ਇਤਿਹਾਸ ਨੇ ਸਦਾੱਮ ਹੁਸੈਨ ਨੂੰ ਸਹੀ ਸਿੱਧ ਕੀਤਾ : ਸਾਬਕਾ ਅਮਰੀਕੀ ਖ਼ੁਫ਼ੀਆ ਏਜੰਟ

ਇਤਿਹਾਸ ਨੇ ਸਦਾੱਮ ਹੁਸੈਨ ਨੂੰ ਸਹੀ ਸਿੱਧ ਕੀਤਾ : ਸਾਬਕਾ ਅਮਰੀਕੀ ਖ਼ੁਫ਼ੀਆ ਏਜੰਟ

ਸੁਸ਼ੀਲ ਕੁਮਾਰ ਮਾਹਪਾਤਰ
ਸਦਾੱਮ ਹੁਸੈਨ ਪਾਰਟੀ ਇਕ ਵਾਰ ਫੇਰ ਚਰਚਾ ਵਿਚ ਹੈ। ਮੀਡੀਆ ਦੇ ਪੰਨੇ ‘ਤੇ ਉਨ੍ਹਾਂ ਨੂੰ ਥਾਂ ਮਿਲ ਰਹੀ ਹੈ। 2006 ਵਿਚ ਸਦਾੱਮ ਹੁਸੈਨ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਲੈ ਕੇ ਚਰਚਾ ਲਗਭਗ ਬੰਦ ਹੋ ਗਈ ਸੀ ਪਰ ਕਿ ਵਾਰ ਫਿਰ ਇਹ ਸੁਰਖ਼ੀਆਂ ਵਿਚ ਹੈ ਕਿਉਂਕਿ 2003 ਵਿਚ ਸਦਾੱਮ ਹੁਸੈਨ ਤੋਂ ਪੁਛਗਿਛ ਕਰਨ ਵਾਲੇ ਅਮਰੀਕਾ ਦੇ ਸੀ.ਆਈ.ਏ. ਏਜੰਟ ਜਾੱਨ ਨਿਕਸਨ ਨੇ ਆਪਣੀ ਕਿਤਾਬ ‘ਡੀਬ੍ਰੀਫਿੰਗ ਦ ਪ੍ਰੈਸੀਡੈਂਟ’ ਵਿਚ ਕਈ ਖ਼ੁਲਾਸੇ ਕੀਤੇ ਹਨ।
ਇਸ ਖ਼ੁਲਾਸੇ ਵਿਚ ਅਜਿਹੀਆਂ ਕਈ ਗੱਲਾਂ ਸਾਹਮਣੇ ਆਈਆਂ ਹਨ ਜੋ ਅਮਰੀਕਾ ਦੀ ਨੀਅਤ ਉਪਰ ਸਵਾਲ ਉਠਾਉਂਦੀਆਂ ਹਨ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਦਾੱਮ ਹੁਸੈਨ ਤਾਨਾਸ਼ਾਹ ਵਜੋਂ ਲੋਕਾਂ ਵਿਚਾਲੇ ਜਾਣਿਆ ਜਾਂਦਾ ਸੀ ਪਰ ਫੇਰ ਇਹ ਸਵਾਲ ਵੀ ਉਠਦਾ ਹੈ ਕਿ ਅਮਰੀਕਾ ਨੇ ਸਦਾੱਮ ਹੁਸੈਨ ਅਤੇ ਇਰਾਕ ਨਾਲ ਜੋ ਕੀਤਾ, ਉਹ ਕਿੰਨਾ ਸਹੀ ਸੀ। ਜਾੱਨ ਨਿਕਸਨ ਨੇ ਆਪਣੀ ਕਿਤਾਬ ਵਿਚ ਅਜਿਹੀਆਂ ਕਈ ਗੱਲਾਂ ਕਹੀਆਂ ਹਨ, ਜਿਸ ਨਾਲ ਸਦਾੱਮ ਤੇ ਇਰਾਕ ਪ੍ਰਤੀ ਲੋਕਾਂ ਦੀ ਹਮਦਰਦੀ ਵਧ ਰਹੀ ਹੈ।

ਸਦਾੱਮ ਹੁਸੈਨ ਦੇ ਉਤਾਰ-ਚੜ੍ਹਾਅ ਦੀ ਕਹਾਣੀ :
ਸਦਾੱਮ ਹੁਸੈਨ ਇਰਾਕ ਦਾ ਸਭ ਤੋਂ ਤਾਨਾਸ਼ਾਹ ਰਾਸ਼ਟਰਪਤੀ ਸੀ। ਸਦਾੱਮ ਹੁਸੈਨ ਨੇ 24 ਸਾਲ ਤਕ ਇਰਾਕ ‘ਤੇ ਰਾਜ ਕੀਤਾ, ਇਕ ਤਾਨਾਸ਼ਾਹ ਵਜੋਂ ਲੋਕਾਂ ਵਿਚਾਲੇ ਖ਼ੌਫ਼ ਪੈਦਾ ਕੀਤਾ। ਸਦਾੱਮ ਦਾ ਜਨਮ ਕਿਸਾਨ ਪਰਿਵਾਰ ਵਿਚ ਹੋਇਆ। 20 ਸਾਲ ਦੀ ਉਮਰ ਵਿਚ ਉਹ ਅਰਬ ਬਾਥ ਪਾਰਟੀ ਦਾ ਮੈਂਬਰ ਬਣਿਆ ਤੇ 1959 ਵਿਚ ਸਦਾੱਮ ਹੁਸੈਨ ਉਸ ਵੇਲੇ ਦੇ ਰਾਸ਼ਟਰਪਤੀ ਅਬਦੁਲ ਕਰੀਮ ਕਾਸਿਮ ‘ਤੇ ਗੋਲੀ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼ ਵਿਚ ਨਾਕਾਮ ਰਿਹਾ। ਜਵਾਬੀ ਕਾਰਵਾਈ ਵਿਚ ਸਦਾੱਮ ਹੁਸੈਨ ਦੇ ਸੱਜੇ ਪੈਰ ਵਿਚ ਗੋਲੀ ਲੱਗੀ ਸੀ। (ਗੋਲੀ ਦੇ ਜ਼ਖ਼ਮ 2003 ਵਿਚ ਸਦਾੱਮ ਹੁਸੈਨ ਦੀ ਪਛਾਣ ਵਿਚ ਮਦਦਗਾਰ ਸਿੱਧ ਹੋਏ ਸਨ।) ਸਦਾੱਮ ਹੁਸੈਨ ਦੇ ਕਈ ਸਾਥੀ ਫੜੇ ਗਏ ਸਨ ਤੇ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ ਪਰ ਉਹ ਦੇਸ਼ ਛੱਡ ਕੇ ਭੱਜਣ ਵਿਚ ਕਾਮਯਾਬ ਹੋਇਆ। 1963 ਵਿਚ ਕਾਸਿਮ ਸਰਕਾਰ ਡਿੱਗ ਜਾਣ ਮਗਰੋਂ ਸਦਾੱਮ ਹੁਸੈਨ ਇਰਾਕ ਪਰਤਿਆ ਪਰ 1964 ਵਿਚ ਗ੍ਰਿਫ਼ਤਾਰੀ ਹੋ ਗਈ। ਕਰੀਬ ਇਕ ਸਾਲ ਮਗਰੋਂ ਸਦਾੱਮ ਹੁਸੈਨ ਜੇਲ੍ਹ ਵਿਚੋਂ ਭੱਜਣ ਵਿਚ ਕਾਮਯਾਬ ਰਿਹਾ।

ਰਾਸ਼ਟਰਪਤੀ ਬਣਦਿਆਂ ਹੀ ਸਦਾੱਮ ਹੁਸੈਨ ਨੇ ਇਰਾਨ ‘ਤੇ ਕੀਤਾ ਸੀ ਹਮਲਾ :
1976 ਵਿਚ ਸਦਾੱਮ ਦੀ ਮਦਦ ਨਾਲ ਅਹਿਮਦ ਹਸਨ ਅਲ ਬਕਰ ਇਰਾਕ ਦਾ ਰਾਸ਼ਟਰਪਤੀ ਬਣਿਆ ਅਤੇ ਸਦਾੱਮ ਹੁਸੈਨ ਉਨ੍ਹਾਂ ਦਾ ਡਿਪਟੀ ਪਰ ਉਹ ਇਰਾਕ ਦਾ ਰਾਸ਼ਟਰਪਤੀ ਬਣਨਾ ਚਾਹੁੰਦਾ ਸੀ। ਫਿਰ 1979 ਵਿਚ ਅਲ ਬਕਰ ਨੂੰ ਜ਼ਬਰਦਸਤੀ ਅਸਤੀਫ਼ਾ ਦਿਵਾਉਂਦੇ ਹੋਏ ਸਦਾੱਮ ਹੁਸੈਨ ਇਰਾਕ ਦਾ ਰਾਸ਼ਟਰਪਤੀ ਬਣਿਆ। ਸਦਾੱਮ ਹੁਸੈਨ ਹਮੇਸ਼ਾ ਡਰਦਾ ਸੀ ਕਿ ਉਸ ਦੀ ਪਾਰਟੀ ਦੇ ਲੋਕ ਉਸ ਖ਼ਿਲਾਫ਼ ਚਾਲ ਨਾ ਚੱਲ ਦੇਣ। ਸਦਾੱਮ ਹੁਸੈਨ ਨੇ ਆਪਣੀ ਪਾਰਟੀ ਦੇ ਕਈ ਨੇਤਾਵਾਂ ਨੂੰ ਕੱਢ ਦਿੱਤਾ ਤੇ ਕਈਆਂ ਨੂੰ ਫਾਂਸੀ ਦੇ ਦਿੱਤੀ। ਸਦਾੱਮ ਹੁਸੈਨ ਸੁੰਨੀ ਭਾਈਚਾਰੇ ਵਿਚੋਂ ਸੀ ਤੇ ਇਰਾਕ ਵਿਚ ਇਸ ਭਾਈਚਾਰੇ ਦੀ ਜਨਸੰਖਿਆ ਬਹੁਤ ਘੱਟ ਸੀ। ਸਦਾੱਮ ਸਾਹਮਣੇ ਬਹੁਤ ਵੱਡੀ ਚੁਣੌਤੀ ਇਹ ਵੀ ਸੀ ਕਿ 60 ਫ਼ੀਸਦੀ ਸ਼ਿਆ ਲੋਕ ਕਦੇ ਵੀ ਸਦਾੱਮ ਹੁਸੈਨ ਖ਼ਿਲਾਫ਼ ਆਵਾਜ਼ ਚੁੱਕ ਸਕਦੇ ਸਨ, ਚਾਲ ਚੱਲ ਸਕਦੇ ਸਨ।
ਰਾਸ਼ਟਰਪਤੀ ਬਣਨ ਦੇ ਕੁਝ ਮਹੀਨੇ ਬਾਅਦ ਸਦਾੱਮ ਹੁਸੈਨ ਨੇ ਇਰਾਨ ‘ਤੇ ਹਮਲਾ ਕਰ ਦਿੱਤੀ। ਇਸ ਹਮਲੇ ਪਿਛੇ ਸਭ ਤੋਂ ਵੱਡਾ ਕਾਰਨ ਸੀ ਇਰਾਨ ਵਿਚ ਸ਼ਿਆ ਸਰਕਾਰ। ਸਦਾੱਮ ਹੁਸੈਨ ਨੂੰ ਇਹ ਡਰ ਲਗ ਰਿਹਾ ਸੀ ਕਿ ਕਿਤੇ ਇਰਾਨ ਦੀ ਸ਼ਿਆ ਸਰਕਾਰ ਉਸ ਖ਼ਿਲਾਫ਼ ਕੋਈ ਚਾਲ ਨਾ ਚੱਲ ਦੇਵੇ। ਇਰਾਕ ਅਤੇ ਇਰਾਨ ਦੋਵੇਂ ਮੁਲਕਾਂ ਵਿਚਾਲੇ ਕਈ ਸਾਲਾਂ ਤਕ ਲੜਾਈ ਚੱਲੀ। ਰਸਾਇਣਕ ਹਥਿਆਰਾਂ ਦੀ ਵੀ ਵਰਤੋਂ ਹੋਈ, ਜਿਸ ਕਾਰਨ ਕਈ ਲੱਖ ਲੋਕਾਂ ਦੀਆਂ ਜਾਨਾਂ ਗਈਆਂ। ਫਿਰ 1988 ਵਿਚ ਦੋਵੇਂ ਮੁਲਕਾਂ ਵਿਚਾਲੇ ਯੁੱਧ ਵਿਰਾਮ ਸੰਧੀ ਹੋਈ।

ਅਮਰੀਕਾ ਦਾ ਇਰਾਕ ‘ਤੇ ਹਮਲਾ :
ਇਸ ਯੁੱਧ ਮਗਰੋਂ ਇਰਾਕ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਸੀ। ਆਪਣੀ ਆਰਥਿਕ ਦਸ਼ਾ ਠੀਕ ਕਰਨ ਲਈ ਸਦਾੱਮ ਹੁਮੈਨ ਕੁਵੈਤ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ। 1990 ਵਿਚ ਇਰਾਕ ਨੇ ਆਪਣੇ ਗਵਾਂਢੀ ਰਾਜ ਕੁਵੈਤ ‘ਤੇ ਹਮਲਾ ਕੀਤਾ। ਇਸ ਹਮਲੇ ਮਗਰੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਇਰਾਕ ‘ਤੇ ਆਰਥਿਕ ਪਾਬੰਦੀ ਲਗਾਈ ਤੇ ਕੁਵੈਤ ‘ਚੋਂ ਆਪਣੀ ਫ਼ੌਜ ਵਾਪਸ ਲੈਣ ਲਈ ਕਿਹਾ ਪਰ ਇਰਾਕ ਨਹੀਂ ਮੰਨਿਆ। ਫਿਰ ਸੰਯੁਕਤ ਰਾਸ਼ਟਰ ਨੇ ਅਮਰੀਕਾ ਦੀ ਮਦਦ ਨਾਲ ਇਰਾਕ ‘ਤੇ ਹਮਲਾ ਕਰ ਦਿੱਤਾ। ਫਿਰ ਦੋਹਾਂ ਵਿਚਾਲੇ ਯੁੱਧ ਵਿਰਾਮ ਦੀ ਸੰਧੀ ਹੋਈ।

ਸਦਾੱਮ ਹੁਸੈਨ ਨੂੰ ਫਾਂਸੀ ਦਿੱਤੀ ਗਈ :
2002 ਵਿਚ ਅਮਰੀਕਾ ਗ਼ਲਤਫ਼ਹਿਮੀ ਵਿਚ ਸੀ ਕਿ ਇਰਾਕ ਕੋਲ ਸਮੂਹਕ ਵਿਨਾਸ਼ ਦੇ ਹਥਿਆਰ ਹਨ ਤੇ ਇਰਾਕ ਇਸ ਦੀ ਵਰਤੋਂ ਆਪਣੇ ਗਵਾਂਢੀ ਦੇਸ਼ ਖ਼ਿਲਾਫ਼ ਕਰ ਸਕਦਾ ਹੈ। ਅਮਰੀਕਾ ਇਹ ਵੀ ਮੰਨਦਾ ਸੀ ਕਿ ਸਦਾੱਮ ਹੁਸੈਨ ਦਾ ਓਸਾਮਾ ਬਿਨ ਲਾਦੇਨ ਤੇ ਅਲ-ਕਾਇਦਾ ਨਾਲ ਰਿਸ਼ਤਾ ਹੈ ਤੇ ਇਰਾਕ ਅਤਿਵਾਦ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਫਿਰ 20 ਮਾਰਚ 2003 ਵਿਚ ਅਮਰੀਕਾ ਨੇ ਇਰਾਕ ਉਪਰ ਹਮਲਾ ਕਰ ਦਿੱਤਾ। ਇਕ ਮਹੀਨੇ ਦੇ ਅੰਦਰ ਅਮਰੀਕਾ ਨੇ ਬਗਦਾਦ ‘ਤੇ ਕਬਜ਼ਾ ਕਰ ਲਿਆ ਤੇ ਸਦਾੱਮ ਹੁਸੈਨ ਦੇ ਅੰਡਰ ਗਰਾਉਂਡ ਹੋਣ ਦੀ ਖ਼ਬਰ ਆਈ ਪਰ 13 ਦਸੰਬਰ 2003 ਨੂੰ ਸਦਾੱਮ ਹੁਸੈਨ ਫੜਿਆ ਗਿਆ। ਤਿੰਨ ਸਾਲ ਤਕ ਇਰਾਕ ਦੀ ਜੇਲ੍ਹ ਵਿਚ ਰਹਿਣ ਮਗਰੋਂ ਸਦਾੱਮ ਹੁਸੈਨ ਨੂੰ 30 ਦਸੰਬਰ 2006 ਨੂੰ ਫਾਂਸੀ ਦਿੱਤੀ ਗਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਸੀ.ਆਈ.ਏ. ਨੇ 1959 ਵਿਚ ਸਦਾੱਮ ਹੁਸੈਨ ਨੂੰ ਕਾਸਿਮ ‘ਤੇ ਹਮਲਾ ਕਰਨ ਤੇ ਦੇਸ਼ ‘ਚੋਂ ਭੱਜਣ ਵਿਚ ਮਦਦ ਕੀਤੀ ਸੀ, ਉਸੇ ਸੀ.ਆਈ.ਏ. ਨੇ 2003 ਵਿਚ ਸਦਾੱਮ ਹੁਸੈਨ ਨੂੰ ਖ਼ਤਮ ਕਰ ਦਿੱਤਾ।

ਜਦੋਂ ਸਦਾੱਮ ਹੁਸੈਨ ਫੜਿਆ ਗਿਆ :
ਨਿਕਸਨ ਨੇ ਲਿਖਿਆ ਹੈ ਕਿ ਦਸੰਬਰ 2003 ਵਿਚ 8 ਹਫ਼ਤਿਆਂ ਲਈ ਉਹ ਇਰਾਕ ਵਿਚ ਸੀ। ਅਮਰੀਕਾ ਦੀ ਏਜੰਸੀ ਸਦਾੱਮ ਹੁਸੈਨ ਨੂੰ ਲੱਭਣ ਵਿਚ ਜੁਟੀ ਸੀ, ਜ਼ਿੰਦਾ ਜਾਂ ਮੁਰਦਾ ਫੜਨਾ ਚਾਹੁੰਦੀ ਸੀ। ਤਿਕਰਿਤ ਵਿਚ ਜ਼ਮੀਨ ਹੇਠ ਬਣੇ ਮਕਾਨ ਤੋਂ ਇਕ ਲੰਬਾ ਦਾੜ੍ਹੀ ਵਾਲਾ ਆਦਮੀ ਫੜਿਆ ਗਿਆ। ਅਮਰੀਕਾ ਦੇ ਸੀਨੀਅਰ ਖ਼ੁਫ਼ੀਆ ਅਫ਼ਸਰਾਂ ਨੇ ਨਿਕਸਨ ਤੋਂ ਸਦਾੱਮ ਬਾਰੇ ਜਾਣਕਾਰੀ ਮੰਗੀ। ਉਸ ਦੀ ਪਛਾਣ ਨੂੰ ਲੈ ਕੇ ਨਿਕਸਨ ਤੋਂ ਕਈ ਸਵਾਲ ਪੁਛੇ। ਨਿਕਸਨ ਨੇ ਸਦਾੱਮ ਦੀ ਪਛਾਣ ਲਈ ਕਈ ਵੀਡੀਓ ਤੇ ਜਾਣਕਾਰੀਆਂ ਜੁਟਾਈਆਂ ਸਨ। ਨਿਕਸਨ ਨੇ ਦੱਸਿਆ ਸੀ ਕਿ ਸਦਾੱਮ ਦੇ ਖੱਬੇ ਹੱਥ ਤੇ ਬਾਂਹ ‘ਤੇ ਕਬਾਇਲੀ ਟੈਟੂ ਹੈ ਤੇ ਉਸ ਦੇ ਸੱਜੇ ਪੈਰ ਵਿਚ ਗੋਲੀ ਲੱਗਣ ਦਾ ਨਿਸ਼ਾਨ ਹੈ।

ਜਾੱਨ ਨਿਕਸਨ ਨੇ ਉਠਾਏ ਕਈ ਸਵਾਲ :
2003 ਵਿਚ ਜਾੱਨ ਨਿਕਸਨ ਇਰਾਕ ਵਿਚ ਸੀ, ਨਿਕਸਨ ਸਦਾੱਮ ਹੁਸੈਨ ਉਪਰ ਪੂਰੀ ਜਾਣਕਾਰੀ ਜੁਟਾ ਰਿਹਾ ਸੀ। ਉਸ ਵਕਤ ਜਾੱਨ ਨਿਕਸਨ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਸਦਾੱਮ ਹੁਸੈਨ ਨੇ ਪੁਛਗਿਛ ਦੌਰਾਨ ਦੱਸਿਆ ਸੀ ਕਿ ਓਸਾਮਾ ਬਿਨ ਲਾਦੇਨ ਜਾਂ ਅਲ ਕਾਇਦਾ ਨਾਲ ਕੋਈ ਰਿਸ਼ਤਾ ਨਹੀਂ ਸੀ। ਸਦਾੱਮ ਹੁਸੈਨ ਨੇ ਇਹ ਵੀ ਦੱਸਿਆ ਸੀ ਕਿ 9/11 ਦੇ ਹਮਲੇ ਪਿਛੇ ਉਨ੍ਹਾਂ ਦਾ ਦਿਮਾਗ਼ ਨਹੀਂ ਸੀ। ਨਿਕਸਨ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਸਦਾੱਮ ਨੂੰ ਅਮਰੀਕਾ ਦੇ ਰਾਸ਼ਟਰਪਤੀ ਬੁੱਸ਼ ਤੋਂ ਡਰ ਨਹੀਂ ਲਗਦਾ ਸੀ। ਸਦਾੱਮ ਨੇ ਅਮਰੀਕਾ ਖ਼ਿਲਾਫ਼ ਕਦੇ ਸਮੂਹਕ ਵਿਨਾਸ਼ ਦੇ ਹਥਿਆਰ ਵਰਤਣ ਬਾਰੇ ਨਹੀਂ ਸੋਚਿਆ ਸੀ ਪਰ ਫਿਰ ਵੀ ਅਮਰੀਕਾ ਨੂੰ ਗ਼ਲਤਫ਼ਹਿਮੀ ਸੀ ਜਿਸ ਕਾਰਨ ਉਹ ਸਦਾੱਮ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ ਚਾਹੁੰਦਾ ਸੀ। ਆਪਣੀ ਕਿਤਾਬ ਵਿਚ ਜਾੱਨ ਨਿਕਸਨ ਨੇ ਅਮਰੀਕਾ ਅਤੇ ਸੀ.ਆਈ.ਏ. ‘ਤੇ ਕਈ ਸਵਾਲ ਉਠਾਏ ਹਨ। ਨਿਕਸਨ ਦਾ ਕਹਿਣਾ ਹੈ ਕਿ ਸੀ.ਆਈ.ਏ. ਸਿਰਫ਼ ਅਮਰੀਕਾ ਦੇ ਰਾਸ਼ਟਰਪਤੀ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ ਤੇ ਇਰਾਕ ਤੇ ਸਦਾੱਮ ਹੁਸੈਨ ਨੂੰ ਲੈ ਕੇ ਕਈ ਗ਼ਲਤ ਜਾਣਕਾਰੀ ਦੇ ਰਿਹਾ ਸੀ।

ਸਦੱਾਮ ਨੂੰ ਇਰਾਕ ਦਾ ਸ਼ਾਸਨ ਕਰਨ ਲਈ ਛੱਡ ਦੇਣਾ ਚਾਹੀਦਾ ਸੀ :
ਅਮਰੀਕਾ ਆਪਣੇ ਪਲਾਨ ਵਿਚ ਕਾਮਯਾਬ ਵੀ ਹੋਇਆ। ਸਦਾੱਮ ਦੀ ਮੌਤ ਮਗਰੋਂ ਲੋਕ ਨਵੇਂ ਇਰਾਕ ਦੀ ਉਮੀਦ ਕਰ ਰਹੇ ਸਨ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਰਾਕ ਵਿਚ ਸ਼ਾਂਤੀ ਪਰਤੇਗੀ ਅਤੇ ਜਮਹੂਰੀ ਤਰੀਕੇ ਨਾਲ ਇਰਾਕ ਅੱਗੇ ਵਧੇਗਾ ਪਰ ਅਜਿਹਾ ਨਹੀਂ ਹੋਇਆ। ਸਦਾੱਮ ਹੁਸੈਨ ਨੇ ਨਿਕਸਨ ਸਾਹਮਣੇ ਜੋ ਭਵਿੱਖਬਾਣੀ ਕੀਤੀ ਸੀ ਉਹ ਸੱਚ ਹੋਈ। ਪੁਛਗਿਛ ਦੌਰਾਨ ਸਦਾੱਮ ਹੁਸੈਨ ਨੇ ਨਿਕਸਨ ਨੂੰ ਦੱਸਿਆ ਸੀ ਕਿ ਅਮਰੀਕਾ ਨੂੰ ਤਾਂ ਇਰਾਕ ‘ਤੇ ਸ਼ਾਸਨ ਕਰਨ ਵਿਚ ਕਦੇ ਸਫਲਤਾ ਨਹੀਂ ਮਿਲ ਸਕੇਗੀ। ਹੁਣ ਇਰਾਕ ਦਾ ਹਾਲ ਕੀ ਹੈ, ਸਭ ਨੂੰ ਪਤਾ ਹੈ। ਇਰਾਕ ਇਕ ਇਸਲਾਮਿਕ ਸਟੇਟ ਬਣਦਾ ਜਾ ਰਿਹਾ ਹੈ।
ਆਈ.ਐਸ.ਆਈ. ਦਾ ਖ਼ੌਫ਼ ਵਧਦਾ ਜਾ ਰਿਹਾ ਹੈ। ਇਹ ਸਭ ਦੇਖਣ ਮਗਰੋਂ ਜਾੱਨ ਨਿਕਸਨ ਨੂੰ ਅਹਿਸਾਸ ਹੋ ਰਿਹਾ ਹੈ ਕਿ ਸਦਾੱਮ ਹੁਸੈਨ ਸਹੀ ਸੀ। ਇਰਾਕ ‘ਤੇ ਸ਼ਾਸਨ ਕਰਨਾ ਏਨਾ ਆਸਾਨ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਾੱਨ ਨਿਕਸਨ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਹੁਣ ਉਸ ਨੂੰ ਲਗਦਾ ਹੈ ਸਦਾੱਮ ਹੁਸੈਨ ਨੂੰ ਇਰਾਕ ‘ਤੇ ਸ਼ਾਸਨ ਕਰਨ ਲਈ ਛੱਡ ਦੇਣਾ ਚਾਹੀਦਾ ਸੀ। ਜੇਕਰ ਸਦਾੱਮ ਹੁੰਦਾ ਤਾਂ ਸ਼ਾਇਦ ਇਰਾਕ ਦਾ ਅੱਜ ਜੋ ਹਾਲ ਹੈ, ਉਹ ਨਾ ਹੁੰਦਾ। ਨਿਕਸਨ ਲਿਖਦੇ ਹਨ ਕਿ ਸਦਾੱਮ ਹੁਸੈਨ ਨਿਰਦਈ ਰਾਸ਼ਟਰਪਤੀ ਜ਼ਰੂਰ ਸੀ ਪਰ ਇਰਾਕ ਵਰਗੇ ਰਾਸ਼ਟਰ ਦਾ ਸ਼ਾਸਨ ਕਰਨ ਲਈ ਉਨ੍ਹਾਂ ਵਰਗਾ ਹੀ ਰਾਸ਼ਟਰਪਤੀ ਹੋਣਾ ਚਾਹੀਦਾ ਸੀ। ਨਿਕਸਨ ਮੰਨਦੇ ਹਨ ਕਿ ਜੇਕਰ ਸਦਾੱਮ ਹੁਸੈਨ ਹੁੰਦਾ ਤਾਂ ਅੱਜ ਇਰਾਕ ਵਿਚ ਆਈ.ਐਸ.ਆਈ.ਐਸ. ਦਾ ਖ਼ੌਫ਼ ਨਾ ਹੁੰਦਾ। ਸਦਾੱਮ ਨੇ ਕਿਹਾ ਸੀ ਕਿ ਅਮਰੀਕਾ ਇਰਾਕ ਵਿਚ ਸਫਲ ਨਹੀਂ ਹੋਵੇਗਾ। ਇਰਾਕ ‘ਤੇ ਸ਼ਾਸਨ ਕਰਨਾ ਏਨਾ ਆਸਾਨ ਨਹੀਂ ਹੈ। ਅਮਰੀਕਾ ਇਰਾਕ ਦੀ ਭਾਸ਼ਾ ਨਹੀਂ ਸਮਝਦਾ, ਇਸ ਦੇ ਇਤਿਹਾਸ ਬਾਰੇ ਨਹੀਂ ਜਾਣਦਾ। ਇਰਾਕ ਦੇ ਇਤਿਹਾਸ ਬਾਰੇ ਜਾਣੇ ਬਿਨਾਂ ਇਸ ‘ਤੇ ਰਾਜ ਕਰਨਾ ਏਨਾ ਆਸਾਨ ਨਹੀਂ ਹੈ। ਸਦਾੱਮ ਨੇ ਖ਼ੁਫੀਆ ਏਜੰਟ ਨੂੰ ਕਿਹਾ, ‘ਅਮਰੀਕੀ ਅਣਪਛਾਤੇ ਗੁੰਡੇ ਹਨ ਜੋ ਇਰਾਕ ਬਾਰੇ ਕੁਝ ਨਹੀਂ ਜਾਣਦੇ ਪਰ ਫੇਰ ਵੀ ਇਰਾਕ ਨੂੰ ਨਸ਼ਟ ਕਰਨ ਵਿਚ ਲੱਗੇ ਹੋਏ ਹਨ।’ ਉਸ ਨੇ ਕਿਹਾ ਕਿ ਇਰਾਕ ਅਤਿਵਾਦੀ ਰਾਸ਼ਟਰ ਨਹੀਂ ਹੈ। ਓਸਾਮਾ ਦਾ ਇਰਾਕ ਨਾਲ ਕੋਈ ਰਿਸ਼ਤਾ ਨਹੀਂ ਤੇ ਨਾ ਹੀ ਗਵਾਂਢੀ ਰਾਸ਼ਟਰ ਲਈ ਇਰਕਾ ਵਲੋਂ ਕੋਈ ਖ਼ਤਰਾ ਹੈ ਪਰ ਫੇਰ ਵੀ ਅਮਰੀਕਾ ਦੇ ਰਾਸ਼ਟਰਪਤੀ ਇਹ ਸੋਚ ਰਹੇ ਹਨ ਕਿ ਇਰਾਕ ਹਮਲਾ ਕਰਨਾ ਚਾਹੁੰਦਾ ਹੈ ਤੇ ਇਰਾਕ ਕੋਲ ਸਮੂਹਕ ਵਿਨਾਸ਼ ਦੇ ਹਥਿਆਰ ਹਨ। ਸਦਾੱਮ ਨੇ ਵਿਨਾਸ਼ਕ ਹਥਿਆਰ  ਬਾਰੇ ਕਿਹਾ, ‘ਇਰਾਕ ਨੇ ਇਸ ਹਥਿਆਰ ਦਾ ਇਸਤੇਮਾਲ ਕਰਨ ਦਾ ਕਦੇ ਨਹੀਂ ਸੋਚਿਆ ਸੀ, ਨਾ ਇਸ ਬਾਰੇ ਕਦੇ ਚਰਚਾ ਹੋਈ ਸੀ। ਪੂਰੀ ਸਮਰਥਾ ਵਾਲਾ ਅਜਿਹਾ ਕੋਈ ਮੁਲਕ ਹੈ ਕੀ ਜੋ ਇਸ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ? ਅਸੀਂ ਇਹ ਸਾਰੇ ਉਮੀਦ ਨਹੀਂ ਕਰ ਰਹੇ ਸੀ, ਅਮਰੀਕਾ ਗ਼ਲਤ ਸੀ। ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਅਸੀਂ ਇਕ-ਦੂਸਰੇ ਨੂੰ ਸੁਣਨਾ ਨਹੀਂ ਚਾਹੁੰਦੇ ਸੀ? ਕੀ ਉਹ (ਜਾਰਜ ਬੁੱਸ਼) ਸਾਡੇ ਨਾਲ ਖੇਡ ਰਹੇ ਸਨ। ਆਪਣੇ ਘੁਮੰਡ ਕਾਰਨ ਉਹ ਸਚਾਈ ਨੂੰ ਲੁਕਾ ਰਹੇ ਸਨ।’ ਸਦਾੱਮ ਨੇ ਨਿਕਸਨ ਨੂੰ ਕਿਹਾ ਸੀ, ‘ਮੈਂ ਤੁਹਾਡੇ ਰਾਸ਼ਟਰਪਤੀ ਤੋਂ ਨਹੀਂ ਡਰਦਾ, ਮੇਰੇ ਦੇਸ਼ ਨੂੰ ਬਚਾਉਣ ਲਈ ਮੈਨੂੰ ਜੋ ਕਰਨਾ ਚਾਹੀਦਾ ਹੈ, ਮੈਂ ਉਹੀ ਕਰਾਂਗਾ।’ ਸਦਾੱਮ ਨੇ ਇਹ ਵੀ ਕਿਹਾ ਕਿ ਇਰਾਨ ਖ਼ਿਲਾਫ਼ ਰਾਸਾਇਣਕ ਹਥਿਆਰ ਦਾ ਇਸਤੇਮਾਲ ਉਨ੍ਹਾਂ ਦਾ ਫ਼ੈਸਲਾ ਨਹੀਂ ਸੀ।

ਜਦੋਂ ਬੁਸ਼ ਹੋਏ ਨਾਖੁਸ਼ :
ਜਾੱਨ ਨਿਕਸਨ ਨੇ ਲਿਖਿਆ ਹੈ ਕਿ 2006 ਤਕ ਉਨ੍ਹਾਂ ਨੂੰ ਕਦੇ ਮੌਕਾ ਨਹੀਂ ਮਿਲਿਆ ਸੀ ਕਿ ਉਹ ਰਾਸ਼ਟਰਪਤੀ ਬੁਸ਼ ਸਾਹਮਣੇ ਬੈਠਣ ਤੇ ਉਹ ਸਭ ਦੱਸਣ ਪਰ 2007 ਵਿਚ ਨਿਕਸਨ ਨੂੰ ਇਕ ਮੌਕਾ ਮਿਲਿਆ ਜਦੋਂ ਬੁਸ਼ ਨੇ ਉਨ੍ਹਾਂ ਤੋਂ ਇਰਾਕ ਬਾਰੇ ਜਾਣਕਾਰੀ ਮੰਗੀ। ਬੁਸ਼ ਨੇ ਨਿਕਸਨ ਤੋਂ ਪੁਛਿਆ ਕਿ ਸਦਾੱਮ ਹੁਸੈਨ ਕਿਹੋ ਜਿਹਾ ਆਦਮੀ ਸੀ? ਨਿਕਸਨ ਨੇ ਜਵਾਬ ਦਿੱਤਾ ਕਿ ਸਦਾੱਮ ਹੁਸੈਨ ਸ਼ਾਂਤ ਰਹਿਣ ਵਾਲਾ ਆਦਮੀ ਸੀ ਤੇ ਉਸ ਦੀ ਆਤਮ ਵਿਰੋਧੀ ਬੁੱਧੀ ਨੇ ਬੁਸ਼ ਨੂੰ ਦੁਵਿਧਾ ਵਿਚ ਪਾ ਦਿੱਤਾ। ਨਿਕਸਨ ਦਾ ਜਵਾਬ ਸੁਣਦਿਆਂ ਹੀ ਰਾਸ਼ਟਰਪਤੀ ਬੁਸ਼ ਕਾਫ਼ੀ ਗੁੱਸੇ ਵਿਚ ਆ ਗਏ ਸਨ। ਉਦੋਂ ਨਿਕਸਨ ਨੂੰ ਬੋਲਣਾ ਪਿਆ ਸੀ ਕਿ ਅਸਲੀ ਸਦਾੱਮ ਹੁਸੈਨ ਹੰਕਾਰੀ, ਵਿਅੰਗਾਤਮਕ ਤੇ ਭਿਆਨਕ ਸੀ। ਇਹ ਸੁਣਨ ਮਗਰੋਂ ਬੁਸ਼ ਦਾ ਗੁੱਸਾ ਸ਼ਾਂਤ ਹੋਇਆ।

ਬੁਸ਼ ਸਿਰਫ਼ ਉਹੀ ਸੁਣਨਾ ਚਾਹੁੰਦੇ ਸਨ ਜੋ ਉਨ੍ਹਾਂ ਨੂੰ ਪਸੰਦ ਸੀ :
ਨਿਕਸਨ ਨੇ ਲਿਖਿਆ ਹੈ ਕਿ ਜਾਰਜ ਬੁਸ਼ ਨੇ ਆਪਣੀ ਜੀਵਨੀ ਵਿਚ ਲਿਖਿਆ ਸੀ ਕਿ ਇਰਾਕ ਉਪਰ ਦਿੱਤੀ ਗਈ ਗ਼ਲਤ ਰਿਪੋਰਟ ਨੂੰ ਲੈ ਕੇ ਉਹ ਸੈਂਟਰਲ ਇੰਟਲੀਜੈਂਸ ਏਜੰਸੀ ਦੇ ਕਮਰਸ਼ੀਅਲ ਅਫ਼ਸਰਾਂ ਦੀ ਕਦੇ ਆਲੋਚਨਾ ਨਹੀਂ ਕਰਨਗੇ, ਪਰ ਬੁਸ਼ ਨੇ ਅਜਿਹਾ ਕੀਤਾ। ਜੋ ਵੀ ਗ਼ਲਤੀ ਹੋਈ ਸੀ, ਉਸ ਨੂੰ ਲੈ ਕੇ ਉਨ੍ਹਾਂ ਨੇ ਸੈਂਟਰਲ ਇੰਟਲੀਜੈਂਸ ਦੀ ਰਿਪੋਰਟ ਨੂੰ ਜ਼ਿੰਮੇਵਾਰ ਠਹਿਰਾਇਆ। ਨਿਕਸਨ ਨੇ ਇਹ ਵੀ ਲਿਖਿਆ ਹੈ ਕਿ ਰਾਸ਼ਟਰਪਤੀ ਬੁਸ਼ ਸਿਰਫ਼ ਉਹੀ ਸੁਣਨਾ ਚਾਹੁੰਦੇ ਸਨ, ਜੋ ਉਨ੍ਹਾਂ ਨੂੰ ਪਸੰਦ ਸੀ।