ਜਿਆਦਾਤਰ ਅਮਰੀਕੀਆਂ ਨੇ ਕਾਲੇ ਲੋਕਾਂ ਨਾਲ ਭੇਦਭਾਵ ਦੀ ਗੱਲ ਮੰਨੀ, ਇਕ ਸਰਵੇਖਣ

ਜਿਆਦਾਤਰ ਅਮਰੀਕੀਆਂ ਨੇ ਕਾਲੇ ਲੋਕਾਂ ਨਾਲ ਭੇਦਭਾਵ ਦੀ ਗੱਲ ਮੰਨੀ,  ਇਕ ਸਰਵੇਖਣ
ਸੀਟਲ, ਵਾਸ਼ਿੰਟਗਨ ਵਿਚ ਨਸਲੀ ਭੇਦਭਾਵ ਵਿਰੁੱਧ ਕੱਢੀ ਰੈਲੀ ਵਿਚ ਲੋਕਾਂ ਦੇ ਹੱਥਾਂ ਵਿੱਚ ਫੜੇ ਹੋਏ ਬੈਨਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ਲੰਘੇ ਦਿਨ ਪੀਊ ਰਿਸਰਚ ਸੈਂਟਰ ਦੁਆਰਾ ਪ੍ਰਕਾਸ਼ਿਤ ਇਕ ਸਰਵੇ ਵਿਚ ਜਿਆਦਾਤਰ ਅਮਰੀਕੀਆਂ ਨੇ ਕਿਹਾ ਹੈ ਕਿ ਕਾਲੇ ਲੋਕਾਂ ਨਾਲ ਕੁਝ ਹੱਦ ਤੱਕ ਭੇਦਭਾਵ ਹੁੰਦਾ ਹੈ। ਸਰਵੇ ਅਨੁਸਾਰ 80% ਅਮਰੀਕਨਾਂ ਦਾ ਵਿਸ਼ਵਾਸ਼ ਹੈ ਕਿ ਕਾਲੇ ਲੋਕਾਂ ਵਿਰੁੱਧ ਕੁਝ ਜਾਂ ਥੋਹੜਾ ਬਹੁਤ ਭੇਦ ਭਾਵ ਹੁੰਦਾ ਹੈ। 76% ਲੋਕਾਂ ਦਾ ਕਹਿਣਾ ਹੈ ਕਿ ਹਿਸਪੈਨਿਕ ਲੋਕਾਂ ਨੂੰ ਵੀ ਇਸੇ ਤਰਾਂ ਦੇ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਜਦ ਕਿ 70% ਲੋਕ ਏਸ਼ੀਅਨ ਲੋਕਾਂ ਨਾਲ ਹੁੰਦੇ ਭੇਦਭਾਵ ਦੀ ਗੱਲ ਮੰਨਦੇ ਹਨ। ਪੀਊ ਸੈਂਟਰ ਵੱਲੋਂ ਇਸ ਹਫਤੇ ਐਟਲਾਂਟਾ ਖੇਤਰ ਵਿਚ 6 ਏਸ਼ੀਅਨ ਔਰਤਾਂ ਦੀਆਂ ਹਤਿਆਵਾਂ ਤੋਂ ਪਹਿਲਾਂ ਮਾਰਚ ਦੇ ਪਹਿਲੇ ਹਫ਼ਤੇ ਵਿਚ ਕੀਤੇ ਗਏ ਇਸ ਸਰਵੇ ਵਿਚ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਵੱਖ ਵੱਖ ਕਿਸਮ ਦੇ ਲੋਕਾਂ ਜਿਵੇਂ ਕਾਲੇ , ਹਿਸਪੈਨਿਕ , ਚਿੱਟੇ  ਤੇ ਏਸ਼ੀਅਨ ਲੋਕਾਂ ਨਾਲ ਕਿਸ ਪੱਧਰ ਤੱਕ ਭੇਦਭਾਵ ਹੁੰਦਾ ਹੈ। ਇਸ ਦੇ ਜਵਾਬ ਵਿਚ 46% ਲੋਕਾਂ ਨੇ ਕਿਹਾ ਕਿ ਕਾਲੇ ਲੋਕਾਂ ਨਾਲ ਵੱਡੀ ਪੱਧਰ ਉਪਰ ਭੇਦਭਾਵ ਹੁੰਦਾ ਹੈ। 2017 ਵਿਚ ਕਰਵਾਏ ਗਏ ਸਰਵੇ ਵਿਚ 39% ਅਮਰੀਕੀਆਂ ਨੇ ਕਾਲੇ ਲੋਕਾਂ ਨਾਲ ਵੱਡੀ ਪੱਧਰ ਉਪਰ ਭੇਦਭਾਵ ਹੋਣ ਦੀ ਗੱਲ ਮੰਨੀ ਸੀ। ਤਕਰੀਬਨ 30% ਅਮਰੀਕੀਆਂ ਨੇ ਕਿਹਾ ਕਿ ਹਿਸਪੈਨਿਕ ਲੋਕਾਂ ਨਾਲ ਭੇਦਭਾਵ ਹੁੰਦਾ ਹੈ ਜਦ ਕਿ 27% ਨੇ  ਏਸ਼ੀਅਨ ਲੋਕਾਂ ਨਾਲ ਭੇਦਭਾਵ ਹੋਣ ਦੀ ਗੱਲ ਮੰਨੀ ਹੈ। ਇਸ ਦੇ ਨਾਲ ਹੀ 40% ਨੇ ਕਿਹਾ ਕਿ ਚਿੱਟੇ ਲੋਕਾਂ ਨਾਲ ਕੁੱਝ ਹੱਦ ਤੱਕ ਭੇਦ ਭਾਵ ਹੁੰਦਾ ਹੈ ਜਦ ਕਿ 14% ਅਮਰੀਕੀਆਂ ਨੇ ਚਿੱਟੇ ਲੋਕਾਂ ਨਾਲ ਵੱਡੀ ਪੱਧਰ ਉਪਰ ਭੇਦਭਾਵ ਹੋਣ ਦੀ ਗੱਲ ਕਹੀ। ਸਰਵੇ ਅਨੁਸਾਰ ਤਕਰੀਬਨ ਅੱਧੇ ਬਾਲਗਾਂ ਨੇ ਕਿਹਾ ਕਿ ਚਿੱਟੇ ਲੋਕਾਂ ਨੂੰ ਕੁੱਝ ਹੱਦ ਤੱਕ ਭੇਦਭਾਵ ਸਹਿਣਾ ਪੈਂਦਾ ਹੈ। ਸਰਵੇ ਅਨੁਸਾਰ ਬਹੁਗਿਣਤੀ ਅਮਰੀਕਨਾਂ  ਨੇ ਕਿਹਾ ਕਿ ਅੱਜ ਦੇ ਸਮਾਜ ਵਿਚ ਮੁਸਲਮਾਨਾਂ, ਯਹੂਦੀਆਂ, ਲੈਸਬੀਅਨਾਂ ਤੇ ਔਰਤਾਂ ਨੂੰ ਕੁਝ ਹੱਦ ਤੱਕ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ।   ਬੀਤੇ ਦਿਨ ਸੀਟਲ, ਵਾਸ਼ਿੰਗਟਨ ਵਿਚ ਏਸ਼ੀਅਨ ਲੋਕਾਂ 'ਤੇ ਹੁੰਦੇ ਨਸਲੀ ਹਮਲਿਆਂ ਨੂੰ ਲੈ ਕੇ ਇਕ ਰੈਲੀ ਵੀ ਕੱਢੀ ਗਈ ਜਿਸ ਵਿਚ ਜਾਤਵਾਦ ਨੂੰ ਮਹਾਂਮਾਰੀ ਕਰਾਰ ਦਿੰਦਿਆਂ ਸਮਾਜ ਵਿਚ ਹੁੰਦੇ ਨਸਲੀ ਭੇਦਭਾਵ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।