ਸ਼੍ਰੋਮਣੀ ਕਮੇਟੀ ਨੇ ਪੀਲੀਭੀਤ ਕਾਂਡ ਦੇ ਪੀੜਤਾਂ ਨੂੰ 50-50 ਹਜ਼ਾਰ ਦੇ ਚੈੱਕ ਭੇਟ ਕੀਤੇ

ਸ਼੍ਰੋਮਣੀ ਕਮੇਟੀ ਨੇ ਪੀਲੀਭੀਤ ਕਾਂਡ ਦੇ ਪੀੜਤਾਂ ਨੂੰ 50-50 ਹਜ਼ਾਰ ਦੇ ਚੈੱਕ ਭੇਟ ਕੀਤੇ
ਕੈਪਸ਼ਨ-ਮੁਆਵਜ਼ਾ ਲੈਣ ਲਈ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਪੁੱਜੇ ਪੀਲੀਭੀਤ ਕਾਂਡ ਦੇ ਪੀੜਤ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਪੀਲੀਭੀਤ ਜੇਲ੍ਹ ਵਿੱਚ 1994 ਵਿੱਚ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਏ ਸਿੱਖਾਂ ਵਿਚੋਂ ਅਪਾਹਜ ਹੋ ਗਏ ਚਾਰ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 50-50 ਹਜ਼ਾਰ ਰੁਪਏ ਦੀ ਮਾਲੀ ਮੱਦਦ ਦੇ ਚੈੱਕ ਦਿੱਤੇ ਗਏ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਘਟਨਾ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 8 ਅਤੇ 9 ਨਵੰਬਰ 1994 ਦੀ ਦਰਮਿਆਨੀ ਰਾਤ ਨੂੰ ਪੀਲੀਭੀਤ ਜੇਲ੍ਹ ਵਿੱਚ ਬੰਦ ਸਿੱਖ ਕੈਦੀਆਂ ‘ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਸੀ, ਜਿਸ ਕਾਰਨ ਸੱਤ ਸਿੱਖ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 21 ਗੰਭੀਰ ਜ਼ਖਮੀ ਹੋਏ ਸਨ। ਇਨ੍ਹਾਂ ਵਿੱਚੋਂ ਕਈ ਅਪਾਹਜ ਹੋ ਗਏ ਹਨ। ਮਾਲੀ ਮੱਦਦ ਦੇ ਚੈੱਕ ਪ੍ਰਾਪਤ ਕਰਨ ਵਾਲਿਆਂ ਵਿੱਚ ਤਰਲੋਕ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ ਜੌਹਲ ਅਤੇ ਪ੍ਰਗਟ ਸਿੰਘ ਸ਼ਾਮਲ ਹਨ। ਕੁਝ ਪਰਿਵਾਰਾਂ ਨੂੰ ਬਾਅਦ ਵਿੱਚ  ਚੈੱਕ ਭੇਟ ਕੀਤੇ ਜਾਣਗੇ। ਚੈੱਕ ਲੈਣ ਮਗਰੋਂ ਗੱਲਬਾਤ ਕਰਦਿਆਂ ਤਰਲੋਕ ਸਿੰਘ ਵਾਸੀ ਰਸੂਲਪੁਰ ਨੇ ਦੱਸਿਆ ਕਿ ਇਲਾਹਾਬਾਦ ਹਾਈ ਕੋਰਟ ਵਿੱਚ ਪੀੜਤ ਪਰਿਵਾਰਾਂ ਵੱਲੋਂ ਪਟੀਸ਼ਨ ਦਾਇਰ ਕਰਕੇ ਨਿਆਂ ਅਤੇ ਹਰਜਾਨੇ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਵਿੱਚ ਅਦਾਲਤ ਵੱਲੋਂ 42 ਪੁਲੀਸ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਕੀਤੇ ਗਏ ਹਨ।