ਰਾਸ਼ਟਰਪਤੀ ਬਾਈਡਨ ਦੀ ਵਿਦਿਆਰਥੀਆਂ ਦਾ ਕਰਜਾ ਮੁਆਫ ਕਰਨ ਵਿਰੁੱਧ ਦਾਇਰ ਪਟੀਸ਼ਨ ਰੱਦ

ਰਾਸ਼ਟਰਪਤੀ ਬਾਈਡਨ ਦੀ ਵਿਦਿਆਰਥੀਆਂ ਦਾ ਕਰਜਾ ਮੁਆਫ ਕਰਨ ਵਿਰੁੱਧ ਦਾਇਰ ਪਟੀਸ਼ਨ ਰੱਦ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 8 ਅਕਤੂਬਰ (ਹੁਸਨ ਲੜੋਆ ਬੰਗਾ) - ਇਕ ਫੈਡਰਲ ਡਿਸਟ੍ਰਿਕਟ ਜੱਜ ਨੇ ਇਕ ਕੰਜਰਵੇਟਿਵ ਗਰੁੱਪ ਵੱਲੋਂ ਰਾਸ਼ਟਰਪਤੀ ਜੋ ਬਾਈਡਨ ਦੀ ਵਿਦਿਆਰਥੀਆਂ ਦਾ ਕਰਜਾ ਮੁਆਫ ਕਰਨ ਦੀ ਯੋਜਨਾ ਵਿਰੁੱਧ ਦਾਇਰ ਪਟੀਸ਼ਨ ਰੱਦ ਕਰ ਦਿੱਤੀ। 'ਦ ਵਿਸਕੋਨਸਿਨ ਇੰਸਟੀਚਿਊਟ ਫਾਰ ਲਾਅ ਐਂਡ ਲਿਬਰਟੀ' ਨੇ ਪਟੀਸ਼ਨ ਦਾਇਰ ਕਰਕੇ ਰਾਸ਼ਟਰਪਤੀ ਬਾਈਡਨ ਤੇ ਯੂ ਐਸ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਕਰਜਾ ਮੁਆਫ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਦਲੀਲ ਦਿੱਤੀ  ਸੀ ਕਿ ਵਿਦਿਆਰਥੀਆਂ ਦੇ 20000 ਡਾਲਰ ਤੱਕ ਦਾ ਕਰਜਾ ਮੁਆਫ ਕਰਨ ਦੀ ਯੋਜਨਾ ਰਾਹੀਂ ਲੱਖਾਂ -ਕਰੋੜਾਂ ਹੋਰ ਕਰਜਦਾਰਾਂ ਨਾਲ ਧੋਖਾ ਕੀਤਾ ਗਿਆ ਹੈ। ਇਸ ਪਟੀਸ਼ਨ ਨੇ ਕੌਮੀ ਪੱਧਰ ਉਪਰ ਲੋਕਾਂ ਦਾ ਧਿਆਨ ਖਿੱਚਿਆ ਸੀ ਜਿਸ ਪਟੀਸ਼ਨ ਵਿਚ ਕਰਜਾ ਮੁਆਫੀ ਯੋਜਨਾ ਰਾਹੀਂ ਨਸਲੀ ਮੁੱਦੇ ਨੂੰ ਵਰਤਣ ਦੀ ਗੱਲ ਵੀ ਕਹੀ ਗਈ ਸੀ। ਵਾਈਟ ਹਾਊਸ ਨੇ ਕਿਹਾ ਸੀ ਕਿ ਕਰਜਾ ਮੁਆਫੀ ਯੋਜਨਾ ਨਸਲੀ ਧਨ-ਦੌਲਤ ਪਾੜਾ ਘਟਾਵੇਗੀ ਤੇ ਨਸਲੀ ਸਮਾਨਤਾ ਪੈਦਾ ਹੋਵੇਗੀ। ਪਟੀਸ਼ਨਕਾਰਾਂ ਨੇ ਇਸ ਵਿਰੁੱਧ ਦਲੀਲ ਦਿੱਤੀ ਕਿ ਇਸ ਯੋਜਨਾ ਰਾਹੀਂ ਹਰ ਇਕ ਲਈ ਬਰਾਬਰ ਸੰਵਿਧਾਨਕ ਸੁਰੱਖਿਆ ਗਾਰੰਟੀ ਦੀ ਉਲੰਘਣਾ ਕੀਤੀ ਗਈ ਹੈ। ਪਟੀਸ਼ਨਕਰਤਾਵਾਂ ਨੇ ਜੱਜ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ।