ਕਤਲ ਦੇ ਦੋਸ਼ ਵਿਚ 32 ਸਾਲ  ਜੇਲ ਵਿਚ ਸਜ਼ਾ ਭੁਗਤਣ ਉਪਰੰਤ ਜੱਜ ਨੇ ਕੀਤਾ ਬਰੀ

ਕਤਲ ਦੇ ਦੋਸ਼ ਵਿਚ 32 ਸਾਲ  ਜੇਲ ਵਿਚ ਸਜ਼ਾ ਭੁਗਤਣ ਉਪਰੰਤ ਜੱਜ ਨੇ ਕੀਤਾ ਬਰੀ
ਕੈਪਸ਼ਨ: ਅਦਾਲਤ ਵਿਚ ਜੋਆਕੁਇਨ ਸੀਰੀਆ ਬਰੀ ਹੋਣ ਤੋਂ ਬਾਅਦ ਵਕੀਲ ਪੇਜ ਕਾਨੇਬ ਤੇ ਵਕੀਲ ਐਲਨ ਈਗਰਜ ਨਾਲ ।

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 20 ਅਪ੍ਰੈਲ (ਹੁਸਨ ਲੜੋਆ ਬੰਗਾ)- ਸਨ ਫਰਾਂਸਿਸਕੋ ਵਿਚ ਆਪਣੇ ਦੋਸਤ ਦੇ ਕਤਲ ਦੇ ਦੋਸ਼ ਵਿਚ 32 ਸਾਲ ਜੇਲ ਵਿਚ ਬਿਤਾਉਣ ਉਪਰੰਤ ਜੋਆਕੁਇਨ ਸੀਰੀਆ ਨਾਮੀ ਵਿਅਕਤੀ ਨੂੰ ਨਿਰਦੋਸ਼ ਕਰਾਰ ਦਿੰਦਿਆਂ ਅਦਾਲਤ ਨੇ ਬਰੀ ਕਰ ਦਿੱਤਾ। ਸਨ ਫਰਾਂਸਿਸਕੋ ਡਿਸਟ੍ਰਿਕਟ ਅਟਾਰਨੀ ਦੇ ਇਨੋਸੈਂਸ ਕਮਿਸ਼ਨ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਤੇ ਜਾਂਚ ਕਰਨ ਉਪਰੰਤ ਸੀਰੀਆ ਨੂੰ ਨਿਰਦੋਸ਼ ਪਾਇਆ ਗਿਆ। ਇਹ ਜਾਣਕਾਰੀ ਸਨ ਫਰਾਂਸਿਸਕੋ ਡਿਸਟ੍ਰਿਕਟ ਅਟਾਰਨੀ ਚੈਸਾ ਬੋਡਿਨ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਇਸ ਸਮੇ ਸੀਰੀਆ ਦੀ ਉਮਰ 61 ਸਾਲ ਹੈ। ਉਸ ਨੂੰ 1991 ਵਿਚ ਫਲਿਕਸ ਬਸਟੈਰੀਕਾ ਨਾਮੀ ਆਪਣੇ ਦੋਸਤ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਹਾਲਾਂ ਕਿ ਸੀਰੀਆ ਦੇ ਕਤਲ ਸਮੇ ਮੌਕੇ 'ਤੇ ਹਾਜਰ ਹੋਣ ਦੇ ਕੋਈ ਸਬੂਤ ਮੌਜੂਦ ਨਹੀਂ ਸਨ ਪਰੰਤੂ ਸਨ ਫਰਾਂਸਿਸਕੋ ਦੇ ਪੁਲਿਸ ਅਫਸਰਾਂ ਨੇ ਸੁਣੀਆਂ ਸੁਣਾਈਆਂ ਗੱਲਾਂ ਤੇ ਇਕ ਗੇਟਵੇਅ ਡਰਾਈਵਰ ਜਾਰਜ ਵਾਰੇਲਾ ਦੇ ਬਿਆਨ ਦੇ ਆਧਾਰ 'ਤੇ ਸੀਰੀਆ ਨੂੰ ਦੋਸ਼ੀ ਕਰਾਰ ਦਿੱਤਾ। ਡਿਸਟ੍ਰਿਕਟ ਅਟਾਰਨੀ ਅਨੁਸਾਰ ਵਾਰੇਲਾ ਨੇ ਪੁਲਿਸ ਦੇ ਭਾਰੀ ਦਬਾਅ ਹੇਠ ਸੀਰੀਆ ਦੀ ਕਾਤਲ ਵਜੋਂ ਪਛਾਣ ਕੀਤੀ ਸੀ।