ਰੂਸ ਤੇ ਅਮਰੀਕਾ ਵਿਚਾਲੇ ਦੂਤਾਵਾਸਕ ਤਣਾਅ ਵਧਿਆ ਅਮਰੀਕਾ ਦੇ 60 ਡਿਪਲੋਮੈਟਾਂ ਨੂੰ ਵਾਪਸ ਜਾਣ ਦਾ ਹੁਕਮ

ਰੂਸ ਤੇ ਅਮਰੀਕਾ ਵਿਚਾਲੇ ਦੂਤਾਵਾਸਕ ਤਣਾਅ ਵਧਿਆ ਅਮਰੀਕਾ ਦੇ 60 ਡਿਪਲੋਮੈਟਾਂ ਨੂੰ ਵਾਪਸ ਜਾਣ ਦਾ ਹੁਕਮ

ਮਾਸਕੋ/ਬਿਊਰੋ ਨਿਊਜ਼:
ਰੂਸ ਨੇ ਅਮਰੀਕਾ ਦੇ 60 ਡਿਪਲੋਮੈਟ ਕੱਢ ਦਿੱਤੇ ਹਨ। ਪਹਿਲਾਂ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਰੂਸ ਦੇ ਡਿਪਲੋਮੈਟਾਂ ਨੂੰ ਕੱਢੇ ਜਾਣ ਖਿਲਾਫ਼ ਬਦਲੇ ਦੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਡਿਪਲੋਮੈਟਾਂ ਨੂੰ 5 ਅਪਰੈਲ ਤੱਕ ਰੂਸ ਵਿੱਚੋਂ ਚਲੇ ਜਾਣ ਦਾ ਹੁਕਮ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 58 ਸਫ਼ੀਰ ਮਾਸਕੋ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਵਿੱਚ ਅਤੇ ਦੋ ਯੇਕਾਤਰੀਨਬਰਗ ਸਥਿਤ ਕੌਂਸਲਖ਼ਾਨੇ ਵਿੱਚ ਤਾਇਨਾਤ ਸਨ।
ਗ਼ੌਰਤਲਬ ਹੈ ਕਿ ਇੰਗਲੈਂਡ ਵਿੱਚ ਇਕ ਰੂਸੀ ਜਾਸੂਸ ਸਰਗੇਈ ਕਰੀਪਾਲ ਨੂੰ ਬੀਤੀ 4 ਮਾਰਚ ਨੂੰ ਜ਼ਹਿਰ ਦੇ ਕੇ ਮਾਰ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ ਰੂਸ ਦੇ ਪੱਛਮੀ ਮੁਲਕਾਂ ਨਾਲ ਰਿਸ਼ਤੇ ਵਿਗੜੇ ਹੋਏ ਹਨ, ਜਿਹੜੇ ਪਹਿਲਾਂ ਵੀ ਕਈ ਮੁੱਦਿਆਂ ‘ਤੇ ਕੌੜੇ-ਕੁਸੈਲੇ ਚੱਲ ਰਹੇ ਸਨ।
ਇਸ ਕਾਰਨ ਪਿਛਲੇ ਦਿਨੀਂ ਯੂਰਪੀ ਯੂਨੀਅਨ ਦੇ ਮੈਂਬਰ ਮੁਲਕਾਂ ਨੇ ਵੀ ਸਾਂਝੇ ਫ਼ੈਸਲੇ ਤਹਿਤ ਰੂਸ ਦੇ ਵੱਡੇ ਗਿਣਤੀ ਡਿਪਲੋਮੈਟ ਕੱਢ ਦਿੱਤੇ ਸਨ ਤੇ ਇਸੇ ਤਹਿਤ ਅਮਰੀਕਾ ਨੇ ਪਿਛਲੇ ਦਿਨੀਂ ਰੂਸ ਦੇ 60 ਡਿਪਲੋਮੈਟ ਕੱਢੇ ਸਨ। ਸਰਗੇਈ ਉਤੇ ਡਬਲ ਏਜੰਟ ਹੋਣ ਭਾਵ ਦੋਵੇਂ ਪਾਸੀਂ ਜਾਸੂਸੀ ਕਰਨ ਦਾ ਸ਼ੱਕ ਸੀ ਤੇ ਬਰਤਾਨੀਆ ਨੇ ਉਸ ਦੇ ਕਤਲ ਲਈ ਰੂਸ ਨੂੰ ਦੋਸ਼ੀ ਠਹਿਰਾਇਆ ਸੀ।