ਅਲਾਬਾਮਾ ਵਿਚ ਆਏ ਜਬਰਦਸਤ ਤੂਫਾਨ ਕਾਰਨ ਹੋਏ ਹਾਦਸੇ ਵਿਚ 9 ਬੱਚਿਆਂ ਸਮੇਤ 10 ਮੌਤਾਂ

ਅਲਾਬਾਮਾ ਵਿਚ ਆਏ ਜਬਰਦਸਤ ਤੂਫਾਨ ਕਾਰਨ ਹੋਏ ਹਾਦਸੇ ਵਿਚ 9 ਬੱਚਿਆਂ ਸਮੇਤ 10 ਮੌਤਾਂ
ਕੈਪਸ਼ਨ: ਤੇਜ ਤੂਫਾਨ ਤੇ ਮੀਂਹ ਕਾਰਨ ਇਕ ਸੜਕ ਦੀ ਵਿਗੜੀ ਹਾਲਤ ਤੇ ਨਜਰ ਆ ਰਿਹਾ ਪਾਣੀ

* ਘਰ ਉਪਰ ਦਰਖਤ ਡਿੱਗਣ ਕਾਰਨ ਪਿਓ-ਪੁਤਰ ਦੀ ਮੌਤ

* ਅਗਲੇ ਦਿਨਾਂ ਵਿਚ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਅਲਾਬਾਮਾ ਵਿਚ ਆਏ ਤੇਜ ਤੂਫਾਨ , ਝਖੜ ਤੇ ਮੀਂਹ ਕਾਰਨ ਵਾਪਰੇ ਹਾਦਸੇ ਵਿਚ 9 ਸਕੂਲੀ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਘਟਨਾ ਵਿਚ ਘਰ ਉਪਰ ਦਰੱਖਤ ਡਿੱਗਣ ਕਾਰਨ 24 ਸਾਲਾ ਪਿਤਾ ਤੇ ਉਸ ਦੇ 3 ਸਾਲਾ ਪੁੱਤਰ ਦੀ ਮੌਤ ਹੋ ਗਈ। ਨੈਸ਼ਨਲ ਹੁਰੀਕੇਨ ਸੈਂਟਰ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਇਕ ਦੋ ਦਿਨਾਂ ਦੌਰਾਨ ਤੂਫਾਨ ਦੁਬਾਰਾ ਗਤੀ ਫੜ ਸਕਦਾ ਹੈ ਤੇ ਤੇਜ ਝਖੜ ਨਾਲ ਮੀਂਹ ਪੈ ਸਕਦਾ ਹੈ। ਹੁਰੀਕੇਨ ਸੈਂਟਰ ਅਨੁਸਾਰ ਫਲੋਰੀਡਾ ਪੈਨਹੈਂਡਲ ਦੇ ਪੂਰਬੀ ਹਿੱਸੇ, ਉਤਰੀ ਫਲੋਰੀਡਾ, ਦੱਖਣੀ ਜਾਰਜੀਆ, ਕੇਂਦਰੀ ਤੇ ਤੱਟੀ ਦੱਖਣੀ ਕੈਰੋਲੀਨਾ, ਪੂਰਬੀ ਤੇ ਉਤਰੀ ਕੈਰੋਲੀਨਾ ਵਿਚ ਤੂਫਾਨ ਦੇ ਨਾਲ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ।

ਬਟਲਰ ਕਾਊਂਟੀ ਦੇ ਸ਼ੈਰਿਫ ਡੈਨੀ ਬੌਂਡ ਅਨੁਸਾਰ ਹਾਦਸਾ ਇੰਟਰ ਸਟੇਟ 65 ਉਪਰ ਦੁਪਹਿਰ ਬਾਅਦ 2.30 ਵਜੇ ਵਾਪਰਿਆ। ਹਾਦਸੇ ਵਿਚ 18 ਗੱਡੀਆਂ ਇਕ ਦੂਜੀ ਨਾਲ ਟਕਰਾਅ ਗਈਆਂ। ਬੱਚੇ ਰੀਟਟਾਊਨ ਹਾਈ ਸਕੂਲ ਤੋਂ ਵਾਪਿਸ ਆ ਰਹੇ ਸਨ ਕਿ ਰਾਹ ਵਿਚ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਅਨੇਕਾਂ ਲੋਕ ਜਖਮੀ ਵੀ ਹੋਏ ਹਨ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ।