ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ 'ਐਨਪੀਆਰ' ਕੀ ਹੈ?

ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ 'ਐਨਪੀਆਰ' ਕੀ ਹੈ?

ਨਵੀਂ ਦਿੱਲੀ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਭਾਰਤ ਸਰਕਾਰ ਦੇ ਮੰਤਰੀ ਮੰਡਲ ਦੀ ਬੈਠਕ ਵਿੱਚ ਅੱਜ ਐਨਪੀਆਰ (ਨੈਸ਼ਨਲ ਪੋਪੂਲੇਸ਼ਨ ਰਜਿਸਟਰ ਜਾਂ ਰਾਸ਼ਟਰੀ ਅਬਾਦੀ ਸੂਚੀਕਰਨ) ਕਰਾਉਣ ਦੇ ਸੁਝਾਅ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਬੀਤੇ ਦਿਨਾਂ ਤੋਂ ਨਾਗਰਿਕਤਾ ਸਬੰਧੀ ਨਵੇਂ ਕਾਨੂੰਨ ਅਤੇ ਐਨਆਰਸੀ (ਰਾਸ਼ਟਰੀ ਨਾਗਰਿਕਤਾ ਸੂਚੀਕਰਨ) ਬਾਰੇ ਚੱਲ ਰਹੇ ਵਿਵਾਦ ਦਰਮਿਆਨ ਹੁਣ ਐਨਪੀਆਰ ਨੇ ਨਵੀਂ ਬਹਿਸ ਛੇੜ ਦਿੱਤੀ ਹੈ। ਅੰਮ੍ਰਿਤਸਰ ਟਾਈਮਜ਼ ਦੇ ਪਾਠਕਾਂ ਨੂੰ ਅਸੀਂ ਇਸ ਰਿਪੋਰਟ ਰਾਹੀਂ ਐਨਪੀਆਰ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰ ਇਹ ਕੀ ਸ਼ੈਅ ਹੈ।

ਕੀ ਹੈ ਐਨਪੀਆਰ?
ਐਨਪੀਆਰ ਭਾਰਤ ਵਿੱਚ ਰਹਿਣ ਵਾਲੇ ਵਸ਼ਿੰਦਿਆਂ ਦਾ ਇੱਕ ਸੂਚੀਕਰਨ (ਰਜਿਸਟਰ) ਹੈ। ਭਾਰਤ ਦੇ ਹਰ ਆਮ ਵਸ਼ਿੰਦੇ ਨੂੰ ਇਸ ਸੂਚੀ ਵਿੱਚ ਆਪਣਾ ਨਾਂ ਦਰਜ ਕਰਾਉਣਾ ਲਾਜ਼ਮੀ ਹੈ। ਇਸ ਵਿੱਚ ਭਾਰਤੀ ਨਾਗਰਿਕ ਅਤੇ ਭਾਰਤ ਵਿੱਚ ਰਹਿੰਦੇ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਸ ਐਨਪੀਆਰ ਦਾ ਮੁੱਖ ਮੰਤਵ ਦੇਸ਼ ਵਿੱਚ ਰਹਿੰਦੇ ਵਸ਼ਿੰਦਿਆਂ ਦੀ ਜਾਣਕਾਰੀ ਅਤੇ ਅੰਕੜਿਆਂ ਨੂੰ ਇਕੱਤਰ ਕਰਨਾ ਹੈ। 

ਭਾਰਤ ਵਿੱਚ ਪਹਿਲਾ ਐਨਪੀਆਰ 2010 'ਚ ਕਰਵਾਇਆ ਗਿਆ ਸੀ। ਇਸ ਤੋਂ ਹਾਸਲ ਹੋਏ ਤੱਥਾਂ ਨੂੰ 2015 ਵਿੱਚ ਦਰ-ਦਰ ਸਰਵੇਖਣ ਰਾਹੀਂ ਦਰੁਸਤ ਕੀਤਾ ਗਿਆ ਸੀ। ਹੁਣ ਸਰਕਾਰ ਦੇ ਫੈਂਸਲੇ ਮੁਤਾਬਿਕ ਅਗਲਾ ਐਨਪੀਆਰ 2020 ਵਿੱਚ ਅਪ੍ਰੈਲ ਮਹੀਨੇ ਤੋਂ ਸਤੰਬਰ ਮਹੀਨੇ ਦੇ ਸਮੇਂ ਦਰਮਿਆਨ ਕੀਤਾ ਜਾਵੇਗਾ। ਇਸ ਨਾਲ 2021 ਦੀ ਮਰਦਮਸ਼ੁਮਾਰੀ ਦੀ ਘਰਾਂ ਦੀ ਸੂਚੀ ਵੀ ਬਣਾਈ ਜਾਵੇਗੀ। ਇਸ ਸਰਵੇਖਣ ਦੀ ਰਿਪੋਰਟ ਨੂੰ ਭਾਰਤੀ ਨਾਗਰਿਕਤਾ ਕਾਨੂੰਨ 1955 ਅਤੇ ਨਾਗਰਿਕਤਾ (ਨਾਗਰਿਕਾਂ ਦੀ ਸੂਚੀ ਅਤੇ ਰਾਸ਼ਟਰੀ ਪਛਾਣ ਪੱਤਰ ਜਾਰੀ ਕਰਨ) ਦੇ ਨਿਯਮ, 2003 ਦੇ ਅਧਾਰ 'ਤੇ ਪਿੰਡ/ਕਸਬੇ/ਸ਼ਹਿਰ, ਸਬ-ਜ਼ਿਲ੍ਹਾ, ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ 'ਤੇ ਤਿਆਰ ਕੀਤਾ ਜਾਵੇਗਾ। 

ਆਮ ਵਸ਼ਿੰਦੇ ਤੋਂ ਕੀ ਭਾਵ ਹੈ?
ਨਾਗਰਿਕਤਾ (ਨਾਗਰਿਕਾਂ ਦੀ ਸੂਚੀ ਅਤੇ ਰਾਸ਼ਟਰੀ ਪਛਾਣ ਪੱਤਰ ਜਾਰੀ ਕਰਨ) ਦੇ ਨਿਯਮ, 2003 ਮੁਤਾਬਿਕ 'ਆਮ ਵਸ਼ਿੰਦਾ' ਉਹ ਵਿਅਕਤੀ ਹੈ ਜੋ ਕਿਸੇ ਵੀ ਖੇਤਰ (ਪਿੰਡ/ ਕਸਬਾ, ਸ਼ਹਿਰ ਆਦਿ) ਵਿਖੇ ਪਿਛਲੇ 6 ਮਹੀਨਿਆਂ ਜਾਂ ਉਸਤੋਂ ਜ਼ਿਆਦਾ ਸਮੇਂ ਤੋਂ ਰਹਿ ਰਿਹਾ ਹੈ ਜੋ ਅਗਲੇ 6 ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਲਈ ਉਸ ਖੇਤਰ ਵਿੱਚ ਰਹਿਣ ਦਾ ਇਰਾਦਾ ਰੱਖਦਾ ਹੈ।

ਮਰਦਮਸ਼ੁਮਾਰੀ (ਸੈਂਸਸ) ਕੀ ਹੈ?
ਮਰਦਮਸ਼ੁਮਾਰੀ ਦੇਸ਼ ਦੀ ਅਬਾਦੀ ਦੀ ਗਿਣਤੀ ਨੂੰ ਕਹਿੰਦੇ ਹਨ। ਇਹ ਗਿਣਤੀ 10 ਸਾਲਾਂ ਬਾਅਦ ਕੀਤੀ ਜਾਂਦੀ ਹੈ। ਭਾਰਤ ਵਿੱਚ ਹੋਣ ਜਾ ਰਹੀ 2021 ਦੀ ਮਰਦਮਸ਼ੁਮਾਰੀ 16ਵੀਂ ਮਰਦਮਸ਼ੁਮਾਰੀ ਹੈ। ਭਾਰਤ ਵਿੱਚ ਪਹਿਲੀ ਵਾਰ ਮਰਦਮਸ਼ੁਮਾਰੀ 1872 ਵਿੱਚ ਹੋਣ ਦੀ ਗੱਲ ਕਹੀ ਜਾਂਦੀ ਹੈ। ਅੰਗਰੇਜ਼ਾਂ ਦੇ ਜਾਣ ਮਗਰੋਂ ਬਣੇ ਮੋਜੂਦਾ ਭਾਰਤੀ ਰਾਜਪ੍ਰਬੰਧ ਦੀ ਇਹ 8ਵੀਂ ਮਰਦਮਸ਼ੁਮਾਰੀ ਹੋਵੇਗੀ। 

ਐਨਪੀਆਰ ਅਤੇ ਐਨਸੀਆਰ ਵਿੱਚ ਕੀ ਫਰਕ ਹੈ?
ਐਨਪੀਆਰ ਐਨਆਰਸੀ ਤੋਂ ਵੱਖਰਾ ਹੈ। ਐਨਪੀਆਰ ਵਿੱਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ ਜਦਕਿ ਐਨਆਰਸੀ ਵਿੱਚ ਵਿਦੇਸ਼ੀ ਨਾਗਰਿਕ ਬਾਹਰ ਰੱਖੇ ਜਾਣਗੇ। ਜਿੱਥੇ ਐਨਆਰਪੀ ਵਿੱਚ ਭਾਰਤ ਅੰਦਰ ਰਹਿੰਦੇ ਭਾਰਤੀ ਨਾਗਰਿਕ ਅਤੇ ਵਿਦੇਸ਼ੀ ਨਾਗਰਿਕ ਸ਼ਾਮਲ ਹੋਣਗੇ, ਉੱਥੇ ਐਨਆਰਸੀ ਵਿੱਚ ਭਾਰਤ ਅੰਦਰ ਅਤੇ ਭਾਰਤ ਤੋਂ ਬਾਹਰ ਰਹਿੰਦੇ ਭਾਰਤੀ ਨਾਗਰਿਕ ਹੀ ਸ਼ਾਮਲ ਹੋਣਗੇ। 

ਐਨਪੀਆਰ ਅਤੇ ਐਨਆਰਸੀ ਵਿੱਚ ਆਪਸੀ ਸਬੰਧ ਕੀ ਹੈ?
ਨਾਗਰਿਕਤਾ (ਨਾਗਰਿਕਾਂ ਦੀ ਸੂਚੀ ਅਤੇ ਰਾਸ਼ਟਰੀ ਪਛਾਣ ਪੱਤਰ ਜਾਰੀ ਕਰਨ) ਦੇ ਨਿਯਮ, 2003 ਮੁਤਾਬਿਕ ਕੇਂਦਰ ਸਰਕਾਰ, ਇਸ ਸਬੰਧ ਵਿਚ ਜਾਰੀ ਕੀਤੇ ਗਏ ਹੁਕਮ ਨਾਲ, ਇਕ ਤਰੀਕ ਤੈਅ ਕਰ ਸਕਦੀ ਹੈ ਜਿਸ ਤਰੀਕ ਤੋਂ ਜਾਣਕਾਰੀ ਇਕੱਤਰ ਕਰਕੇ ਇਹ ਅਬਾਦੀ ਦੀ ਸੂਚੀ ਤਿਆਰ ਕੀਤੀ ਜਾ ਸਕਦੀ ਹੈ। ਇਸ ਅਬਾਦੀ ਦੀ ਸੂਚੀ ਦੀ ਜਾਣਕਾਰੀ ਨੂੰ ਤਸਦੀਕ ਕਰਕੇ ਭਾਰਤੀ ਨਾਗਰਿਕਾਂ ਦੀ ਸੂਚੀ ਬਣਾਈ ਜਾ ਸਕਦੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।