ਕੈਪਟਨ ਅਮਰਿੰਦਰ ਨੇ ਬੁੱਚੜ ਪੁਲਸੀਏ ਕੇ.ਪੀ.ਐਸ. ਗਿੱਲ ਲਈ ਮਹਿੰਗੀ ਐਂਬੂਲੈਂਸ ਤੇ ਡਾਕਟਰਾਂ ਦਾ ਇੰਤਜ਼ਾਮ ਕੀਤਾ

ਕੈਪਟਨ ਅਮਰਿੰਦਰ ਨੇ ਬੁੱਚੜ ਪੁਲਸੀਏ ਕੇ.ਪੀ.ਐਸ. ਗਿੱਲ ਲਈ ਮਹਿੰਗੀ ਐਂਬੂਲੈਂਸ ਤੇ ਡਾਕਟਰਾਂ ਦਾ ਇੰਤਜ਼ਾਮ ਕੀਤਾ

ਕੈਪਸ਼ਨ : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੇ ਥੋੜ੍ਹੇ ਦਿਨ ਬਾਅਦ ਚੰਡੀਗੜ੍ਹ ਵਿੱਚ ਸਾਬਕਾ ਡੀਜੀਪੀ ਕੇ.ਪੀ.ਐਸ.ਗਿੱਲ ਨੂੰ ਗੁਲਦਸਤਾ ਭੇਟ ਕਰਦੇ ਹੋਏ।

ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ:
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ (7 ਅਪ੍ਰੈਲ) ਵਿਵਾਦਤ ਸਾਬਕਾ ਪੰਜਾਬ ਪੁਲਾਸ ਮੁਖੀ ਕੇ.ਪੀ.ਐਸ. ਗਿੱਲ ਨੂੰ ਉਸ ਦੀ ਦਿੱਲੀ ਰਿਹਾਇਸ਼ ‘ਤੇ ਦੋ ਉੱਚ ਤਕਨੀਕ ਵਾਲੀਆਂ ਐਂਬੂਲੈਂਸਾਂ ਅਤੇ 24 ਘੰਟੇ ਲਈ ਡਾਕਟਰ ਦਾ ਇੰਤਜ਼ਾਮ ਕੀਤਾ ਹੈ। ਇਕ ਐਂਬੂਲੈਂਸ ਪੰਜਾਬ ਦੇ ਸਿਹਤ ਵਿਭਾਗ ਦੀ ਬਠਿੰਡਾ ਤੋਂ ਅਤੇ ਦੂਜੀ ਫਾਜ਼ਿਲਕਾ ਜ਼ਿਲ੍ਹੇ ਤੋਂ ਹੈ।
ਇਕ ਪੰਜਾਬੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਡਾ. ਕਰਮਦੀਪ ਪਾਲ, ਜਿਹੜੇ ਕਿ ਕੇ.ਪੀ.ਐਸ. ਗਿੱਲ ਦੀ ‘ਸੇਵਾ’ ਵਿਚ ਲਾਏ ਗਏ ਸੀ, ਨੇ ਵੀਆਈਪੀ ਨਾਲ ਜੋੜੇ ਜਾਣ ਤੋਂ ਅੱਕ ਕੇ ਜਲਦੀ ਹੀ ਆਪਣੀ ਡਿਊਟੀ ਤੋਂ ਅਸਤੀਫਾ ਦੇ ਦਿੱਤਾ।
ਮੀਡੀਆ ਰਿਪੋਰਟਾਂ ‘ਚ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਦਿੱਲੀ ਦੇ ਗਰਮੀ ਵਾਲੇ ਮੌਸਮ ਦਾ ਧਿਆਨ ਰੱਖਦੇ ਹੋਏ ਏਅਰ ਕੰਡੀਸ਼ਨ ਐਂਬੂਲੈਂਸ ਭੇਜਣ ਦਾ ਫੈਸਲਾ ਕੀਤਾ ਅਤੇ ਇਸ ਉਦੇਸ਼ ਲਈ 24 ਲੱਖ ਰੁਪਏ ਦਾ ਇੰਤਜ਼ਾਮ ‘ਸਰਹੱਦੀ ਖੇਤਰ ਦੇ ਲੋਕਾਂ ਦੀ ਭਲਾਈ ਵਾਲੀ ਸਕੀਮ’ ਤਹਿਤ ਕੀਤਾ ਗਿਆ। ਪੰਜਾਬ ਸਿਹਤ ਮਹਿਕਮੇ ਦੀ ਇਕ ਟੀਮ ਇਸ ਸਮੇਂ ਪੰਜਾਬ ਭਵਨ ਦਿੱਲੀ ਵਿਖੇ ਰਹਿ ਰਹੀ ਹੈ।
ਇਸ ਤੋਂ ਇਲਾਵਾ ਕੇ.ਪੀ.ਐਸ. ਗਿੱਲ ਸੀ.ਆਰ.ਪੀ. ਦੀ ਸਖਤ ਨਿਗਰਾਨੀ ‘ਚ ਹੈ ਅਤੇ ਡਾਕਟਰਾਂ ਨੂੰ ਉਸ ਦੀ ਜਾਂਚ ਕਰਨ ਦੀ ਆਗਿਆ ਮਿਲੀ ਹੋਈ ਹੈ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੇ.ਪੀ.ਐਸ. ਗਿੱਲ ਗੰਭੀਰ ਰੋਗਾਂ ਤੋਂ ਪੀੜਤ ਹੈ, ਪਰ ਉਸ ਦੀ ਸਿਹਤ ਦੀ ਸਥਿਤੀ ਬਾਰੇ ਰਹੱਸ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੁੱਚੜ ਕਰਕੇ ਜਾਣੇ ਜਾਂਦੇ ਕੇ.ਪੀ.ਐਸ. ਗਿੱਲ ਨੇ ਪੰਜਾਬ ਪੁਲੀਸ ਦੇ ਮੁਖੀ ਰਹਿੰਦਿਆਂ ਸਿੱਖ ਨੌਜਵਾਨਾਂ ਦਾ ਵੱਡੇ ਪੱਧਰ ‘ਤੇ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਕਤਲੇਆਮ ਕੀਤਾ ਸੀ। ਕੇ.ਪੀ.ਐਸ. ਗਿੱਲ ਦੇ ਕਾਰਜਕਾਲ ਨੂੰ ਸਿੱਖ ਨੌਜਵਾਨਾਂ ਨੂੰ ‘ਅਣਪਛਾਤੀਆਂ ਲਾਸ਼ਾਂ’ ਬਣਾਉਣ ਲਈ ਯਾਦ ਕੀਤਾ ਜਾਂਦਾ ਹੈ।