ਭਾਰਤੀ ਮੂਲ ਦੇ ਅਮਰੀਕੀ ਨੇ ਮੈਡੀਕਲ ਕਾਰੋਬਾਰ ਦੇ ਖਰੀਦਦਾਰਾਂ ਨਾਲ ਮਾਰੀ 50 ਲੱਖ ਡਾਲਰ ਦੀ ਠੱਗੀ
* ਗੁਨਾਹ ਕੀਤਾ ਕਬੂਲ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ :(ਹੁਸਨ ਲੜੋਆ ਬੰਗਾ) ਮਿਸ਼ੀਗਨ ਵਾਸੀ ਭਾਰਤੀ ਮੂਲ ਦੇ ਇਕ ਅਮਰੀਕੀ ਨੇ ਮੈਡੀਕਲ ਨਾਲ ਸਬੰਧਤ ਕਾਰੋਬਾਰ ਅਵਸਰਾਂ ਦੀ ਵਿਕਰੀ ਦੀ ਇਸ਼ਤਿਹਾਰਬਾਜੀ ਕਰਕੇ 70 ਦੇ ਕਰੀਬ ਲੋਕਾਂ ਨਾਲ 50 ਲੱਖ ਡਾਲਰਾਂ ਦੀ ਠੱਗੀ ਮਾਰੀ ਹੈ। ਮਿਲਨ (ਮਿਸ਼ੀਗਨ) ਦੇ ਰਹਿਣ ਵਾਲੇ ਇਸ ਭਾਰਤੀ ਮੂਲ ਦੇ ਅਮਰੀਕੀ ਵਿਜੇ ਰੈਡੀ (45) ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਹ ਜਾਣਕਾਰੀ ਨਿਆਂ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਾਰਜਕਾਰੀ ਯੂ ਐਸ ਅਟਾਰਨੀ ਰਚੇਲ ਏ ਹੋਨਿਗ ਨੇ ਦਿੱਤੀ ਹੈ। ਡਿਸਟ੍ਰਿਕਟ ਜੱਜ ਰਾਬਰਟ ਬੀ ਕੁਗਲਰ ਦੀ ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜਾਂ ਅਨੁਸਾਰ ਰੈਡੀ ਦੇ ਉਸ ਦੇ ਸਾਜਿਸ਼ਕਾਰਾਂ ਡੇਵਿਡ ਵੀਨਸਟੀਨ ਤੇ ਕੈਵਿਨ ਬਰਾਊਨ ਨੇ ਦਸੰਬਰ 2015 ਤੋਂ ਨਵੰਬਰ 2020 ਤੱਕ ਵੱਖ ਵੱਖ ਵੈਬਸਾਈਟਾਂ ਉਪਰ ਡਾਕਟਰੀ ਖੇਤਰ ਵਿਚ ਕਾਰੋਬਾਰੀ ਅਵਸਰਾਂ ਸਬੰਧੀ ਇਸ਼ਤਿਹਾਰ ਦਿੱਤੇ ਜਿਨਾਂ ਵਿਚ ਕਿਹਾ ਗਿਆ ਸੀ ਕਿ ਉਹ ਮੈਡੀਕਲ ਪ੍ਰੋਵਾਈਡਰਾਂ ਸਮੇਤ ਠੇਕਿਆਂ ਦੇ 'ਬਲਾਕ' ਦੀ ਵਿਕਰੀ ਕਰਨਗੇ। ਇਨਾਂ ਬਲਾਕ ਦੇ ਖਰੀਦਦਾਰ ਠੇਕੇ ਦੀਆਂ ਸੇਵਾਵਾਂ ਮੈਡੀਕਲ ਪ੍ਰੋਵਾਈਡਰਾਂ ਨੂੰ ਦੇਣਗੇ ਤੇ ਮੁਨਾਫਾ ਕਮਾਉਣਗੇ। ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਉਹ ਖਰੀਦਦਾਰਾਂ ਨੂੰ ਪੱਕੇ ਗਾਹਕ ਵੀ ਮੁਹੱਈਆ ਕਰਵਾਉਣਗੇ ਜਦ ਕਿ ਹਕੀਕਤ ਵਿਚ ਅਜਿਹਾ ਕੁੱਝ ਵੀ ਨਹੀਂ ਸੀ। ਸਭ ਕੁਝ ਝੂਠ ਸੀ। ਪੀੜਤਾਂ ਨੇ 15000 ਡਾਲਰ ਤੋਂ ਲੈ ਕੇ 2,40,000 ਡਾਲਰਾਂ ਦੀ ਅਦਾਇਗੀ ਵੀਨਸਟੀਨ ਤੇ ਬਰਾਊਨ ਦੇ ਕੰਟਰੋਲ ਵਾਲੇ ਖਾਤਿਆਂ ਵਿਚ ਕੀਤੀ। ਇਸ ਤਰਾਂ ਇਨਾਂ ਨੇ ਘੱਟੋ ਘੱਟ 50 ਲੱਖ ਡਾਲਰ ਦੀ ਠੱਗੀ ਮਾਰੀ। ਇਹ ਪੈਸਾ ਇਨਾਂ ਨੇ ਖਾਣ ਪੀਣ ਤੇ ਐਸ਼ੋ ਅਰਾਮ ਉਪਰ ਖਰਚ ਕਰ ਦਿੱਤਾ। ਜਾਰੀ ਰਲੀਜ ਅਨੁਸਾਰ ਰੈਡੀ ਨੇ 50 ਲੱਖ ਡਾਲਰ ਵਾਪਿਸ ਮੋੜਨ ਉਪਰ ਸਹਿਮਤੀ ਦਿੱਤੀ ਹੈ। ਉਸ ਨੂੰ 20 ਅਕਤੂਬਰ 2021 ਨੂੰ ਸਜਾ ਸੁਣਾਈ ਜਾਵੇਗੀ। ਰਲੀਜ ਅਨੁਸਾਰ ਵੀਨਸਟੀਨ ਤੇ ਬਰਾਊਨ ਵਿਰੁੱਧ ਸ਼ਿਕਾਇਤ ਵਿਚ ਕੇਵਲ ਦੋਸ਼ ਲਾਏ ਗਏ ਹਨ ਤੇ ਸਮਝਿਆ ਜਾਂਦਾ ਹੈ ਕਿ ਉਹ ਨਿਰਦੋਸ਼ ਹਨ।
Comments (0)