ਜੇਹਾਦੀ ਲਾੜੀ ਨੂੰ ਬਰਤਾਨੀਆ ਨਹੀਂ ਦੇਵੇਗਾ ਨਾਗਰਿਕਤਾ 

ਜੇਹਾਦੀ ਲਾੜੀ ਨੂੰ ਬਰਤਾਨੀਆ ਨਹੀਂ ਦੇਵੇਗਾ ਨਾਗਰਿਕਤਾ 

2015 ਵਿਚ ਲੰਡਨ ਤੋਂ ਸੀਰੀਆ ਗਈ ਸ਼ਮੀਮਾ, ਆਈਐਸਆਈਐਸ ਜਿਹਾਦੀ ਨਾਲ ਕਰਵਾਇਆ ਸੀ ਵਿਆਹ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ- 2015 ਵਿੱਚ ਜਿਹਾਦੀ ਸੰਗਠਨ ਆਈਐਸਆਈਐਸ ਵਿੱਚ ਸ਼ਾਮਲ ਹੋਣ ਲਈ ਗਈ ਬ੍ਰਿਟਿਸ਼ ਨਾਗਰਿਕ ਸ਼ਮੀਮਾ ਬੇਗਮ ਮੁੜ ਨਾਗਰਿਕਤਾ ਲੈਣ ਲਈ ਕੇਸ ਹਾਰ ਗਈ ਸੀ। ਬ੍ਰਿਟੇਨ ਦੀ ਇਕ ਅਦਾਲਤ ਨੇ ਬੀਤੇ ਦਿਨੀਂ ਕਿਹਾ ਕਿ ਸ਼ਮੀਮਾ ਦੀ ਬ੍ਰਿਟਿਸ਼ ਨਾਗਰਿਕਤਾ ਰਦ ਕਰਨ ਦਾ ਗ੍ਰਹਿ ਵਿਭਾਗ ਦਾ ਫੈਸਲਾ ਸਹੀ ਸੀ ਅਤੇ ਇਸ 'ਤੇ ਰੋਕ ਨਹੀਂ ਲਗਾਈ ਜਾਵੇਗੀ।

ਸੀਐਨਐਨ ਡਾਟ ਕਾਮ ਦੀ ਰਿਪੋਟ ਅਨੁਸਾਰ ਸ਼ਮੀਮਾ ਦੋ ਦੋਸਤਾਂ ਨਾਲ 2015 ਵਿਚ ਲੰਡਨ ਤੋਂ ਸੀਰੀਆ ਗਈ ਸੀ। ਉੱਥੇ ਇੱਕ ਆਈਐਸਆਈਐਸ ਜਿਹਾਦੀ ਨਾਲ ਵਿਆਹ ਕੀਤਾ ਸੀ।ਉਸਦੇ ਦੋ ਬੱਚੇ ਹੋਏ ਸਨ। ਆਈਐਸਆਈਐਸ ਦੇ ਪਤਨ ਤੋਂ ਬਾਅਦ, ਸ਼ਮੀਮਾ ਸੀਰੀਆ ਵਿੱਚ ਇੱਕ ਸ਼ਰਨਾਰਥੀ ਕੈਂਪ ਵਿੱਚ ਰਹਿ ਰਹੀ ਹੈ। ਉਸਨੇ ਆਪਣੀ ਨਾਗਰਿਕਤਾ ਬਹਾਲ ਕਰਨ ਦੀ ਮੰਗ ਕਰਦੇ ਹੋਏ ਕਈ ਵਾਰ ਯੂਕੇ ਸਰਕਾਰ ਤੋਂ ਮੁਆਫੀ ਮੰਗੀ ਸੀ। ਇਸ ਨੂੰ ਹਰ ਵਾਰ ਯੂਕੇ ਸਰਕਾਰ ਵਲੋਂ ਰੱਦ ਕਰ ਦਿੱਤਾ ਗਿਆ ਸੀ। ਤਾਜ਼ਾ ਫੈਸਲੇ ਵਿਚ ਉਸ ਦੇ ਬ੍ਰਿਟੇਨ ਆਉਣ 'ਤੇ ਕਿਸੇ ਵੀ ਰੂਪ ਵਿਚ ਪਾਬੰਦੀ ਬਾਰੇ ਕੁਝ ਨਹੀਂ ਕਿਹਾ ਗਿਆ ਹੈ।ਪੱਛਮੀ ਮੀਡੀਆ ਉਸ ਨੂੰ ਆਈਐਸਆਈਐਸ ਦੁਲਹਨ ਜਾਂ ਜੇਹਾਦੀ ਦੁਲਹਨ ਕਹਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਨੇ ਇਕ ਜਿਹਾਦੀ ਨਾਲ ਵਿਆਹ ਕੀਤਾ ਸੀ।ਨਵੰਬਰ ਵਿਚ ਸੁਣਵਾਈ ਹੋਈ ਸੀ, ਹੁਣ ਫੈਸਲਾ ਆ ਗਿਆ ਹੈ।

19 ਫਰਵਰੀ 2019 ਨੂੰ, ਯੂਕੇ ਦੇ ਤਤਕਾਲੀ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਸ਼ਮੀਮਾ ਦੀ ਨਾਗਰਿਕਤਾ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਦੋ ਵਾਰ ਸ਼ਮੀਮਾ ਨੇ ਇਸ ਨੂੰ ਬਹਾਲ ਕਰਨ ਲਈ ਬ੍ਰਿਟਿਸ਼ ਅਦਾਲਤਾਂ ਵਿੱਚ ਅਪੀਲ ਦਾਇਰ ਕੀਤੀ ਸੀ। ਅਪੀਲ ਦੇ ਸਮੇਂ, ਉਹ ਖੁਦ ਸੀਰੀਆ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਸੀ। ਅਦਾਲਤ ਵਿਚ ਸ਼ਮੀਮਾ ਵਲੋਂ ਵਕੀਲ ਨੇ ਦਲੀਲਾਂ ਪੇਸ਼ ਕੀਤੀਆਂ ਸਨ।ਨਵੰਬਰ 2022 ਵਿਚ ਦੂਜੀ ਅਪੀਲ 'ਤੇ ਸੁਣਵਾਈ ਲਗਾਤਾਰ ਪੰਜ ਦਿਨ ਚੱਲੀ। ਸ਼ਮੀਮਾ ਦੇ ਵਕੀਲ ਨੇ ਕਿਹਾ ਸੀ-  ਫੈਸਲਾ ਇਸ ਆਧਾਰ ਉਪਰ ਹੋਣਾ ਚਾਹੀਦਾ ਹੈ ਕਿ  ਉਹ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਸੀ ਜਾਂ ਨਹੀਂ। ਸੱਚ ਤਾਂ ਇਹ ਹੈ ਕਿ ਸ਼ਮੀਮਾ ਇੱਕ  ਪੀੜਤਾ ਹੈ। ਫਿਰ ਉਨ੍ਹਾਂ ਦੀ ਨਾਗਰਿਕਤਾ ਕਿਵੇਂ ਖੋਹੀ ਜਾ ਸਕਦੀ ਹੈ? ਇਹ ਗੈਰ-ਕਾਨੂੰਨੀ ਹੋਵੇਗਾ।

2019 ਵਿੱਚ, ਜਦੋਂ ਸ਼ਮੀਮਾ ਨੇ ਪਹਿਲੀ ਵਾਰ ਨਾਗਰਿਕਤਾ ਬਹਾਲ ਕਰਨ ਲਈ ਅਪੀਲ ਦਾਇਰ ਕੀਤੀ ਸੀ, ਉਹ ਗਰਭਵਤੀ ਸੀ। ਬਾਅਦ ਵਿੱਚ ਉਸਨੇ ਸ਼ਰਨਾਰਥੀ ਕੈਂਪ ਵਿੱਚ ਹੀ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਪਹਿਲੇ ਦੋ ਬੱਚਿਆਂ ਦੀ ਸੀਰੀਆ ਵਿੱਚ ਮੌਤ ਹੋ ਗਈ ਸੀ।ਉਸਦੀ ਇਕ ਸਹੇਲੀ ਖਦੀਜਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੀਰੀਆ ਵਿੱਚ ਇੱਕ ਬੰਬ ਹਮਲੇ  ਦੌਰਾਨ ਮਾਰੀ ਗਈ ਸੀ। ਅਜੇ ਤੱਕ ਅਮੀਰਾ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। 

ਫੈਸਲੇ 'ਤੇ ਵਕੀਲ ਦੀ ਪ੍ਰਤੀਕਿਰਿਆ

ਅਦਾਲਤ ਦੇ ਹੁਣੇ ਜਿਹੇ ਆਏ ਫੈਸਲੇ 'ਤੇ ਸ਼ਮੀਮਾ ਦੇ ਵਕੀਲ ਨੇ ਕਿਹਾ- ਇਹ ਦੁਖ ਭਰਿਆ ਫੈਸਲਾ ਹੈ। ਅਦਾਲਤ ਕੋਲ ਪਹਿਲਾਂ ਹੋਈ ਗਲਤੀ ਨੂੰ ਸੁਧਾਰਨ ਦਾ ਮੌਕਾ ਸੀ। ਇਹ ਬੇਇਨਸਾਫ਼ੀ ਜਾਰੀ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਬਰਤਾਨਵੀ ਬੱਚੇ ਨੂੰ ਮਨੁੱਖੀ ਤਸਕਰੀ ਰਾਹੀਂ ਦੇਸ਼ ਤੋਂ ਬਾਹਰ ਲਿਜਾਇਆ ਜਾਂਦਾ ਹੈ ਤਾਂ ਸਾਡੇ ਗ੍ਰਹਿ ਸਕੱਤਰ ਦੀ ਨਜ਼ਰ ਵਿਚ ਉਸ ਨੂੰ ਦੇਸ਼ ਵਿਚ ਵਾਪਸ ਲਿਆਉਣਾ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੋਵੇਗਾ।

ਐਮਨੈਸਟੀ ਇੰਟਰਨੈਸ਼ਨਲ ਨੇ ਵੀ ਅਦਾਲਤ ਦੇ ਫੈਸਲੇ ਨੂੰ ਗਲਤ ਦੱਸਿਆ ਹੈ। ਕਿਹਾ- ਅਸੀਂ ਇਸ ਤੋਂ ਬਹੁਤ ਨਿਰਾਸ਼ ਹਾਂ। ਦੁਨੀਆਂ ਵਿੱਚ ਕਿਤੇ ਵੀ ਇਸ ਤਰ੍ਹਾਂ ਨਾਗਰਿਕਤਾ ਨਹੀਂ ਖੋਹੀ ਜਾਂਦੀ। ਖਾਸ ਤੌਰ 'ਤੇ ਜਦੋਂ ਪੀੜਤ ਨੂੰ ਬਚਪਨ ਵਿੱਚ ਗਲਤ ਕੰਮ ਕਰਨ ਲਈ ਉਕਸਾਇਆ ਗਿਆ ਹੋਵੇ। ਸ਼ਮੀਮਾ ਉਨ੍ਹਾਂ ਹਜ਼ਾਰਾਂ ਔਰਤਾਂ ਅਤੇ ਬੱਚਿਆਂ ਵਿੱਚੋਂ ਇੱਕ ਹੈ ਜੋ ਇੱਕ ਕੋਝੀ ਸਾਜ਼ਿਸ਼ ਦਾ ਸ਼ਿਕਾਰ ਹੋਈ ਅਤੇ ਸ਼ਰਨਾਰਥੀ ਕੈਂਪ ਵਿੱਚ ਪਹੁੰਚ ਗਈ।

ਹਾਲਾਂਕਿ ਸ਼ਮੀਮਾ ਦੀ ਨਾਗਰਿਕਤਾ ਖੋਹਣ ਦਾ ਫੈਸਲਾ ਦੇਣ ਵਾਲੇ ਤਤਕਾਲੀ ਗ੍ਰਹਿ ਸਕੱਤਰ ਸਾਜਿਦ ਜਾਵੇਦ ਨੇ ਅਦਾਲਤ ਦੇ ਫੈਸਲੇ ਨੂੰ ਸਹੀ ਠਹਿਰਾਇਆ ਸੀ। ਕਿਹਾ- ਇਸ ਤੋਂ ਸਾਬਤ ਹੁੰਦਾ ਹੈ ਕਿ ਮੈਂ ਸ਼ਮੀਮਾ ਦੀ ਨਾਗਰਿਕਤਾ ਰੱਦ ਕਰਨ ਦਾ ਜੋ ਫੈਸਲਾ ਲਿਆ ਸੀ, ਉਹ ਸਹੀ ਸੀ। ਉਹ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ।

ਇੱਕ ਉਮੀਦ ਜੋ ਰਹਿੰਦੀ ਹੈ

ਬ੍ਰਿਟਿਸ਼ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਵਿੱਚ ਦੋ ਗੱਲਾਂ ਧਿਆਨ ਦੇਣ ਯੋਗ ਹਨ। ਪਹਿਲੀ- ਸ਼ਮੀਮਾ ਨੂੰ ਦੁਬਾਰਾ ਬ੍ਰਿਟੇਨ ਦੀ ਨਾਗਰਿਕਤਾ ਨਹੀਂ ਮਿਲ ਸਕੇਗੀ। ਦੂਜਾ- ਫੈਸਲੇ ਵਿਚ ਇਹ ਸਪੱਸ਼ਟ ਨਹੀਂ ਹੈ ਕਿ ਉਸ ਦੇ ਬ੍ਰਿਟੇਨ ਆਉਣ 'ਤੇ ਪਾਬੰਦੀ ਹੋਵੇਗੀ ਜਾਂ ਨਹੀਂ। ਇਸ ਦਾ ਮਤਲਬ ਹੈ ਕਿ ਭਾਵੇਂ ਉਹ ਹੁਣ ਬਰਤਾਨਵੀ ਨਾਗਰਿਕ ਨਹੀਂ ਹੈ ਪਰ ਜੇਕਰ ਉਹ ਕਿਸੇ ਹੋਰ ਤਰੀਕੇ ਨਾਲ ਜਾਂ ਕਿਸੇ ਹੋਰ ਵੀਜ਼ੇ ਨਾਲ ਬਰਤਾਨੀਆ ਆ ਸਕਦੀ ਹੈ ਜਾਂ ਨਹੀਂ? ਇਹ ਸਪੱਸ਼ਟ ਨਹੀਂ ਹੈ। ਆਉਣ ਵਾਲੇ ਦਿਨਾਂ 'ਵਿਚ ਸੰਭਵ ਹੈ ਕਿ ਇਸ ਮੁਦੇ ਦੇ ਆਧਾਰ 'ਤੇ ਉਹ ਇਕ ਹੋਰ ਅਪੀਲ ਦਾਇਰ ਕਰਕੇ ਅਸਥਾਈ ਜਾਂ ਟੂਰਿਸਟ ਵੀਜ਼ਾ ਲੈ ਕੇ ਬਰਤਾਨੀਆ ਆ ਜਾਵੇ।

ਕਸੂਰ ਮੰਨਣ ਲਈ ਤਿਆਰ

ਪਿਛਲੇ ਸਾਲ 'ਸਕਾਈ ਨਿਊਜ਼' ਨੂੰ ਦਿੱਤੇ ਇੰਟਰਵਿਊ ਵਿਚ ਸ਼ਮੀਮਾ ਨੇ ਕਿਹਾ ਸੀ- ਬ੍ਰਿਟਿਸ਼ ਸਰਕਾਰ ਨੇ ਮੇਰੀ ਨਾਗਰਿਕਤਾ ਖੋਹ ਲਈ ਹੈ। ਮੈਂ ਹੁਣ ਕਿਤੇ ਨਹੀਂ ਜਾ ਸਕਦੀ। ਜਦੋਂ ਮੈਂ 15 ਸਾਲ ਦੀ ਉਮਰ ਵਿਚ ਬਰਤਾਨੀਆ ਛੱਡਿਆ ਸੀ, ਤਾਂ ਮੈਨੂੰ ਕੁਝ ਦੋਸਤਾਂ ਨੇ ਭਰਮਾ ਲਿਆ ਸੀ। ਮੈਂ ਇਹਨਾਂ ਲੋਕਾਂ ਨੂੰ ਔਨਲਾਈਨ ਮਿਲੀ ਸੀ। ਇਸ ਮਾਮਲੇ ਨੂੰ 7 ਸਾਲ ਬੀਤ ਚੁੱਕੇ ਹਨ। ਹੁਣ ਮੈਂ ਬਰਤਾਨੀਆ ਵਾਪਸ ਪਰਤਣਾ ਚਾਹੁੰਦੀ ਹਾਂ, ਭਾਵੇਂ ਮੈਨੂੰ ਮੇਰੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣੀ ਪਵੇ। ਮੈਂ ਸਿਰਫ਼ ਇੱਕ ਹੀ ਗੁਨਾਹ ਕੀਤਾ ਸੀ ਕਿ ਮੈਂ ਸੀਰੀਆ ਗਈ ਸੀ ਅਤੇ ਇੱਕ ਜਿਹਾਦੀ ਨਾਲ ਵਿਆਹ ਕੀਤਾ ਸੀ। ਇਸ ਤੋਂ ਇਲਾਵਾ ਮੈਂ ਕੁਝ ਵੀ ਗਲਤ ਨਹੀਂ ਕੀਤਾ ਹੈ। ਮੈਂ ਕਿਸੇ ਅੱਤਵਾਦੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਸੀ।

ਕੌਣ ਹੈ ਸ਼ਮੀਮਾ ਬੇਗਮ

ਉਹ ਬੰਗਲਾਦੇਸ਼ ਮੂਲ ਦੀ ਬ੍ਰਿਟਿਸ਼ ਨਾਗਰਿਕ ਹੈ। 2015 ਵਿੱਚ ਉਹ ਦੋ ਹੋਰ ਕੁੜੀਆਂ ਨਾਲ ਆਈਐਸ ਵਿੱਚ ਸ਼ਾਮਲ ਹੋਣ ਲਈ ਸੀਰੀਆ ਗਈ ਸੀ। ਬਾਕੀ ਦੋ ਲੜਕੀਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਸ਼ਮੀਮਾ 2019 ਵਿੱਚ ਸੀਰੀਆ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਮਿਲੀ ਸੀ।  ਸ਼ਮੀਮਾ 'ਤੇ ਦੋਸ਼ ਹੈ ਕਿ ਉਹ ਆਤਮਘਾਤੀ ਹਮਲਾਵਰਾਂ ਲਈ ਜੈਕਟਾਂ ਬਣਾਉਣ ਦੀ ਮਾਹਿਰ ਸੀ, ਹਾਲਾਂਕਿ ਉਹ ਇਸ ਤੋਂ ਇਨਕਾਰ ਕਰਦੀ ਹੈ।

ਸ਼ਮੀਮਾ ਗਲਾਸਗੋ ਦੀ ਰਹਿਣ ਵਾਲੀ 20 ਸਾਲਾ ਔਰਤ ਅਕਸਾ ਮਹਿਮੂਦ ਦੇ ਸੰਪਰਕ ਵਿਚ ਸੀ। ਅਕਸਾ 2013 ਵਿੱਚ ਆਈਐਸਆਈਐਸ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਬ੍ਰਿਟਿਸ਼ ਔਰਤਾਂ ਵਿੱਚੋਂ ਇੱਕ ਸੀ। ਉਹ ਆਈ ਐਸ ਆਈ ਐਸ ਦੀ ਅਲ-ਖਾਨਸਾ ਬ੍ਰਿਗੇਡ ਦੀ ਮੈਂਬਰ ਸੀ, ਜਿਸਦਾ ਕੰਮ ਨੌਜਵਾਨ ਔਰਤਾਂ ਨੂੰ ਜਿਹਾਦੀ ਜਥੇਬੰਦੀ ਨਾਲ ਜੋੜਨਾ ਸੀ। ਉਹ ਸੋਸ਼ਲ ਮੀਡੀਆ 'ਤੇ ਲੜਕੀਆਂ ਦਾ ਬ੍ਰੇਨਵਾਸ਼ ਕਰਦੀ ਸੀ ਅਤੇ ਉਨ੍ਹਾਂ ਨੂੰ ਆਈ ਐਸ ਆਈ ਐਸ 'ਵਿਚ ਸ਼ਾਮਲ ਹੋਣ ਲਈ ਮਜਬੂਰ ਕਰਦੀ ਸੀ।