ਸੁਖਬੀਰ ਦੇ ਸੁਖ ਵਿਲਾਸ ਲਈ ਬਾਈਪਾਸ ਨੇ 197 ਪਰਿਵਾਰਾਂ ਨੂੰ ਕੀਤਾ ਬੇ-ਆਵਾਸ

ਸੁਖਬੀਰ ਦੇ ਸੁਖ ਵਿਲਾਸ ਲਈ ਬਾਈਪਾਸ ਨੇ 197 ਪਰਿਵਾਰਾਂ ਨੂੰ ਕੀਤਾ ਬੇ-ਆਵਾਸ

ਚੰਡੀਗੜ੍ਹ/ਬਿਊਰੋ ਨਿਊਜ਼ :
ਚੋਣ ਜ਼ਾਬਤਾ ਲੱਗਣ ਤੋਂ ਮਹਿਜ਼ ਇਕ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ 200 ਫੁੱਟ ਚੌੜੀ ਸੜਕ ਲਈ 100 ਏਕੜ ਤੋਂ ਵੱਧ ਜ਼ਮੀਨ ਐਕੁਆਇਰ ਕਰ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਸੜਕ ਦੇ ਨਿਰਮਾਣ ਲਈ ਕੁੱਲ 197 ਪਰਿਵਾਰਾਂ ਨੂੰ ਹੋਰ ਜਗ੍ਹਾ ਜਾਣਾ ਪਵੇਗਾ।
ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸੜਕ ਨਾਲ ਨਿਊ ਚੰਡੀਗੜ੍ਹ ਨਾਲ ਸੰਪਰਕ ਸੁਧਰੇਗਾ ਪਰ ਅਸਲ ਵਿਚ ਇਹ ਸੜਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਲਗਜ਼ਰੀ ਰੇਸਤਰਾਂ ਸੁੱਖ ਵਿਲਾਸ ਦਾ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਨਾਲ ਸੰਪਰਕ ਸੁਧਾਰੇਗੀ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਨੇ 3 ਜਨਵਰੀ ਨੂੰ ‘ਲੋਕਾਂ ਦੇ ਖਰਚੇ ਉਤੇ ਜਨਤਕ ਕਾਰਜ ਲਈ’ ਅੱਠ ਪਿੰਡਾਂ ਦੀ 112.61 ਏਕੜ ਜ਼ਮੀਨ ਗ੍ਰਹਿਣ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਜ਼ਮੀਨ ‘ਤੇ 200 ਫੁੱਟ ਚੌੜੀ ਸੜਕ ਬਣਾਈ ਜਾਣੀ ਹੈ। ਇਹ ਸੜਕ ਚੰਡੀਗੜ੍ਹ-ਖਰੜ ਹਾਈਵੇਅ ਉਤੇ ਏਅਰਪੋਰਟ ਰੋਡ ਨੇੜੇ ਸਥਿਤ ਪਿੰਡ ਦੇਸੂ ਮਾਜਰਾ ਤੋਂ ਸ਼ੁਰੂ ਹੋਵੇਗੀ। ਇਹ ਸੜਕ ਅੱਠ ਪਿੰਡਾਂ ਨਾਲ ਦੀ ਲੰਘੇਗੀ ਅਤੇ ਪਿੰਡ ਰਾਣੀ ਮਾਜਰਾ ਵਿੱਚ ਖ਼ਤਮ ਹੋਵੇਗੀ, ਜੋ ਨਵੀਂ ਬਣੀ 100 ਫੁੱਟ ਚੌੜੀ ਬੂਥਗੜ੍ਹ-ਨਿਊ ਚੰਡੀਗੜ੍ਹ ਰੋਡ ਉਤੇ ਸਥਿਤ ਹੈ। ਇਹ ਸੜਕ ਕੁਰਾਲੀ-ਚੰਡੀਗੜ੍ਹ ਨਾਲ ਜੁੜਦੀ ਹੈ, ਜੋ ਪਿੰਡ ਪੱਲ੍ਹਣਪੁਰ ਸਥਿਤ ਸੁਖਬੀਰ ਬਾਦਲ ਦੇ ਸੁੱਖ ਵਿਲਾਸ ਨੂੰ ਜਾਂਦੀ ਹੈ।
ਗਮਾਡਾ ਵਿਚਲੇ ਸੂਤਰਾਂ ਮੁਤਾਬਕ ਨਿਊ ਚੰਡੀਗੜ੍ਹ ਨੂੰ ਚੰਡੀਗੜ੍ਹ ਜਾਂ ਪੰਜਾਬ ਨਾਲ ਜੋੜਨ ਲਈ ਪਹਿਲਾਂ ਹੀ ਤਿੰਨ ਸੜਕਾਂ ਹਨ ਅਤੇ ਇਹ ਸੜਕ ਸੁਖਬੀਰ ਬਾਦਲ ਦੇ ਸੁੱਖ ਵਿਲਾਸ ਰੇਸਤਰਾਂ ਤੇ ਹਵਾਈ ਅੱਡੇ ਵਿਚਾਲੇ ਬਿਹਤਰ ਸੰਪਰਕ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀ ਗਈ ਹੈ। ਇਸ ਪ੍ਰਾਜੈਕਟ ਦੇ ਅਸਰ ਮੁਲਾਂਕਣ ਬਾਰੇ ਰਿਪੋਰਟ ਮੁਤਾਬਕ ਇਸ ਸੜਕ ਦੇ ਨਿਰਮਾਣ ਲਈ ਕੁੱਲ 197 ਪਰਿਵਾਰਾਂ ਨੂੰ ਹੋਰ ਜਗ੍ਹਾ ਜਾਣਾ ਪਵੇਗਾ।
ਗੌਰਤਲਬ ਹੈ ਕਿ ਬਾਦਲ-ਓਬਰਾਏ ਦੇ ਉੱਦਮ ‘ਦਿ ਓਬਰਾਏ ਸੁੱਖ ਵਿਲਾਸ ਰਿਜ਼ੋਰਟਜ਼ ਐਂਡ ਸਪਾ’ ਖ਼ਿਲਾਫ਼ ਵਾਤਾਵਰਣ ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤ ਉਤੇ ਕੇਂਦਰੀ ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰਾਲੇ ਦੇ ਖੇਤਰੀ ਦਫ਼ਤਰ ਨੇ ਸੂਬਾਈ ਸਰਕਾਰ ਤੋਂ ਰਿਪੋਰਟ ਮੰਗੀ ਹੈ।
‘ਆਪ’ ਦੇ ਆਰਟੀਆਈ ਵਿੰਗ ਦੇ ਕੋ-ਕਨਵੀਨਰ ਦਿਨੇਸ਼ ਚੱਢਾ ਨੇ ਕਿਹਾ, ‘ਨਿਊ ਚੰਡੀਗੜ੍ਹ ਦਾ ਮਾਸਟਰ ਪਲਾਨ ਬਾਦਲ ਪਰਿਵਾਰ ਦੇ ਵਪਾਰਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਸੁੱਖ ਵਿਲਾਸ ਦੇ ਚੰਡੀਗੜ੍ਹ ਨਾਲ ਬਿਹਤਰ ਸੰਪਰਕ ਲਈ ਇਕ ਸੜਕ ਬਣਾਈ ਗਈ ਸੀ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜਨਤਕ ਕਾਰਜ ਕਰਨ ਬਜਾਏ ਇਨ੍ਹਾਂ ਵੱਲੋਂ ਚਲਾਕੀ ਨਾਲ ਆਪਣੇ ਨਿੱਜੀ ਕੰਮ ਪਹਿਲ ਦੇ ਆਧਾਰ ਉਤੇ ਕਰਾਏ ਗਏ ਹਨ। ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ।’
ਸੜਕ ਦਾ ਹੋਟਲ ਨਾਲ ਕੋਈ ਲੈਣਾ ਦੇਣਾ ਨਹੀਂ: ਵਿਸ਼ਵਜੀਤ ਖੰਨਾ
ਇਸ ਬਾਰੇ ਐਡੀਸ਼ਨਲ ਚੀਫ ਸੈਕਟਰੀ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਜ਼ਮੀਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਤਿੰਨ ਮਹੀਨੇ ਪਹਿਲਾਂ ਪ੍ਰਾਜੈਕਟ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਰਿਪੋਰਟ ਤਿਆਰ ਕਰਨ ਨਾਲ ਸ਼ੁਰੂ ਹੋਈ ਸੀ। ਨੋਟੀਫਿਕੇਸ਼ਨ ਜਾਰੀ ਕਰਨ ਦੇ ਸਮੇਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 3 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਸਕਦਾ ਸੀ ਕਿ 4 ਜਨਵਰੀ ਨੂੰ ਜ਼ਾਬਤਾ ਲੱਗ ਜਾਵੇਗਾ। ਸੁੱਖ ਵਿਲਾਸ ਦੇ ਏਅਰਪੋਰਟ ਨਾਲ ਬਿਹਤਰ ਸੰਪਰਕ ਤੋਂ ਬਿਨਾਂ ਇਸ ਸੜਕ ਦੇ ਹੋਰ ਫਾਇਦਿਆਂ ਬਾਰੇ ਪੁੱਛਣ ‘ਤੇ ਸ੍ਰੀ ਖੰਨਾ ਨੇ ਕਿਹਾ ਕਿ ਇਸ ਸੜਕ ਦਾ ਹੋਟਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਥੇ ਇਹ ਸੜਕ ਖਤਮ ਹੁੰਦੀ ਹੈ ਹੋਟਲ ਉਸ ਤੋਂ ਛੇ ਕਿਲੋਮੀਟਰ ਅੱਗੇ ਹੈ। ਇਸ ਸੜਕ ਦਾ ਨਿਊ ਚੰਡੀਗੜ੍ਹ ਦੀ ਟਾਊਨਸ਼ਿਪ ਨੂੰ ਵੱਡਾ ਲਾਹਾ ਮਿਲੇਗਾ ਅਤੇ ਗਮਾਡਾ ਦੇ ਇਸੇ ਇਲਾਕੇ ਵਿਚ ਤਿੰਨ ਟਾਊਨਸ਼ਿਪ ਪ੍ਰਾਜੈਕਟ ਹਨ।