14 ਦਸੰਬਰ 2020 ਨੂੰ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ: ਕਾਹਨ ਸਿੰਘ ਵਾਲਾ

14 ਦਸੰਬਰ 2020 ਨੂੰ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਅੰਮ੍ਰਿਤਸਰ ਵਿਖੇ ਮਨਾਇਆ ਜਾਵੇਗਾ: ਕਾਹਨ ਸਿੰਘ ਵਾਲਾ

ਫ਼ਤਹਿਗੜ੍ਹ ਸਾਹਿਬ: “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੇ ਰਾਜਸੀ ਮਾਮਲਿਆਂ ਦੀ ਕਮੇਟੀ ਦੀ ਹੋਈ ਇਕ ਹੰਗਾਮੀ 6 ਘੰਟੇ ਚੱਲੀ ਬੈਠਕ ਵਿਚ ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਇਸ ਸਮੇਂ ਇਕੋ ਇਕ ਪਾਰਟੀ ਹੈ, ਜੋ ਗੁਰੂ ਸਾਹਿਬਾਨ ਦੇ ਸਿਧਾਤਾਂ, ਸੋਚ ਅਤੇ ਫਲਸਫੇ 'ਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਹੋਈ ਜ਼ਾਬਰ ਹਕੂਮਤਾਂ ਦੇ ਜ਼ਬਰ ਦਾ ਟਾਕਰਾ ਕਰਦੀ ਹੋਈ ਆਪਣੇ ਇਨਸਾਨੀ, ਮਨੁੱਖਤਾ ਪੱਖੀ ਧਾਰਮਿਕ ਤੇ ਸਿਆਸੀ ਮੰਜਿ਼ਲ ਵੱਲ ਅਡੋਲ ਵੱਧ ਰਹੀ ਹੈ, ਉਸ ਵੱਲੋਂ ਆਉਣ ਵਾਲੇ ਸਮੇਂ ਵਿਚ ਜਦੋਂ ਵੀ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਜਰਨਲ ਚੋਣਾਂ ਹੋਣਗੀਆਂ ਤਾਂ ਪਾਰਟੀ ਆਪਣੇ ਬਲਬੂਤੇ 'ਤੇ ਸਿੱਖ ਕੌਮ ਦੇ ਸਹਿਯੋਗ ਨਾਲ ਇਸ ਮਹਾਨ ਧਾਰਮਿਕ ਸੰਸਥਾਂ ਦੇ ਸਮੁੱਚੇ ਨਿਜਾਮ ਅਤੇ ਪ੍ਰਬੰਧ ਨੂੰ ਉਸਾਰੂ ਤੇ ਪਾਰਦਰਸ਼ੀ ਬਣਾਉਣ ਲਈ ਅਤਿ ਸੰਜ਼ੀਦਗੀ ਨਾਲ ਚੋਣਾਂ ਲੜੇਗੀ। 

ਇਹਨਾਂ ਚੋਣਾਂ ਦੀ ਤਿਆਰੀ ਲਈ ਅੱਜ ਦੀ ਮੀਟਿੰਗ ਵਿਚ ਫੈਂਸਲਾ ਕੀਤਾ ਗਿਆ ਕਿ ਸਮੁੱਚੇ ਪੰਜਾਬ, ਹਰਿਆਣਾ, ਚੰਡੀਗੜ੍ਹ, ਯੂ.ਟੀ. ਅਤੇ ਹਿਮਾਚਲ ਦੇ ਹਲਕਿਆ ਵਿਚ, ਮੀਰੀ-ਪੀਰੀ ਦੀ ਸੋਚ ਉਤੇ ਪਹਿਰਾ ਦੇਣ ਵਾਲੇ, ਦੂਰਅੰਦੇਸ਼ੀ ਰੱਖਣ ਵਾਲੇ ਉਮੀਦਵਾਰਾਂ ਦੀ ਜਲਦੀ ਹੀ ਚੋਣ ਕਰਕੇ ਤਿਆਰੀ ਵਿੱਢੇਗੀ ਅਤੇ ਇਨ੍ਹਾਂ ਚੋਣਾਂ ਨੂੰ ਹਰ ਕੀਮਤ 'ਤੇ ਜਿੱਤਣ ਲਈ ਅਤੇ ਸਿੱਖ ਕੌਮ ਦਾ ਸਹਿਯੋਗ ਪ੍ਰਾਪਤ ਕਰਨ ਲਈ ਆਉਣ ਵਾਲੇ ਸਮੇਂ ਵਿਚ ਕੌਮ ਪੱਖੀ ਪ੍ਰੋਗਰਾਮਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ ।”

ਇਹ ਜਾਣਕਾਰੀ ਅੱਜ ਇਥੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿਚ ਲੰਮੀਆਂ ਵਿਚਾਰਾਂ ਹੋਣ ਉਪਰੰਤ ਪਾਰਟੀ ਦੇ ਫੈਸਲਿਆ ਤੋਂ ਜਾਣੂ ਕਰਵਾਉਦੇ ਹੋਏ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਟੀਮ ਦੀ ਹਾਜ਼ਰੀ ਵਿਚ ਦਿੱਤੀ । ਇਸ ਮਹੱਤਵਪੂਰਨ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਹਾੜਾ 14 ਦਸੰਬਰ 2020 ਨੂੰ ਆ ਰਿਹਾ ਹੈ। ਇਸ ਸਥਾਪਨਾ ਦਿਹਾੜੇ ਨੂੰ ਮੁਲਕੀ ਅਤੇ ਕੌਮਾਂਤਰੀ ਪੱਧਰ ਤੇ ਹੋਰ ਵਧੇਰੇ ਮਜ਼ਬੂਤ ਕਰਨ ਅਤੇ ਇਸ ਦਿਹਾੜੇ ਨੂੰ ਸ਼ਾਨੋ-ਸੌਕਤ ਨਾਲ ਮਨਾਉਣ ਹਿੱਤ ਅੰਮ੍ਰਿਤਸਰ ਵਿਖੇ ਉਪਰੋਕਤ ਦਿਹਾੜੇ ਵੱਡੇ ਪੱਧਰ ਤੇ ਸਥਾਪਨਾ ਦਿਵਸ ਮਨਾਇਆ ਜਾਵੇਗਾ । 

ਇਸਦੇ ਨਾਲ ਹੀ 25,26,27 ਦਸੰਬਰ 2019 ਨੂੰ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੁੰਦੇ ਹੋਏ ਹਰ ਸਾਲ ਦੀ ਤਰ੍ਹਾਂ 26 ਦਸੰਬਰ ਨੂੰ ਰੇਲਵੇ ਲਾਇਨ ਦੇ ਨਜ਼ਦੀਕ ਅਤੇ ਰੋਜਾ ਸਰੀਫ਼ ਦੇ ਸਾਹਮਣੇ ਸ਼ਹੀਦੀ ਕਾਨਫਰੰਸ ਕੀਤੀ ਜਾਵੇਗੀ । ਜਿਸਦੇ ਸ਼ਹੀਦੀ ਮਕਸਦ ਦੀ ਪ੍ਰਾਪਤੀ ਲਈ ਤੇ ਸਿੱਖ ਕੌਮ ਨੂੰ ਆਪਣੇ ਸ਼ਹੀਦਾਂ ਦੇ ਪੂਰਨਿਆ ਉਤੇ ਪਹਿਰਾ ਦਿੰਦੇ ਹੋਏ ਆਪਣੀ ਧਾਰਮਿਕ ਤੇ ਸਿਆਸੀ ਮੰਜਿ਼ਲ ਨੂੰ ਪ੍ਰਾਪਤ ਕਰਨ ਲਈ ਪ੍ਰੇਰਦੇ ਹੋਏ ਇਤਿਹਾਸਿਕ ਇਕੱਠ ਕੀਤਾ ਜਾਵੇਗਾ । ਜਿਸਦੀਆਂ ਜਿ਼ੰਮੇਵਾਰੀਆ ਵੰਡਕੇ ਸਮੁੱਚੇ 7 ਜਰਨਲ ਸਕੱਤਰਾਂ ਨੂੰ ਸੌਪੀਆ ਗਈਆ ਹਨ । 
ਇਸ ਉਪਰੰਤ 14 ਜਨਵਰੀ 2020 ਨੂੰ ਮੁਕਤਸਰ ਵਿਖੇ ਸ਼ਹੀਦਾਂ ਦੀ ਧਰਤੀ ਤੇ ਮਾਘੀ ਦੀ ਸਿੱਧੀ ਕਾਨਫਰੰਸ ਵੀ ਪੂਰੇ ਉਤਸਾਹ ਤੇ ਸਰਧਾ ਨਾਲ ਕੀਤੀ ਜਾਵੇਗੀ ਤੇ ਸਰਧਾ ਦੇ ਫੁੱਲ ਭੇਟ ਕੀਤੇ ਜਾਣਗੇ । 

ਅੱਜ ਦੀ ਮੀਟਿੰਗ ਵਿਚ ਸਮੂਲੀਅਤ ਕਰਨ ਵਾਲਿਆ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਸ. ਇਕਬਾਲ ਸਿੰਘ ਟਿਵਾਣਾ, ਅਮਰੀਕ ਸਿੰਘ ਬੱਲੋਵਾਲ, ਮਾ.ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਸ. ਇਮਾਨ ਸਿੰਘ ਮਾਨ, ਯੂਥ ਆਗੂ ਗੋਬਿੰਦ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਕੁਲਦੀਪ ਸਿੰਘ ਭਾਗੋਵਾਲ, ਕਰਮ ਸਿੰਘ ਭੋਈਆ, ਗੁਰਚਰਨ ਸਿੰਘ ਭੁੱਲਰ ਆਗੂਆਂ ਨੇ ਆਪਣੇ ਕੀਮਤੀ ਵਿਚਾਰ ਪ੍ਰਗਟ ਕੀਤੇ ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।