤੇ ਉਨ੍ਹਾਂ ਨੂੰ 10 ਫੀਸਦੀ ਤਕ ਦੀ ਛੋਟੇ ਦਿੱਤੀ ਗਈ।