ਅਮਰੀਕਾ ਦੇ ਟੈਨੇਸੀ ਰਾਜ ਵਿਚ 2 ਕੁੱਤਿਆਂ ਦੇ ਹਮਲੇ ਵਿੱਚ 2 ਬੱਚਿਆਂ ਦੀ ਮੌਤ, ਮਾਂ ਗੰਭੀਰ ਜ਼ਖਮੀ

ਅਮਰੀਕਾ ਦੇ ਟੈਨੇਸੀ ਰਾਜ ਵਿਚ 2 ਕੁੱਤਿਆਂ ਦੇ ਹਮਲੇ ਵਿੱਚ 2 ਬੱਚਿਆਂ ਦੀ ਮੌਤ, ਮਾਂ ਗੰਭੀਰ ਜ਼ਖਮੀ
ਕੈਪਸ਼ਨ: ਮਾਂ ਖੱਬੇ ਕ੍ਰਿਸਟੀ ਬੇਨਾਰਡ ਜੋ ਕੁੱਤਿਆਂ ਦੇ ਹਮਲੇ ਵਿਚ ਬੁਰੀ ਤਰਾਂ ਜਖਮੀ ਹੋ ਗਈ । ਤਸਵੀਰ ਵਿਚ ਨਜਰ ਆ ਰਹੇ ਦੋਨੋਂ ਬੱਚਿਆਂ ਦੀ ਮੌਤ ਹੋ ਗਈ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 9 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਪੱਛਮੀ ਟੈਨੇਸੀ ਰਾਜ ਵਿਚ  ਦੋ ਪਿੱਟ ਬੁਲਜ ਕੁੱਤਿਆਂ ਦੇ ਹਮਲੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਜਦ ਕਿ ਉਨਾਂ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਸ਼ੈਲਬਾਈ ਕਾਊਂਟੀ ਦੇ ਸ਼ੈਰਿਫ ਦਫਤਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਹਮਲਾ ਪਰਿਵਾਰ ਦੇ ਮੈਮਫਿਸ ਖੇਤਰ ਵਿਚ ਘਰ ਦੇ ਬਾਹਰ ਹੋਇਆ। ਕੁੱਤਿਆਂ ਨੇ ਜਦੋਂ 5 ਮਹੀਨਿਆਂ ਦੇ ਲੜਕੇ ਹੋਲੇਸ ਡੀਨ ਤੇ 2 ਸਾਲਾਂ ਦੀ ਕੁੜੀ ਲਿਲੀ ਜੇਨ ਉਪਰ ਹਮਲਾ ਕੀਤਾ ਤਾਂ ਉਨਾਂ ਦੀ 30 ਸਾਲਾ ਮਾਂ ਕ੍ਰਿਸਟੀ ਬੇਨਾਰਡ ਨੇ ਉਨਾਂ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ। ਉਹ ਬੱਚਿਆਂ ਉਪਰ ਲੰਮੀ ਪੈ ਗਈ ਪਰੰਤੂ ਉਸ ਦੀ ਇਹ ਕੋਸ਼ਿਸ਼ ਨਾਕਾਮ ਰਹੀ ਤੇ ਖੁਦ ਆਪ ਵੀ ਬੁਰੀ ਤਰਾਂ ਜ਼ਖਮ ਹੋ ਗਈ। ਦੋਨਾਂ ਬੱਚਿਆਂ ਨੂੰ ਮੌਕੇ ਉਪਰ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ਼ੈਰਿਫ ਦਫਤਰ ਵਿਚ ਲੋਕ ਸੰਪਰਕ ਅਫਸਰ ਵਜੋਂ ਤਾਇਨਾਤ ਜੌਹਨ ਮੌਰਿਸ ਨੇ ਕਿਹਾ ਹੈ ਕਿ ਮਾਮਲੇ ਦੀ ਤੇਜੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।