ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਬੰਗਾਲ ਚੋਣਾਂ ਲਈ ਰੈਲੀ ਕਰਨ ਜਾਣਗੇ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਬੰਗਾਲ ਚੋਣਾਂ ਲਈ ਰੈਲੀ ਕਰਨ ਜਾਣਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਆਪਣੀਆਂ ਜ਼ਮੀਨਾਂ ਅਤੇ ਹੋਂਦ ਬਚਾਉਣ ਲਈ ਲਾਮਬੰਦ ਹੋਈ ਪੰਜਾਬ ਦੀ ਕਿਸਾਨੀ ਦੀ ਅਗਵਾਈ ਕਰ ਰਹੇ 32 ਕਿਸਾਨ ਜਥੇਬੰਦੀਆਂ ਦੇ ਸਮੂਹ ਸੰਯੁਕਤ ਕਿਸਾਨ ਮੋਰਚੇ ਦੀਆਂ ਕੁੱਝ ਕਾਮਰੇਡ ਧਿਰਾਂ ਹੁਣ ਪੱਛਮੀ ਬੰਗਾਲ ਵਿਚ ਹੋਣ ਜਾ ਰਹੀਆਂ ਚੋਣਾਂ ਵੱਲ ਧਿਆਨ ਕੇਂਦਰਤ ਕਰ ਰਹੀਆਂ ਹਨ। ਪੱਛਮੀ ਬੰਗਾਲ ਵਿਚ ਭਾਜਪਾ ਖਿਲਾਫ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਦੀਪ ਸਿੰਘ ਵਾਲਾ ਬੰਗਾਲ ਜਾਣਗੇ। 

ਦੱਸ ਦਈਏ ਕਿ ਪੱਛਮੀ ਬੰਗਾਲ ਵਿਚ ਕਾਮਰੇਡ ਧਿਰਾਂ ਅਤੇ ਕਾਂਗਰਸ ਇਸ ਵਾਰ ਮਿਲ ਕੇ ਚੋਣ ਲੜ ਰਹੀਆਂ ਹਨ। ਭਾਵੇਂ ਕਿ ਮੁੱਖ ਮੁਕਾਬਲਾ ਮਮਤਾ ਬੈਨਰਜੀ ਦੀ ਸੱਤਾਧਾਰੀ ਤ੍ਰਿਣਮੁੱਲ ਕਾਂਗਰਸ ਅਤੇ ਭਾਜਪਾ ਦਰਮਿਆਨ ਹੈ ਪਰ ਕਾਮਰੇਡ-ਕਾਂਗਰਸ ਗਠਜੋੜ ਵੱਲੋਂ ਜਿੱਤ-ਹਾਰ ਵਿਚ ਅਹਿਮ ਭੂਮਿਕਾ ਨਿਭਾਉਣ ਦੀਆਂ ਕਨਸੋਆਂ ਹਨ। 

ਇਸ ਰੈਲੀ ਬਾਰੇ ਕਿਹਾ ਗਿਆ ਹੈ ਕਿ ਇਹ ਪ੍ਰੋਗਰਾਮ ‘ਭਾਰਤੀ ਸੰਵਿਧਾਨ ਤੇ ਪੱਛਮੀ ਬੰਗਾਲ ਨੂੰ ਫਾਸ਼ੀਵਾਦੀ ਤਾਕਤਾਂ ਤੋਂ ਬਚਾਉਣ ਲਈ ਮੰਚ’ ਦੇ ਬੈਨਰ ਹੇਠ ਹੋ ਰਿਹਾ ਹੈ ਜਿਸ ਦਾ ਉਦੇਸ਼ ਦੇਸ਼ ਵਿੱਚ ਮੋਦੀ ਹਕੂਮਤ ਵੱਲੋ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਤੇ ਦੇਸ਼ ਵਿੱਚ ਜਮਹੂਰੀ ਕਦਰਾਂ ਕੀਮਤਾਂ ਦਾ ਭੋਗ ਪਾ ਕੇ ਫਾਸ਼ੀਵਾਦੀ ਰਾਜ ਸੱਤਾ ਸਥਾਪਿਤ ਕਰਨ ਦੇ ਮਨਸੂਬਿਆਂ ਨੂੰ ਅਸਫਲ ਕਰਨਾ ਹੈ।

ਅਹਿਮ ਗੱਲ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਵਿਚ ਵੱਖ-ਵੱਖ ਵਿਚਾਰਧਾਰਾ ਦੀਆਂ ਧਿਰਾਂ ਸ਼ਾਮਲ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਾਮਰੇਡ ਧਿਰਾਂ ਵੱਲੋਂ ਇਹ ਗੱਲ ਬੜੇ ਜ਼ੋਰ ਨਾਲ ਸਥਾਪਤ ਕੀਤੀ ਗਈ ਸੀ ਕਿ ਇਹ ਕਿਸਾਨੀ ਸੰਘਰਸ਼ ਸਿਰਫ ਆਰਥਿਕਤਾ ਦਾ ਸੰਘਰਸ਼ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ। ਹੁਣ ਸਯੁੰਕਤ ਕਿਸਾਨ ਮੋਰਚੇ ਦੀਆਂ ਕਾਮਰੇਡੀ ਧਿਰਾਂ ਵੱਲੋਂ ਇਕ ਸੂਬੇ ਵਿਚ ਹੋ ਰਹੀਆਂ ਚੋਣਾਂ ਦਰਮਿਆਨ ਰੈਲੀਆਂ ਕਰਨ ਜਾਣਾ ਕਈ ਸਵਾਲ ਖੜ੍ਹੇ ਕਰ ਸਕਦਾ ਹੈ ਖਾਸ ਕਰਕੇ ਉਸ ਸਮੇਂ ਜਦੋਂ ਉੱਥੇ ਭਾਜਪਾ ਵਿਰੋਧੀ ਦੋ ਧਿਰਾਂ ਆਹਮੋ ਸਾਹਮਣੇ ਹੋਣ।