ਅਮਰੀਕਾ ਦੇ ਵਰਜੀਨੀਆ ਰਾਜ ਵਿਚ ਪੁਲਿਸ ਅਫਸਰ ਹੱਥੋਂ ਚੱਲੀ ਅਚਨਚੇਤ ਗੋਲੀ ਨਾਲ ਸਾਥੀ ਪੁਲਿਸ ਅਫਸਰ ਦੀ ਮੌਤ

ਅਮਰੀਕਾ ਦੇ ਵਰਜੀਨੀਆ ਰਾਜ ਵਿਚ ਪੁਲਿਸ ਅਫਸਰ ਹੱਥੋਂ ਚੱਲੀ ਅਚਨਚੇਤ ਗੋਲੀ ਨਾਲ ਸਾਥੀ ਪੁਲਿਸ ਅਫਸਰ ਦੀ ਮੌਤ
ਕੈਪਸ਼ਨ      ਸ਼ੱਕੀ ਦੋਸ਼ੀ ਅਲੈਗਜੰਡਰ ਰੋਬਿਨਸਨ ਰਾਇ

ਗੈਰ ਇਰਾਦਾ ਹੱਤਿਆ ਦਾ ਮਾਮਲਾ ਦਰਜ..

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਵਰਜੀਨੀਆ ਰਾਜ ਦੇ ਮੈਕਲੀਨ ਖੇਤਰ ਵਿਚ ਇਕ ਯੂ ਐਸ ਪਾਰਕ ਪੁਲਿਸ ਅਫਸਰ ਹੱਥੋਂ ਅਚਾਨਕ ਗੋਲੀ ਚੱਲ ਜਾਣ ਕਾਰਨ ਇਕ ਹੋਰ ਪੁਲਿਸ ਅਫਸਰ ਦੀ ਮੌਤ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ ਡਿਊਟੀ ਖਤਮ ਕਰ ਚੁੱਕੇ ਅਲੈਗਜੰਡਰ ਰੋਬਿਨਸਨ ਰਾਇ (25) ਨੇ ਸਮਝਿਆ ਕਿ ਰਾਈਫਲ ਖਾਲੀ ਹੈ ਤੇ ਉਸ ਨੇ ਘੋੜਾ ਨੱਪ ਦਿੱਤਾ ਜਿਸ ਦੇ ਸਿੱਟੇ ਵਜੋਂ ਗੋਲੀ ਵੱਜਣ ਕਾਰਨ ਉਸ ਦੇ 22 ਸਾਲਾ ਸਾਥੀ ਜੈਸ ਬਰਾਊਨ ਹਰਨਾਂਡੇਜ਼ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਅਲੈਗਜੰਡਰ ਰਾਇ ਵਿਰੁੱਧ ਗੈਰ ਇਰਾਦਾ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਸ ਨੂੰ  ਫੇਅਰਫੈਕਸ ਕਾਊਂਟੀ  ਅਡਲਟ ਡੀਟੈਨਸ਼ਨ ਸੈਂਟਰ ਵਿਚ ਰਖਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜਦੋਂ ਗੋਲੀ ਚੱਲਣ ਦੀ ਘਟਨਾ ਵਾਪਰੀ ਤਾਂ ਉਸ ਸਮੇ 4 ਵਿਅਕਤੀ ਜੋ ਆਪਸ ਵਿਚ ਇਕ ਦੂਸਰੇ ਨੂੰ ਜਾਣਦੇ ਸਨ, ਘਟਨਾ ਸਥਾਨ 'ਤੇ ਮੌਜੂਦ ਸਨ। ਫੇਅਰਫੈਕਸ ਕਾਊਂਟੀ ਪੁਲਿਸ ਵਿਭਾਗ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਵਾਸ਼ਿੰਗਟਨ, ਡੀ ਸੀ ਦੇ ਬਾਹਰਵਾਰ ਤਕਰੀਬਨ 10 ਮੀਲ ਦੂਰ ਮੈਕਲੀਨ ਖੇਤਰ ਵਿਚ ਪੁੱਜੇ ਤਾਂ ਹਰਨਾਂਡੇਜ਼ ਦੀ ਸਰੀਰ ਦੇ ਉਪਰਲੇ ਹਿੱਸੇ ਵਿਚ ਗੋਲੀ ਵੱਜਣ ਕਾਰਨ ਮੌਤ ਹੋ ਚੁੱਕੀ ਸੀ। ਪੁਲਿਸ ਨੇ ਹੋਰ ਕਿਹਾ ਹੈ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਘਟਨਾ ਵਾਪਰਨ ਦਾ ਕਾਰਨ 'ਸ਼ਰਾਬ' ਹੋ ਸਕਦਾ ਹੈ।