ਸਾਬਕਾ ਪੁਲਿਸ ਅਫਸਰ ਵਿਰੁੱਧ ਲੜਕੀ ਨੂੰ ਅਗਵਾ ਤੇ ਹੱਤਿਆ ਕਰਨ ਦੇ ਦੋਸ਼  ਆਇਦ

ਸਾਬਕਾ ਪੁਲਿਸ ਅਫਸਰ ਵਿਰੁੱਧ ਲੜਕੀ ਨੂੰ ਅਗਵਾ ਤੇ ਹੱਤਿਆ ਕਰਨ ਦੇ ਦੋਸ਼  ਆਇਦ
ਕੈਪਸ਼ਨ: ਸੁਸਾਨਾ ਮੋਰਾਲਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) - ਜਾਰਜੀਆ ਦੇ ਸਾਬਕਾ ਪੁਲਿਸ ਅਫਸਰ  ਮਾਈਲਜ ਬਰੀਅੰਟ (22) ਜਿਸ ਨੂੰ 16 ਸਾਲਾ ਲੜਕੀ ਦੀ ਮੌਤ ਨੂੰ ਛੁਪਾਉਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਵਿਰੁੱਧ ਹੁਣ ਅਗਵਾ ਤੇ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਪ੍ਰਗਟਾਵਾ ਪੁਲਿਸ ਨੇ ਕੀਤਾ ਹੈ। ਸੁਸਾਨਾ ਮੋਰਾਲਸ ਨਾਮੀ ਲੜਕੀ ਜੋ ਪਿਛਲੇ ਸਾਲ ਜੁਲਾਈ ਤੋਂ ਲਾਪਤਾ ਸੀ, ਦੀ ਗਲੀ ਸੜੀ ਲਾਸ਼ ਇਸ ਮਹੀਨੇ ਦੇ ਸ਼ੁਰੂ ਵਿਚ ਬਰਾਮਦ ਕੀਤੀ ਗਈ ਸੀ। ਗਵੀਨੈਟ ਕਾਊਂਟੀ ਪੁਲਿਸ ਮੁਖੀ ਜੇਮਜ ਡੀ ਮੈਕਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜਾਂਚਕਾਰਾਂ ਨੇ ਉਹ ਹਥਿਆਰ ਵੀ ਬਰਾਮਦ ਕਰ ਲਿਆ ਹੈ ਜਿਸ ਹਥਿਆਰ ਬਾਰੇ ਮੋਰਾਲਸ ਨੇ ਚੋਰੀ ਹੋ ਜਾਣ ਦੀ ਗੱਲ ਕਹੀ ਸੀ। ਉਨਾਂ ਕਿਹਾ ਕਿ ਬਰੀਅੰਟ ਨੇ ਪਿਛਲੇ ਸਾਲ ਜੁਲਾਈ ਵਿਚ ਉਸ ਦਿਨ ਹੀ ਗੰਨ ਚੋਰੀ ਹੋਣ ਦੀ ਰਿਪੋਰਟ ਲਿਖਵਾਈ ਸੀ ਜਿਸ ਦਿਨ ਮੋਰਾਲਸ ਗਾਇਬ ਹੋਈ ਸੀ। ਇਹ ਗੰਨ 7 ਫਰਵਰੀ ਨੂੰ ਉਸੇ ਸਥਾਨ ਤੋਂ ਬਰਾਮਦ ਹੋਈ ਜਿਥੋਂ ਮੋਰਾਲਸ ਦੀ ਲਾਸ਼ ਮਿਲੀ ਸੀ। ਲੜਕੀ ਦੇ ਲਾਪਤਾ ਹੋਣ ਸਮੇ ਬਰੀਅੰਟ ਡੇਕਾਲਬ ਕਾਊਂਟੀ ਦੇ ਡੋਰਾਵਿਲੇ ਪੁਲਿਸ ਵਿਭਾਗ ਵਿਚ ਅਫਸਰ ਸੀ। ਉਸ ਵਿਰੁੱਧ ਲੱਗੇ ਦੋਸ਼ਾਂ ਉਪਰੰਤ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।