ਜੂਨ 1984 ਦੀ ਸਿੱਖ ਨਸਲਕੁਸ਼ੀ ਬਾਰੇ ਤੱਤਸਾਰ ਸੈਮੀਨਾਰ ‘ਚ ਅਹਿਮ ਮਸਲੇ ਵਿਚਾਰੇ

ਜੂਨ 1984 ਦੀ ਸਿੱਖ ਨਸਲਕੁਸ਼ੀ ਬਾਰੇ ਤੱਤਸਾਰ ਸੈਮੀਨਾਰ ‘ਚ ਅਹਿਮ ਮਸਲੇ ਵਿਚਾਰੇ

ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ:
ਜੂਨ 1984 ਵਿਚ ਭਾਰਤ ਦੀ ਕਾਂਗਰਸ ਸਰਕਾਰ ਨੇ ਪੂਰੇ ਪੰਜਾਬ ਨੂੰ ਸਾਰੇ ਸੰਸਾਰ ਨਾਲੋਂ ਕਟਕੇ, ਕਰਫਿਊ ਲਾ ਕੇ ਸ੍ਰੀ ਦਰਬਾਰ ਸਾਹਿਬ ਤੇ 38 ਹੋਰ ਗੁਰਦੁਆਰਿਆਂ ਉਤੇ ਆਪਣੀ ਫੌਜ ਰਾਹੀਂ ਹਮਲਾ ਕਰਵਾ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਵਡੇ ਰੂਪ ਵਿਚ ਮਹਾਂ ਕਤਲੇਆਮ ਕੀਤਾ ਸੀ ਜਿਸ ਨੂੰ ਸਿੱਖ ਨਸਲਕੁਸ਼ੀ ਕਿਹਾ ਜਾਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਤਬਾਹ ਕਰ ਦਿੱਤਾ ਸੀ। ਇਸ ਸੈਮੀਨਾਰ ਲਈ ਵਿਸ਼ੇਸ਼ ਤੌਰ ਤੇ ਬੁਲਾਏ ਗਏ ਤਿੰਨ ਬੁਲਾਰਿਆਂ ਐਥਰੋਪਾਲੋਜਿਸਟ ਡਾ: ਸਿੰਥੀਆਂ ਮਹਿਮੂਦ, ਡਾ: ਕਰਾਮਾਤ ਚੀਮਾ ਤੇ ਬੀਬੀ ਪੂਨੀਤ ਕੌਰ ਖਾਲਸਾ ਸ਼ਾਮਲ ਸਨ।
ਡਾ. ਸਿੰਥੀਆ ਮਹਿਮੂਦ ਜੋ ਸਿੱਖਾਂ ਬਾਰੇ ਇਕ ਬਹੁਤ ਮਸ਼ਹੂਰ ਕਿਤਾਬ, ”ਫਾਈਟਿੰਗ ਫਾਰ ਫੇਥ ਐਂਡ ਨੇਸ਼ਨ” ਕਿਤਾਬ ਦੇ ਲੇਖਕ ਹੋਣ ਤੋਂ ਇਲਾਵਾ ਵਡੇ ਐਂਥਰੋਪਾਲੋਜਿਸਟ (ਸਭਿਆਚਾਰ) ਵਜੋਂ ਪ੍ਰਸਿਧ ਹਨ ਤੇ ਮਨੁੱਖੀ ਅਧਿਕਾਰਾਂ ਬਾਰੇ ਵੀ ਮਾਹਰ ਹਨ ਨੇ ਆਪਣੇ ਸੰਖੇਪ ਵਿਚਾਰਾਂ ਵਿਚ ਸਿੱਖ ਸੰਗਤਾਂ ਤੇ ਕੈਲੇਫੋਰਨੀਆ ਸਟੇਟ ਅਸੈਂਬਲੀ ਵਿਚ ਸੈਨ ਹੋਜ਼ੇ ਤੇ ਮਿਲਪੀਟਸ ਤੋਂ ਡੈਮੋਕਰੇਟਿਕ ਅਸੈਂਬਲੀ ਮੈਂਬਰ ਕੈਨਸਨ ਚੂ ਨੂੰ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਨੇ ਪੰਜਾਬ ਤੇ ਖਾਸ ਤੌਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਕਤਲੇਆਮ ਕੀਤਾ। ਹਜ਼ਾਰਾਂ ਨਿਰਦੋਸ਼ ਸਿੱਖ ਸ਼ਰਧਾਲੂਆਂ, ਜਿਸ ਵਿਚ ਛੋਟੇ ਬੱਚੇ, ਬਜ਼ੁਰਗ, ਨੌਜਵਾਨ, ਬੀਬੀਆਂ ਤੇ ਮੁਟਿਆਰਾਂ ਨੂੰ ਕਤਲ ਕਰ ਦਿਤਾ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਨਾਉਣ ਆਏ ਹੋਏ ਸਨ। ਸੰਤ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਦਰਬਾਰ ਸਾਹਿਬ ਵਿਚੋਂ ਕਢਣ ਦੇ ਬਹਾਨੇ ਪੂਰੀ ਸਿੱਖ ਕੌਮ ਨੂੰ ਸਬਕ ਸਿਖਾਉਣ ਤੇ ਉਨਾਂ ਦਾ ਲੱਕ ਤੋੜਨ ਲਈ ਇਹ ਹਮਲਾ ਕੀਤਾ ਗਿਆ, ਜਿਸ ਲਈ ਵੇਲੇ ਦੀ ਪ੍ਰਧਾਨ ਮੰਤਰੀ ਜ਼ਿਮੇਵਾਰ ਸੀ। ਲੋਕਤੰਤਰੀ ਸਿਸਟਮ ਦੇ ਨਾਮ ਹੇਠ ਸਿੱਖਾਂ ਉਤੇ ਇਹ ਬਹੁਤ ਵਡਾ ਕਹਿਰ ਸੀ ਜੋ ਵੇਲੇ ਦੀ ਸਰਕਾਰ ਨੇ ਕੀਤਾ।
ਇੰਗਲੈਂਡ ਤੋਂ ਆਏ ਦੂਜੇ ਬੁਲਾਰੇ ਡਾ. ਕਰਾਮਾਤ ਚੀਮਾਂ ਨੇ ਦਖਣੀ ਏਸ਼ੀਆ ਦੇ ਦੇਸ਼ਾਂ ਵਿਚ ਮਨੁੱਖੀ ਅਧਿਕਾਰਾਂ ਦੀ ਹਾਲਤ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਚੀਨ, ਬਰਮਾ (ਮਾਇਨਮਾਰ) ਭਾਰਤ ਤੇ ਪਾਕਿਸਤਾਨ ਵਿਚਲੇ ਮਨੁਖੀ ਅਧਿਕਾਰਾਂ ਬਾਰੇ ਚਰਚਾ ਕੀਤੀ। ਭਾਰਤ ਦੀ ਹਾਲਤ ਬਾਰੇ ਉਨਾਂ ਕਿਹਾ ਕਿ ਭਾਰਤ ਵਿਚ ਸਿੱਖਾਂ, ਮੁਸਲਮਾਨਾਂ, ਇਸਾਈਆ, ਬੋਧੀਆਂ, ਜੈਨੀਆਂ, ਆਦਿਵਾਸੀਆਂ ਤੇ ਦਲਿਤ ਲੋਕਾ ਉਤੇ ਹੁੰਦੇ ਜ਼ੁਲਮਾਂ ਬਾਰੇ ਚਾਨਣਾ ਪਾਇਆ। ਭਾਰਤੀ ਸੰਵਿਧਾਨ ਵਿਚ ਵੀ ਸਿੱਖਾਂ, ਬੋਧੀਆਂ ਤੇ ਜੈਨੀਆਂ ਨੂੰ ਵਖਰੇ ਧਰਮ ਵਜੋਂ ਮਾਨਤਾ ਨਹੀਂ ਦਿਤੀ ਗਈ ਤੇ ਉਨਾਂ ਨੂੰ ਹਿੰਦੂ ਧਰਮ ਦੀ ਸ਼ਾਖਾ ਲਿਖਿਆ ਗਿਆ ਹੈ ਜੋ ਕਿ ਸਰਾਸਰ ਬੇਇਨਸਾਫੀ ਹੈ। ਉਨਾਂ ਇਹ ਕਹਿ ਕੇ ਗੱਲ ਮੁਕਾਈ ਕਿ ਭਾਰਤ ਸਰਕਾਰ ਨੇ ਘੱਟ ਗਿਣਤੀਆਂ ਵਿਰੁਧ ਜੰਗ ਛੇਤੀ ਹੋਈ ਹੈ ਤੇ ਉਨਾਂ ਨੂੰ ਭਾਰਤ ਦੇ ਨਕਸ਼ੇ ਤੋਂ ਮਿਟਾਉਣ ਦੀ ਹਰ ਕੋਸ਼ਿਸ ਕੀਤੀ ਜਾ ਰਹੀ ਹੈ। ਬਰਮਾ ਵਿਚ ਵੀ ਮੁਸਲਮਾਨਾ ਦੀ ਨਸਲਕੁਸ਼ੀ ਜਾਰੀ ਹੈ ਤੇ ਹੁਣ ਸੰਯੁਕਤ ਰਾਸ਼ਟਰ ਸੰਘ ਦੇ ਦਖਲ ਨਾਲ ਘਟੀ ਹੈ। ਪਾਕਿਸਤਾਨ ਵਿਚ ਵੀ ਸੁੰਨੀ ਤੇ ਸ਼ੀਆ ਝਗੜੇ ਜਾਰੀ ਹਨ ਤੇ ਮਨੁਖਤਾ ਦਾ ਘਾਣ ਹੋ ਰਿਹਾ ਹੈ। ਚੀਨ ਵਿਚ ਵੀ ਘੱਟ ਗਿਣਤੀਆਂ ਜਿਵੇਂ ਮੁਸਲਮਾਨਾਂ ਨੂੰ ਧਾਰਮਿਕ ਅਜ਼ਾਦੀ ਨਹੀਂ। ਇਸ ਵੇਲੇ ਸਿੱਖ ਤੇ ਮੁਸਲਮਾਨਾਂ ਉਤੇ ਸਭ ਤੋਂ ਵਧ ਜ਼ੁਲਮ ਹੋ ਰਹੇ ਹਨ ਜੋ ਸਰੀਰਕ ਤੇ ਮਾਨਸਿਕ ਤਸ਼ਦੱਦ ਦਾ ਭਾਰੀ ਸ਼ਿਕਾਰ ਬਣਾਏ ਜਾ ਰਹੇ ਹਨ।
ਇਸ ਤੋਂ ਬਾਅਦ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਬੀਬੀ ਪੁਨੀਤ ਕੌਰ ਨੇ ਸਿੱਖ ਨਸਲਘਾਤ ਬਾਰੇ ਆਪਣੇ ਸਟੀਕ ਵਿਚਾਰ ਪੇਸ਼ ਕਰਦਿਆਂ  ਕਿਹਾ ਕਿ ਸਿੱਖਾਂ ਦੇ ਨਸਲਘਾਤ ਦਾ ਮਸਲਾ ਬਹੁਤ ਉਭਰ ਕੇ ਸਾਹਮਣੇ ਆ ਰਿਹਾ ਹੈ ਤੇ ਇਸ ਵਕਤ ਸਭਿਆਚਾਰਕ ਨਸਲਘਾਤ ਦਾ ਹਰ ਢੰਗ ਸਿੱਖਾਂ ਨੂੰ ਖਤਮ ਕਰਨ ਲਈ ਵਰਤਿਆ ਜਾ ਰਿਹਾ ਹੈ, ਧਾਰਮਿਕ ਤੌਰ ਤੇ ਸਿਖਾਂ ਦੇ ਧਰਮ ਨੂੰ ਹਿੰਦੂਆਂ ਵਿਚ ਮਿਲਾਉਣ ਦੀ ਵਡੀ ਕੋਝੀ ਚਾਲ ਚੱਲੀ ਜਾ ਰਹੀ ਹੈ ਤੇ ਸਿੱਖਾਂ ਨੂੰ ਬੁਰੀ ਤਰਾਂ ਸਤਾਇਆ ਜਾ ਰਿਹਾ ਹੈ। ਜਿਸਦੀ ਤਾਜ਼ਾ ਮਿਸਾਲ ਭਾਰਤ ਦੇ ਮੇਘਾਲਿਆ ਰਾਜ ਦੇ ਸ਼ਿਲਾਂਗ ਵਿਚ ਵਾਪਰੀਆ ਘਟਨਾਵਾਂ ਹਨ ਜਿਥੇ ਸਿੱਖਾਂ ਦੇ 700 ਪਰਿਵਾਰਾਂ ਨੂੰ ਘੇਰ ਕੇ ਕਤਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਤੇ ਹੁਣ ਸਿੱਖਾਂ ਕੋਲ ਆਪਣੀ ਪ੍ਰਭੂਸੱਤਾ ਕਾਇਮ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਛੱਡਿਆ ਹੀ ਨਹੀਂ ਗਿਆ। ਤੇ ਵੈਸੇ ਵੀ  ਸਿੱਖਾਂ ਦੇ ਗੁਰੂ ਸਾਹਿਬਾਨ ਨੇ ਹੁਕਮ ਕੀਤਾ ਹੋਇਆ ਹੈ ਕਿ ਜਦ ਸਾਰੇ ਹੀਲੇ ਮੁੱਕ ਜਾਣ ਤਾਂ ਇਨਸਾਫ ਲਈ ਤਲਵਾਰ ਉਠਾ ਕੇ ਆਪਣੀ ਪ੍ਰਭੂਸੱਤਾ ਕਾਇਮ ਕਰਨੀ ਵਡਾ ਇਨਸਾਨੀ ਫਰਜ਼ ਹੈ। ਕਿਸੇ ਦੂਜੇ ਕੋਲੋਂ ਜਾ ਵੇਲੇ ਦੀ ਸਰਕਾਰ ਹੱਥੋਂ ਸਭ ਕੁਝ ਤਬਾਹ ਕਰਵਾ ਲੈਣ ਨਾਲੋਂ ਇਹ ਬੇਹਤਰ ਹੈ ਕਿ ਆਰ ਪਾਰ ਦਾ ਸੰਘਰਸ਼ ਹੀ ਕੀਤਾ ਜਾਵੇ ਤੇ ਜੇ ਸ਼ਹਾਦਤਾਂ ਹੋ ਜਾਣ ਤਾਂ ਇਤਿਹਾਸ ਇਸ ਗੱਲ ਦੀ ਗਵਾਹੀ ਭਰੇਗਾ ਕਿ ਫਲਾਣੀ ਕੌਮ ਸੁੱਤੀ ਪਈ ਨਹੀਂ ਮਾਰੀ ਗਈ  ਬਲਕਿ ਜੱਦੋਜਹਿਦ ਕਰਦਿਆਂ ਬਹਾਦਰੀ ਨਾਲ ਰੁਖਸਤ ਹੋਈ।
ਸੈਮੀਨਾਰ ਦੇ ਅਖੀਰ ਵਿਚ ਅਸੈਂਬਲੀ ਮੈਂਬਰ ਕੈਨਸਨ ਚੂ ਨੇ ਬੋਲਦਿਆਂ ਸਪਸ਼ਟ ਕੀਤਾ ਕਿ ਉਹ ਕਿਸੇ ਉਤੇ ਵੀ ਕਿਸੇ ਕਿਸਮ ਦੇ ਤਸ਼ਦੱਦ ਦੇ ਵਿਰੁਧ ਹਨ ਵਿਚਾਰਾਂ ਦੇ ਅਦਾਨ ਪ੍ਰਦਾਨ ਨਾਲ ਮਸਲੇ ਹੱਲ ਕਰਨ ਨੂੰ ਤਰਜੀਹ ਦੇਂਦੇ ਹਨ। ਉਹ ਕੈਲੈਫੋਰਨੀਆ ਵਿਧਾਨ ਸਭਾ ਵਿਚ ਏਸ਼ੀਆ ਤੇ ਪੈਸੇਫਿਕ ਆਇਲੈਂਡਰ ਕਾਕਸ ਦੇ ਮੈਂਬਰ ਵੀ ਹਨ ਤੇ ਕਿਸੇ ਕਿਸਮ ਦੀ ਨਫਰਤ ਫੈਲਾਉਣ ਵਿਰੁਧ ਹਨ। ਮਨੁਖੀ ਅਧਿਕਾਰਾਂ ਦੀ ਰਖਵਾਲੀ ਉਨਾਂ ਦਾ ਫਰਜ਼ ਹੈ ਤੇ ਉਹ ਇਸ ਵਾਸਤੇ ਕਾਰਜ ਵੀ ਕਰਦੇ ਹਨ। ਉਨਾਂ ਇਸ ਗੱਲ ਤੇ ਤੱਸਲੀ ਪ੍ਰਗਟ ਕੀਤੀ ਕਿ ਅੱਜ ਬੁਲਾਰਿਆ ਨੇ ਉਨਾਂ ਦੇ ਗਿਆਨ ਵਿਚ ਕਾਫੀ ਵਾਧਾ ਕੀਤੀ ਹੈ।
ਅਸੈਂਬਲੀ ਮੈਂਬਰ ਕੈਨਸਨ ਚੂ ਨੇ ਵਿਸ਼ੇਸ਼ ਤੌਰ ਉੱਤੇ ਬਾਹਰੋਂ ਬੁਲਾਈ ਡਾ. ਸਿੰਥੀਆ ਮਹਿਮੂਦ ਤੇ ਡਾ. ਕਰਾਮਾਤ ਚੀਮਾਂ ਨੂੰ ਸਟੇਟ ਅਸੈਂਬਲੀ ਵੱਲੋਂ ਸਨਮਾਨਿਤ ਕੀਤਾ।
ਅਖੀਰ ਵਿਚ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿਚ ਬਣਾਈ ‘ਦ ਬਲੈਕ ਪਰਿੰਸ’ ਫਿਲਮ ਦੇ ਨਿਰਮਾਤਾ ਤੇ ਲੇਖਕ ਸ: ਜਸਜੀਤ ਸਿੰਘ ਨੇ ਆਪਣੀ ਮਸ਼ਹੂਰ ਫਿਲਮ ‘ਦ ਬਲੈਕ ਪਰਿੰਸ’ ਦੀ ਡੀਵੀਡੀ ਕੈਨਸਨ ਚੂ, ਡਾ: ਸਿੰਥੀਆ ਮਹਿਮੂਦ, ਡਾ. ਕਰਾਮਾਤ ਚੀਮਾ ਤੇ ਪੁਨੀਤ ਕੌਰ ਖਾਲਸਾ ਨੂੰ ਭੇਂਟ ਕੀਤੀ। ਖਾਸ ਬੁਲਾਏ ਬੁਲਾਰਿਆਂ ਨੂੰ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਾਂ ਕਾਉਂਕੇ ਦੀ ਧਰਮ ਪਤਨੀ ਬੀਬੀ  ਪ੍ਰੀਤਮ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਸੈਮੀਨਾਰ ਵਿਚ ਸਕਤਰ ਦੀ ਸਫਲ ਭੂਮਿਕਾ ਸਿੱਖ ਅਮੈਰੀਕਨ ਕੰਗਰੈਸ਼ਨਲ ਕਾਕਸ ਦੇ ਬੁਲਾਰੇ ਸ.ਹਰਪ੍ਰੀਤ ਸਿੰਘ ਸੰਧੂ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਨਿਭਾਈ ।
ਇਹ ਇਕ ਸਫਲ ਸੈਮੀਨਾਰ ਸੀ ਜਿਸ ਨੇ 1984 ਦੇ ਘੱਲੂਘਾਰੇ ਦੇ ਜ਼ੁਲਮਾਂ ਦੇ ਹਰ ਪਹਿਲੂ  ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਤੇ ਉਹ ਭਿਆਨਕ ਤੱਥ ਯਾਦ ਕਰਵਾਏ ਜੋ ਕੌਮ ਤੇ ਵਾਪਰੇ ਸਨ ਤੇ ਜੋ ਅੱਜ ਵੀ ਸਿੱਖ ਰੂਹ ਵਿਚ ਤਾਜ਼ਾ ਹਨ।
ਇਸ ਤੋਂ ਇਲਾਵਾ ਬੱਚਿਆਂ ਨੇ ਜੂਨ 1984 ਘੱਲੂਘਾਰੇ ਦੇ ਸਬੰਧ ਵਿਚ ਸ਼ਬਦ ਗਾਇਨ, ਭਾਸ਼ਣ, ਕਵਿਤਾਵਾਂ ਤੇ ਕਵੀਸ਼ਰੀ ਦਾ ਗਾਇਨ ਕੀਤਾ। ਇਸ ਮੌਕੇ 1984 ਘੱਲੂਘਾਰੇ ਨੂੰ ਸਮਰਪਿਤ ਪਰਦਰਸ਼ਨੀ ਵੀ ਲਗਾਈ ਗਈ।
ਅੰਤ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਨੇ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਸੰਗਤਾਂ ਨੂੰ ਉਹਨਾਂ ਨੂੰ ਹਮੇਸ਼ਾਂ ਯਾਦ ਰੱਖਣ ਲਈ ਅਪੀਲ ਕੀਤੀ।