ਪਿਤਾ ਦਿਵਸ 'ਤੇ ਜਿਲ ਬਾਇਡਨ ਨੇ ਜੋਅ ਬਾਇਡਨ ਨੂੰ ਪਰਿਵਾਰ ਦਾ ਧੁਰਾ ਕਰਾਰ ਦਿੱਤਾ

ਪਿਤਾ ਦਿਵਸ 'ਤੇ ਜਿਲ ਬਾਇਡਨ ਨੇ ਜੋਅ ਬਾਇਡਨ ਨੂੰ ਪਰਿਵਾਰ ਦਾ ਧੁਰਾ ਕਰਾਰ ਦਿੱਤਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਪਿਤਾ ਦਿਵਸ ਵਿਸ਼ਵ ਭਰ ਵਿਚ ਵੱਖ ਵੱਖ ਢੰਗ ਤਰੀਕਿਆਂ ਨਾਲ ਮਨਾਇਆ ਗਿਆ ਤੇ ਬਹੁਤੇ ਬੱਚਿਆਂ ਨੇ ਰਸਮੀ ਤੌਰ 'ਤੇ ਫੋਨ ਉਪਰ ਆਪਣੇ ਪਿਤਾ ਨੂੰ ਪਿਤਾ ਦਿਵਸ ਦੀ ਵਧਾਈ ਦਿੱਤੀ। ਕਈਆਂ ਨੇ ਪਾਰਟੀਆਂ ਕਰਕੇ ਇਸ ਦਿਵਸ ਨੂੰ ਅਹਿਮ ਬਣਾਉ੍ਵਣ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੀ ਪਹਿਲੀ ਔਰਤ ਜਿਲ ਬਾਇਡਨ ਨੇ ਆਪਣੇ ਪਤੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਪਰਿਵਾਰ ਦਾ ਧੁਰਾ ਕਰਾਰ ਦਿੱਤਾ । ਉਨਾਂ ਨੇ ਸ਼ੋਸਲ ਮੀਡੀਆ ਉਪਰ ਪਾਈ ਪੋਸਟ ਵਿਚ ਕਿਹਾ ਹੈ '' ਮੇਰੇ ਬੱਚਿਆਂ ਦੇ ਪਿਤਾ ਤੁਹਾਡਾ ਅਸੀਮਿਤ ਪਿਆਰ ਸਾਡੇ ਲਈ ਚਾਨਣ ਮੁਨਾਰਾ ਹੈ ਤੁਸੀਂ ਪਰਿਵਾਰ ਦਾ ਧੁਰਾ ਹੋ ,ਜੋਅ ਅਸੀਂ ਤੈਨੂੰ ਪਿਆਰ ਕਰਦੇ ਹਾਂ 'ਹੈਪੀ ਫਾਦਰ'ਜ ਡੇਅ'। '' ਜਿਲ ਬਾਇਡਨ ਨੇ ਆਪਣੇ ਪਿਤਾ ਸਵਰਗੀ ਡੋਨਲਡ ਜੈਕੋਬਸ ਜਿਨਾਂ ਨੇ ਦੂਸਰੀ ਵਿਸ਼ਵ ਜੰਗ ਵਿਚ ਹਿੱਸਾ ਲਿਆ ਸੀ, ਨੂੰ ਵੀ ਯਾਦ ਕੀਤਾ ਤੇ ਕਿਹਾ ਉਹ ਮੇਰੇ ਪਹਿਲੇ ਹੀਰੋ ਸਨ। ਉਨਾਂ ਲਿਖਿਆ ਹੈ '' ਮੈ ਜਦੋਂ ਅੱਖਾਂ ਬੰਦ ਕਰਦੀ ਹਾਂ ਤਾਂ ਮੇਰੇ ਪਿਤਾ ਦੀ ਹੌਂਸਲਾ ਦੇਣ ਵਾਲੀ ਅਵਾਜ਼ ਸੁਣਾਈ ਦਿੰਦੀ ਹੈ ' ਗੁੱਡ ਫਾਰ ਯੂ ਜਿਲੀ-ਬੀਨ'' ਮੈ ਉਨਾਂ ਨੂੰ ਹਮੇਸ਼ਾਂ ਖਾਸ ਕਰਕੇ ਪਿਤਾ ਦਿਵਸ ਮੌਕੇ ਯਾਦ ਕਰਦੀ ਹਾਂ। ਅੱਜ ਮੇਰਾ ਦਿੱਲ ਉਨਾਂ ਲਈ ਵੀ ਧੜਕ ਰਿਹਾ ਹੈ ਜਿਨਾਂ ਦੇ ਪਿਤਾ ਨਹੀਂ ਰਹੇ।'