ਕੈਪਟਨ ਅਮਰਿੰਦਰ 16 ਮਾਰਚ ਨੂੰ ਚੁੱਕਣਗੇ ਮੁੱਖ ਮੰਤਰੀ ਵਜੋਂ ਸਹੁੰ

ਕੈਪਟਨ ਅਮਰਿੰਦਰ 16 ਮਾਰਚ ਨੂੰ ਚੁੱਕਣਗੇ ਮੁੱਖ ਮੰਤਰੀ ਵਜੋਂ ਸਹੁੰ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਰਿਕਾਰਡਤੋੜ ਫ਼ਰਕ ਨਾਲ ਵਿਧਾਇਕ ਬਣੇ ਕੈਪਟਨ ਅਮਰਿੰਦਰ ਸਿੰਘ 16 ਮਾਰਚ ਨੂੰ ਸਵੇਰੇ ਦਸ ਵਜੇ ਆਪਣੇ ਵਜ਼ਾਰਤੀ ਸਾਥੀਆਂ ਨਾਲ ਸਹੁੰ ਚੁੱਕਣਗੇ। ਪਰ ਉਨ੍ਹਾਂ ਦੇ ਵਜ਼ਾਰਤ ਸਾਥੀਆਂ ਦੀ ਗਿਣਤੀ ਅਜੇ ਤੈਅ ਕੀਤੀ ਜਾਣੀ ਹੈ। ਇਥੇ ਪੰਜਾਬ ਕਾਂਗਰਸ ਭਵਨ ਵਿੱਚ ਕਾਂਗਰਸ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਹੋਈ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਦੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਣ ਲਈ ਇਕ ਲਾਈਨ ਦਾ ਮਤਾ ਪੇਸ਼ ਕੀਤਾ, ਜਿਸ ਦੀ ਤਈਦ ਕਾਂਗਰਸ ਵਿਧਾਇਕ ਦਲ ਦੇ ਤਤਕਾਲੀ ਨੇਤਾ ਚਰਨਜੀਤ ਸਿੰਘ ਚੰਨੀ ਨੇ ਕੀਤੀ। ਇਸ ਬਾਅਦ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਫੋਨ ‘ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਵਿਧਾਇਕਾਂ  ਦੇ  ਫ਼ੈਸਲੇ ਤੋਂ ਜਾਣੁ ਕਰਾਇਆ ਤਾਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕ ਦਲ ਦਾ ਆਗੂ ਬਣਾਉਣ ਦਾ ਪ੍ਰਸਤਾਵ ਰੱਖਿਆ। ਇਹ ਤਜਵੀਜ਼ ਵਿਧਾਇਕਾਂ ਅੱਗੇ ਰੱਖੀ ਗਈ ਤਾਂ ਉਨ੍ਹਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਇਸ ਨੂੰ ਕਬੂਲ ਕਰ ਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਦਲ ਦੇ ਨੇਤਾ ਬਣ ਗਏ।
ਸ੍ਰੀ ਚੰਨੀ ਨੇ ਸੂਬੇ ਦੇ ਲੋਕਾਂ ਦਾ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦੇਣ ਲਈ ਧੰਨਵਾਦ ਕੀਤਾ। ਵਿਧਾਇਕ ਦਲ ਦੀ ਮੀਟਿੰਗ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਸਹਾਇਕ ਇੰਚਾਰਜ ਹਰੀਸ਼ ਰਾਵਤ ਹਾਜ਼ਰ ਸਨ। ਇਸ ਬਾਅਦ ਕੈਪਟਨ ਅਮਰਿੰਦਰ, ਤਿੰਨੇ ਕੇਂਦਰੀ ਆਗੂ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨੂੰ ਮਿਲਣ ਰਾਜ ਭਵਨ ਗਏ ਅਤੇ ਕੈਪਟਨ ਨੇ ਕਾਂਗਰਸ ਪਾਰਟੀ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਨੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਮੁਬਾਰਕਬਾਦ ਦਿੰਦਿਆਂ ਕੈਪਟਨ ਅਮਰਿੰਦਰ ਨੂੰ ਸਰਕਾਰ ਬਣਾਉਣ ਲਈ ਰਸਮੀ ਸੱਦਾ ਦਿੱਤਾ। ਕੈਪਟਨ ਨੇ ਰਾਜਪਾਲ ਨੂੰ ਮਿਲਣ ਬਾਅਦ ਦੱਸਿਆ ਕਿ ਉਨ੍ਹਾਂ ਦੀ ਸਰਕਾਰ 16 ਮਾਰਚ ਨੂੰ ਸਵੇਰੇ ਦਸ ਵਜੇ ਸਹੁੰ ਚੁੱਕੇਗੀ ਪਰ ਉਨ੍ਹਾਂ ਨੇ ਸਰਕਾਰ ਵਿਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੀ ਗਿਣਤੀ ਨਹੀਂ ਦੱਸੀ।
ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੀ 14 ਮਾਰਚ ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਹੋ ਰਹੀ ਹੈ, ਜਿਸ ਵਿਚ ਮੰਤਰੀਆਂ ਦੀ ਗਿਣਤੀ ਅਤੇ ਹੋਰ ਅਹਿਮ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ। ਨਵੇਂ ਚੁਣੇ ਕਾਂਗਰਸੀ ਵਿਧਾਇਕ ਆਪਣੇ ਹਮਾਇਤੀਆਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਸੈਕਟਰ-15 ਵਿੱਚ ਦੁਪਹਿਰੇ ਆਉਣੇ ਸ਼ੁਰੂ ਹੋ ਗਏ ਸਨ। ਕਾਂਗਰਸ ਭਵਨ ਬਾਹਰ ਤੇ ਆਸ ਪਾਸ ਮੇਲੇ ਵਰਗਾ ਮਾਹੌਲ ਸੀ।
14ਵੀਂ ਪੰਜਾਬ ਵਿਧਾਨ ਸਭਾ ਭੰਗ :
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ 14 ਵੀਂ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਤਰੀ ਮੰਡਲ ਦੇ ਫੈਸਲੇ ਮੁਤਾਬਕ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਸ਼ ਕੀਤੀ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਰਾਜਪਾਲ ਨੂੰ ਸੌਂਪਿਆ। ਰਾਜਪਾਲ ਨੇ ਸ੍ਰੀ ਬਾਦਲ ਨੂੰ ਅਗਲੇ ਹੁਕਮਾਂ ਤੱਕ ਕੰਮ ਚਲਾਊ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣ ਲਈ ਕਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ 16 ਮਾਰਚ ਨੂੰ ਹਲਫ਼ ਲਿਆ ਜਾਵੇਗਾ। ਰਾਜ ਭਵਨ ਨੇ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਵੀ ਆਰੰਭ ਕਰ ਦਿੱਤੀਆਂ ਹਨ। ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦਾ ਹਰ ਪੱਖੋਂ ਵਿਕਾਸ ਅਤੇ ਅਮਨ-ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਦਿੱਤੇ ਸਹਿਯੋਗ ਬਦਲੇ ਮੁੱਖ ਮੰਤਰੀ ਨੇ ਆਪਣੇ ਸਾਰੇ ਸਹਿਯੋਗੀ ਮੰਤਰੀਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਲੋਕਾਂ ਦਾ ਧੰਨਵਾਦ ਵੀ ਕੀਤਾ। ਮੀਟਿੰਗ ਦੌਰਾਨ ਸੂਬੇ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਡਟ ਕੇ ਪਹਿਰਾ ਦੇਣ ਵਾਸਤੇ ਨਵੀਂ ਸਰਕਾਰ ਨੂੰ ਪੂਰਨ ਸਹਿਯੋਗ ਦਾ ਵੀ ਵਿਸ਼ਵਾਸ ਦਿਵਾਇਆ।
ਆਰਥਿਕ ਦਸ਼ਾ ਸੁਧਾਰਨ ‘ਤੇ ਜ਼ੋਰ :
ਕਾਂਗਰਸ ਸਰਕਾਰ ਦੇ ਸੰਭਾਵੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਬਾਰੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੂਬੇ ਦੀ ਆਰਥਿਕ ਦਸ਼ਾ ਸੁਧਾਰਨ ਲਈ ਆਮਦਨ ਵਧਾਉਣੀ ਤੇ ਖਰਚੇ ਘਟਾਉਣੇ ਪੈਣਗੇ। ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ  ਸਾਰੇ ਵਾਅਦੇ ਪੂਰੇ ਕਰੇਗੀ। ਵਿਧਾਇਕ ਕੁਲਜੀਤ ਨਾਗਰਾ ਅਤੇ ਡਾ. ਰਾਜ ਕੁਮਾਰ ਵੇਰਕਾ ਟੀਵੀ ਚੈਨਲਾਂ ਨੂੰ ਇੰਟਰਵਿਊ ਦੇਣ ਵਿਚ ਰੁਝੇ ਰਹੇ। ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਆਪਣੇ ਵਿਧਾਇਕ ਪੁੱਤਰ ਰਾਜਿੰਦਰ ਸਿੰਘ ਅਤੇ ਗੁਰਚੇਤ ਸਿੰਘ ਭੁੱਲਰ ਵੀ ਆਪਣੇ ਵਿਧਾਇਕ ਪੁੱਤਰ ਸੁਖਪਾਲ ਭੁੱਲਰ ਨਾਲ ਆਏ ਸਨ।
ਨਵਜੋਤ ਸਿੰਘ ਸਿੱਧੂ ਮੀਡੀਆ ਤੋਂ ਰਹੇ ਦੂਰ:
ਨਵਜੋਤ ਸਿੰਘ ਸਿੱਧੂ ਮੀਡੀਆ ਤੋਂ ਬਚਣ ਲਈ ਕਿਸੇ ਹੋਰ ਰਸਤੇ ਕਾਂਗਰਸ ਭਵਨ ਵਿੱਚ ਦਾਖ਼ਲ ਹੋਏ। ਪਰਗਟ ਸਿੰਘ, ਤ੍ਰਿਪਤ ਰਾਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ ਤੇ ਸੁੱਖ ਸਰਕਾਰੀਆ ਮੀਟਿੰਗ ਖਤਮ ਹੁੰਦੇ ਸਾਰ ਇਕੱਠੇ ਹੀ ਕਿਸੇ ਪਾਸੇ ਚਲੇ ਗਏ। ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੀ ਕਾਂਗਰਸ ਭਵਨ ਦੇ ਗੇਟ ‘ਤੇ ਤਾਇਨਾਤ ਸੁਰੱਖਿਆ ਅਮਲੇ ਨਾਲ ਤਲਖਕਲਾਮੀ ਹੋ ਗਈ।
ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਮੰਤਰੀ ਲੈਣ ਲਈ ਫਾਰਮੂਲਾ ਤੈਅ ਕੀਤਾ ਜਾ ਰਿਹਾ ਹੈ। ਕੈਬਨਿਟ ਵਿੱਚ ਸੂਬੇ ਦੇ ਤਿੰਨਾਂ ਖਿੱਤਿਆਂ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰੀ ਤੇ ਪੇਂਡੂ ਖੇਤਰਾਂ ਨੂੰ ਨੁਮਾਇੰਗੀ ਵਿਚ ਸੰਤੁਲਨ ਰੱਖਿਆ ਜਾਵੇਗਾ। ਚੁਣੇ ਹੋਏ ਵਿਧਾਇਕਾਂ ਦੀ ਸੀਨੀਆਰਤਾ ਦਾ ਵੀ ਖਿਆਲ ਰੱਖਿਆ ਜਾਵੇਗਾ ਅਤੇ ਖਾਸ ਤੌਰ ‘ਤੇ ਦਲਿਤਾਂ ਤੇ ਔਰਤਾਂ ਨੂੰ ਲੋੜੀਦੀਂ ਨੁਮਾਇੰਦਗੀ ਦਿੱਤੀ ਜਾਵੇਗੀ। ਮੰਤਰੀ ਬਣਨ ਵਾਲਿਆਂ ਵਿੱਚ ਇਸ ਵੇਲੇ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਰਾਜਕੁਮਾਰ ਵੇਰਕਾ, ਚਰਨਜੀਤ ਸਿੰਘ ਚੰਨੀ, ਹਰਦਿਆਲ ਕੰਬੋਜ, ਸਾਧੂ ਸਿੰਘ ਧਰਮਸੋਤ, ਬ੍ਰਹਮ ਮਹਿੰਦਰਾ, ਸੁਰਿੰਦਰ ਡਾਵਰ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਤ੍ਰਿਪਤ ਰਾਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਰਾਣਾ ਗੁਰਮੀਤ ਸੋਢੀ, ਬਲਬੀਰ ਸਿੰਘ ਸਿੱਧੂ, ਕੁਲਜੀਤ ਨਾਗਰਾ, ਵਿਜੇਇੰਦਰ ਸਿੰਗਲਾ ਦੇ ਨਾਂ ਸ਼ਾਮਲ ਮੰਨੇ ਜਾ ਰਹੇ ਹਨ।

ਕੈਪਟਨ ਨੂੰ ਸਿਟੀ ਸੈਂਟਰ ਘੁਟਾਲੇ ‘ਚੋਂ ਮਿਲੀ ਰਾਹਤ
ਚੰਡੀਗੜ੍ਹ/ਬਿਊਰੋ ਨਿਊਜ਼ :
ਗਿਆਰਾਂ ਸੌ ਚੁਤਾਲੀ ਕਰੋੜ ਰੁਪਏ ਦੇ ਕਥਿਤ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ  ਕੈਪਟਨ ਅਮਰਿੰਦਰ ਸਿੰਘ ਨੂੰ ਰਾਹਤ ਮਿਲ ਗਈ ਹੈ ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਨਵੇਂ ਸਾਹਮਣੇ ਆਏ ਸਬੂਤਾਂ ਦੇ ਆਧਾਰ ਉਤੇ ਕੇਸ ਦੇ ਤੱਥਾਂ ਅਤੇ ਅੰਕੜਿਆਂ ਨੂੰ ਨਵੇਂ ਸਿਰਿਓਂ ਵਿਚਾਰਨਾ ਸ਼ੁਰੂ ਕਰ ਦਿੱਤਾ ਹੈ। ਇਹ ਘੁਟਾਲਾ ਦਸ ਸਾਲ ਪਹਿਲਾਂ ਸਾਹਮਣੇ ਆਇਆ ਸੀ। ਇਹ ਮਾਮਲਾ ਲੁਧਿਆਣਾ ਦੀ ਇੱਕ ਅਦਾਲਤ ਵਿੱਚ ਵਿਚਾਰ ਅਧੀਨ ਹੈ, ਜਿਸ ਵਿੱਚ ਮੁਲਜ਼ਮਾਂ ਵਿਰੁੱਧ ਹਾਲੇ ਦੋਸ਼ ਆਇਦ ਕੀਤੇ ਜਾਣੇ ਹਨ। ਵਿਜੀਲੈਂਸ ਬਿਊਰੋ ਨੇ ਦਸੰਬਰ 2007 ਵਿੱਚ ਅਦਾਲਤ ਵਿਚ 130 ਸਫਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ ਜਿਸ ਵਿੱਚ ਕੈਪਟਨ ਸਮੇਤ 35 ਹੋਰਨਾਂ ਦੇ ਨਾਂਅ ਸ਼ਾਮਲ ਸਨ। ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਐਲਾਨੇ ਜਾਣ ਤੋਂ ਕੁੱਝ ਦਿਨ ਪਹਿਲਾਂ ਕੁੱਝ ਵਿਅਕਤੀਆਂ ਵੱਲੋਂ ਪਾਈ ਅਰਜ਼ੀ ਦੇ ਅਧਾਰ ਉੱਤੇ ਇਸ ਕੇਸ ਦਾ ਮੁੜ ਜਾਇਜ਼ਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ  ਪਹਿਲਾਂ ਪੱਖ ਠੀਕ ਤਰ੍ਹਾਂ ਨਹੀ ਸੁਣਿਆ ਗਿਆ। ਪਿਛਲੇ ਸਾਲ ਵਿਜੀਲੈਂਸ ਬਿਊਰੋ ਨੇ ਕਥਿਤ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਦਾ ਕੇਸ ਬੰਦ ਕੀਤੇ ਜਾਣ ਸਬੰਧੀ ਰਿਪੋਰਟ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤੀ ਸੀ।
ਸੂਤਰਾਂ ਅਨੁਸਾਰ ਇਸ ਪੜਾਅ ਉੱਤੇ ਮੁੜ ਜਾਇਜ਼ਾ ਲੈਣ ਦਾ ਮਤਲਬ ਮੁਲਜ਼ਮਾਂ ਨੂੰ ਕਲੀਨ ਚਿੱਟ ਦੇਣਾ ਹੈ। ਵਿਵਾਦਗ੍ਰਸਤ ਲੁਧਿਆਣਾ ਪ੍ਰਾਜੈਕਟ 2003 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਐਲਾਨਿਆ ਗਿਆ ਸੀ ਅਤੇ 2006 ਵਿੱਚ ਸ਼ੁਰੂ ਹੋਇਆ ਸੀ।  ਇਸ ਨੂੰ ਏਸ਼ੀਆ ਦਾ ਚੌਥਾ ਵੱਡਾ ਪ੍ਰਾਜੈਕਟ ਕਿਹਾ ਗਿਆ ਸੀ। ਦੋਸ਼ ਇਹ ਲੱਗੇ ਸਨ ਕਿ ਟੂਡੇ ਹੋਮਜ਼ ਦੇ ਹੱਕ ਵਿੱਚ ਨਿਯਮਾਂ ਵਿੱਚ ਤਬਦੀਲੀਆਂ ਕਰਵਾਉਣ ਲਈ ਕਾਂਗਰਸੀ ਆਗੂਆਂ ਨੇ ਕਥਿਤ ਇੱਕ ਅਰਬ ਰੁਪਏ ਰਿਸ਼ਵਤ ਵਜੋਂ ਲਏ ਸਨ।