ਕਸ਼ਮੀਰ ਦੇ ਸੈਲਾਨੀ ਕੇਂਦਰ ਗੁਲਮਰਗ ਦੇ ਕੇਬਲ ਕਾਰ ਹਾਦਸੇ ‘ਚ 7 ਮੌਤਾਂ

ਕਸ਼ਮੀਰ ਦੇ ਸੈਲਾਨੀ ਕੇਂਦਰ ਗੁਲਮਰਗ ਦੇ ਕੇਬਲ ਕਾਰ ਹਾਦਸੇ ‘ਚ 7 ਮੌਤਾਂ

ਫੋਟੋ:  ਕੇਬਲ ਕਾਰ ਹਾਦਸੇ ‘ਚ ਜ਼ਖ਼ਮੀ ਹੋਏ ਇੱਕ ਬੱਚੇ ਨੂੰ ਚੁੱਕੀ ਜਾਂਦਾ ਸੁਰੱਖਿਆ ਕਰਮੀ। 

ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਤੇ ਕਸ਼ਮੀਰ ਦੇ ਗੁਲਮਰਗ ਵਿੱਚ ਐਤਵਾਰ ਨੂੰ ਇਕ ਕੇਬਲ ਕਾਰ ਹਾਦਸੇ ‘ਚ ਦਿੱਲੀ ਨਾਲ ਸਬੰਧਤ ਇਕ ਪਰਿਵਾਰ ਦੇ ਚਾਰ ਜੀਆਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ। ਪੀੜਤਾਂ ‘ਚ ਤਿੰਨ ਮੁਕਾਮੀ ਲੋਕ ਵੀ ਸ਼ਾਮਲ ਹਨ। ਪੁਲੀਸ ਮੁਤਾਬਕ ਗੋਂਡੋਲਾ ਕਾਰ ਕੈਬਿਨ ਦੀ ਕੇਬਲ ‘ਤੇ ਵੱਡਾ ਦਰਖ਼ਤ ਡਿੱਗਣ ਨਾਲ ਕੇਬਲ ਟੁੱਟ ਗਈ ਤੇ ਕੈਬਿਨ ਸੈਂਕੜੇ ਫੀਟ ਹੇਠਾਂ ਡਿੱਗ ਗਿਆ। ਦਿੱਲੀ ਨਾਲ ਸਬੰਧਤ ਪਰਿਵਾਰ ਦੀ ਸ਼ਨਾਖਤ ਸ਼ਾਲੀਮਾਰ ਬਾਗ਼ ਵਾਸੀ ਜਯੰਤ ਐਂਡਰਾਸਕਰ, ਉਸ ਦੀ ਪਤਨੀ ਮਨੀਸ਼ਾ ਅਤੇ ਦੋ ਧੀਆਂ ਅਨਾਗਾ ਤੇ ਝਾਨਵੀ ਵਜੋਂ ਹੋਈ ਹੈ। ਤਿੰਨ ਮੁਕਾਮੀ ਪੀੜਤਾਂ ਦੀ ਪਛਾਣ ਮੁਖ਼ਤਾਰ ਅਹਿਮਦ ਗਨੀ, ਜਾਵੇਦ ਅਹਿਮਦ ਖਾਂਡੇ ਤੇ ਫ਼ਾਰੂਕ ਅਹਿਮਦ ਵਜੋਂ ਹੋਈ ਹੈ। ਉਂਜ ?ਿਹ ਤਿੰਨੇ ਟੂਰਿਸਟ ਗਾਈਡ ਮੰਨੇ ਜਾਂਦੇ ਹਨ।
ਦੋ ਪੜਾਵੀ ਗੁਲਮਰਗ ਕਾਰ ਕੇਬਲ ਸੈਲਾਨੀਆਂ ਨੂੰ ਸਮੁੰਦਰ ਤਲ ਤੋਂ 13,780 ਫੁੱਟ ਦੀ ਉਚਾਈ ‘ਤੇ ਲੈ ਕੇ ਜਾਂਦੀ ਹੈ। ਇਕ ਘੰਟੇ ‘ਚ 600 ਲੋਕਾਂ ਨੂੰ ਲਿਜਾਣ ਦੀ ਕੈਬਿਨ ਸਮਰੱਥਾ ਵਾਲਾ ਇਹ ਕੇਬਲ ਕਾਰ ਪ੍ਰਾਜੈਕਟ ਉਚਾਈ ਪੱਖੋਂ ਵਿਸ਼ਵ ਦਾ ਦੂਜਾ ਪ੍ਰਾਜਕੈਟ ਹੈ। ਜੰਮੂ ਤੇ ਕਸ਼ਮੀਰ ਸਰਕਾਰ ਤੇ ਫ਼ਰੈਂਚ ਫਰਮ ਦੇ ਸਾਂਝੇ ਉੱਦਮ ਨਾਲ ਸ਼ੁਰੂ ਹੋਏ ਇਸ ਰੋਪਵੇਅ ਪ੍ਰਾਜੈਕਟ ਦੇ 36 ਕੈਬਿਨ ਤੇ 18 ਟਾਵਰ ਹਨ। ਸਕੀਇੰਗ ਹੱਬ ਵਜੋਂ ਮਕਬੂਲ ਗੁਲਮਰਗ ‘ਚ ਸੈਲਾਨੀਆਂ ਲਈ ਇਹ ਪ੍ਰਾਜੈਕਟ ਖਿੱਚ ਦਾ ਕੇਂਦਰ ਹੈ। ਕੇਬਲ ਕਾਰ ਪ੍ਰਾਜੈਕਟ ਚਲਾ ਰਹੀ ਕੰਪਨੀ ਮੁਤਾਬਕ ਇਸ ਰੋਪਵੇਅ ਪ੍ਰਾਜੈਕਟ ਦੇ ਪਹਿਲੇ ਪੜਾਅ ਤਹਿਤ ਕੇਬਲ ਕਾਰ ਲੋਕਾਂ ਨੂੰ 2600 ਮੀਟਰ ਦੀ ਉਚਾਈ ‘ਤੇ ਬਣੇ ਗੁਲਮਰਗ ਰਿਜ਼ੌਰਟ ਤੋਂ ਬਾ?ੂਲ ਆਕਾਰ ਦੀ ਕੌਂਗਡੋਰੀ ਵਾਦੀ ‘ਚ ਬਣੇ ਕੌਂਗਡੋਰੀ ਸਟੇਸ਼ਨ ਤਕ ਪਹੁੰਚਾਉਂਦੀ ਹੈ। ਦੂਜੇ ਪੜਾਅ ਤਹਿਤ ਲੋਕਾਂ ਨੂੰ ਕੇਬਲ ਕਾਰ ਜ਼ਰੀਏ 3747 ਮੀਟਰ (12,293 ਫੀਟ) ਦੀ ਉਚਾਈ ‘ਤੇ ਕੌਂਗਡੋਰੀ ਪਹਾੜ ‘ਤੇ ਲਿਜਾਇਆ ਜਾਂਦਾ ਹੈ। ਦੋ ਜ਼ਖ਼ਮੀਆਂ ‘ਚ ਤਾਰਿਕ ਅਹਿਮਦ ਤੇ ਅਜਾਜ਼ ਅਹਿਮਦ ਸ਼ਾਮਲ ਹਨ, ਜਿਨ੍ਹਾਂ ਨੂੰ ਸ੍ਰੀਨਗਰ ਦੇ ਹਸਪਤਾਲ ‘ਚ ਦਾਖ਼ਲ ਕਰਵਾ?ਿਆ ਗਿਆ ਹੈ। ਕੇਬਲ ਕਾਰ ਕੰਪਨੀ ਦੇ ਅਧਿਕਾਰੀ ਮੁਤਾਬਕ ਰੋਪਵੇਅ ਦਾ ਇਸਤੇਮਾਲ ਕਰਨ ਵਾਲੇ ਸੌ ਦੇ ਕਰੀਬ ਫਸੇ ਲੋਕਾਂ ਨੂੰ ਉਥੋਂ ਕੱਢਣ ਲਈ ਰਾਹਤ ਕਾਰਜ ਜਾਰੀ ਹਨ। ਰਾਜ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਤੇਜ਼ ਹਨੇਰੀ ਦੇ ਚਲਦਿਆਂ ਇਹਤਿਆਤ ਵਜੋਂ ਕੇਬਲ ਕਾਰ ਪ੍ਰਾਜੈਕਟ ਨੂੰ ਬੰਦ ਨਾ ਕਰਨ ‘ਤੇ ਸਵਾਲ ਉਠਾਏ ਹਨ।  ਇਸੇ ਦੌਰਾਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਹਾਦਸੇ ਦੀ ਉਚ ਪੱਧਰੀ ਜਾਂਚ ਦੇ ਹੁਕਮ ਵੀ ਦਿੱਤੇ ਹਨ।