ਗ੍ਰਿਫਤਾਰ ਕੀਤੇ ਬਹਿਬਲ ਕਲਾਂ ਸਾਕੇ ਦੇ ਦੋਸ਼ੀ ਚਰਨਜੀਤ ਸ਼ਰਮਾ ਨੂੰ 8 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

ਗ੍ਰਿਫਤਾਰ ਕੀਤੇ ਬਹਿਬਲ ਕਲਾਂ ਸਾਕੇ ਦੇ ਦੋਸ਼ੀ ਚਰਨਜੀਤ ਸ਼ਰਮਾ ਨੂੰ 8 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ ਪ੍ਰਗਟ ਕਰ ਰਹੀਆਂ ਸਿੱਖ ਸੰਗਤਾਂ ‘ਤੇ ਬਹਿਬਲ ਕਲਾਂ ਪਿੰਡ ਵਿਖੇ ਗੋਲੀ ਚਲਾਉਣ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਬੀਤੇ ਕਲ੍ਹ ਸਵੇਰੇ 2.30 ਵਜੇ ਛਾਪਾ ਮਾਰ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ ਬਹਿਬਲ ਕਲਾਂ ਸਾਕੇ ਦੇ ਮਾਮਲੇ ਵਿਚ ਨਾਮਜ਼ਦ ਚਰਨਜੀਤ ਸ਼ਰਮਾ ਭਾਰਤ ਤੋਂ ਬਾਹਰ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ। 

ਬਹਿਬਲ ਕਲਾਂ ਸਾਕੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਚਰਨਜੀਤ ਸ਼ਰਮਾ ਦਾ ਵੀਜ਼ਾ ਲੱਗ ਚੁੱਕਿਆ ਸੀ ਤੇ ਉਹ ਟਿਕਟ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਤਾ ਲੱਗਣ ‘ਤੇ ਪੁਲਿਸ ਨੇ ਚਰਨਜੀਤ ਸ਼ਰਮਾ ਦੇ ਹੁਸ਼ਿਆਰਪੁਰ ਸਥਿਤ ਘਰ ਵਿਚ ਛਾਪਾ ਮਾਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ। 

ਗ੍ਰਿਫਤਾਰੀ ਤੋਂ ਬਾਅਦ ਚਰਨਜੀਤ ਸ਼ਰਮਾ ਨੂੰ ਦੇਰ ਰਾਤ ਸਮੇਂ ਫ਼ਰੀਦਕੋਟ ਦੇ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਐਸਆਈਟੀ ਅਧਿਕਾਰੀਆਂ ਦਾ ਪੱਖ ਜਾਣਨ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਨੇ ਚਰਨਜੀਤ ਸ਼ਰਮਾ ਨੂੰ 8 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਹੁਣ 'ਵਿਸ਼ੇਸ਼ ਜਾਂਚ ਟੀਮ' ਸ਼ਰਮਾ ਨੂੰ ਆਉਂਦੀ 4 ਫ਼ਰਵਰੀ ਨੁੰ ਦੁਬਾਰਾ ਅਦਾਲਤ 'ਚ ਪੇਸ਼ ਕਰੇਗੀ।

ਜਿਕਰਯੋਗ ਹੈ ਕਿ ਬਹਿਬਲ ਕਲਾਂ ਸਾਕਾ, ਜਿਸ ਵਿੱਚ ਪੁਲਸ ਵਲੋਂ ਸੰਗਤ ਉੱਤੇ ਗੋਲੀਬਾਰੀ ਕਰਕੇ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ ਸਨ, ਵਿਚ ਸ਼ਰਮਾ ਨੇ ਹੋਰ ਤਿੰਨ ਪੁਲਸ ਮੁਲਾਜ਼ਮਾਂ ਸਮੇਤ ਪੰਜਾਬ ਹਰਿਆਣਾ ਹਾਈਕੋਰਟ ਵਿਚ ਬਚਾਅ ਲਈ ਅਰਜੀ ਦਿੱਤੀ ਸੀ ਜੋ ਕਿ 24 ਜਨਵਰੀ ਨੂੰ ਅਦਾਲਤ ਵਲੋਂ ਖਾਰਜ ਕਰ ਦਿੱਤੀ ਗਈ।