ਨਾਭਾ ਜੇਲ੍ਹ ਕਾਂਡ : ਭਾਈ ਹਰਮਿੰਦਰ ਸਿੰਘ ਬਿੱਟੂ ਸਮੇਤ 23 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ

ਨਾਭਾ ਜੇਲ੍ਹ ਕਾਂਡ : ਭਾਈ ਹਰਮਿੰਦਰ ਸਿੰਘ ਬਿੱਟੂ ਸਮੇਤ 23 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ

ਕੈਪਸ਼ਨ- ਭਾਈ ਹਰਮਿੰਦਰ ਸਿੰਘ ਮਿੰਟੂ ਤੇ ਹੋਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਦੇ ਹੋਏ ਪੁਲੀਸ ਮੁਲਾਜ਼ਮ।
ਪਟਿਆਲਾ/ਬਿਊਰੋ ਨਿਊਜ਼ :
ਨਾਭਾ ਜੇਲ੍ਹ ਕਾਂਡ ਅਧੀਨ ਸਥਾਨਕ ਅਦਾਲਤ ਵੱਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਭੀਮ ਸਿੰਘ ਸਮੇਤ 23 ਜਣਿਆਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਗਏ ਹਨ। ਇਹ ਕਾਰਵਾਈ ਧਾਰਾ 307, ਅਸਲਾ ਐਕਟ ਅਤੇ ਅਨਲਾਅਫੁੱਲ ਐਕਟੀਵਿਟੀ ਐਕਟ ਸਮੇਤ ਕੁਝ ਹੋਰ ਧਾਰਾਵਾਂ ਅਧੀਨ ਕੀਤੀ ਗਈ ਹੈ। ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 27 ਜੁਲਾਈ ‘ਤੇ ਪਾਈ ਗਈ ਹੈ। ਮੁਲਜ਼ਮਾਂ ਨੂੰ ਡੀ.ਐਸ.ਪੀ. ਚੰਦ ਸਿੰਘ ਦੀ ਨਿਗਰਾਨੀ ਸਖ਼ਤ ਪੁਲੀਸ ਪਹਿਰੇ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਨ੍ਹਾਂ ਹੋਰਨਾਂ ਖ਼ਿਲਾਫ਼ ਦੋਸ਼ ਆਇਦ ਹੋਏ ਹਨ, ਉਨ੍ਹਾਂ ਵਿੱਚ ਗੈਂਗਸਟਰ ਪਲਵਿੰਦਰ ਪਿੰਦਾ, ਗੁਰਪ੍ਰੀਤ  ਸੇਖੋਂ, ਨੀਟਾ ਦਿਓਲ, ਬਿੱਕਰ ਸਿੰਘ ਮੁਦਕੀ, ਜਗਤਵੀਰ ਸਿੰਘ ਰਾਮਪੁਰਾ, ਚਰਨਪ੍ਰੀਤ ਸਿੰਘ, ਹਰਜੋਤ ਸਿੰਘ, ਰਣਜੀਤ ਸਿੰਘ ਹੁਸ਼ਿਆਰਪੁਰ, ਨਰੇਸ਼ ਨੌਰੰਗ ਹਨੂੰਮਾਨਗੜ, ਸੰਜੀਵ ਕਾਲੜਾ ਲੁਧਿਆਣਾ, ਮੁਹੰਮਦ ਆਸੀਮ ਯੂਪੀ ਤੇ ਗੁਰਪ੍ਰੀਤ ਮਾਂਗੇਵਾਲ ਸਮੇਤ ਜੇਲ੍ਹ ਵਾਰਡਨ ਜਗਮੀਤ ਸਿੰਘ ਤੇ ਕੰਟੀਨ ਮਾਲਕ ਤੇਜਿੰਦਰ ਸ਼ਰਮਾ ਸ਼ਾਮਲ ਹਨ। ਇਸੇ ਦੌਰਾਨ ਗੁਰਪ੍ਰੀਤ ਸੇਖੋਂ ਸਮੇਤ 8 ਖ਼ਿਲਾਫ਼ ਸਪਲੀਮੈਂਟਰੀ ਚਲਾਨ ਵੀ ਪੇਸ਼ ਕੀਤਾ ਗਿਆ ਜਦਕਿ ਬਾਕੀਆਂ ਖ਼ਿਲਾਫ਼ ਪਹਿਲਾਂ ਹੀ ਚਲਾਨ ਪੇਸ਼ ਕੀਤਾ ਹੋਇਆ ਸੀ।  ਬਚਾਅ ਪੱਖ ਵੱਲੋਂ ਐਡਵੋਕੇਟ ਬਿਕਰਮਜੀਤ ਭੁੱਲਰ, ਐਸ.ਐਸ. ਸੱਗੂ, ਦਰਸ਼ਨ ਸਿੰਘ ਨਾਭਾ ਤੇ ਹੋਰ ਵਕੀਲ ਮੌਜੂਦ ਸਨ।