ਪੰਜਾਬ ਵਿਚ ਨਸ਼ਾ ਤਸਕਰੀ ਲਈ ਔਰਤਾਂ ਵਰਤੀਆਂ ਜਾ ਰਹੀਆਂ ਹਨ

ਪੰਜਾਬ ਵਿਚ ਨਸ਼ਾ ਤਸਕਰੀ ਲਈ ਔਰਤਾਂ ਵਰਤੀਆਂ ਜਾ ਰਹੀਆਂ ਹਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਨਸ਼ੇ ਦੇ ਵਪਾਰ ਨਾਲ ਜੁੜਿਆ ਇਕ ਬੇਹੱਦ ਸ਼ਰਮਨਾਕ ਤੱਥ ਸਾਹਮਣੇ ਆ ਰਿਹਾ ਹੈ। ਤਾਜ਼ਾ ਪ੍ਰਾਪਤ ਅੰਕੜਿਆਂ ਨੂੰ ਘੋਖਿਆਂ ਪਤਾ ਲਗਦਾ ਹੈ ਕਿ ਨਸ਼ੇ ਦੇ ਵਪਾਰੀ ਹੁਣ ਨਸ਼ਾ ਸਪਲਾਈ ਲਈ ਔਰਤਾਂ ਨੂੰ ਵਰਤ ਰਹੇ ਹਨ। ਇਹ ਗੱਲ ਜੱਗ ਜਾਹਰ ਹੈ ਕਿ ਪੰਜਾਬ ਵਿਚ ਮੁੰਡਿਆਂ ਦੇ ਨਾਲ ਨਾਲ ਵੱਡੀ ਗਿਣਤੀ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਹਨ। ਨਸ਼ਾ ਰੋਕਣ ਦੀ ਸਹੁੰ ਖਾ ਕੇ ਸਰਕਾਰ ਬਣਾਉਣ ਵਾਲੇ ਮੁੱਖ ਮੰਤਰੀ ਦਾ ਹੁਣ ਸਾਰਾ ਧਿਆਨ 2022 ਦੀਆਂ ਵਿਧਾਨ ਸਭਾ ਚੋਣਾਂ ਵੱਲ ਹੋ ਗਿਆ ਹੈ ਜਦਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਇਹ ਵਪਾਰ ਲਗਾਤਾਰ ਚੱਲ ਰਿਹਾ ਹੈ।

ਖੋਜ ਮੁਤਾਬਕ ਨਸ਼ਾ ਸਮਗਲਰਾਂ ਵੱਲੋਂ ਨਸ਼ੇ 'ਤੇ ਲੱਗੇ ਨਸ਼ੇੜੀਆਂ ਨੂੰ ਹੀ ਅੱਗੇ ਹੋਰ ਨੌਜਵਾਨਾਂ ਨੂੰ ਨਸ਼ੇ 'ਤੇ ਲਾਉਣ ਅਤੇ ਨਸ਼ਾ ਵੇਚਣ ਦਾ ਕੰਮ ਦਿੱਤਾ ਜਾਂਦਾ ਹੈ। ਨਸ਼ੇ 'ਤੇ ਲੱਗੇ ਬਹੁਤੇ ਨੌਜਵਾਨ ਆਪਣੇ ਲਈ ਨਸ਼ਾ ਵੀ ਅੱਗੇ ਹੋਰ ਨੌਜਵਾਨਾਂ ਨੂੰ ਨਸ਼ਾ ਵੇਚ ਕੇ ਹੀ ਪੂਰਾ ਕਰਦੇ ਹਨ। 

ਮਾਲਵੇ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪਿਛਲੇ 10 ਦਿਨਾਂ ਦੌਰਾਨ ਨਸ਼ਾ ਵੇਚਣ ਦੇ ਮਾਮਲਿਆਂ 'ਚ 6 ਔਰਤਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਦੀ ਰਾਜਨੀਤੀ ਦੇ ਮਹਾਰਥੀ ਪਰਿਵਾਰ ਵਜੋਂ ਜਾਣੇ ਜਾਂਦੇ ਬਾਦਲਾਂ ਦੇ ਜੱਦੀ ਹਲਕੇ ਲੰਬੀ ਵਿਚ ਪੁਲਸ ਨੇ 20 ਜੂਨ ਨੂੰ ਮਾਹਨੀਖੇੜਾ ਪਿੰਡ ਦੀ ਔਰਤ ਤੋਂ 100 ਲੀਟਰ ਲਾਹਣ ਫੜੀ। ਕੋਟਭਾਈ ਪੁਲਸ ਨੇ 20 ਜੂਨ ਨੂੰ ਵਾਰਾ ਕਿਸ਼ਨਪੁਰਾ ਦੀ ਔਰਤ ਤੋਂ 1000 ਨਸ਼ੀਲੀਆਂ ਗੋਲੀਆਂ ਫੜ੍ਹਨ ਦਾ ਦਾਅਵਾ ਕੀਤਾ।

19 ਜੂਨ ਨੂੰ ਮਲੌਟ ਪੁਲਸ ਨੇ ਤਰਖਾਨਵਾਲਾ ਪਿੰਡ ਦੀ ਔਰਤ ਤੋਂ ਗੈਰਕਾਨੂੰਨੀ ਸ਼ਰਾਬ ਦੀਆਂ 9 ਬੌਤਲਾਂ ਫੜ੍ਹਨ ਦਾ ਦਾਅਵਾ ਕੀਤਾ। 15 ਜੂਨ ਨੂੰ ਕਾਬੜਵਾਲਾ ਪੁਲਸ ਨੇ ਮਿੱਡਾ ਪਿੰਡਾ ਦੀ ਔਰਤ ਤੋਂ ਗੈਰ ਕਾਨੂੰਨੀ ਸ਼ਰਾਬ ਦੀਆਂ 20 ਬੌਤਲਾਂ ਫੜ੍ਹਨ ਦਾ ਦਾਅਵਾ ਕੀਤਾ।

ਇਸ ਤੋਂ ਪਹਿਲਾਂ 12 ਜੂਨ ਨੂੰ ਕੋਟਭਾਈ ਪੁਲਸ ਨੇ ਕੋਟਲੀ ਅਬਲੂ ਪਿੰਡ ਦੀ ਔਰਤ ਤੋਂ 30 ਲੀਟਰ ਲਾਹਣ ਫੜ੍ਹਨ ਦਾ ਦਾਅਵਾ ਕੀਤਾ। 12 ਜੂਨ ਨੂੰ ਹੀ ਲੰਬੀ ਪੁਲਸ ਨੇ ਖੀਮਾ ਖੇੜਾ ਪਿੰਡ ਦੀ ਔਰਤ ਨੂੰ 2750 ਨਸ਼ੀਲੀਆਂ ਗੋਲੀਆਂ ਨਾਲ ਫੜ੍ਹਨ ਦਾ ਦਾਅਵਾ ਕੀਤਾ ਸੀ। ਜਿੱਥੇ ਇਸ ਪਿੱਛੇ ਨਸ਼ੇ ਦੇ ਜਾਲ 'ਚ ਫਸੇ ਮੁੰਡੇ ਕੁੜੀਆਂ ਨੂੰ ਜ਼ਿੰਮੇਵਾਰ ਐਲਾਨ ਕੇ ਸਰਕਾਰ ਆਪਣਾ ਪੱਲਾ ਝਾੜ੍ਹ ਲੈਂਦੀ ਹੈ ਉੱਥੇ ਸਰਕਾਰ ਵੱਲੋਂ ਪੰਜਾਬ ਵਿਚ ਨਸ਼ੇ ਦੀ ਆਮਦ ਨੂੰ ਰੋਕਣ ਲਈ ਕੋਈ ਠੋਸ ਕਾਰਵਾਈ ਅਮਲ ਵਿਚ ਨਹੀਂ ਲ਼ਿਆਂਦੀ ਗਈ। ਅੱਜ ਵਿਸ਼ਵ ਭਰ ਵਿਚ ਨਸ਼ੇ ਦੀ ਲੱਤ ਨੂੰ ਇਕ ਮਾਨਸਿਕ ਰੋਗ ਵਾਂਗ ਦਰੁਸਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਪੰਜਾਬ ਵਿਚ ਅਜਿਹੀ ਕੋਈ ਨੀਤੀ ਜ਼ਮੀਨੀ ਪੱਧਰ 'ਤੇ ਅਮਲੀ ਰੂਪ ਲੈਂਦੀ ਨਜ਼ਰੀਂ ਨਹੀਂ ਪੈ ਰਹੀ।