ਤਿਹਾੜ ਜੇਲ੍ਹ ਵਿਚ ਨਜ਼ਰਬੰਦ 15 ਹੋਰ ਕਿਸਾਨਾਂ ਦੀ ਜ਼ਮਾਨਤ ਮਨਜ਼ੂਰ ਹੋਈ

ਤਿਹਾੜ ਜੇਲ੍ਹ ਵਿਚ ਨਜ਼ਰਬੰਦ 15 ਹੋਰ ਕਿਸਾਨਾਂ ਦੀ ਜ਼ਮਾਨਤ ਮਨਜ਼ੂਰ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿਚ ਸੰਘਰਸ਼ ਕਰਦਿਆਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਵਿਚੋਂ 15 ਹੋਰ ਕਿਸਾਨਾਂ ਨੂੰ ਬੀਤੇ ਕੱਲ੍ਹ ਜ਼ਮਾਨਤ ਮਿਲ ਗਈ ਹੈ। ਜਿਹਨਾਂ ਨੂੰ ਕੱਲ੍ਹ ਜ਼ਮਾਨਤਾਂ ਮਿਲੀਆਂ ਉਹਨਾਂ ਵਿਚ ਨੰਗਲੋਈ ਪੁਲੀਸ ਥਾਣੇ ਵਿੱਚ ਦਰਜ ਐੱਫਆਈਆਰ ਤਹਿਤ ਗ੍ਰਿਫਤਾਰ ਕੀਤੇ ਗਏ ਰਣਜੀਤ ਸਿੰਘ, ਜਗਦੀਸ਼ ਸਿੰਘ, ਭਾਗ ਸਿੰਘ, ਨਵਨੀਤ ਸਿੰਘ, ਬਲਦੀਪ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ, ਜਸਵੰਤ ਸਿੰਘ, ਰਮਨਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਦੇ ਨਾਂ ਸ਼ਾਮਲ ਹਨ ਜਦਕਿ ਨਜਫ਼ਗੜ੍ਹ ਪੁਲੀਸ ਥਾਣੇ ਵਿਚ ਦਰਜ ਕੇਸ ਵਿਚ ਦਯਾ ਕਿਸ਼ਨ, ਅਨਿਲ ਕੁਮਾਰ ਪੁੱਤਰ ਧਰਮਪਾਲ ਤੇ ਜਗਬੀਰ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। 

ਜ਼ਮਾਨਤ ਮਿਲਣ ਤੋਂ ਬਾਅਦ ਹੁਣ ਇਹ ਸਾਰੇ ਵਿਅਕਤੀ ਤਿਹਾੜ ਜੇਲ੍ਹ ਵਿਚੋਂ ਬਾਹਰ ਆ ਸਕਣਗੇ। ਇਹ 15 ਜ਼ਮਾਨਤਾਂ ਮਿਲਾ ਕੇ ਹੁਣ ਤੱਕ ਕੁੱਲ 105 ਲੋਕਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ। 84 ਲੋਕ ਜੇਲ੍ਹ ਵਿਚੋਂ ਬਾਹਰ ਆ ਚੁੱਕੇ ਹਨ। ਪਹਿਲਾਂ 121 ਲੋਕ ਗ੍ਰਿਫਤਾਰ ਕੀਤੇ ਗਏ ਤੇ ਫਿਰ 11 ਲੋਕ ਹੋਰ ਗ੍ਰਿਫਤਾਰ ਕੀਤੇ ਗਏ। ਇਨ੍ਹਾਂ ਵਿਚੋਂ ਵੀ 5 ਦੀ ਜ਼ਮਾਨਤ ਹੋ ਗਈ ਹੈ। ਜਿਨ੍ਹਾਂ ਨੂੰ ਨੋਟਿਸ ਭੇਜੇ ਗਏ ਸੀ, ਉਨ੍ਹਾਂ ਵਿਚੋਂ 6 ਦੀ ਪੇਸ਼ਗੀ ਜ਼ਮਾਨਤ ਹੋ ਚੁੱਕੀ ਹੈ ਜਦੋਂਕਿ 5 ਜਣਿਆਂ ਨੂੰ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਕਰ ਕੇ ਬੇਕਸੂਰ ਸਾਬਤ ਕਰ ਕੇ ਘਰਾਂ ਨੂੰ ਭੇਜਿਆ ਗਿਆ ਹੈ। ਕੁਝ ਜ਼ਮਾਨਤ ਅਰਜ਼ੀਆਂ ’ਤੇ ਭਲਕੇ ਮੰਗਲਵਾਰ ਨੂੰ ਵੀ ਸੁਣਵਾਈ ਹੈ।

ਦੱਸ ਦਈਏ ਕਿ ਇਹਨਾਂ ਜ਼ਮਾਨਤਾਂ ਨੂੰ ਕਰਵਾਉਣ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਰੋਲ ਨਿਭਾਇਆ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਵਕੀਲਾਂ ਦੀ ਟੀਮ ਲਗਾਤਾਰ ਇਹ ਜ਼ਮਾਨਤਾਂ ਕਰਾਉਣ ਲਈ ਚਾਰਾਜ਼ੋਈ ਕਰ ਰਹੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਕੱਲ੍ਹ ਬਿਆਨ ਦਿੱਤਾ ਕਿ ਉਹ ਤਿਹਾੜ ਜੇਲ੍ਹ ਵਿਚ ਬੰਦ ਨੌਜਵਾਨ ਆਗੂ ਦੀਪ ਸਿੱਧੂ ਦੇ ਨਾਲ ਵੀ ਡਟ ਕੇ ਖੜ੍ਹੇ ਹਨ ਅਤੇ ਉਹਨਾਂ ਦੀਪ ਸਿੱਧੂ ਨਾਲ ਗੱਲਬਾਤ ਹੋਣ ਦਾ ਦਾਅਵਾ ਕੀਤਾ ਜਿਸ ਦੀਪ ਸਿੱਧੂ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਿਚ ਹੈ।