ਵੀਜਾ ਪ੍ਰਕ੍ਰਿਆ ਦੀ ਮੱਧਮ ਰਫਤਾਰ ਕਾਰਨ ਅਫਗਾਨਿਸਤਾਨੀਆਂ ਲਈ ਅਫਗਾਨਿਸਤਾਨ ਵਿਚੋਂ ਨਿਕਲਣਾ ਹੋਇਆ ਮੁਸ਼ਕਿਲ

ਵੀਜਾ ਪ੍ਰਕ੍ਰਿਆ ਦੀ ਮੱਧਮ ਰਫਤਾਰ ਕਾਰਨ ਅਫਗਾਨਿਸਤਾਨੀਆਂ ਲਈ ਅਫਗਾਨਿਸਤਾਨ ਵਿਚੋਂ ਨਿਕਲਣਾ ਹੋਇਆ ਮੁਸ਼ਕਿਲ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਫਗਾਨਿਸਤਾਨ ਉਪਰ ਤਾਲਿਬਾਨ ਵੱਲੋਂ ਕਬਜ਼ਾ ਕਰਨ ਉਪਰੰਤ ਅਫਗਾਨਿਸਤਾਨੀ ਸ਼ਰਨਾਰਥੀਆਂ ਦਾ ਸੰਕਟ ਪੈਦਾ ਹੋ ਗਿਆ ਹੈ। ਹਜਾਰਾਂ ਅਫਗਾਨਿਸਤਾਨੀ  ਦੇਸ਼ ਛੱਡ ਕੇ ਹੋਰ ਕਿਤੇ ਚਲੇ ਜਾਣ ਲਈ ਕਾਹਲੇ ਹਨ। ਇਨਾਂ ਵਿਚ ਜਿਆਦਾਤਰ ਉਹ ਅਫਗਾਨਸਤਾਨੀ ਸ਼ਾਮਿਲ ਹਨ ਜੋ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਵਿਚ ਰਹੇ ਹਨ ਜਾਂ ਜਿਨਾਂ ਨੇ ਤਾਲਿਬਾਨ ਦੇ ਵਿਰੁੱਧ ਅਮਰੀਕਾ ਦੀ ਅਗਵਾਈ ਵਾਲੀਆਂ ਫੋਰਸਾਂ ਦੀ ਮੱਦਦ ਕੀਤੀ ਸੀ। ਆਮ ਅਫਗਾਨਿਸਤਾਨੀ ਨੂੰ ਅਫਗਾਨਿਸਤਾਨ ਵਿਚ ਹੀ ਜੀਣਾ ਜਾਂ ਮਰਨਾ ਪਵੇਗਾ। ਅਪ੍ਰੈਲ ਵਿਚ ਜਦੋਂ ਰਾਸ਼ਟਰਪਤੀ ਜੋ ਬਾਇਡਨ ਨੇ ਅਫਗਾਨਿਸਤਾਨ ਵਿਚੋਂ ਮੁਕੰਮਲ ਫੌਜਾਂ ਵਾਪਿਸ ਸੱਦਣ ਦਾ ਐਲਾਨ ਕੀਤਾ ਸੀ ਤਾਂ ਸ਼ਰਨਾਰਥੀਆਂ ਨੇ ਅਮਰੀਕੀ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਇਮੀਗ੍ਰੇਸ਼ਨ ਪ੍ਰਕ੍ਰਿਆ ਵਿਚ ਤੇਜੀ ਲਿਆਂਦੀ ਜਾਵੇ ਤਾਂ ਜੋ ਵਧ ਤੋਂ ਵਧ ਗਿਣਤੀ ਵਿਚ ਅਫਗਾਨਿਸਤਾਨੀਆਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਅਫਗਾਨਿਸਤਾਨੀਆਂ ਲਈ ਦੇਸ਼ ਛੱਡਣ ਵਾਸਤੇ ਵੀਜਾ ਲੈਣਾ ਇਕ ਲੰਬੀ ਪ੍ਰਕ੍ਰਿਆ ਹੈ। ਇਨਾਂ ਵਿਚੋਂ ਜਿਆਦਾਤਰ ਨੂੰ ਵਿਸ਼ੇਸ਼ ਇਮੀਗ੍ਰਾਂਟ ਵੀਜਾ ਮਿਲਣ ਦੀ ਸੰਭਾਵਨਾ ਹੈ। ਅਜੇ ਇਹ ਸਪਸ਼ਟ ਨਹੀਂ ਹੈ ਕਿ ਕਿੰਨੇ ਅਫਗਾਨਿਸਤਾਨ ਸ਼ਰਨਾਰਥੀਆਂ ਨੂੰ ਅਮਰੀਕਾ ਲਿਆਂਦਾ ਜਾਵੇਗਾ। ਮੋਟੇ ਤੌਰ 'ਤੇ ਅਜੇ ਕੇਵਲ 2000 ਦੇ ਕਰੀਬ ਅਫਗਾਨਿਸਤਾਨੀਆਂ ਦੀ ਸ਼ਨਾਖਤ ਹੋਈ ਹੈ ਜਿਨਾਂ ਨੂੰ ਅਮਰੀਕਾ ਲਿਆਂਦਾ ਜਾਵੇਗਾ। ਅਮਰੀਕੀ ਨਿਆਂ ਵਿਭਾਗ ਅਨੁਸਾਰ ਉਕਤ 2000 ਤੋਂ ਇਲਾਵਾ 20000 ਅਫਗਾਨਿਸਤਾਨੀਆਂ ਦੀਆਂ ਵਿਸ਼ੇਸ਼ ਵੀਜੇ ਲਈ ਅਰਜੀਆਂ ਕਤਾਰ ਵਿਚ ਹਨ ਜਦ ਕਿ 10000 ਅਰਜੀਆਂ ਪ੍ਰਕ੍ਰਿਆ ਦੀ ਮੁੱਢਲੀ ਪੱਧਰ ਉਪਰ ਹਨ। ਸ਼ਰਨਾਰਥੀਆਂ ਦਾ ਸਮਰਥਨ ਕਰ ਰਹੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਬਹੁਤ ਹੀ ਮੱਧਮ ਰਫਤਾਰ ਵੀਜਾ ਪ੍ਰਕ੍ਰਿਆ ਅਫਗਾਨਿਸਤਾਨੀਆਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰ ਰਹੀ ਹੈ। ਇਥੇ ਜਿਕਰਯੋਗ ਹੈ ਕਿ ਰਾਸ਼ਟਰਪਤੀ ਬਾਇਡਨ ਨੇ ਆਪਣੇ ਐਲਾਨ ਵਿਚ ਕਿਹਾ ਸੀ ਕਿ ਅਮਰੀਕੀ ਫੋਰਸਾਂ ਦੀ ਮੱਦਦ ਕਰਨ ਵਾਲੇ ਹਰ ਅਫਗਾਨਿਸਤਾਨੀ ਨੂੰ ਅਮਰੀਕਾ ਵਿਚ ਸ਼ਰਨ ਦਿੱਤੀ ਜਾਵੇਗੀ।