ਪਾਕਿਸਤਾਨ ‘ਚ ਦੋ ਵੱਖੋ-ਵੱਖ ਚੋਣ ਰੈਲੀਆਂ ‘ਚ ਹੋਏ ਬੰਬ ਧਮਾਕਿਆਂ ਨਾਲ ਕਰੀਬ 133 ਜਣਿਆਂ ਦੀ ਮੌਤ

ਪਾਕਿਸਤਾਨ ‘ਚ ਦੋ ਵੱਖੋ-ਵੱਖ ਚੋਣ ਰੈਲੀਆਂ ‘ਚ ਹੋਏ ਬੰਬ ਧਮਾਕਿਆਂ ਨਾਲ ਕਰੀਬ 133 ਜਣਿਆਂ ਦੀ ਮੌਤ

ਨਵਾਜ਼ ਸ਼ਰੀਫ ਦੀ ਗ੍ਰਿਫਤਾਰੀ ਤੋਂ ਬਾਅਦ ਤਣਾਅ ਦਾ ਮਾਹੌਲ

ਕੈਪਸ਼ਨ : ਕੋਇਟਾ ਦੇ ਹਸਪਤਾਲ ਵਿਚ ਗਲੂਕੋਜ਼ ਦੀ ਬੋਤਲ ਹੱਥ ਵਿਚ ਫੜੀਂ ਹਸਪਤਾਲ ਦਾਖਲ ਹੋਣ ਲਈ ਆ ਰਿਹਾ ਜ਼ਖ਼ਮੀ।

ਪਿਸ਼ਾਵਰ/ਕਰਾਚੀ/ਬਿਊਰੋ ਨਿਊਜ਼ :

ਪਾਕਿਸਤਾਨ ਵਿਚ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ ਤੋਂ ਪਹਿਲਾਂ ਦੋ ਵੱਖ ਵੱਖ ਰੈਲੀਆਂ ਵਿਚ ਹੋਏ ਬੰਬ ਧਮਾਕਿਆਂ ਨਾਲ ਕਰੀਬ 133 ਵਿਅਕਤੀ ਮਾਰੇ ਗਏ ਹਨ। ਇਨ੍ਹਾਂ ਵਿੱਚ ਅਵਾਮੀ ਲੀਗ ਦਾ ਉਮੀਦਵਾਰ ਸਿਰਾਜ ਰਾਏਸਾਨੀ ਵੀ ਸ਼ਾਮਲ ਹੈ। ਇਸ ਦੌਰਾਨ ਕਰੀਬ 125 ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।
ਕਰਾਚੀ ਤੋਂ ਪ੍ਰਾਪਤ ਖਬਰਾਂ ਮੁਤਾਬਕ ਬਲੋਚਿਸਤਾਨ ਸੂਬੇ ਵਿਚ ਅਵਾਮੀ ਲੀਗ ਪਾਰਟੀ ਦੀ ਮਸਤੁੰਗ ਜ਼ਿਲ੍ਹੇ ਵਿਚ ਦੇਰੇਨਗੜ੍ਹ ਇਲਾਕੇ ਵਿਚ ਰੈਲੀ ਨੂੰ ਅਤਿਵਾਦੀਆਂ ਨੇ ਨਿਸ਼ਾਨਾ ਬਣਾਇਆ ਤੇ ਰੈਲੀ ਸਥਾਨ ਨੇੜੇ ਫਟੇ ਬੰਬ ਕਾਰਨ 85 ਵਿਅਕਤੀ ਮਾਰੇ ਗਏ ਅਤੇ 150 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਅਯੂਬ ਅਚਾਕਜ਼ਈ ਨੇ ਦਿੱਤੀ । ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਪਹਿਲਾਂ ਮ੍ਰਿਤਕਾਂ ਦੀ ਗਿਣਤੀ ਘੱਟ ਸੀ ਪਰ ਅਨੇਕਾਂ ਜ਼ਖ਼ਮੀ ਹਸਪਤਾਲ ਵਿਚ ਜਾ ਕੇ ਦਮ ਤੋੜ ਗਏ। ਸੀਨੀਅਰ ਕੌਮੀ ਆਗੂ ਨਵਾਬਜ਼ਾਦਾ ਸਿਰਾਜ ਰਾਏਸਾਨੀ ਹਸਪਤਾਲ ਲੈ ਕੇ ਜਾਂਦੇ ਸਮੇਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਹੈ। ਬਲੋਚਿਸਤਾਨ ਦੇ ਸਿਹਤ ਮੰਤਰੀ ਫੈਜ਼ ਕੱਕੜ ਅਤੇ ਮਸਤੁੰਗ ਦੇ ਡਿਪਟੀ ਕਮਿਸ਼ਨਰ ਹਬੀਬ ਬਲੌਚ ਨੇ ਰਾਏਸਾਨੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਨਵਾਬ ਅਸਲਮ ਰਾਏਸਾਨੀ ਦਾ ਭਰਾ ਸੀ। ਜ਼ਖ਼ਮੀਆਂ ਨੂੰ ਕੋਇਟਾ ਦੇ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।
ਇਸ ਦੌਰਾਨ ਪਿਸ਼ਾਵਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰੀ ਪੱਛਮੀ ਪਾਕਿਸਤਾਨ ਵਿਚ ਇਕ ਇਸਲਾਮਿਕ ਪਾਰਟੀ ਦੇ ਆਗੂ ਦੇ ਕਾਫ਼ਲੇ ਉੱਤੇ ਕੀਤੇ ਗਏ ਬੰਬ ਹਮਲੇ ਵਿਚ 5 ਵਿਅਕਤੀ ਮਾਰੇ ਗਏ ਅਤੇ 37 ਜ਼ਖ਼ਮੀ ਹੋ ਗਏ। ਪਾਕਿਸਤਾਨ ਵਿਚ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ ਤੋਂ ਪਹਿਲਾਂ ਕਿਸੇ ਰਾਜਸੀ ਰੈਲੀ ਉੱਤੇ ਇਹ ਤੀਜਾ ਹਮਲਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਖੈਬਰ ਪਖ਼ਤੂਨਵਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਜਮਾਤ ਉਲੇਮਾ ਏ ਇਸਲਾਮ ਫਾਜ਼ਲ ਦੇ ਸੀਨੀਅਰ ਆਗੂ ਅਕਬਰ ਦੁਰਾਨੀ ਨੂੰ ਇਸ ਹਮਲੇ ਵਿਚ ਮਾਮੂਲੀ ਜ਼ਖ਼ਮ ਆਏ ਹਨ। ਇਹ ਹਮਲਾ ਖ਼ੈਬਰ ਪਖ਼ਤੂਨਵਾ ਸੂਬੇ ਵਿਚ ਉੱਤਰੀ ਵਜ਼ੀਰਸਤਾਨ ਜ਼ਿਲ੍ਹੇ ਦੇ ਨਾਲ ਪੈਂਦੇ ਬੰਨੂ ਜ਼ਿਲ੍ਹੇ ਵਿਚ ਹੋਇਆ। ਬੰਬ ਇੱਕ ਮੋਟਰ ਸਾਈਕਲ ਵਿਚ ਫਿੱਟ ਕੀਤਾ ਹੋਇਆ ਸੀ ਅਤੇ ਇਹ ਦੁਰਾਨੀ ਦੇ ਵਾਹਨ ਦੇ ਨੇੜੇ ਫਟ ਗਿਆ। ਦੁਰਾਨੀ ਇੱਥੋਂ ਪਾਕਿਸਤਾਨ ਦੀਆਂ ਕੱਟੜਵਾਦੀ ਇਸਲਾਮਕ ਪਾਰਟੀਆਂ ਦੇ ਰਾਜਸੀ ਗੱਠਜੋੜ ਮੁਤਾਹਿਦਾ ਮਜਲਿਸ ਏ ਆਮਾਲ (ਐੱਮਐੱਮਏ) ਦਾ ਉਮੀਦਵਾਰ ਹੈ। ਸ੍ਰੀ ਦੁਰਾਨੀ ਜਦੋਂ ਚੋਣ ਰੈਲੀ ਤੋਂ ਪਰਤ ਰਹੇ ਸਨ ਤਾਂ ਉਨ੍ਹਾਂ ਦੇ ਵਾਹਨ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਬੰਨੂ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੰਬ ਧਮਾਕਾ ਰੈਲੀ ਵਾਲੀ ਥਾਂ ਦੇ ਨੇੜੇ ਹੀ ਹੋਇਆ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਇਨ੍ਹਾਂ ਵਿਚੋਂ ਪੰਜ ਦੀ ਹਾਲਤ ਗੰਭੀਰ ਹੈ। ਦੁਰਾਨੀ, ਕ੍ਰਿਕਟਰ ਤੋਂ ਰਾਜਸੀ ਆਗੂ ਬਣੇ ਇਮਰਾਨ ਖਾਨ ਵਿਰੁੱਧ ਚੋਣ ਲੜ ਰਿਹਾ ਹੈ।
ਉਧਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਧੀ ਮਰੀਅਮ ਨਵਾਜ਼ ਨੂੰ ਲੰਡਨ ਤੋਂ ਵਤਨ ਆਉਂਦਿਆਂ ਹੀ ਲਾਹੌਰ ਹਵਾਈ ਅੱਡੇ ਉਤੇ ਗ੍ਰਿਫ਼ਤਾਰ ਕਰ ਲੈਣ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਦੋਵਾਂ ਪਿਉ-ਧੀ ਦੇ ਪਾਸਪੋਰਟ ਮੁਲਕ ਦੀ ਕੌਮੀ ਜਵਾਬਦੇਹੀ ਬਿਊਰੋ (ਐਨਏਬੀ) ਦੇ ਅਧਿਕਾਰੀਆਂ ਨੇ ਜ਼ਬਤ ਕਰ ਲਏ ਹਨ। ਇੱਥੋਂ ਉਨ੍ਹਾਂ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਸਲਾਮਾਬਾਦ ਲੈ ਜਾਇਆ ਗਿਆ ਜਿੱਥੇ ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਲਾਜ਼ਮੀ ਨੇ ਨਿੱਜੀ ਪੇਸ਼ੀ ਤੋਂ ਬਿਨਾ ਹੀ ਉਨ੍ਹਾਂ ਦੇ ਜੁਡੀਸ਼ੀਅਲ ਵਾਰੰਟ ਜਾਰੀ ਕਰ ਦਿੱਤੇ, ਕਿਉਂਕਿ ਐਨਏਬੀ ਨੇ ਸੁਰੱਖਿਆ ਕਾਰਨਾਂ ਕਰ ਕੇ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। ਬਾਅਦ ਵਿਚ ਜੱਜ ਨੇ ਇਸਲਾਮਾਬਾਦ ਦੇ ਮੈਜਿਸਟਰੇਟ ਨੂੰ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਰਜ ਕਰਨ ਤੇ ਐਨਏਬੀ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਹਵਾਲੇ ਕਰਨ ਦੀ ਇਜਾਜ਼ਤ ਦੇਣ ਦੀ ਜ਼ਿੰਮੇਵਾਰੀ ਸੌਂਪੀ। ਇਸ ਪਿੱਛੋਂ ਸ੍ਰੀ ਸ਼ਰੀਫ਼ ਨੂੰ ਰਾਵਲਪਿੰਡੀ ਦੀ ਅਡਿਆਲਾ ਸਥਿਤ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ, ਜਦੋਂਕਿ ਬੀਬੀ ਮਰੀਅਮ ਨੂੰ ਇਸਲਾਮਾਬਾਦ ਦੇ ਬਾਹਰਵਾਰ ਸਿਹਾਲਾ ਰੈਸਟ ਹਾਊਸ ਵਿਚ ਰੱਖਣ ਦਾ ਫ਼ੈਸਲਾ ਲਿਆ ਗਿਆ। ਇਸ ਮਕਸਦ ਲਈ ਰੈਸਟ ਹਾਊਸ ਨੂੰ ਸਬ ਜੇਲ੍ਹ ਦਾ ਦਰਜਾ ਦੇ ਕੇ ਉਥੋਂ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ।
ਉਨ੍ਹਾਂ ਦੀ ਗ੍ਰਿਫ਼ਤਾਰੀ ਹੁੰਦੇ ਸਾਰ ਲਾਹੌਰ ਦੀਆਂ ਸੜਕਾਂ ‘ਤੇ ਲੋਕਾਂ ਦਾ ਹਜੂਮ ਆ ਗਿਆ, ਜਿਸ ਕਾਰਨ ਕਈ ਥਾਈਂ ਭੰਨ-ਤੋੜ ਅਤੇ ਸੁਰੱਖਿਆ ਨਾਲ ਹੱਥੋਪਾਈ ਹੋਈ। ਇਸ ਕਾਰਨ ਪਾਕਿਸਤਾਨ   ਮੁਸਲਿਮ ਲੀਗ (ਨਵਾਜ਼) ਦੇ ਕਈ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਪੰਜਾਬ ਵਿਚ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ। ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ 10 ਹਜ਼ਾਰ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਸਨ।
ਗ਼ੌਰਤਲਬ ਹੈ ਕਿ ਸ੍ਰੀ ਸ਼ਰੀਫ਼ (68) ਤੇ ਮਰੀਅਮ (44) ਨੂੰ ਦੇਸ਼ ਦੀ ਭ੍ਰਿਸ਼ਟਾਚਾਰ-ਰੋਕੂ ਅਦਾਲਤ ਨੇ ਬੀਤੀ 6 ਜੁਲਾਈ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ ਦਿੰਦਿਆਂ ਕ੍ਰਮਵਾਰ ਦਸ ਤੇ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਹ ਦੋਵੇਂ ਪਿਉ-ਧੀ ਇਤਿਹਾਦ ਏਅਰਵੇਜ਼ ਦੀ ਉਡਾਣ ਰਾਹੀਂ ਅਬੂ ਧਾਬੀ ਤੋਂ ਲਾਹੌਰ ਦੇ ਅੱਲਾਮਾ ਇਕਬਾਲ ਹਵਾਈ ਅੱਡੇ ਉਤੇ ਉਤਰੇ। ਉਨ੍ਹਾਂ ਦਾ ਜਹਾਜ਼ ਹਵਾਈ ਅੱਡੇ ਉਤੇ ਪੁੱਜਣ ਤੋਂ ਪਹਿਲਾਂ ਹੀ ਐਨਏਬੀ, ਜਿਹੜੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਦੀ ਹੈ, ਦੇ ਅਹਿਲਕਾਰ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਲਈ ਪੁੱਜੇ ਹੋਏ ਸਨ। ਉਨ੍ਹਾਂ ਨੂੰ ਹਵਾਈ ਅੱਡੇ ਤੋਂ ਜੇਲ੍ਹ ਪਹੁੰਚਾਉਣ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਗਿਆ ਸੀ, ਤਾਂ ਕਿ ਸ੍ਰੀ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਸਿਆਸੀ ਲਾਹਾ ਨਾ ਲੈ ਸਕੇ।
ਲੰਡਨ ‘ਚ ਨਵਾਜ਼ ਦਾ ਦੋਹਤਾ ਤੇ ਪੋਤਰਾ ਗ੍ਰਿਫਤਾਰ : ਪੁਲੀਸ ਨੇ ਇੱਥੇ ਨਵਾਜ਼ ਸ਼ਰੀਫ਼ ਦੇ ਦੋਹਤੇ ਤੇ ਪੋਤਰੇ ਨੂੰ ਮੁਜ਼ਾਹਰਾਕਾਰੀਆਂ ਨਾਲ ਹੱਥੋਪਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਜੀਓ ਨਿਊਜ਼ ਦੀ ਰਿਪੋਰਟ ਅਨੁਸਾਰ ਮੁਜ਼ਾਹਰਾਕਾਰੀਆਂ ਅਤੇ ਸਾਬਕਾ ਪ੍ਰਧਾਨ ਮੰਤਰੀ ਦੇ ਦੋਹਤੇ ਜੁਨੈਦ  ਸਫ਼ਦਰ ਤੇ ਪੋਤਰੇ ਜ਼ਕਰੀਆ ਵਿਚਕਾਰ ਤਕਰਾਰ ਹੱਥੋਪਾਈ ਵਿੱਚ ਤਬਦੀਲ ਹੋ ਗਈ ਸੀ। ਇਹ ਝਗੜਾ ਐਵਨਫੀਲਡ ਹਾਊਸ ਨਜ਼ਦੀਕ ਹੋਇਆ ਸੀ ਜਿੱਥੇ ਸ਼ਰੀਫ਼ ਖ਼ਾਨਦਾਨ ਦੇ ਚਾਰ ਘਰ ਹਨ। ਰਿਪੋਰਟ ਮੁਤਾਬਕ ਜੁਨੈਦ ਸਫ਼ਦਰ ਨੇ ਇਕ ਨੌਜਵਾਨ ਦੇ ਮੁੱਕਾ ਮਾਰਿਆ ਸੀ ਤੇ ਜ਼ਕਰੀਆ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਰੀਅਮ ਨਵਾਜ਼ ਦੇ ਪੁੱਤਰ ਨੇ ਦਾਅਵਾ ਕੀਤਾ ਕਿ ਮੁਜ਼ਾਹਰਾਕਾਰੀਆਂ ਨੇ ਉਸ ‘ਤੇ ਥੁੱਕਿਆ ਸੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਲਿਜਾਣਾ ਪਿਆ ਸੀ।