ਆਸਟ੍ਰੇਲੀਆ ਨਹੀਂ ਜਾਣਗੇ ਅਮਰੀਕੀ ਰਾਸ਼ਟਰਪਤੀ, ਕਵਾਡ ਮੀਟਿੰਗ ਰੱਦ

ਆਸਟ੍ਰੇਲੀਆ ਨਹੀਂ ਜਾਣਗੇ ਅਮਰੀਕੀ ਰਾਸ਼ਟਰਪਤੀ, ਕਵਾਡ ਮੀਟਿੰਗ ਰੱਦ

ਅਮਰੀਕਾ ਸਰਕਾਰ ਉਪਰ ਕਰਜ਼ੇ ਦਾ ਸੰਕਟ ਮੰਡਰਾਉਣ ਕਾਰਣ ਬਿਡੇਨ ਨੂੰ ਦੌਰਾ ਰਦ ਕਰਨਾ ਪਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਗਲੇ ਹਫਤੇ ਆਸਟ੍ਰੇਲੀਆ ਵਿਚ ਹੋਣ ਵਾਲੀ ਕਵਾਡ ਦੇਸ਼ਾਂ ਦੀ ਬੈਠਕ ਵਿਚ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਕਿਹਾ ਕਿ ਉਹ ਆਸਟ੍ਰੇਲੀਆ ਅਤੇ ਪਾਪੂਆ ਨਿਊ ਗਿਨੀ ਦਾ ਦੌਰਾ ਕੁਝ ਸਮੇਂ ਲਈ ਮੁਲਤਵੀ ਕਰ ਰਹੇ ਹਨ ਅਤੇ ਫਿਲਹਾਲ ਸਿਰਫ ਜਾਪਾਨ ਜਾਣਗੇ। ਸ਼ਡਿਊਲ ਵਿਚ ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਤਾਂ ਕਿ ਰਾਸ਼ਟਰਪਤੀ ਅਮਰੀਕਾ ਵਿਚ ਜਾਰੀ ਕਰਜ਼-ਸੀਮਾ ਤੈਅ ਕਰਨ ਦੀ ਗੱਲਬਾਤ 'ਤੇ ਆਪਣਾ ਧਿਆਨ ਕੇਂਦਰਿਤ ਕਰ ਸਕਣ।

ਇਸ ਤੋਂ ਬਾਅਦ 24 ਮਈ ਨੂੰ ਸਿਡਨੀ ਵਿਚ ਹੋਣ ਵਾਲੀ ਕਵਾਡ ਕਾਨਫਰੰਸ ਵੀ ਰੱਦ ਕਰ ਦਿੱਤੀ ਗਈ ਹੈ, ਜਿਸ ਵਿਚ ਜੋ ਬਿਡੇਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਦੇ ਨਾਲ ਸਿਡਨੀ ਦੇ ਓਪੇਰਾ ਵਿਚ ਹੋਣ ਵਾਲੀ ਬੈਠਕ ਵਿਚ ਸ਼ਿਰਕਤ ਕਰਨੀ ਸੀ । ਕਵਾਡ ਦੇਸ਼ਾਂ ਦੀ ਇਸ ਬੈਠਕ ਨੂੰ ਅਮਰੀਕਾ ਦੀ ਭਾਰਤ-ਪ੍ਰਸ਼ਾਂਤ ਖੇਤਰ 'ਤੇ ਵਿਸ਼ੇਸ਼ ਧਿਆਨ ਦੇਣ ਸੰਬੰਧੀ ਵਿਦੇਸ਼ ਨੀਤੀ ਬਾਰੇ ਯੋਜਨਾ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਪਾਪੂਆ ਨਿਊ ਗਿਨੀ ਦਾ ਦੌਰਾ ਵੀ ਕਰਨ ਜਾਣਾ ਸੀ, ਜੋ ਕਿ ਇੱਕ ਇਤਿਹਾਸਕ ਦੌਰਾ ਹੋਣਾ ਸੀ।

ਡਿਫਾਲਟਰ ਹੋਣ ਤੋਂ ਬਚਣ ਦੀ ਕੋਸ਼ਿਸ਼

ਬਿਡੇਨ ਹੁਣ ਜਾਪਾਨ ਲਈ ਰਵਾਨਾ ਹੋਣਗੇ ਜਿੱਥੇ ਹੀਰੋਸ਼ੀਮਾ ਵਿਚ ਜੀ-7 ਦੇਸ਼ਾਂ ਦੇ ਨੇਤਾਵਾਂ ਦੀ ਕਾਨਫਰੰਸ ਹੋਣੀ ਹੈ। ਬਿਡੇਨ ਐਤਵਾਰ ਨੂੰ ਅਮਰੀਕਾ ਪਰਤ ਆਉਣਗੇ। ਬਿਡੇਨ ਨੇ ਕਿਹਾ, "ਮੈਂ ਆਸਟ੍ਰੇਲੀਆ ਅਤੇ ਪਾਪੂਆ ਨਿਊ ਗਿਨੀ ਨਹੀਂ ਜਾ ਰਿਹਾ ਤਾਂ ਜੋ ਮੈਂ ਕਾਂਗਰਸ ਦੇ ਮੈਂਬਰਾਂ ਨਾਲ ਅੰਤਮ ਗੱਲਬਾਤ ਲਈ ਵਾਪਸ ਆ ਸਕਾਂ। ਰਾਸ਼ਟਰਪਤੀ ਹੋਣ ਦਾ ਅਰਥ ਹੁੰਦਾ ਹੈ ਕਈ ਮਹੱਤਵਪੂਰਨ ਮੁੱਦਿਆਂ ਨੂੰ ਇੱਕੋ ਸਮੇਂ ਸੰਭਾਲਣਾ। ਇਸ ਲਈ ਮੈਨੂੰ ਭਰੋਸਾ ਹੈ ਕਿ ਅਸੀਂ ਡਿਫਾਲਟਰ ਹੋਣ ਤੋਂ ਬਚਣ ਦੀ ਦਿਸ਼ਾ ਵਿਚ ਪ੍ਰਗਤੀ ਜਾਰੀ ਰਖਾਂਗੇ ਤਾਂ ਜੋ ਅਸੀਂ ਵਿਸ਼ਵ ਪੱਧਰ 'ਤੇ ਇੱਕ ਨੇਤਾ ਵਜੋਂ ਅਮਰੀਕਾ ਦੀ ਜ਼ਿੰਮੇਵਾਰੀ ਨੂੰ ਪੂਰਾ ਕਰ ਸਕੀਏ।"

ਅਮਰੀਕੀ ਰਾਸ਼ਟਰਪਤੀਆਂ ਦੀ ਚੋਣ ਮੁਹਿੰਮ ਦਾ ਬੋਝ ਲੋਕਾਂ ਦੀਆਂ ਜੇਬਾਂ 'ਤੇ 

ਜੇਕਰ ਅਮਰੀਕੀ ਸੰਸਦ ਕਾਂਗਰਸ ਇਸ ਮਹੀਨੇ ਦੇ ਅੰਤ ਤੱਕ ਕਰਜ਼ੇ ਦੀ ਸੀਮਾ ਵਧਾਉਣ ਵਿੱਚ ਅਸਫਲ ਰਹਿੰਦੀ ਹੈ, ਤਾਂ ਅਮਰੀਕੀ ਸਰਕਾਰ ਕੋਲ ਪੈਸਾ ਖਤਮ ਹੋ ਸਕਦਾ ਹੈ। ਇਹ ਬਿਡੇਨ ਸਰਕਾਰ ਦੇ ਸਾਹਮਣੇ ਕਰਜ਼ੇ ਦੀ ਸੀਮਾ ਵਧਾਉਣ ਦੀ ਵੱਡੀ ਚੁਣੌਤੀ ਹੈ। ਜੇਕਰ ਰਿਪਬਲਿਕਨ ਪਾਰਟੀ ਆਪਣੇ ਸਟੈਂਡ 'ਤੇ ਅੜੀ ਰਹੀ ਤਾਂ ਦੇਸ਼ ਦੇ ਸਾਹਮਣੇ ਡਿਫਾਲਟਰ ਬਣਨ ਦਾ ਸੰਕਟ ਹੈ।ਬਿਡੇਨ ਨੇ ਕਿਹਾ ਕਿ ਉਹਨਾਂ ਨੇ ਦੌਰਾ ਟਾਲਣ ਦੇ ਬਾਰੇ ਵਿਚ ਸੂਚਿਤ ਕਰਨ ਲਈ ਮੰਗਲਵਾਰ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਅਲਬਾਨਜੀ ਨੂੰ ਵੀ ਵ੍ਹਾਈਟ ਹਾਊਸ ਬੁਲਾਇਆ ਹੈ, ਜਿਸ ਦੀਆਂ ਤਰੀਕਾਂ ਅਜੇ ਤੈਅ ਨਹੀਂ ਹੋਈਆਂ ਹਨ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਪਾਪੂਆ ਨਿਊ ਗਿਨੀ ਸਰਕਾਰ ਨੂੰ ਵੀ ਸਮਾਂ-ਸਾਰਣੀ ਵਿੱਚ ਬਦਲਾਅ ਦੀ ਜਾਣਕਾਰੀ ਦਿੱਤੀ ਹੈ।

ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰ ਨੇ ਕਿਹਾ, "ਕਵਾਡ ਵਰਗੇ ਸਾਡੇ ਗੱਠਜੋੜ ਅਤੇ ਸਾਂਝੇਦਾਰੀ ਨੂੰ ਮੁੜ ਸੁਰਜੀਤ ਕਰਨਾ ਰਾਸ਼ਟਰਪਤੀ ਲਈ ਇੱਕ ਪ੍ਰਮੁੱਖ ਤਰਜੀਹ ਹੈ। ਇਹ ਵਿਸ਼ਵਵਿਆਪੀ ਸਥਿਰਤਾ ਅਤੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਾਡੀ ਵਿਦੇਸ਼ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। "ਅਸੀਂ ਆਸਟ੍ਰੇਲੀਆ, ਕਵਾਡ, ਪਾਪੂਆ ਨਿਊ ਗਿਨੀ ਅਤੇ ਪੈਸੀਫਿਕ ਆਈਲੈਂਡਜ਼ ਫੋਰਮ ਨਾਲ ਗੱਲਬਾਤ ਦੇ ਅਲੱਗ ਤਰੀਕੇ ਖੋਜਾਂਗੇ। 

ਕੁਆਡ ਮੀਟਿੰਗ ਵੀ ਰੱਦ 

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਦੱਸਿਆ ਕਿ ਜਾਪਾਨ ਅਤੇ ਭਾਰਤ ਦੇ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਕਵਾਡ ਮੀਟਿੰਗ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਾਰੇ ਨੇਤਾ ਜਾਪਾਨ ਵਿਚ ਜੀ-7 ਸੰਮੇਲਨ ਦੌਰਾਨ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਨੇਤਾ ਅਗਲੇ ਹਫਤੇ ਆਸਟ੍ਰੇਲੀਆ ਆ ਸਕਦੇ ਹਨ।

ਕਿਸੇ ਅਮਰੀਕੀ ਰਾਸ਼ਟਰਪਤੀ ਦੀ ਪਾਪੂਆ ਨਿਊ ਗਿਨੀ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਹੋਣੀ ਸੀ। 90 ਲੱਖ ਦੀ ਆਬਾਦੀ ਵਾਲਾ ਦੇਸ਼ ਇਸ ਦੌਰੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਜਿਥੇ ਬਿਡੇਨ ਨੇ ਪੈਸੀਫਿਕ ਆਈਲੈਂਡਜ਼ ਫੋਰਮ ਦੇ ਨੇਤਾਵਾਂ ਨਾਲ ਗਲਬਾਤ ਕਰਨੀ ਸੀ।ਅਲਬਾਨੀਜ਼ ਨੇ ਏਬੀਸੀ ਰੇਡੀਓ ਨੂੰ ਦੱਸਿਆ ਕਿ ਉਨ੍ਹਾਂ ਨੇ ਬਿਡੇਨ ਨਾਲ ਲੰਬੀ ਗੱਲਬਾਤ ਕੀਤੀ ਅਤੇ ਅਮਰੀਕੀ ਰਾਸ਼ਟਰਪਤੀ ਦੇ ਨਾ ਆਉਣ 'ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਬਿਡੇਨ ਜਾਪਾਨ ਵਿੱਚ ਹੋਰ ਤਿੰਨ ਕਵਾਡ ਆਗੂਆਂ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ।