ਦੱਖਣੀ ਕੈਲੀਫੋਰਨੀਆ ਤੱਟੀ ਖੇਤਰ ਵਿਚ ਸਮੁੰਦਰੀ ਸੈਨਾ ਦਾ ਹੈਲਕਾਪਟਰ ਤਬਾਹ, 5 ਸੈਨਿਕਾਂ ਦੀ ਮੌਤ

ਦੱਖਣੀ ਕੈਲੀਫੋਰਨੀਆ ਤੱਟੀ ਖੇਤਰ ਵਿਚ ਸਮੁੰਦਰੀ ਸੈਨਾ ਦਾ ਹੈਲਕਾਪਟਰ ਤਬਾਹ, 5 ਸੈਨਿਕਾਂ ਦੀ ਮੌਤ
ਕੈਪਸ਼ਨ: ਐਮ ਐਚ-60 ਹੈਲਕਾਪਟਰ ਦੀ ਫਾਇਲ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਤੱਟੀ ਕੰਢੇ 'ਤੇ ਸਮੁੰਦਰੀ ਸੈਨਾ ਦਾ ਇਕ ਹੈਲੀਕਾਪਟਰ ਤਬਾਹ ਹੋ ਗਿਆ ਜਿਸ ਵਿਚ ਸਵਾਰ 5 ਸੈਨਿਕਾਂ ਦੀ ਮੌਤ ਹੋ ਗਈ ਜਦ ਕਿ ਇਕ ਨੂੰ ਬਚਾਅ ਲਿਆ ਗਿਆ। ਸਮੁੰਦਰੀ ਸੈਨਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬਚਾਅ ਕਾਰਜਾਂ ਉਪਰੰਤ ਲਾਪਤਾ ਸੈਨਿਕਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਹੈ। ਬਿਆਨ ਅਨੁਸਾਰ ਮ੍ਰਿਤਕ ਸੈਨਿਕਾਂ ਦੇ ਨਾਂ ਪੀੜਤ ਪਰਿਵਾਰਾਂ ਨੂੰ ਸੂਚਿਤ ਕਰਨ ਤੋਂ ਪਹਿਲਾਂ ਜਾਰੀ ਨਹੀਂ ਕੀਤੇ ਜਾਣਗੇ। ਬਚਾਏ ਗਏ ਸੈਨਿਕ ਦਾ ਸੈਨ ਡਇਏਗੋ ਹਸਪਤਾਲ ਵਿਚ ਇਲਾਜ਼ ਚਲ ਰਿਹਾ ਹੈ ਜਿਥੇ ਉਸ ਦੀ ਹਾਲਤ ਸਥਿੱਰ ਦੱਸੀ ਜਾ ਰਹੀ ਹੈ।   ਐਮ ਐਚ-60 ਐਸ ਹੈਲੀਕਾਪਟਰ ਯੂ ਐਸ ਐਸ ਇਬਰਾਹਮ ਲਿੰਕਨ ਬੇੜੇ ਉਪਰ ਤਬਾਹ ਹੋਇਆ ਜਿਸ ਕਾਰਨ ਬੇੜੇ ਉਪਰ ਤਾਇਨਾਤ 5 ਜਵਾਨ ਜ਼ਖਮੀ ਵੀ ਹੋਏ ਹਨ। ਇਨਾਂ ਵਿਚੋਂ 2 ਨੂੰ ਸੈਨ ਡਇਏਗੋ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਦ ਕਿ 3 ਦੇ ਮਾਮੂਲੀ ਜ਼ਖਮ ਹਨ ਜਿਨਾਂ ਦੀ ਹਾਦਸੇ ਵਾਲੇ ਸਥਾਨ 'ਤੇ ਮਰਹਮ ਪੱਟੀ ਕਰ ਦਿੱਤੀ ਗਈ। ਇਥੇ ਜਿਕਰਯੋਗ ਹੈ ਕਿ ਸਮੁੰਦਰੀ ਫੌਜ ਦਾ ਇਹ ਹੈਲੀਕਾਪਟਰ 72 ਘੰਟੇ ਪਹਿਲਾਂ ਤਬਾਹ ਹੋਇਆ ਸੀ ਤੇ ਉਸ ਉਪਰੰਤ ਨਿਰੰਤਰ ਚੱਲੀ ਬਚਾਅ ਕਾਰਵਾਈ ਤੋਂ ਬਾਅਦ ਸੈਨਿਕਾਂ ਦੇ ਮਾਰੇ ਜਾਣ ਦਾ ਖੁਲਾਸਾ ਕੀਤਾ ਗਿਆ ਹੈ। ਇਸ ਬਚਾਅ ਕਾਰਵਾਈ ਵਿਚ 5 ਹੈਲੀਕਾਪਟਰ ਲਾਏ ਗਏ ਸਨ। ਸਮੁੰਦਰੀ ਫੌਜ ਨੇ ਹਾਦਸੇ ਦਾ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਤੇ ਕੇਵਲ ਏਨਾ ਹੀ ਕਿਹਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਥੇ  ਇਹ ਵੀ ਜਿਕਰਯੋਗ ਹੈ ਕਿ ਐਮ ਐਚ-60 ਹੈਲੀਕਾਪਟਰ ਵਿਚ ਆਮ ਤੌਰ 'ਤੇ 4 ਅਮਲੇ ਦੇ ਮੈਂਬਰ ਸਵਾਰ ਹੁੰਦੇ ਹਨ ਤੇ ਇਸ ਹੈਲੀਕਾਪਟਰ ਦੀ ਵਰਤੋਂ ਯੁੱਧ ਦੌਰਾਨ ਫੌਜ ਦੀ ਸਹਾਇਤਾ ਕਰਨ, ਸੰਕਟ ਦੌਰਾਨ ਮਾਨਵੀ ਰਾਹਤ ਪਹੁੁੰਚਾਉਣ ਤੇ ਬਚਾਅ ਤੇ ਰਾਹਤ ਕਾਰਜਾਂ ਲਈ ਕੀਤੀ ਜਾਂਦੀ ਹੈ।