ਬਰਾੜ ਨੇ ਲਾਈ ਸੰਨ੍ਹ, ‘ਆਪ’ ਦੇ ਜਸ਼ਨਦੀਪ ਸੰਧੂ ਤੇ ਬਲਜੀਤ ਸਿੰਘ ਨੂੰ ਕੀਤਾ ਆਪਣੀ ਪਾਰਟੀ ‘ਚ ਸ਼ਾਮਲ

ਬਰਾੜ ਨੇ ਲਾਈ ਸੰਨ੍ਹ, ‘ਆਪ’ ਦੇ ਜਸ਼ਨਦੀਪ ਸੰਧੂ ਤੇ ਬਲਜੀਤ ਸਿੰਘ ਨੂੰ ਕੀਤਾ ਆਪਣੀ ਪਾਰਟੀ ‘ਚ ਸ਼ਾਮਲ

ਕੈਪਸ਼ਨ-ਜਗਮੀਤ ਬਰਾੜ ‘ਆਪ’ ਦੇ ਆਗੂਆਂ ਜਸ਼ਨਦੀਪ ਸੰਧੂ ਅਤੇ ਬਲਜੀਤ ਸਿੰਘ ਨੂੰ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਕਰਦੇ ਹੋਏ।   
ਚੰਡੀਗੜ੍ਹ/ਬਿਊਰੋ ਨਿÀਜ਼ :
ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ (ਆਪ) ਦੇ ਗੁਣਗਾਨ ਕਰਦੇ ਆ ਰਹੇ ਸਾਬਕਾ ਸੰਸਦ ਮੈਂਬਰ ਅਤੇ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਹੁਣ ‘ਆਪ’ ਨੂੰ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਸ ਮੁਹਿੰਮ ਦੇ ਪਹਿਲੇ ਝਟਕੇ ਵਜੋਂ ‘ਆਪ’ ਦੇ ਮੁੱਢਲੇ ਅਤੇ ਸੀਨੀਅਰ ਆਗੂਆਂ ਜਸ਼ਨਦੀਪ ਸੰਧੂ ਅਤੇ ਬਲਜੀਤ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਦੱਸਣਯੋਗ ਹੈ ਕਿ ਸ੍ਰੀ ਬਰਾੜ ਨੇ ਬਤੌਰ ਸਾਬਕਾ ਸੰਸਦ ਮੈਂਬਰ ਅਤੇ ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਪ੍ਰਧਾਨ ਵਜੋਂ ਵਾਰ-ਵਾਰ ‘ਆਪ’ ਦੀ ਲੀਡਰਸ਼ਿਪ ਨੂੰ ਉਨ੍ਹਾਂ ਦੀ ਪਾਰਟੀ ਨਾਲ ਗਠਜੋੜ ਕਰਨ ਦੀਆਂ ਅਪੀਲਾਂ ਕੀਤੀਆਂ ਹਨ ਪਰ ਉਨ੍ਹਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਸ੍ਰੀ ਬਰਾੜ ਨੇ ਇਨ੍ਹਾਂ ਦੋਵਾਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਦਾਅਵਾ ਕੀਤਾ ਕਿ ‘ਆਪ’ ਦਾ ਇਕ ਵੱਡਾ ਹਿੱਸਾ ਪਾਰਟੀ ਦੀ ਲੀਡਰਸ਼ਿਪ ਤੋਂ ਕਈ ਕਾਰਨਾਂ ਕਰਕੇ ਪ੍ਰੇਸ਼ਾਨ ਹੈ ਅਤੇ ਜਲਦ ਹੀ ਅਜਿਹੇ ਆਗੂ ਤ੍ਰਿਣਮੂਲ ਦੇ ਝੰਡੇ ਥੱਲੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸ ਦੇ ਵੀ ਕਈ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਉਹ ਸਾਂਝੀ ਸੋਚ ਵਾਲੀ ਲੀਡਰਸ਼ਿਪ ਨੂੰ ਇਕੱਠੀ ਕਰਕੇ ਪੰਜਾਬ ਵਿੱਚੋਂ ਰਜਵਾੜਾਸ਼ਾਹੀ ਤੇ ਪਰਿਵਾਰਵਾਦ ਨੂੰ ਖ਼ਤਮ ਕਰਨ ਲਈ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਭੂਮਿਕਾ ਨਿਭਾਉਣਗੇ।
ਸ੍ਰੀ ਬਰਾੜ ਨੇ ਸੰਪਰਕ ਕਰਨ ‘ਤੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ‘ਆਪ’ ਦੀ ਕੌਮੀ ਲੀਡਰਸ਼ਿਪ ਨਾਲ ਗੱਠਜੋੜ ਕਰਨ ਬਾਰੇ ਗੱਲਬਾਤ ਜਾਰੀ ਹੈ ਅਤੇ ਜਲਦ ਹੀ ਚੰਗੇ ਸਿੱਟੇ ਨਿਕਲ ਸਕਦੇ ਹਨ ਕਿਉਂਕਿ ‘ਆਪ’ ਅਤੇ ਤ੍ਰਿਣਮੂਲ ਕਾਂਗਰਸ ਹੀ ਪੰਜਾਬ ਵਿੱਚੋਂ ਪਰਿਵਾਰਵਾਦ ਦਾ ਸਫਾਇਆ ਕਰ ਸਕਦੀ ਹੈ। ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਏ ਜਸ਼ਨਦੀਪ ਸਿੰਘ ਸੰਧੂ ਨੇ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਨੇ ਨਿਰਧਾਰਿਤ ਸਾਰੇ ਅਸੂਲਾਂ ਨਾਲ ਸਮਝੌਤਾ ਕਰ ਲਿਆ ਹੈ। ਸ੍ਰੀ ਸੰਧੂ ਨਵਾਂ ਸ਼ਹਿਰ ਵਿਧਾਨ ਸਭਾ ਤੋਂ ‘ਆਪ’ ਦੀ ਉਮੀਦਵਾਰੀ ਦੇ ਮੁੱਖ ਦਾਅਵੇਦਾਰ ਸਨ ਪਰ ਪਾਰਟੀ ਵੱਲੋਂ ਮੌਕੇ ‘ਤੇ ਸਾਬਕਾ ਕਾਂਗਰਸੀ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਦਿੱਤੀ ਗਈ ਸੀ। ਬਲਜੀਤ ਸਿੰਘ ਨੇ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਨੇ ਆਪਣੀ ਵਿਚਾਰਧਾਰਾ ਤੇ ਅਸੂਲਾਂ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ ਅਤੇ ਹੁਣ ਉਨ੍ਹਾਂ ਨੂੰ ਇਸ ਪਾਰਟੀ ਉਪਰ ਕੋਈ ਵਿਸ਼ਵਾਸ ਨਹੀਂ ਰਿਹਾ।