ਕੈਮਰੂਨ ਵਿਚ ਸਕੂਲ 'ਤੇ ਹਮਲਾ, ਕਈ ਬੱਚਿਆਂ ਦੀ ਮੌਤ; ਭਾਸ਼ਾ ਵਾਸਤੇ ਚੱਲ ਰਹੀ ਹੈ ਹਥਿਆਰਬੰਦ ਲੜਾਈ

ਕੈਮਰੂਨ ਵਿਚ ਸਕੂਲ 'ਤੇ ਹਮਲਾ, ਕਈ ਬੱਚਿਆਂ ਦੀ ਮੌਤ; ਭਾਸ਼ਾ ਵਾਸਤੇ ਚੱਲ ਰਹੀ ਹੈ ਹਥਿਆਰਬੰਦ ਲੜਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੈਮਰੂਨ ਦੇਸ਼ ਦੇ ਦੱਖਣੀ ਪੱਛਮੀ ਖਿੱਤੇ ਵਿਚ ਕੁੱਝ ਹਥਿਆਰਬੰਦ ਹਮਲਾਵਰ ਇਕ ਸਕੂਲ 'ਚ ਦਾਖਲ ਹੋਏ ਅਤੇ ਉਹਨਾਂ ਵੱਲੋਂ ਕੀਤੇ ਹਮਲੇ 'ਚ 8 ਤੋਂ ਵੱਧ ਬੱਚਿਆਂ ਦੇ ਮਰਨ ਦੀ ਖਬਰ ਹੈ। ਇਸ ਤੋਂ ਇਲਾਵਾ ਦਰਜਨਾਂ ਬੱਚੇ ਜ਼ਖਮੀ ਹੋਏ ਹਨ। ਯੂਨਾਈਟਿਡ ਨੇਸ਼ਨ ਵੱਲੋਂ ਇਸ ਹਮਲੇ ਦੀ ਪੁਸ਼ਟੀ ਕੀਤੀ ਗਈ ਹੈ। 

ਸੰਸਥਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਕੂੰਬਾ ਸ਼ਹਿਰ ਵਿਚ ਮਦਰ ਫਰਾਂਸਿਸਕਾ ਇੰਟਰਨੈਸ਼ਨਲ ਬਾਇਲਿੰਗੁਅਲ ਅਕੈਡਮੀ ਵਿਚ ਇਹ ਹਮਲਾ ਸ਼ਨੀਵਾਰ ਦੁਪਹਿਰ ਵੇਲੇ ਹੋਇਆ। 

ਭਾਸ਼ਾ ਵਾਸਤੇ ਚੱਲ ਰਹੀ ਹੈ ਹਥਿਆਰਬੰਦ ਲੜਾਈ
ਦੱਖਣੀ ਅਫਰੀਕਾ ਦੇ ਦੇਸ਼ ਕੈਮਰੂਨ ਵਿਚ ਸਰਕਾਰ ਅਤੇ ਸਰਕਾਰ ਵਿਰੋਧੀਆਂ ਦਰਮਿਆਨ ਹਥਿਆਰਬੰਦ ਲੜਾਈ ਚੱਲ ਰਹੀ ਹੈ। ਇਸ ਲੜਾਈ ਦਾ ਮੁੱਖ ਮੁੱਦਾ ਭਾਸ਼ਾ ਹੈ। ਕੈਮਰੂਨ ਵਿਚ 80 ਫੀਸਦੀ ਲੋਕ ਫਰੈਂਚ ਭਾਸ਼ੀ ਹਨ ਜਦਕਿ ਬਾਕੀ ਅੰਗਰੇਜ਼ੀ ਭਾਸ਼ੀ ਹਨ। 

ਪਿਛਲੇ ਦੋ ਸਾਲਾਂ ਤੋਂ ਕੈਮਰੂਨ ਵਿਚ ਫਰੈਂਚ ਭਾਸ਼ੀ ਅਤੇ ਅੰਗਰੇਜ਼ੀ ਭਾਸ਼ੀ ਲੋਕਾਂ ਦਰਮਿਆਨ ਹਿੰਸਕ ਲੜਾਈ ਸ਼ੁਰੂ ਹੋ ਚੁੱਕੀ ਹੈ। ਇਸ ਲੜਾਈ ਵਿਚ ਸੈਂਕੜੇ ਲੋਕ ਮਾਰੇ ਗਏ ਹਨ ਅਤੇ 50,000 ਦੇ ਕਰੀਬ ਲੋਕਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਹਨ। ਕਈ ਸਿਆਸੀ ਕਾਰਕੁੰਨ ਜੇਲ੍ਹਾਂ ਵਿਚ ਬੰਦ ਹਨ।

ਅੰਗਰੇਜ਼ੀ ਭਾਸ਼ਾ ਦੇ ਅਧਾਰ 'ਤੇ ਵੱਖਰੇ ਦੇਸ਼ ਦੀ ਮੰਗ
ਕੈਮਰੂਨ ਵਿਚ ਅੰਗਰੇਜ਼ੀ ਭਾਸ਼ੀ ਲੋਕ ਆਪਣੀ ਭਾਸ਼ਾ ਦੇ ਅਧਾਰ 'ਤੇ ਕੈਮਰੂਨ ਤੋਂ ਵੱਖਰਾ ਦੇਸ਼ "ਐਂਬਾਜ਼ੋਨੀਆ" ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਮੰਗ 'ਤੇ ਸਰਕਾਰ ਅਤੇ ਵਿਰੋਧੀਆਂ ਦਰਮਿਆਨ ਹਿੰਸਕ ਲੜਾਈ ਚੱਲ ਰਹੀ ਹੈ। 

ਅੰਗਰੇਜ਼ੀ ਭਾਸ਼ੀ ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਦੇ ਫੌਜੀ ਉਹਨਾਂ ਦੇ ਪਿੰਡਾਂ 'ਤੇ ਹਮਲਾ ਕਰਦੇ ਹਨ ਅਤੇ ਬਾਗੀਆਂ ਨਾਲ ਲੜਨ ਦੀ ਬਜਾਏ ਆਮ ਲੋਕਾਂ ਦਾ ਕਤਲੇਆਮ ਕਰਦੇ ਹਨ। ਸਰਕਾਰ ਦੇ ਇਸ ਰਵੱਈਏ ਨਾਲ ਅੰਗਰੇਜ਼ੀ ਭਾਸ਼ੀ ਲੋਕ ਹੋਰ ਵੱਧ ਗਿਣਤੀ ਵਿਚ ਹਥਿਆਰ ਚੁੱਕ ਰਹੇ ਹਨ। 

ਭਾਸ਼ਾ ਦੇ ਅਧਾਰ 'ਤੇ ਚੱਲ ਰਹੀ ਇਸ ਲੜਾਈ ਵਿਚ ਸਕੂਲ ਵੀ ਵੱਡਾ ਨਿਸ਼ਾਨਾ ਬਣ ਰਹੇ ਹਨ। ਅੰਗਰੇਜ਼ੀ ਭਾਸ਼ੀ ਲੋਕਾਂ ਵੱਲੋਂ ਉਹਨਾਂ ਦੇ ਖਿੱਤੇ ਵਿਚ ਸਥਾਪਤ ਕੀਤੇ ਜਾ ਰਹੇ ਫਰੈਂਚ ਸਕੂਲਾਂ ਦਾ ਵਿਰੋਧ ਕਰ ਰਹੇ ਹਨ। 

ਕੈਮਰੂਨ ਦੇ ਇਸ ਭਾਸ਼ਾਈ ਟਕਰਾਅ ਦੀਆਂ ਜੜ੍ਹਾਂ ਬਸਤੀਵਾਦ ਵਿਚ ਪਈਆਂ ਹਨ। 1916 ਵਿਚ ਫਰਾਂਸ ਅਤੇ ਬਰਤਾਨੀਆਂ ਨੇ ਕੈਮਰੂਨ ਦਾ ਖਿੱਤਾ ਜਰਮਨੀ ਤੋਂ ਜਿੱਤ ਲਿਆ ਸੀ ਅਤੇ ਬਾਅਦ ਵਿਚ ਇਸ ਨੂੰ ਆਪਸ ਵਿਚ ਵੰਡ ਲਿਆ ਸੀ। ਇਸ ਤੋਂ ਪਹਿਲਾਂ ਦੇ ਇਤਿਹਾਸ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਹ ਖਿੱਤੇ ਕਈ ਸਦੀਆਂ ਤੋਂ ਯੂਰਪੀਨ ਤਾਕਤਾਂ ਦੇ ਕਬਜ਼ੇ ਵਿਚ ਰਿਹਾ ਸੀ।

1960 ਵਿਚ ਫਰੈਂਚ ਭਾਸ਼ੀ ਖਿੱਤੇ ਨੇ ਆਪਣੀ ਅਜ਼ਾਦੀ ਹਾਸਲ ਕਰ ਲਈ ਅਤੇ "ਲਾ ਰਿਪਬਲਿਕ ਦੂ ਕੈਮੇਰੂਨ" ਨਾਂ ਦਾ ਦੇਸ਼ ਹੋਂਦ ਵਿਚ ਆਇਆ। ਇਸ ਤੋਂ ਅਗਲੇ ਸਾਲ ਅੰਗਰੇਜ਼ੀ ਭਾਸ਼ੀ ਲੋਕਾਂ ਨੇ ਬਰਤਾਨੀਆ ਤੋਂ ਅਜ਼ਾਦੀ ਹਾਸਲ ਕਰ ਲਈ ਅਤੇ ਉਹ ਪਹਿਲਾਂ ਤੋਂ ਬਣੇ ਕੈਮਰੂਨ ਦੇਸ਼ ਦਾ ਹਿੱਸਾ ਬਣ ਗਏ ਅਤੇ ਇਸ ਤਰ੍ਹਾਂ ਮੋਜੂਦਾ ਦੋ ਭਾਸ਼ਾਈ ਦੇਸ਼ ਹੋਂਦ ਵਿਚ ਆਇਆ। 

ਕੈਮਰੂਨ ਵਿਚ ਅੰਗਰੇਜ਼ੀ ਅਤੇ ਫਰੈਂਚ ਤੋਂ ਇਲਾਵਾ 200 ਤੋਂ ਵੱਧ ਸਥਾਨਕ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ। ਇਸ ਕਾਰਨ ਹੀ ਕੈਮਰੂਨ ਅਫਰੀਕਾ ਦਾ ਸਭ ਤੋਂ ਵੱਧ ਭਾਸ਼ਾਈ ਵਿਲੱਖਣਤਾ ਵਾਲਾ ਦੇਸ਼ ਹੈ। ਪਰ ਦੇਸ਼ ਦੀਆਂ ਫਰੈਂਚ ਅਤੇ ਅੰਗਰੇਜ਼ੀ ਸਰਕਾਰੀ ਭਾਸ਼ਾਵਾਂ ਹਨ। ਪਰ ਕੈਮਰੂਨ ਦੀ ਸਿਆਸਤ 'ਤੇ ਫਰੈਂਚ ਭਾਸ਼ੀ ਲੋਕ ਹੀ ਕਾਬਜ਼ ਰਹਿੰਦੇ ਹਨ। 

2016 ਵਿਚ ਅੰਗਰੇਜ਼ੀ ਭਾਸ਼ਾਈ ਵਕੀਲਾਂ ਅਤੇ ਅਧਿਆਪਕਾਂ ਨੇ ਸਰਕਾਰ ਵੱਲੋਂ ਅੰਗਰੇਜ਼ੀ ਭਾਸ਼ੀ ਖਿੱਤੇ ਦੀਆਂ ਅਦਾਲਤਾਂ ਅਤੇ ਸਕੂਲਾਂ ਵਿਚ ਫਰੈਂਚ ਭਾਸ਼ੀ ਜੱਜਾਂ ਅਤੇ ਅਧਿਆਪਕਾਂ ਨੂੰ ਨਿਯੁਕਤ ਕਰਨ ਖਿਲਾਫ ਸੰਘਰਸ਼ ਸ਼ੁਰੂ ਕੀਤਾ। ਉਹਨਾਂ ਦਾ ਦੋਸ਼ ਸੀ ਕਿ ਸਰਕਾਰ ਆਪਣੀ ਸਿਆਸੀ ਤਾਕਤ ਨਾਲ ਅੰਗਰੇਜ਼ੀ ਭਾਸ਼ੀ ਖਿੱਤੇ ਦੀ ਪ੍ਰਣਾਲੀ 'ਤੇ ਫਰੈਂਚ ਭਾਸ਼ਾਈ ਕਾਨੂੰਨੀ ਅਤੇ ਸਿੱਖਿਆ ਪ੍ਰਣਾਲੀ ਥੋਪ ਰਹੀ ਹੈ। 

ਸਰਕਾਰ ਵੱਲੋਂ ਇਸ ਮੁਹਿੰਮ ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਵਿਚ ਬੰਦ ਕੀਤਾ ਗਿਆ ਜਿਸ ਤੋਂ ਬਾਅਦ ਅੰਗਰੇਜ਼ੀ ਭਾਸ਼ੀ ਲੋਕਾਂ ਵੱਲੋਂ ਵੱਖਰੇ ਦੇਸ਼ ਦੀ ਮੰਗ ਅਧੀਨ ਹਥਿਆਰਬੰਦ ਲੜਾਈ ਸ਼ੁਰੂ ਕਰ ਦਿੱਤੀ ਗਈ। 

ਸ਼ਨੀਵਾਰ ਨੂੰ ਸਕੂਲ 'ਤੇ ਹੋਏ ਹਮਲੇ ਦੀ ਕਿਸੇ ਧਿਰ ਨੇ ਜਿੰਮੇਵਾਰੀ ਨਹੀਂ ਲਈ ਹੈ।