47 ਸਾਲ ਪਹਿਲਾਂ ਲਾਪਤਾ ਹੋਈ ਲੜਕੀ ਦੀ ਲਾਸ਼ ਦੀ ਸ਼ਨਾਖਤ ਡੀ ਐਨ ਏ ਰਾਹੀਂ ਹੋਈ

47 ਸਾਲ ਪਹਿਲਾਂ ਲਾਪਤਾ ਹੋਈ ਲੜਕੀ ਦੀ ਲਾਸ਼ ਦੀ ਸ਼ਨਾਖਤ ਡੀ ਐਨ ਏ ਰਾਹੀਂ ਹੋਈ
ਕੈਪਸ਼ਨ : ਗਿਲਡਾਵੀ ਦੀ ਇਕ ਪੁਰਾਣੀ ਤਸਵੀਰ ਉਸ ਦੀ ਭੈਣ ਵਿਖਾਉਂਦੀ ਹੋਈ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 28 ਸਤੰਬਰ (ਹੁਸਨ ਲੜੋਆ ਬੰਗਾ)- ਵਿਰਜੀਨੀਆ ਪੁਲਿਸ ਨੇ 47 ਸਾਲ ਤੋਂ ਵੀ ਵਧ ਸਮਾਂ ਪਹਿਲਾਂ ਲਾਪਤਾ ਹੋਈ 17 ਸਾਲਾ ਲੜਕੀ ਦੀ ਲਾਸ਼ ਦੀ ਸ਼ਨਾਖਤ ਕਰ ਲਈ ਹੈ। ਹਾਲਾਂ ਕਿ ਫੇਅਰਫੈਕਸ ਕਾਊਂਟੀ ਦੀ ਵਸਨੀਕ ਪੈਟਰੀਸੀਆ ਏਜਨਸ ਗਿਲਡਾਵੀ ਜੋ 8 ਫਰਵਰੀ 1975 ਨੂੰ ਲਾਪਤਾ ਹੋਈ ਸੀ, ਦੀ ਲਾਸ਼ ਜੋ ਬੁਰੀ ਤਰਾਂ ਗਲੀਸੜੀ ਹੋਈ ਸੀ, 26 ਸਾਲਾ ਤੋਂ ਵਧ ਸਮਾਂ ਪਹਿਲਾਂ ਇਕ ਡਰੇਨ ਵਿਚੋਂ ਬਰਾਮਦ ਕਰ ਲਈ ਸੀ ਪਰੰਤੂ ਲਾਸ਼ ਦੀ ਸ਼ਨਾਖਤ ਹੁਣ ਆ ਕੇ ਐਡਵਾਂਸ ਡੀ ਐਨ ਏ ਤਕਨੀਕ ਰਾਹੀਂ ਕੀਤੀ ਗਈ ਹੈ। ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਲੜਕੀ ਜੋ ਚੌਬੀ ਗਿਲਡਾਵੀ ਦੇ ਨਾਂ ਨਾਲ ਜਾਣੀ ਜਾਂਦੀ ਸੀ, ਦਾ ਗਲਿਆ ਸੜਿਆ ਪਿੰਜਰ 27 ਸਤੰਬਰ,2001 ਨੂੰ ਮਿਲਿਆ ਸੀ। ਸ਼ੁਰੂ ਵਿਚ ਜਾਂਚਕਾਰਾਂ ਨੇ ਸਮਝਿਆ ਸੀ ਕਿ ਇਹ ਲਾਸ਼ ਇਕ ਅਫਰੀਕਨ ਅਮੈਰੀਕਨ ਲੜਕੀ ਦੀ ਹੈ ਜਿਸ ਦੀ ਮੌਤ ਸਿਰ ਵਿਚ ਗੋਲੀ ਲੱਗਣ ਕਾਰਨ ਹੋਈ ਸੀ। ਹੁਣ ਆ ਕੇ  ਟੈਕਸਾਸ ਦੀ ਓਥਰਮ ਇੰਕ ਲੈਬਾਰਟਰੀ ਨੇ ਐਡਵਾਂਸ ਡੀ ਐਨ ਏ ਤਕਨੀਕ ਰਾਹੀਂ ਪਤਾ ਲਾਇਆ ਕਿ ਇਹ ਲਾਸ਼ ਗਿਲਡਾਵੀ ਦੀ ਹੈ। ਗਿਲਡਾਵੀ ਦੇ ਰਿਸ਼ਤੇਦਾਰਾਂ ਨੇ ਡੀ ਐਨ ਏ ਰਾਹੀਂ ਨਿਕਲੇ ਸਿੱਟੇ ਉਪਰ ਤਸੱਲੀ ਪ੍ਰਗਟ ਕੀਤੀ ਹੈ।