ਗੁਰੂ ਸਾਹਿਬ ਦੇ ਪਿਆਰੇ ਰਾਇ ਬੁਲਾਰ ਦੇ ਪਰਿਵਾਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਨਾਹ ਕੀਤੀ
![ਗੁਰੂ ਸਾਹਿਬ ਦੇ ਪਿਆਰੇ ਰਾਇ ਬੁਲਾਰ ਦੇ ਪਰਿਵਾਰ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਨਾਹ ਕੀਤੀ](https://www.amritsartimes.com/uploads/images/image_750x_5de329e8ce18c.jpg)
ਚੰਡੀਗੜ੍ਹ: ਅਕਾਲ ਰੂਪ ਗੁਰੂ ਨਾਨਕ ਪਾਤਸ਼ਾਹ ਦੇ ਪਿਆਰ ਦਾ ਨਿੱਘ ਮਾਣਨ ਵਾਲੇ ਅਤੇ ਗੁਰੂ ਸਾਹਿਬ ਦੇ ਮੁੱਢਲੇ ਸੇਵਕਾਂ ਚੋਂ ਇੱਕ ਰਾਏ ਬੁਲਾਰ ਭੱਟੀ ਦੇ ਪਰਿਵਾਰ ਨੂੰ ਭਾਰਤ ਸਰਕਾਰ ਨੇ ਚੜ੍ਹਦੇ ਪੰਜਾਬ ਆਉਣ ਲਈ ਵੀਜ਼ਾ ਦੇਣ ਤੋਂ ਨਾਹ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਰਾਏ ਬੁਲਾਰ ਭੱਟੀ ਨੂੰ ਸਿੱਖ ਇਤਿਹਾਸ ਵਿੱਚ ਰਾਇ ਭੋਇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਾਇ ਭੋਇੰ ਤਲਵੰਡੀ ਪਿੰਡ ਦਾ ਮੁਖੀ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਕਾਸ਼ ਧਾਰਿਆ ਸੀ। ਰਾਏ ਬੁਲਾਰ ਭੱਟੀ ਨਾਲ ਗੁਰੂ ਨਾਨਕ ਸਾਹਿਬ ਦੇ ਪਿਆਰ ਦੀਆਂ ਅਨੇਕਾਂ ਸਾਖੀਆਂ ਸਿੱਖ ਇਤਿਹਾਸ ਦਾ ਹਿੱਸਾ ਹਨ।
ਇਸ ਵਰ੍ਹੇ ਮਨਾਏ ਜਾ ਰਹੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਲਈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਰਾਏ ਬੁਲਾਰ ਭੱਟੀ ਜੀ ਦੇ ਵੰਸ਼ ਵਿੱਚੋਂ ਰਾਏ ਸਲੀਮ ਭੱਟੀ ਨੂੰ ਸੱਦਾ ਭੇਜਿਆ ਗਿਆ ਤਾਂ ਭਾਰਤ ਸਰਕਾਰ ਨੇ ਉਹਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਇ ਸਲੀਮ ਭੱਟੀ ਨੇ ਕਿਹਾ ਕਿ ਉਹ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਆਪਣੇ ਪੁੱਤਰ ਅਤੇ ਪਿਤਾ ਸਮੇਤ ਪਹਿਲੀ ਵਾਰ ਚੜ੍ਹਦੇ ਪੰਜਾਬ ਆ ਰਹੇ ਸਨ ਪਰ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਨਾਹ ਕਰ ਦਿੱਤੀ ਹੈ।
ਸਲੀਮ ਭੱਟੀ
ਉਹਨਾਂ ਕਿਹਾ ਕਿ ਹਲਾਂਕਿ ਜਿਹਨਾਂ ਸਮਾਗਮਾਂ ਲਈ ਉਹਨਾਂ ਵੀਜ਼ਾ ਮੰਗਿਆ ਸੀ ਉਹ ਸਮਾਗਮ ਲੰਘ ਗਏ ਹਨ ਪਰ ਉਹਨਾਂ ਨੂੰ ਆਸ ਸੀ ਕਿ ਉਹਨਾਂ ਨੂੰ ਵੀਜ਼ਾ ਮਿਲ ਜਾਵੇਗਾ ਤੇ ਉਹ ਸੁਲਤਾਨਪੁਰ ਲੋਧੀ ਅਤੇ ਦਰਬਾਰ ਸਾਹਿਬ ਵਿਖੇ ਸਿਜਦਾ ਕਰ ਸਕਣਗੇ, ਪਰ ਉਹ ਆਸਾਂ ਟੁੱਟ ਗਈਆਂ ਹਨ।
ਸਲੀਮ ਭੱਟੀ ਨੇ ਦੱਸਿਆ ਕਿ ਉਹਨਾਂ ਆਪਣੇ ਚੜ੍ਹਦੇ ਪੰਜਾਬ ਦੇ ਦੌਰੇ ਲਈ ਅਮਰੀਕਾ ਦਾ ਦੌਰਾ ਰੱਦ ਕੀਤਾ ਸੀ ਤੇ ਉਹਨਾਂ ਨੂੰ ਚੜ੍ਹਦੇ ਪੰਜਾਬ ਜਾਣ ਦਾ ਬਹੁਤ ਚਾਅ ਸੀ ਪਰ ਉਹਨਾਂ ਦੀਆਂ ਸਦਰਾਂ ਅਧੂਰੀਆਂ ਰਹਿ ਗਈਆਂ।
ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਰਾਜ਼ ਹੁੰਦਿਆਂ ਕਿਹਾ ਕਿ ਪਹਿਲਾਂ ਭਾਰਤ ਸਰਕਾਰ ਨੇ ਪੰਜਾਬ ਦੇ ਮੰਤਰੀ ਮੰਡਲ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਅਤੇ ਹੁਣ ਗੁਰੂ ਸਾਹਿਬ ਨਾਲ ਇਤਿਹਾਸਕ ਸਾਂਝ ਵਾਲੇ ਪਰਿਵਾਰ ਨੂੰ ਵੀਜ਼ਾ ਦੇਣ ਤੋਂ ਨਾਹ ਕਰ ਦਿੱਤੀ ਹੈ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)