ਸਾਂਡਰਸ ਦੀ ਹੱਤਿਆ ਲਈ ਵਰਤਿਆ ਸ਼ਹੀਦ ਭਗਤ ਸਿੰਘ ਦਾ ਪਿਸਤੌਲ 47 ਸਾਲ ਮਗਰੋਂ ਪੰਜਾਬ ਪਰਤਿਆ

ਸਾਂਡਰਸ ਦੀ ਹੱਤਿਆ ਲਈ ਵਰਤਿਆ ਸ਼ਹੀਦ ਭਗਤ ਸਿੰਘ ਦਾ ਪਿਸਤੌਲ 47 ਸਾਲ ਮਗਰੋਂ ਪੰਜਾਬ ਪਰਤਿਆ

ਚੰਡੀਗੜ੍ਹ/ਬਿਊਰੋ ਨਿਊਜ਼ :
ਬਰਤਾਨਵੀ ਪੁਲੀਸ ਅਧਿਕਾਰੀ ਜੇ.ਪੀ. ਸਾਂਡਰਸ ਦੀ ਹੱਤਿਆ ਲਈ ਵਰਤਿਆ ਸ਼ਹੀਦ ਭਗਤ ਸਿੰਘ ਦਾ ਪਿਸਤੌਲ ਸਾਢੇ 47 ਸਾਲਾਂ ਦੇ ਵਕਫ਼ੇ ਮਗਰੋਂ ਪੰਜਾਬ ਵਾਪਸ ਆ ਗਿਆ ਹੈ। ਇਸ ਨੂੰ ਛੇਤੀ ਸ਼ਹੀਦ ਦੀ ਯਾਦਗਾਰ ਹੁਸੈਨੀਵਾਲਾ ਵਿੱਚ ਦਿਖਾਇਆ ਜਾਵੇਗਾ।
ਸਰਕਾਰ ਤੇ ਮੀਡੀਆ ਦੀ ਮੰਗ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨ ਹਿੱਤ ਪਟੀਸ਼ਨ ਦਾਖ਼ਲ ਹੋਣ ਮਗਰੋਂ ਬੀਐਸਐਫ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ, ਇੰਦੌਰ’ (ਸੀਐਸਡਬਲਯੂਟੀ) ਨੇ ਇਹ ਪਿਸਤੌਲ ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰਜ਼ ਨੂੰ ਤਬਦੀਲ ਕਰ ਦਿੱਤਾ ਹੈ। ਅਮਰੀਕਾ ਦਾ ਬਣਿਆ।32 ਕੋਲਟ ਪਿਸਤੌਲ ਆਖ਼ਰੀ ਵਾਰ 7 ਅਕਤੂਬਰ 1969 ਨੂੰ ਪੁਲੀਸ ਅਕੈਡਮੀ ਫਿਲੌਰ ਵਿੱਚ ਦੇਖਿਆ ਗਿਆ ਸੀ। ਰਾਸ਼ਟਰਪਤੀ ਦੇ ਹੁਕਮਾਂ ਉਤੇ ਅੱਠ ਪਿਸਤੌਲਾਂ ਇੰਦੌਰ ਦੇ ਸੀਐਸਡਬਲਯੂਟੀ ਨੂੰ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿੱਚ ਇਹ ਪਿਸਤੌਲ ਸ਼ਾਮਲ ਸੀ। ਸੀਐਸਡਬਲਯੂਟੀ ਨੂੰ ਬੀਐਸਐਫ ਦੇ ਨਵੇਂ ਰੰਗਰੂਟਾਂ ਨੂੰ ਹਥਿਆਰ ਤਕਨਾਲੋਜੀ ਦੇ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਪੁਰਾਣੇ ਹਥਿਆਰਾਂ ਦੀ ਲੋੜ ਸੀ।
ਇਸ ਬਾਰੇ ਛਪੀਆਂ ਰਿਪੋਰਟਾਂ ਮਗਰੋਂ ਸੂਬਾ ਸਰਕਾਰ ਤੇ ਪੁਲੀਸ ਵਿਭਾਗ ਨੇ ਇਹ ਪਿਸਤੌਲ ਵਾਪਸ ਪੰਜਾਬ ਲਿਆਉਣ ਦੀ ਮੰਗ ਕੀਤੀ। ਸਥਾਨਕ ਵਕੀਲ ਐਚ.ਸੀ. ਅਰੋੜਾ ਨੇ ਪਿਸਤੌਲ ਵਾਪਸੀ ਲਈ ਜਨ ਹਿੱਤ ਪਟੀਸ਼ਨ ਦਾਖ਼ਲ ਕੀਤੀ। ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਇਹ ਪਿਸਤੌਲ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ (ਨਵਾਂਸ਼ਹਿਰ) ਦੇ ਅਜਾਇਬਘਰ ਵਿੱਚ ਰੱਖਣ ਦੀ ਮੰਗ ਕੀਤੀ। ਬੀਐਸਐਫ ਅਧਿਕਾਰੀਆਂ ਨੇ ਪਿਸਤੌਲ ਦਿਖਾਉਣ ਲਈ ਪੰਜਾਬ ਤਬਦੀਲ ਕਰ ਦਿੱਤਾ ਹੈ ਪਰ ਜਦੋਂ ਤੱਕ ਹਾਈ ਕੋਰਟ ਇਸ ਜਨ ਹਿੱਤ ਪਟੀਸ਼ਨ ਦਾ ਨਿਬੇੜਾ ਨਹੀਂ ਕਰ ਦਿੰਦੀ, ਉਦੋਂ ਤੱਕ ਬੀਐਸਐਫ ਹੀ ਇਸ ਦੀ ਮਾਲਕ ਰਹੇਗੀ।
ਬੀਐਸਐਫ ਦੇ ਤਰਜਮਾਨ ਨੇ ਕਿਹਾ ਕਿ ਸੀਐਸਡਬਲਯੂਟੀ ਇੰਦੌਰ ਦੇ ਡਾਇਰੈਕਟਰ ਆਈਜੀ ਪੰਕਜ ਨੇ ਬੀਐਸਐਫ ਜਵਾਨਾਂ ਦੀ ਇਕ ਟੀਮ ਹੱਥ ਇਹ ਪਿਸਤੌਲ ਭੇਜਿਆ ਹੈ, ਜਿਸ ਨੂੰ ਪੰਜਾਬ ਵਿੱਚ ਪ੍ਰਾਪਤ ਕਰ ਲਿਆ ਗਿਆ ਹੈ। ਇੱਥੇ ਬੀਐਸਐਫ ਬੁਲਾਰੇ ਨੇ ਕਿਹਾ ਕਿ ਉਹ ਪਿਸਤੌਲ ਦੇ ਪ੍ਰਦਰਸ਼ਨ ਦੇ ਤੌਰ-ਤਰੀਕੇ ਬਾਰੇ ਚਰਚਾ ਕਰ ਰਹੇ ਹਨ। ਇਹ ਪਿਸਤੌਲ ਅਗਲੇ ਹਫ਼ਤੇ ਹੁਸੈਨੀਵਾਲਾ ਵਿੱਚ ਪ੍ਰਦਰਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ।