ਓਕਲਾਹੋਮਾ ਵਿਚ ਸੈਕਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਵਿਅਕਤੀ ਨੇ ਆਪਣੀ ਪਤਨੀ ਤੇ 3 ਬੱਚਿਆਂ ਨੂੰ ਮਾਰਨ ਉਪਰੰਤ ਕੀਤੀ ਆਤਮਹੱਤਿਆ- ਪੁਲਿਸ ਦਾ ਦਾਅਵਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਪੁਲਿਸ ਨੇ ਬੀਤੇ ਦਿਨ ਓਕਲਾਹੋਮਾ ਦੇ ਹੈਨਰੀਏਟਾ ਸ਼ਹਿਰ ਦੇ ਇਕ ਘਰ ਵਿਚ ਮਿਲੀਆਂ 7 ਲਾਸ਼ਾਂ ਬਾਰੇ ਸਪੱਸ਼ਟ ਕੀਤਾ ਹੈ ਕਿ ਇਹ ਲਾਸ਼ਾਂ ਇਕ ਸੈਕਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜੈਸ ਮੈਕਫਾਡਨ , ਉਸ ਦੀ ਪਤਨੀ, ਉਸ ਦੇ 3 ਬੱਚਿਆਂ ਤੇ ਦੋ ਨਬਾਲਗ ਕੁੜੀਆਂ ਦੀਆਂ ਹਨ। ਪੁਲਿਸ ਅਨੁਸਾਰ ਮੈਕਫਾਡਨ ਨੇ ਆਪਣੀ ਪਤਨੀ,ਉਸ ਦੇ 3 ਬੱਚਿਆਂ ਤੇ 2 ਨਬਾਲਗ ਕੁੜੀਆਂ ਦੀਆਂ ਹੱਤਿਆਵਾਂ ਕਰਨ ਉਪਰੰਤ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁੱਸ਼ੀ ਕੀਤੀ ਹੈ। ਮ੍ਰਿਤਕਾਂ ਵਿਚ ਮੈਕਫਾਡਨ ਤੋਂ ਇਲਾਵਾ ਹੋਲੀ ਮੈਕਫਾਡਨ (35), ਰੀਲੀ ਐਲਨ (17), ਮਾਈਕਲ ਮੇਯੋ (15) ਟਿਫਨੀ ਗੈਸ (13), ਈਵੀ ਵੈਬਸਟਰ (14) ਤੇ ਬ੍ਰਿਟਨੀ ਬਰੀਵਰ (16) ਸ਼ਾਮਿਲ ਹਨ। ਈਵੀ ਵੈਬਸਟਰ ਤੇ ਬ੍ਰਿਟਨੀ ਬਰੀਵਰ ਸੋਮਵਾਰ ਤੋਂ ਲਾਪਤਾ ਸਨ । ਓਕਮੁਗਲੀ ਪੁਲਿਸ ਮੁਖੀ ਜੋਇ ਪ੍ਰੈਨਟਿਸ ਅਨੁਸਾਰ ਇਹ ਦੋਨੋਂ ਕੁੜੀਆਂ ਟਿਫਨੀ ਗੈਸ ਦੀਆਂ ਦੋਸਤ ਸਨ। ਘਰ ਨਾ ਪਹੁੰਚਣ ਕਾਰਨ ਸੋਮਵਾਰ ਨੂੰ ਇਨਾਂ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਈ ਗਈ ਸੀ।
Comments (0)