ਹੱਤਿਆ ਦੇ ਮਾਮਲੇ ਵਿਚ ਇਕ ਔਰਤ 27 ਸਾਲ ਜੇਲ੍ਹ ਵਿਚ ਬਿਤਾਉਣ ਉਪਰੰਤ ਦੋਸ਼ ਮੁਕਤ ਕਰਾਰ

ਹੱਤਿਆ ਦੇ ਮਾਮਲੇ ਵਿਚ ਇਕ ਔਰਤ 27 ਸਾਲ ਜੇਲ੍ਹ ਵਿਚ ਬਿਤਾਉਣ ਉਪਰੰਤ ਦੋਸ਼ ਮੁਕਤ ਕਰਾਰ
ਕੈਪਸ਼ਨ: ਜੋਇਸੀ ਵਾਟਕਿਨਜ ਤੇ ਉਸ ਦਾ ਤਤਕਾਲ ਦੋਸਤ ਚਾਰਲੀ ਡੂਨ ਦੀਆਂ ਤਸਵੀਰਾਂ

*ਉਸ ਦੇ ਦੋਸਤ ਦੀ ਹੋਈ ਜੇਲ੍ਹ ਵਿਚ ਹੀ ਮੌਤ

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਟੈਨੇਸੀ ਦੀ ਇਕ ਔਰਤ ਜੋ ਹੁਣ 74 ਸਾਲਾਂ ਦੀ ਹੋ ਗਈ ਹੈ, ਨੂੰ ਆਪਣੀ ਭਤੀਜੀ ਦੀ ਧੀ ਦੀ ਹੱਤਿਆ ਦੇ ਮਾਮਲੇ ਵਿਚ ਗਲਤ ਤੌਰ 'ਤੇ ਦੇਸ਼ੀ ਕਰਾਰ ਦੇਣ ਕਾਰਨ 27 ਸਾਲ ਜੇਲ੍ਹ ਵਿਚ  ਬਿਤਾਉਣੇ ਪਏ। 35 ਸਾਲ ਬਾਅਦ ਹੁਣ ਉਸ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆ ਹੈ। ਡੇਵਿਡਸਨ ਕਾਊਂਟੀ ਦੀ ਕ੍ਰਿਮੀਨਲ ਅਦਾਲਤ ਵਿਚ ਦਾਇਰ ਕੀਤੀ ਗਈ ਰਿਪੋਰਟ ਅਨੁਸਾਰ 26 ਜਨਵਰੀ ,1987 ਨੂੰ ਜੋਇਸੀ ਵਾਟਕਿਨਜ ਤੇ ਉਸ ਦਾ ਤਤਕਾਲ ਦੋਸਤ ਚਾਰਲੀ ਡੂਨ 4 ਸਾਲਾ ਬੱਚੀ (ਜੋਇਸੀ ਦੀ ਭਤੀਜੀ ਦੀ ਧੀ) ਬਰਾਂਡੀ ਨੂੰ ਕੈਂਟਕੀ ਵਿਚੋਂ ਲੈਣ ਗਏ ਸਨ। ਅਗਲੀ ਸਵੇਰ ਨੂੰ ਬਰਾਂਡੀ ਬੇਹੋਸ਼ ਹੋ ਗਈ ਜਿਸ 'ਤੇ ਜੋਇਸੀ ਵਾਟਕਿਨਜ ਨੈਸ਼ਵਿਲੇ ਮੈਮੋਰੀਅਲ ਹਸਪਤਾਲ ਲੈ ਗਈ। ਬਰਾਂਡੀ ਦੇ ਯੋਨੀ ਵਿਚ ਗੰਭੀਰ ਜਖਮ ਸਨ ਤੇ ਉਸ ਦੇ ਸਿਰ ਵਿਚ ਵੀ ਸੱਟ ਲੱਗੀ ਸੀ।

​​​​​​​

ਅਗਲੇ ਦਿਨ ਬਰਾਂਡੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਰਿਪੋਰਟ ਅਨੁਸਾਰ ਬਰਾਂਡੀ ਦੇ ਨਾਲ ਵਾਟਕਿਨਜ ਤੇ ਡੂਨ 9 ਘੰਟੇ ਰਹੇ। ਮੈਡੀਕਲ ਮਾਹਿਰ ਡਾਕਟਰ ਗਰੇਟਰ ਹਰਲਨ ਇਸ ਸਿੱਟੇ ਉਪਰ ਪੁੱਜ ਕੇ ਬੱਚੀ ਦੇ ਸੱਟਾਂ ਇਸ ਸਮੇ ਦੌਰਾਨ ਹੀ ਲੱਗੀਆਂ ਸਨ। ਇਸ ਤੋਂ ਇਕ ਸਾਲ ਬਾਅਦ ਅਗਸਤ 1988 ਵਿਚ ਵਾਟਕਿਨਜ ਤੇ ਡੂਨ ਨੂੰ ਫਸਟ ਡਿਗਰੀ ਹੱਤਿਆ ਲਈ ਤੇ ਜਬਰਜਨਾਹ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ। 2015 ਵਿਚ ਜਮਾਨਤ ਹੋਣ ਤੋਂ ਪਹਿਲਾਂ ਦੋਨਾਂ ਨੇ 27 ਸਾਲ ਜੇਲ੍ਹ ਵਿਚ ਬਿਤਾਏ ਪਰੰਤੂ ਡੂਨ ਦੀ ਜਮਾਨਤ ਉਪਰ ਰਿਹਾਈ ਤੋਂ ਪਹਿਲਾਂ ਹੀ ਜੇਲ੍ਹ ਵਿਚ ਮੌਤ ਹੋ ਗਈ। ਇਸ ਸਮੇ ਦੌਰਾਨ ਕੈਂਟਕੀ ਦਾ ਸਮਾਜਕ ਸੇਵਾਵਾਂ ਬਾਰੇ ਵਿਭਾਗ ਦਾ ਇਕ ਵਰਕਰ ਰੋਜ ਵਿਲਿਅਮਜ ਦੇ ਉਸ ਘਰ ਵਿਚ ਵਾਰ-ਵਾਰ ਗਿਆ ਜਿਥੇ ਬਰਾਂਡੀ ਆਪਣੀ ਵੱਡੀ ਚਾਚੀ ਕੋਲ ਰਹਿੰਦੀ ਸੀ ਜਿਥੋਂ ਵਾਟਕਿਨਜ ਤੇ ਡੂਨ ਨੇ ਉਸ ਨੂੰ ਲਿਆ ਸੀ। ਉਸ ਸਮੇ ਬਰਾਂਡੀ ਦੀ ਮਾਂ ਜਾਰਜੀਆ ਵਿਚ ਸੀ।  ਵਿਲਿਅਮਜ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਬਰਾਂਡੀ ਖੇਡ ਮੈਦਾਨ ਵਿਚ ਜਖਮੀ ਹੋਈ ਸੀ ਤੇ ਇਸ ਉਪਰੰਤ ਕੇਸ ਦੀ ਜਾਂਚ ਬੰਦ ਕਰ ਦਿੱਤੀ ਗਈ। ਹੁਣ 35 ਸਾਲ ਬਾਅਦ ਵਾਟਕਿਨਜ ਤੇ ਡੂਨ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆ ਹੈ। ਡਿਸਟ੍ਰਿਕਟ ਅਟਾਰਨੀ ਗਲੈਨ ਫੁੰਕ ਨੇ ਕਿਹਾ ਹੈ ਕਿ 'ਜੋਇਸੀ ਤੇ ਡੂਨ ਨਿਰਦੋਸ਼ ਹਨ। ਅਸੀਂ ਉਨ੍ਹਾਂ ਵੱਲੋਂ ਜੇਲ੍ਹ ਵਿਚ ਬਿਤਾਇਆ ਸਮਾਂ ਤਾਂ ਵਾਪਿਸ ਨਹੀਂ ਕਰ ਸਕਦੇ ਪਰੰਤੂ ਅਸੀਂ ਉਨ੍ਹਾਂ ਦਾ ਮਾਣ ਸਨਮਾਨ ਤਾਂ ਬਹਾਲ ਕਰ ਸਕਦੇ ਹਾਂ। '