ਸਿੱਖਾਂ ਨੇ ਟਾਈਮ ਸੁਕੇਅਰ ਵਿਚ 8000 ਲੋਕਾਂ ਦੇ ਸਜਾਈ ਦਸਤਾਰ

ਸਿੱਖਾਂ ਨੇ ਟਾਈਮ ਸੁਕੇਅਰ ਵਿਚ 8000 ਲੋਕਾਂ ਦੇ ਸਜਾਈ ਦਸਤਾਰ

ਕਿਹਾ-ਸਾਨੂੰ ਅਤਿਵਾਦੀ ਨਾ ਸਮਝੋ
ਨਿਊ ਯਾਰਕ/ਬਿਊਰੋ ਨਿਊਜ਼ :
ਅਮਰੀਕਾ ਵਿਚ ਸਿੱਖਾਂ ਵਿਰੁੱਧ ਵਧੇ ਨਫ਼ਰਤੀ ਅਪਰਾਧਾਂ ਦੇ ਚਲਦਿਆਂ ਸ਼ਨਿਚਰਵਾਰ ਨੂੰ ਟਾਈਮਜ਼ ਸਕੁਏਅਰ ਪੂਰੀ ਤਰ੍ਹਾਂ ਸਿੱਖੀ ਸਭਿਆਚਾਰ ਅਤੇ ਰਵਾਇਤਾਂ ਦੀ ਰੰਗਤ ਵਿਚ ਡੁੱਬ ਗਿਆ। ਇੱਥੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਨਿਊਯਾਰਕ ਦੇ ਰਹਿਣ ਵਾਲੇ 8000 ਲੋਕਾਂ ਅਤੇ ਸੈਲਾਨੀਆਂ ਦੇ ਸਿਰਾਂ ‘ਤੇ ਦਸਤਾਰਾਂ ਸਜਾ ਕੇ ਸਿੱਖਾਂ ਦੀ ਵੱਖਰੀ ਪਛਾਣ ਪ੍ਰਤੀ ਜਾਗਰੂਕ ਕੀਤਾ। ਟਾਈਮਜ਼ ਸਕੁਏਅਰ ‘ਤੇ ਇਹ ਸਮਾਗਮ ਗ਼ੈਰ ਸਰਕਾਰੀ ਸੰਗਠਨ ‘ਦਿ ਸਿੱਖਸ ਆਫ ਨਿਊਯਾਰਕ’ ਵਲੋਂ ਕੀਤਾ ਗਿਆ ਸੀ। ਵਿਸਾਖੀ ਮੌਕੇ 4 ਘੰਟਿਆਂ ਤੱਕ ਚੱਲੇ ਇਸ ਸਮਾਗਮ ਵਿਚ ਸੰਗਠਨ ਦੇ ਮੈਂਬਰਾਂ ਨੇ 8000 ਅਮਰੀਕੀਆਂ ਅਤੇ ਵੱਖ-ਵੱਖ ਦੇਸ਼ਾਂ ਤੇ ਜਾਤੀ-ਭਾਈਚਾਰਿਆਂ ਦੇ ਲੋਕਾਂ ਨੂੰ ਰੰਗ-ਬਿਰੰਗੀਆਂ ਪੱਗਾਂ ਬੰਨ੍ਹੀਆਂ। ਇਸ ਦਾ ਉਦੇਸ਼ ਅਮਰੀਕੀਆਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਵਿਚਕਾਰ ਸਿੱਖ ਧਰਮ ਅਤੇ ਇਸ ਵਿਚ ਪਵਿੱਤਰ ਮੰਨੀਆਂ ਜਾਣ ਵਾਲੀਆਂ ਵਸਤੂਆਂ ਜਿਵੇਂ ਕਿ ਪੱਗ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ ਸੀ। ਅਮਰੀਕਾ ਵਿਚ ਹਾਲ ਹੀ ਦੇ ਸਮੇਂ ਵਿਚ ਸਿੱਖਾਂ ਪ੍ਰਤੀ ਨਫ਼ਰਤ ਅਪਰਾਧਾਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ ਅਤੇ ਲੋਕਾਂ ਵਿਚ ਦਸਤਾਰ ਸੰਬੰਧੀ ਜਾਣਕਾਰੀ ਪੈਦਾ ਕਰਕੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਕਾਫੀ ਮਦਦ ਮਿਲ ਸਕਦੀ ਹੈ। ਦੱਸਣਯੋਗ ਹੈ ਕਿ 9/11 ਅੱਤਵਾਦੀ ਹਮਲੇ ਤੋਂ ਬਾਅਦ ਪੱਗ ਨੂੰ ਲੈ ਕੇ ਗ਼ਲਤ ਧਾਰਨਾ ਬਣ ਗਈ ਹੈ ਅਤੇ ਇਸ ਨੂੰ ਆਮ ਤੌਰ ‘ਤੇ ਅੱਤਵਾਦ ਨਾਲ ਜੋੜ ਦਿੱਤਾ ਜਾਂਦਾ ਹੈ।
ਇਸ ਸਮਾਰੋਹ ਵਿਚ ਕਾਂਗਰਸੀ ਜਾਰਜ ਮੀਕਸ ਨੇ 15 ਅਪ੍ਰੈਲ, 2017 ਨੂੰ ‘ਟਰਬਨ ਡੇਅ’ (ਦਸਤਾਰ ਦਿਵਸ) ਐਲਾਨਿਆ। ਸੰਗਠਨ ਦੇ ਸੰਸਥਾਪਕ ਚੰਨਪ੍ਰੀਤ ਸਿੰਘ ਨੇ ਕਿਹਾ ਕਿ ਦਸਤਾਰ ਦਿਵਸ ਦੀ ਸ਼ੁਰੂਆਤ ਸਾਲ 2013 ਵਿਚ ਕੀਤੀ ਗਈ ਸੀ। ਉਨ੍ਹਾਂ ਕਿਹਾ, ‘ਸਿੱਖਾਂ ਦੀ ਪੱਗ ਅਤੇ ਧਰਮ ਦੇ ਸਭਿਆਚਾਰ ਬਾਰੇ ਅਸੀਂ ਜਾਗਰੂਕਤਾ ਲਿਆ ਰਹੇ ਹਨ। ਪੱਗ ਹਰ ਸਿੱਖ ਦਾ ਤਾਜ ਹੁੰਦੀ ਹੈ ਅਤੇ ਇਹ ਸਾਡੇ ਲਈ ਮਾਣ ਅਤੇ ਦਲੇਰੀ ਦਾ ਪ੍ਰਤੀਕ ਹੈ। ਜਿਹੜੇ ਲੋਕ ਪੱਗ ਨਹੀਂ ਬੰਨ੍ਹਦੇ, ਉਨ੍ਹਾਂ ਲਈ ਦਸਤਾਰ ਦਿਵਸ ਇਸ ਨੂੰ ਬੰਨ੍ਹਣ ਦਾ ਅਨੁਭਵ ਲੈਣ ਅਤੇ ਇਸ ਦੇ ਮਹੱਤਵ ਨੂੰ ਸਮਝਾਉਣ ਦਾ ਮੌਕਾ ਦਿੰਦਾ ਹੈ।’
600 ਮੈਂਬਰਾਂ ਵਾਲੇ ‘ਦਿ ਸਿੱਖ ਆਫ਼ ਨਿਊਯਾਰਕ’ ਗਰੁੱਪ ਵਲੋਂ ਇਸ ਦੌਰਾਨ ਸਿੱਖ ਡਾਕਟਰਾਂ ਤੇ ਕਾਰੋਬਾਰੀਆਂ ਦਾ ਇਕ ਵੀਡੀਓ ਵੀ ਦਿਖਾਇਆ ਗਿਆ। ਇਸ ਵਿਚ ਇਹ ਸੁਨੇਹਾ ਦਿੱਤਾ ਗਿਆ ਕਿ ਸਿੱਖ ਲੋਕ ਭਾਵੇਂ ਵੱਖਰੇ ਪਿਛੋਕੜ ਤੋਂ ਆਉਂਦੇ ਹਨ ਪਰ ਉਹ ਅਤਿਵਾਦੀ ਨਹੀਂ ਹਨ। ਇਵੈਂਟ ਵਿਚ ਹਿੱਸਾ ਲੈਣ ਵਾਲੀ ਇਵਾ ਜਾੱਨ ਨੇ ਕਿਹਾ, ‘ਬਹੁਤ ਸਾਰੇ ਲੋਕਾਂ ਨੇ ਪੱਗ ਬੰਨ੍ਹੀ ਹੈ, ਇੰਜ ਲੱਗ ਰਿਹਾ ਹੈ ਨਿਊਯਾਰਕ ਜਿਵੇਂ ਅੰਮ੍ਰਿਤਸਰ ਬਣ ਗਿਆ ਹੋਵੇ।’
ਇਕ ਸਰਵੇਖਣ ਮੁਤਾਬਕ ਅਮਰੀਕਾ ਵਿਚ ਕਰੀਬ 33 ਲੱਖ ਭਾਰਤੀ ਹਨ। ਇਨ੍ਹਾਂ ਵਿਚੋਂ ਪੰਜਾਬੀ, ਗੁਜਰਾਤੀ ਤੇ ਦੱਖਣੀ ਭਾਰਤੀ ਸਾਰੇ ਸ਼ਾਮਲ ਹਨ। ਸਿੱਖਾਂ ਦੀ ਸੰਖਿਆ 5 ਲੱਖ ਤੋਂ ਜ਼ਿਆਦਾ ਹੈ। ਸਿੱਖ ਇੱਥੇ ਕਾਰੋਬਾਰ ਤੋਂ ਇਲਾਵਾ ਨਿਊਯਾਰਕ ਪੁਲੀਸ ਵਿਭਾਗ ਵਿਚ ਵੀ ਕੰਮ ਕਰਦੇ ਹਨ। ਪਿਛਲੇ ਸਾਲ ਦਸੰਬਰ ਤਕ ਇਨ੍ਹਾਂ ਦੀ ਸੰਖਿਆ 160 ਸੀ। ਵਿਭਾਗ ਵਲੋਂ ਇਨ੍ਹਾਂ ਨੂੰ ਦਾੜ੍ਹੀ ਰੱਖਣ ਤੇ ਪੁਲੀਸ ਟੋਪੀ ਦੀ ਥਾਂ ਨੀਲੀ ਦਸਤਾਰ ਸਜਾਉਣ ਦੀ ਆਗਿਆ ਹੈ।

ਮੈਰੀਲੈਂਡ ਦੇ ਸਿੱਖ ਵਿਦਿਆਰਥੀਆਂ ਨੇ ਮਨਾਇਆ ਦਸਤਾਰ ਦਿਵਸ
ਮੈਰੀਲੈਂਡ/ਬਿਊਰੋ ਨਿਊਜ਼ :
ਸਿੱਖ ਵਿਦਿਆਰਥੀ ਸੰਸਥਾ ਯੂਨੀਵਰਸਿਟੀ ਮੈਰੀਲੈਂਡ ਵਲੋਂ ਸਿੱਖੀ ਦੀ ਪਹਿਚਾਣ ਦਰਸਾਉਣ ਅਤੇ ਅਮਰੀਕਨ ਵਿਦਿਆਰਥੀਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨ ਲਈ ਦਸਤਾਰ ਦਿਵਸ ਮਨਾਇਆ ਗਿਆ। ਸਿੱਖ ਵਿਦਿਆਰਥਣਾਂ ਅਤੇ ਸਿੱਖ ਬੱਚਿਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਵਿਸਾਖੀ ਦੇ ਦਿਹਾੜੇ ‘ਤੇ ਦਸਤਾਰਬੰਦੀ ਉਨ੍ਹਾਂ ਵਿਦਿਆਰਥੀਆਂ ਦੀ ਕੀਤੀ ਜਾਵੇਗੀ, ਜੋ ਸਿੱਖੀ ਨੂੰ ਪਿਆਰ ਕਰਦੇ ਹਨ ਅਤੇ ਸਿੱਖੀ ਬਾਰੇ ਸਿੱਖਣਾ ਚਾਹੁੰਦੇ ਹਨ। ਕੈਂਪਸ ਦੇ ਕੌਫੀ ਹਾਊਸ ਦੇ ਸਾਹਮਣੇ ਵਿਦਿਆਰਥੀਆਂ ਵਲੋਂ ਦਸਤਾਰ ਸਜਾਉਣ ਸਮਾਗਮ ਵਿੱਚ ਗੋਰੇ, ਗੋਰੀਆਂ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਵਲੋਂ ਖੁਸ਼ੀ-ਖੁਸ਼ੀ ਦਸਤਾਰਾਂ ਸਜਾਈਆਂ ਗਈਆਂ ਅਤੇ ਸਿੱਖੀ ਪ੍ਰਤੀ ਜਾਣਕਾਰੀ ਲਈ। ਸਿਮਰਤ ਕੌਰ ਸਿੰਘ ਅਤੇ ਉਸ ਦੀ ਸਮੁੱਚੀ ਟੀਮ ਵਲੋਂ ਸਿੱਖੀ ਸਬੰਧੀ ਲਿਟਰੇਚਰ ਵੰਡਿਆ ਗਿਆ ਅਤੇ ਵੱਖ-ਵੱਖ ਰੰਗਾਂ ਦੀਆਂ ਦਸਤਾਰਾਂ ਨੂੰ ਸਿਰਾਂ ‘ਤੇ ਸਜਾਇਆ ਗਿਆ। ਜਿੱਥੇ ਵਿਸਾਖੀ ਨੂੰ ਸਮਰਪਿਤ ਇਹ ਦਸਤਾਰ ਸਜਾਉਣ ਦਾ ਸਮਾਗਮ ਸਿੱਖੀ ਪ੍ਰਤੀ ਅਜਿਹਾ ਰੰਗ ਬਿਖੇਰ ਗਿਆ, ਜਿਸ ਨੂੰ ਯੂਨੀਵਰਸਿਟੀ ਦੇ ਡਾਇਰੈਕਟਰ ਡੇਲ ਬਿੰਲਹਾਰ ਨੇ ਸ਼ਾਮਲ ਹੋ ਕੇ ਵਿਸਾਖੀ ਦਿਵਸ ਸਬੰਧੀ ਸੰਦੇਸ਼ ਪੜ੍ਹਿਆ ਅਤੇ ਵਿਦਿਆਰਥੀਆਂ ਨੂੰ ਇਸ ਦਿਹਾੜੇ ‘ਤੇ ਢੇਰ ਸਾਰੀਆਂ ਵਧਾਈਆਂ ਦਿੱਤੀਆਂ। ਸਮੂਹ ਸੰਸਥਾ ਦੇ ਬਹੁਤ ਹੀ ਅਦਬ ਨਾਲ ਇਸ ਦਸਤਾਰ ਸਮਾਗਮ ਦੀ ਕਾਰਵਾਈ ਨੂੰ ਕਈ ਘੰਟੇ ਜਾਰੀ ਰੱਖਿਆ ਅਤੇ ਸ਼ਮੂਲੀਅਤ ਕਰਨ ਵਾਲਿਆਂ ਨੂੰ ਸਨੈਕਸ ਵੰਡੇ।