ਸ਼ੋਸ਼ਲ ਮੀਡੀਆ ਤੋਂ ਸਿਖ ਕੇ ਕਾਰਾਂ ਕੀਤੀਆਂ ਜਾ ਰਹੀਆਂ ਨੇ ਚੋਰੀ
*ਅਮਰੀਕਾ ਦੇ ਕਈ ਸ਼ਹਿਰਾਂ ਵਿਚ ਵਧੀਆਂ ਅਜਿਹੀਆਂ ਘਟਨਾਵਾਂ
*ਮੈਮਫ਼ਿਸ ਵਿੱਚ ਕਾਰ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ 175 ਲੋਕਾਂ ਵਿੱਚੋਂ ਅੱਧੇ ਤੋਂ ਵੱਧ ਨਾਬਾਲਿਗ
*ਜਿਨ੍ਹਾਂ ਕੰਪਨੀਆਂ ਦੀਆਂ ਕਾਰਾਂ ਚੋਰੀ ਹੋਈਆਂ ਸਨ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਹੋਏ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ- ਮੈਮਫ਼ਿਸ ਸ਼ਹਿਰ ਵਿਚ ਇਕ ਪੁਰਾਣੀ ਫੈਕਟਰੀ ਦੇ ਕੋਲ ਟਰੱਕ ਡਰਾਈਵਰ ਛੇ ਘੰਟਿਆਂ ਤੋਂ ਲਾਈਨ ਵਿੱਚ ਬੈਠੇ ਉਡੀਕ ਕਰ ਰਹੇ ਸਨ ਤਾਂ ਜੋ ਸਮਾਨ ਉਤਾਰ ਸਕਣ। ਕੁਝ ਲੋਕ ਆਪਣੇ ਚੋਰੀ ਹੋਏ ਵਾਹਨ ਵਾਪਸ ਲੈਣ ਦੀ ਉਡੀਕ ਕਰ ਰਹੇ ਸਨ। ਮੈਦਾਨ ਵਿੱਚ ਕਰੀਬ 2700 ਕਾਰਾਂ ਰੱਖੀਆਂ ਗਈਆਂ ਸਨ। ਇਹ ਕਾਰਾਂ ਮੈਮਫ਼ਿਸ ਅਤੇ ਹੋਰ ਅਮਰੀਕੀ ਸ਼ਹਿਰਾਂ ਵਿੱਚ ਚੋਰੀ ਹੋਈਆਂ ਸਨ।
ਨਿਊਯਾਰਕ ਟਾਈਮਜ਼ ਦੀ ਰਿਪੋਟ ਅਨੁਸਾਰ ਘੱਟੋ-ਘੱਟ ਦੋ ਕੰਪਨੀਆਂ—ਕਿਆ ਅਤੇ ਹੁੰਡਈ ਦੇ ਵਾਹਨ ਜ਼ਿਆਦਾ ਚੋਰੀ ਹੋਏ ਸਨ। ਇਸ ਕਾਰਨ ਕੁਝ ਸ਼ਹਿਰਾਂ ਨੇ ਕੰਪਨੀਆਂ ਵਿਰੁੱਧ ਮੁਕੱਦਮੇ ਦਾਇਰ ਕੀਤੇ ਸਨ।ਇਕ ਰਾਜ ਦੇ ਅਟਾਰਨੀ ਜਨਰਲ ਨੇ ਕੰਪਨੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਮੈਮਫ਼ਿਸ ਵਿੱਚ 11,000 ਕਾਰਾਂ ਚੋਰੀ ਹੋਈਆਂ ਸਨ। ਇਹ ਘਟਨਾਵਾਂ 2021 ਤੋਂ ਦੁੱਗਣੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਿਹਾਈ ਕਾਰਾਂ ਕਿਆ ਅਤੇ ਹੁੰਡਾਈ ਦੇ ਨਵੇਂ ਮਾਡਲ ਹਨ। ਇਨ੍ਹਾਂ ਨੂੰ ਖੋਲ੍ਹਣ ਲਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਸੋਸ਼ਲ ਮੀਡੀਆ ਕਾਰਾਂ ਦੇ ਤਾਲਾ ਖੋਲ੍ਹੇ ਜਾਣ ਦੀਆਂ ਵੀਡੀਓ ਨਾਲ ਭਰਿਆ ਹੋਇਆ ਹੈ। ਇਸਦੇ ਲਈ ਸਿਰਫ਼ ਇੱਕ ਸਕ੍ਰਿਊਡ੍ਰਾਈਵਰ, ਯੂਐਸਬੀ ਕਾਰਡ, ਅਤੇ ਹਾਟ ਵਾਇਰਿੰਗ ਜਾਣਕਾਰੀ ਦੀ ਲੋੜ ਹੁੰਦੀ ਹੈ।
ਪੁਲਿਸ ਦਾ ਕਹਿਣਾ ਹੈ, ਬਹੁਤ ਸਾਰੇ ਅਪਰਾਧੀ ਕਿਸ਼ੋਰ ਜਾਂ ਨੌਜਵਾਨ ਹਨ। ਉਹ ਇਨ੍ਹਾਂ ਦੀ ਵਰਤੋਂ ਪਿਕਨਿਕ, ਡਕੈਤੀਆਂ ਅਤੇ ਹੋਰ ਜੁਰਮਾਂ ਲਈ ਕਰਦੇ ਹਨ। ਮੈਮਫ਼ਿਸ ਵਿੱਚ ਕਾਰ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ 175 ਲੋਕਾਂ ਵਿੱਚੋਂ ਅੱਧੇ ਤੋਂ ਵੱਧ ਨਾਬਾਲਿਗ ਹਨ। ਉਹ ਅਕਸਰ ਕੁਝ ਸਮਾਂ ਘੁੰਮਣ ਤੋਂ ਬਾਅਦ ਵਾਹਨਾਂ ਨੂੰ ਸੜਕ ਕਿਨਾਰੇ ਛੱਡ ਦਿੰਦੇ ਹਨ।
ਕਰੋਨਾ ਦੌਰਾਨ ਚੋਰੀ ਦੇ ਮਾਮਲੇ ਵਧੇ
ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਅਮਰੀਕਾ ਦੇ ਸ਼ਹਿਰਾਂ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਕ੍ਰਿਮੀਨਲ ਜਸਟਿਸ ਆਰਗੇਨਾਈਜੇਸ਼ਨ ਦੇ ਅਨੁਸਾਰ, 2020 ਅਤੇ 2021 ਵਿੱਚ ਦੇਸ਼ ਭਰ ਵਿੱਚ ਕੁਝ ਅਪਰਾਧਾਂ ਵਿੱਚ ਵਾਧਾ ਹੋਇਆ ਸੀ। ਪਿਛਲੇ ਸਾਲ ਇਨ੍ਹਾਂ ਵਿੱਚ ਮਾਮੂਲੀ ਗਿਰਾਵਟ ਆਈ ਸੀ। ਪਰ, ਇਹ ਮਹਾਂਮਾਰੀ ਦੇ ਦਿਨਾਂ ਤੋਂ ਵੱਧ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਵਾਹਨ ਚੋਰੀਆਂ ਵਿੱਚ ਵਾਧਾ ਹੋਇਆ ਹੈ, ਕਿਉਂਕਿ ਲੋਕ ਘਰ ਦੇ ਅੰਦਰ ਸਨ।ਦਿਨ ਵੇਲੇ ਕਾਰਾਂ ਦਫ਼ਤਰਾਂ ਨੇੜੇ ਸੁਰੱਖਿਅਤ ਪਾਰਕਿੰਗ ਦੀ ਬਜਾਏ ਸੜਕਾਂ ’ਤੇ ਖੜ੍ਹੀਆਂ ਰਹੀਆਂ। ਪਰ ਫਿਰ ਵੀ ਚੋਰੀਆਂ ਵਧੀਆਂ। ਇਸ ਵਿੱਚ ਸੋਸ਼ਲ ਮੀਡੀਆ ਵੀਡੀਓਜ਼ ਦੀ ਵੀ ਭੂਮਿਕਾ ਹੈ। ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਕੀਆ ਅਤੇ ਹੁੰਡਈ ਕਾਰਾਂ ਦਾ ਲਾਕ ਕਿਵੇਂ ਖੋਲਿਆ ਜਾਂਦਾ ਹੈ।
ਦੱਖਣੀ ਕੋਰੀਆ ਦੀਆਂ ਦੋਵੇਂ ਕਾਰਾਂ ਅਮਰੀਕਾ ਵਿੱਚ ਹਰਮਨ ਪਿਆਰੀਆਂ ਹਨ। ਪਿਛਲੇ ਸਾਲ,ਅਮਰੀਕਾ ਵਿੱਚ ਕੁੱਲ ਵਾਹਨਾਂ ਦੀ ਵਿਕਰੀ ਵਿਚ ਉਨ੍ਹਾਂ ਦੀ ਹਿਸੇਦਾਰੀ 10 ਪ੍ਰਤੀਸ਼ਤ ਸੀ । ਕੰਪਨੀਆਂ ਨੇ ਹਾਲ ਹੀ ਵਿਚ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਨਵੇਂ ਮਾਡਲਾਂ ਦੇ ਆਸਾਨੀ ਨਾਲ ਚੋਰੀ ਹੋਣ ਦੀ ਸਮੱਸਿਆ ਨੂੰ ਹੱਲ ਕਰ ਲਿਆ ਹੈ। 45 ਲੱਖ ਕਿਆ ਅਤੇ 38 ਲੱਖ ਹੁੰਡਈ ਕਾਰਾਂ ਵਿਚ ਸਾਫਟਵੇਅਰ ਅਪਗ੍ਰੇਡ ਕੀਤਾ ਹੈ।
ਕੰਪਨੀਆਂ ਨੇ ਅਮਰੀਕਾ ਭਰ ਦੇ ਪੁਲਿਸ ਵਿਭਾਗਾਂ ਨੂੰ ਇਸ ਦੇ ਨਾਲ ਸਟੀਅਰਿੰਗ ਵ੍ਹੀਲ ਲਾਕ ਭੇਜੇ ਹਨ। ਇਹ ਉਨ੍ਹਾਂ ਕਾਰ ਮਾਲਕਾਂ ਨੂੰ ਮੁਫਤ ਦਿੱਤੇ ਜਾਣਗੇ ਜਿਨ੍ਹਾਂ ਦੀਆਂ ਕਾਰਾਂ ਚੋਰੀ ਹੋ ਸਕਦੀਆਂ ਹਨ। ਯੂਟਿਊਬ ਅਤੇ ਟਿਕਟਾਕ ਦੇ ਪ੍ਰਤੀਨਿਧਾਂ ਨੇ ਕਿਹਾ ਕਿ ਉਨ੍ਹਾਂ ਨੇ ਕਿਆ ਚੈਲਿੰਜ ਨਾਮਕ ਕਈ ਵੀਡੀਓਜ਼ ਨੂੰ ਹਟਾ ਦਿੱਤਾ ਹੈ। ਯੂ ਟਿਊਬ ਨੇ ਕਿਹਾ ਕਿ ਉਹ ਕੁਝ ਵਿਦਿਅਕ, ਦਸਤਾਵੇਜ਼ੀ, ਵਿਗਿਆਨਕ ਜਾਂ ਕਲਾਤਮਕ ਵਿਡੀਓਜ਼ ਰਖੇਗਾ ।
ਸਿਆਟਲ ਅਤੇ ਕੋਲੰਬਸ ਦੇ ਸ਼ਹਿਰਾਂ ਦੇ ਨਿਵਾਸੀਆਂ ਨੇ ਕਾਰ ਨਿਰਮਾਤਾਵਾਂ 'ਤੇ ਉਨ੍ਹਾਂ ਦੀਆਂ ਕਾਰਾਂ ਵਿਚ ਚੋਰੀ ਰੋਕਣ ਦੀ ਤਕਨੀਕ ਨਾ ਲਗਾਉਣ ਲਈ ਮੁਕੱਦਮਾ ਕੀਤਾ ਹੈ। ਮਿਨੇਸੋਟਾ ਰਾਜ ਦੇ ਅਟਾਰਨੀ ਜਨਰਲ ਕੀਥ ਐਲੀਸਨ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਕੰਪਨੀਆਂ ਨੇ ਰਾਜ ਦੇ ਉਪਭੋਗਤਾ ਸੁਰੱਖਿਆ ਅਤੇ ਜਨਤਕ ਸ਼ਾਂਤੀ ਬਹਾਲੀ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।
2022 ਵਿੱਚ ਚੋਰੀ ਦੇ 21% ਮਾਮਲੇ ਵਧੇ
ਵਾਇਰਸ ਮਹਾਮਾਰੀ ਦੇ ਵਿਚਾਲੇ ਅਮਰੀਕਾ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਸਾਰੇ ਖੇਤਰ ਇਸ ਅਪਰਾਧ ਨਾਲ ਪ੍ਰਭਾਵਿਤ ਹੋਏ ਸਨ। ਕ੍ਰਿਮੀਨਲ ਜਸਟਿਸ ਕੌਂਸਲ ਨੇ 30 ਸ਼ਹਿਰਾਂ ਦੀ ਸਥਿਤੀ ਬਾਰੇ ਸਮੀਖਿਆ ਕੀਤੀ ਹੈ। 2021 ਦੇ ਮੁਕਾਬਲੇ ਪਿਛਲੇ ਸਾਲ ਵਾਹਨ ਚੋਰੀ ਦੀਆਂ ਘਟਨਾਵਾਂ ਵਿੱਚ 21 ਫੀਸਦੀ ਵਾਧਾ ਹੋਇਆ ਹੈ। ਇਨ੍ਹਾਂ ਸ਼ਹਿਰਾਂ ਵਿੱਚ 37560 ਕਾਰਾਂ ਚੋਰੀ ਹੋਈਆਂ। ਕਾਰ ਖੋਹਣਾ ਹਿੰਸਕ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।ਇਨ੍ਹਾਂ ਦੀ ਗਿਣਤੀ ਚੋਰੀ ਤੋਂ ਵੱਖਰੀ ਹੁੰਦੀ ਹੈ। ਕੁਝ ਸ਼ਹਿਰਾਂ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਕੌਂਸਲ ਦੀ ਰਿਪੋਰਟ ਦੇ ਮੁੱਖ ਲੇਖਕ, ਮਿਸੋਰੀ ਯੂਨੀਵਰਸਿਟੀ ਦੇ ਇੱਕ ਅਪਰਾਧ ਵਿਗਿਆਨੀ ਰਿਚਰਡ ਰੋਜ਼ਨਫੀਲਡ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਨਾਲ ਕਨੈਕਸ਼ਨ ਸਮੱਸਿਆ ਦਾ ਸਿਰਫ ਇੱਕ ਹਿੱਸਾ ਹੈ। ਵਾਹਨ ਚੋਰੀ ਦੀਆਂ ਘਟਨਾਵਾਂ ਦਾ ਕੋਈ ਪੱਕਾ ਕਾਰਨ ਨਹੀਂ ਦੱਸਿਆ ਜਾ ਸਕਦਾ।
Comments (0)