ਵਾਤਾਵਰਣ ਤਬਦੀਲੀ ਖਤਰਨਾਕ ਦੌਰ ਵਿਚ ਪੁੱਜੀ-ਸੰਯੁਕਤ ਰਾਸ਼ਟਰ ਵੱਲੋਂ ਚਿਤਾਵਨੀ

ਵਾਤਾਵਰਣ ਤਬਦੀਲੀ ਖਤਰਨਾਕ ਦੌਰ ਵਿਚ ਪੁੱਜੀ-ਸੰਯੁਕਤ ਰਾਸ਼ਟਰ ਵੱਲੋਂ ਚਿਤਾਵਨੀ
ਕੈਪਸ਼ਨ: ਵਾਤਵਰਣ ਤਬਦੀਲੀ ਕਾਰਨ ਕੈਲੀਫੋਰਨੀਆ ਦੇ ਡਿਕਸੀ ਖੇਤਰ ਵਿਚ ਲੱਗੀ ਅੱਗ ਵਿੱਚ ਘਿਰਿਆ ਇਕ ਹਿਰਨ। ਇਹ ਤਸਵੀਰ ਇਸ ਮਹੀਨੇ ਦੀ 6 ਤਰੀਕ ਨੂੰ ਖਿੱਚੀ ਗਈ  ਹੈ

* ਅਜੇ ਵੀ ਨਾ ਸੰਭਲੇ ਤਾਂ ਹਾਲਾਤ ਹੋ ਜਾਣਗੇ ਵੱਸੋਂ ਬਾਹਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਵਿਸ਼ਵ ਦੇ ਚੋਟੀ ਦੇ ਸੈਂਕੜੇ ਵਿਗਿਆਨੀਆਂ ਨੇ ਜਾਰੀ ਇਕ ਰਿਪੋਰਟ ਵਿਚ ਚਿਤਾਵਨੀ ਦਿੱਤੀ ਹੈ ਕਿ ਵਾਤਾਵਰਣ ਤਬਦੀਲੀ ਖਤਰਨਾਕ ਦੌਰ ਵਿਚ ਪੁੱਜ ਗਈ ਹੈ ਤੇ ਇਸ ਨਾਲ ਵਿਸ਼ਵ ਵਿਚ ਵੱਸਦੇ ਲੋਕਾਂ ਲਈ ਖਤਰਾ ਪੈਦਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਤਬਦੀਲੀ ਬਾਰੇ ਕੌਮਾਂਤਰੀ ਪੈਨਲ ਵੱਲੋਂ ਜਨੇਵਾ ਵਿਚ ਜਾਰੀ ਰਿਪੋਰਟ ਵਿਚ ਵਾਤਾਵਰਣ ਤਬਦੀਲੀ ਨੂੰ ਮਨੁੱਖਤਾ ਲਈ 'ਕੋਡ ਰੈੱਡ' ਦਾ ਨਾਂ ਦਿੱਤਾ ਹੈ। ਗਲਾਗਸੋ (ਸਕਾਟਲੈਂਡ) ਵਿਚ ਵਾਤਾਵਰਣ ਤਬਦੀਲੀ ਬਾਰੇ ਹੋਈ ਇਕ ਪ੍ਰਮੁੱਖ ਕਾਨਫਰੰਸ ਦੇ 3 ਮਹੀਨੇ ਬਾਅਦ ਆਈ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਦੇ ਵਾਤਾਵਰਣ ਵਿਚ ਆਈਆਂ ਬਹੁਤ ਸਾਰੀਆਂ ਤਬਦੀਲੀਆਂ ਅਜਿਹੀਆਂ ਵੇਖਣ ਨੂੰ ਮਿਲੀਆਂ ਹਨ ਜੋ ਹਜਾਰਾਂ ਸਾਲਾਂ ਬਾਅਦ ਵਾਪਰਦੀਆਂ ਹਨ। ਜਿਵੇਂ ਕਿ ਸਮੁੰਦਰ ਦੇ ਪੱਧਰ ਦਾ ਵਧਣਾ ਇਕ ਅਜਿਹੀ ਤਬਦੀਲੀ ਹੈ ਜੋ ਸੈਂਕੜੇ ਤੋਂ ਹਜਾਰਾਂ ਸਾਲਾਂ ਵਿਚ ਵਾਪਰਦੀ ਹੈ। ਰਿਪੋਰਟ ਅਨੁਸਾਰ ਤੂਫਾਨ ਤੇ ਗਰਮ ਹਵਾਵਾਂ ਦਾ ਵਗਣਾ ਆਮ ਗੱਲ ਹੋ ਜਾਵੇਗੀ ਤੇ ਇਹ ਤੂਫਾਨ ਤੇ ਗਰਮ ਹਵਾਵਾਂ ਅਸਹਿ ਹੋ ਜਾਣਗੀਆਂ। ਪੈਨਲ ਨੇ ਕਿਹਾ ਹੈ ਕਿ ਵਾਤਾਵਰਣ ਤਬਦੀਲੀ ਧਰਤੀ ਉਪਰ ਕਈ ਤਰਾਂ ਨਾਲ ਅਸਰ ਪਾ ਰਹੀ ਹੈ ਤੇ ਹੁਣ ਧਰਤੀ ਉਪਰ ਤਪਸ਼ ਹੋਰ ਵਧ ਜਾਵੇਗੀ। ਰਿਪੋਰਟ ਅਨੁਸਾਰ ਸਪੱਸ਼ਟ ਸਬੂਤ ਹੈ ਕਿ ਕਾਰਬਾਨ ਡਾਇਆਕਸਾਈਡ ਵਾਤਾਵਰਣ ਤਬਦੀਲੀ ਦਾ ਮੁੱਖ ਕਾਰਨ ਹੈ ਹਾਲਾਂ ਕਿ ਗਰੀਨ ਹਾਊਸ ਗੈਸਾਂ ਤੇ ਹਵਾ ਦਾ ਪ੍ਰਦੂਸ਼ਣ ਵੀ ਇਸ ਤਬਦੀਲੀ ਵਿਚ ਭੂਮਿਕਾ ਨਿਭਾਅ ਰਿਹਾ ਹੈ। ਇਸ ਤਬਦੀਲੀ ਨਾਲ ਸੋਕਾ ਪੈਣਾ, ਅੱਗਾਂ ਲੱਗਣੀਆਂ ਤੇ ਬਿਮਾਰੀਆਂ ਦਾ ਫੈਲਣਾ ਆਮ ਹੋ ਜਾਵੇਗਾ। ਪਾਣੀ ਦੀ ਘਾਟ ਨਾਲ ਬਹੁਤ ਹੀ ਜਟਿਲ ਸਮੱਸਿਆਵਾਂ ਪੈਦਾ ਹੋਣਗੀਆਂ ਜਿਸ ਦੀ  ਕਲਪਨਾ ਕਰਕੇ ਹੀ ਮਨੁੱਖ ਭੈਭੀਤ ਹੋ ਜਾਵੇਗਾ। 3000 ਸਫਿਆ ਵਾਲੀ ਇਸ ਰਿਪੋਰਟ ਨੇ ਧਰਤੀ ਦੇ ਭਵਿੱਖ ਅੱਗੇ ਸਵਾਲੀਆ ਚਿਨ ਲਾ ਦਿੱਤਾ ਹੈ ਤੇ ਸਪੱਸ਼ਟ ਕਰ ਦਿੱਤਾ ਹੈ ਕਿ ਧਰਤੀ ਨੂੰ ਬਚਾਉਣ ਲਈ ਫੌਰੀ ਕਾਰਗਰ ਕਦਮ ਚੁੱਕਣ ਦੀ ਲੋੜ ਹੈ। ਇਕ ਗੈਰ ਮੁਨਾਫਾ ਖੋਜ ਸੰਸਥਾ ਵਰਲਡ ਰਿਸੋਰਸਜ ਇੰਸਟੀਚਿਊਟ ਦੇ ਅਧਿਕਾਰੀ ਹੈਲਨ ਮਾਊਂਟਫੋਰਡ ਨੇ ਕਿਹਾ ਹੈ ਕਿ ਜੇਕਰ ਅਜੇ ਵੀ ਵਿਸ਼ਵ ਨਾ ਸੰਭਲਿਆ ਤਾਂ ਹਾਲਾਤ ਬਦਤਰ ਬਣ ਜਾਣਗੇ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜੰਗਲਾਂ ਦੀ ਕਟਾਈ ਅਜੇ ਵੀ ਜਾਰੀ ਹੈ ਤੇ ਰਵਾਇਤੀ ਬਾਲਣ ਦੀ ਵਰਤੋਂ ਬੇਰੋਕ ਹੋ ਰਹੀ ਹੈ।