ਕੈਲੀਫੋਰਨੀਆ ਦੇ ਸਿਲਮਾ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਹੋਵੇਗੀ ਪੰਜਾਬੀ ਦੀ ਪੜ੍ਹਾਈ ਸ਼ੁਰੂ

ਕੈਲੀਫੋਰਨੀਆ ਦੇ ਸਿਲਮਾ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਹੋਵੇਗੀ ਪੰਜਾਬੀ ਦੀ ਪੜ੍ਹਾਈ ਸ਼ੁਰੂ

ਕੈਲੀਫੋਰਨੀਆ ਦੇ ਸੈਂਟਰਲ ਵੈਲੀ 'ਚ ਪੈਂਦੇ ਸਿਲਮਾ ਸ਼ਹਿਰ ਦੇ ਪੰਜਾਬੀ ਭਾਈਚਾਰੇ ਨੇ ਸਰਕਾਰੀ ਸਿਖਿਆ ਸਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਕੂਲਾਂ 'ਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ. ਇਲਾਕੇ ਦੇ ਪੰਜਾਬੀ ਪਤਵੰਤਿਆਂ ਵੱਲੋਂ ਇਹ ਮੰਗ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ. ਇਸ ਬਾਰੇ ਪਿਛਲੇ ਸੋਮਵਾਰ ਅਤੇ ਮੰਗਲਵਾਰ ਦੋ ਦਿਨ ਇਲਾਕੇ ਦੇ ਪੰਜਾਬੀ ਪਤਵੰਤਿਆਂ ਅਤੇ ਸਿਖਿਆ ਮਹਿਕਮੇ ਦੇ ਆਹਲਾ ਅਧਿਕਾਰੀਆਂ ਦਰਮਿਆਨ ਗੱਲਬਾਤ ਚੱਲਦੀ ਰਹੀ ਜਿਸ 'ਚ ਪੰਜਾਬੀ ਬੱਚਿਆਂ ਦੀ ਭਾਸ਼ਾ ਬਾਰੇ ਸਮਸਿਆ ਨੂੰ ਵਿਚਾਰਿਆ ਗਿਆ. ਸਥਾਨਕ ਪੰਜਾਬੀਆਂ ਦੀ ਮੰਗ ਹੈ ਕਿ ਫਰੈਂਚ, ਸਪੈਨਿਸ਼ ਅਤੇ ਚੀਨੀ ਭਾਸ਼ਾਵਾਂ ਦੀ ਤਰਜ਼ 'ਤੇ ਪੰਜਾਬੀ ਨੂੰ ਵੀ ਇੱਕ ਵਿਦੇਸ਼ੀ ਭਾਸ਼ਾ ਦੇ ਤੌਰ 'ਤੇ ਸਕੂਲਾਂ ਵਿਚ ਪੜ੍ਹਾਇਆ ਜਾਵੇ. ਪੰਜਾਬੀਆਂ ਵੱਲੋਂ ਨਰਿੰਦਰ ਸਹੋਤਾ, ਰਾਜ ਬਦੇਸ਼ਾ ਅਤੇ ਹੋਰਨਾਂ ਨੇ ਸਿਖਿਆ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਵਾਲੇ ਡੈਲੀਗੇਟ ਦੀ ਅਗਵਾਈ ਕੀਤੀ ਜਦਕਿ ਸਿਖਿਆ ਮਹਿਕਮੇ ਵੱਲੋਂ ਗੁਇਲੇਰਮੋ ਲੋਪੇਜ਼, ਤਾਨੀਆ ਫਿਸ਼ਰ, ਸਟੈਲਾ ਪਾਦਰੋਂ ਦੁਆਰਟੀ, ਬਲਜੀਤ ਕੌਰ ਅਤੇ ਸ੍ਰੀਮਤੀ ਡਾ. ਦਵਿੰਦਰ ਸਿੱਧੂ ਨੇ ਹਿੱਸਾ ਲਿਆ. ਸਿਖਿਆ ਮਹਿਕਮੇ ਨੇ ਭਰੋਸਾ ਦਿੱਤਾ ਕਿ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੂਰੀ ਹੋ ਜਾਣ 'ਤੇ ਸਥਾਨਕ ਸਕੂਲਾਂ 'ਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕੀਤੇ ਜਾਣ ਬਾਰੇ ਕੋਈ ਦਿੱਕਤ ਨਹੀਂ ਆਵੇਗੀ ਅਤੇ ਇਸ ਸੰਬੰਧੀ ਪੰਜਾਬੀ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ 'ਚ ਸ਼ੁਰੂ ਕੀਤੇ ਜਾਣ ਵਾਲੇ ਵਿਸ਼ੇ ਦੀ ਪੜ੍ਹਾਈ 'ਚ ਦਿਲਚਸਪੀ ਦਿਖਾਉਣੀ ਹੋਵੇਗੀ. ਸਿਖਿਆ ਮਹਿਕਮੇ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬੀ ਪੜ੍ਹਾਈ ਸ਼ੁਰੂ ਕਰਨ ਲਈ ਅਧਿਆਪਕਾਂ ਦੀ ਭਰਤੀ ਲਈ ਉਹਨਾਂ ਕੋਲ ਬਣਦਾ ਬਜਟ ਉਪਲਬਧ ਹੈ ਅਤੇ ਹੁਣ ਸਥਾਨਕ ਪੰਜਾਬੀਆਂ ਨੂੰ ਆਪਣੇ ਬੱਚਿਆਂ 'ਚ ਆਪਣੀ ਭਾਸ਼ਾ ਪੜ੍ਹਨ ਲਈ ਉਤਸ਼ਾਹ ਪੈਦਾ ਕਰਨਾ ਹੋਵੇਗਾ. ਸਿਖਿਆ ਮਹਿਕਮੇ ਵੱਲੋਂ ਦਿੱਤੇ ਭਰੋਸੇ ਅਤੇ ਪਿਛਲੇ ਦੋ ਦਿਨ ਚੱਲੀਆਂ ਮੀਟਿੰਗਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਿਖਿਆ ਬੋਰਡ ਦੀ ਜਨਵਰੀ ਮਹੀਨੇ 'ਚ ਹੋਣ ਵਾਲੀ ਮੀਟਿੰਗ 'ਚ ਇਸ ਬਾਰੇ ਬਾਕਾਇਦਾ ਐਲਾਨ ਹੋ ਜਾਵੇਗਾ ਅਤੇ ਅਗਲੇ ਵਿਦਿਅਕ ਸਾਲ ਤੋਂ ਸਿਲਮਾ ਦੇ ਸਰਕਾਰੀ ਸਕੂਲਾਂ 'ਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੋ ਜਾਵੇਗੀ.