ਇਸ ਸਾਲ ਪੰਜਾਬ 'ਤੇ ਫੇਰ ਹੜ੍ਹਾਂ ਦਾ ਖਤਰਾ

ਇਸ ਸਾਲ ਪੰਜਾਬ 'ਤੇ ਫੇਰ ਹੜ੍ਹਾਂ ਦਾ ਖਤਰਾ
ਪਿਛਲੇ ਸਾਲ ਆਏ ਹੜ੍ਹ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਨੇ ਪਿਛਲੇ ਸਾਲ ਆਏ ਹੜ੍ਹਾਂ ਵਿਚ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਝੱਲਿਆ। ਇਸ ਦੌਰਾਨ ਸਰਕਾਰ ਦੀ ਨਾ-ਮਾਤਰ ਮਦਦ ਨੇ ਜਿੱਥੇ ਲੋਕਾਂ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਪ੍ਰਤੀ ਬੇਰੁਖੀ ਪੈਦਾ ਕੀਤੀ ਉੱਥੇ ਪੰਜਾਬ ਦੇ ਲੋਕਾਂ ਨੇ ਆਪਸੀ ਭਾਈਚਾਰੇ ਨਾਲ ਹਾਲਾਤਾਂ ਨੂੰ ਕਾਬੂ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੁੜ ਜ਼ਿੰਦਗੀ ਪੈਰਾਂ ਸਿਰ ਕਰ ਦਿੱਤੀ।

ਪਰ ਇਸ ਵਾਰ ਫੇਰ ਹੜ੍ਹਾਂ ਦੀ ਤਲਵਾਰ ਪੰਜਾਬੀਆਂ ਦੇ ਸਿਰ 'ਤੇ ਲਟਕ ਰਹੀ ਹੈ। ਪੰਜਾਬ ਦੇ ਦਰਿਆਵਾਂ 'ਤੇ ਬਣਾਏ ਡੈਮਾਂ ਦਾ ਪ੍ਰਬੰਧ ਕਰਦੀ ਭਾਰਤ ਦੀ ਸੰਸਥਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਇਸ ਵਾਰ ਹਿਮਾਲਿਆ ਪਹਾੜਾਂ ਵਿਚ ਜ਼ਿਆਦਾ ਬਰਫ ਪੈਣ ਨਾਲ ਭਾਖੜਾ ਅਤੇ ਪੋਂਗ ਡੈਮਾਂ ਅੰਦਰ ਪਾਣੀ ਆਉਣ ਵਿਚ ਚੋਖਾ ਵਾਧਾ ਹੋ ਸਕਦਾ ਹੈ। ਇਹਨਾਂ ਡੈਮਾਂ ਵਿਚ ਪਾਣੀ ਦੀ ਮਾਤਰਾ ਵਧਣ 'ਤੇ ਇਕ ਦਮ ਛੱਡੇ ਪਾਣੀ ਨਾਲ ਹੀ ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਬਣਦੇ ਹਨ। 

ਬੀਬੀਐਮਬੀ ਨੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਵਰਤਦੇ ਪੰਜਾਬ ਸਮੇਤ ਸਾਰੇ ਸੂਬਿਆਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਪਾਣੀ ਦੀ ਆਮਦ ਵਧਣ ਨਾਲ ਬਣਨ ਵਾਲੇ ਹਾਲਾਤਾਂ ਲਈ ਅਗਾਊਂ ਪ੍ਰਬੰਧ ਕਰ ਲਏ ਜਾਣ। 

ਬੀਬੀਐਮਬੀ ਦੇ ਸਰੋਤਾਂ ਦੇ ਹਵਾਲੇ ਨਾਲ ਛਪੀਆਂ ਰਿਪੋਰਟਾਂ ਮੁਤਾਬਕ ਭਾਖੜਾ ਡੈਮ ਨੂੰ ਪਾਣੀ ਦੇਣ ਵਾਲੀਆਂ ਦਰਿਆਵਾਂ ਦੇ ਹਿਮਾਲਿਆ ਵਿਚਲੇ ਇਲਾਕੇ 'ਚ ਇਸ ਸਮੇਂ 480 ਮਿਲੀਮੀਟਰ ਬਰਫ ਦਰਜ ਕੀਤੀ ਗਈ ਹੈ ਜੋ ਪਿਛਲੇ ਸਾਲ ਦੇ ਇਸ ਸਮੇਂ 230 ਮਿਲੀਮੀਟਰ ਸੀ। ਇਹ ਬਰਫ 19-20 ਬਿਲੀਅਨ ਕਿਊਬਿਕ ਤਾਜ਼ਾ ਪਾਣੀ ਪੰਜਾਬ ਦੇ ਦਰਿਆਵਾਂ ਵਿਚ ਭੇਜਣ ਦੇ ਸਮਰੱਥ ਹੈ। ਪੰਜਾਬ ਦੇ ਦਰਿਆਵਾਂ ਨੂੰ ਪਾਣੀ ਦੇਣ ਵਾਲੇ ਇਹਨਾਂ ਪਹਾੜਾਂ ਦਾ ਤੀਜਾ ਹਿੱਸਾ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ ਜਦਕਿ ਬਾਕੀ ਦਾ ਹਿੱਸਾ ਸਤਲੁਜ ਦਰਿਆ ਦੇ ਵਹਿਣ ਨਾਲ ਤਿੱਬਤ ਵਿਚ ਪੈਂਦਾ ਹੈ।

ਸਾਲ 2019 ਵਿਚ ਆਏ ਹੜ੍ਹਾਂ ਦੌਰਾਨ ਬੀਬੀਐਮਬੀ ਦੀ ਨਲਾਇਕੀ ਵੀ ਹੜ੍ਹ ਆਉਣ ਦਾ ਇਕ ਵੱਡਾ ਕਾਰਨ ਬਣੀ ਸੀ। ਬੀਬੀਐਮਬੀ ਨੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਮੌਸਮ ਦੀਆਂ ਚਿਤਾਵਨੀਆਂ ਦੇ ਅਨੁਕੂਲ ਸਮਾਂ ਰਹਿੰਦਿਆਂ ਘੱਟ ਨਹੀਂ ਕੀਤਾ ਜਿਸ ਕਾਰਨ ਪਹਾੜਾਂ ਵਿਚ ਇਕ ਦਮ ਪਏ ਮੀਂਹ ਨਾਲ ਡੈਮ ਵਿਚ ਪਾਣੀ ਵਧ ਗਿਆ ਤੇ ਪਾਣੀ ਅੱਗੇ ਪੰਜਾਬ ਵੱਲ ਇਕੋ ਝੱਟ ਛੱਡਣਾ ਪਿਆ ਸੀ। 

ਬੀਬੀਐਮਬੀ ਦੇ ਉੱਚ ਅਫਸਰ ਦੇ ਹਵਾਲੇ ਨਾਲ ਛਪੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਪਾਣੀ ਦੀ ਆਮਦ 4 ਤੋਂ 5 ਬਿਲੀਅਨ ਕਿਊਬਿਕ ਮੀਟਰ ਸੀ ਜੋ ਇਸ ਸਾਲ ਵੱਧ ਕੇ 6 ਤੋਂ 12 ਬਿਲੀਅਨ ਕਿਊਬਿਕ ਮੀਟਰ ਹੋਣ ਦਾ ਅੰਦਾਜ਼ਾ ਹੈ। 

ਬੀਬੀਐਮਬੀ ਨੇ ਪੰਜਾਬ ਦੇ ਦਰਿਆਵਾਂ ਤੋਂ ਪਾਣੀ ਲੈਂਦੇ ਸੂਬਿਆਂ ਨੂੰ ਵਾਧੂ ਪਾਣੀ ਲੈ ਕੇ ਆਪਣੇ ਸਰੋਤਾਂ ਵਿਚ ਜਮ੍ਹਾ ਕਰਨ ਲਈ ਕਿਹਾ ਹੈ ਤਾਂ ਕਿ ਡੈਮਾਂ ਵਿਚ ਪਾਣੀ ਦਾ ਪੱਧਰ ਘਟਾਇਆ ਜਾ ਸਕੇ। ਡੈਮ ਭਰਨ ਦਾ ਸਮਾਂ 21 ਮਈ ਤੋਂ 30 ਸਤੰਬਰ ਨਿਯਤ ਹੁੰਦਾ ਹੈ। ਮੌਸਮ ਅਨੁਸਾਰ ਡੈਮਾਂ ਨੂੰ ਗਰਮੀਆਂ ਦੇ ਮੌਸਮ ਵਿਚ ਭਰਿਆ ਜਾਂਦਾ ਹੈ ਕਿਉਂਕਿ ਇਸ ਮੌਸਮ ਵਿਚ ਬਰਫ ਪਿਘਲ ਕੇ ਪਾਣੀ ਦਰਿਆਵਾਂ ਵਿਚ ਆਉਂਦਾ ਹੈ। ਡੈਮ ਦੇ ਪਾਣੀ ਨੂੰ ਬਿਜਲੀ ਬਣਾਉਣ ਅਤੇ ਨਹਿਰਾਂ ਰਾਹੀਂ ਸਿੰਜਾਈ ਲਈ ਵਰਤਿਆ ਜਾਂਦਾ ਹੈ। 

ਦਰਿਆਵਾਂ ਦੇ ਵਿਚ ਹੜ੍ਹ ਆਉਣੇ ਕੁਦਰਤੀ ਹਨ ਪਰ ਮਨੁੱਖ ਦੀ ਕੁਦਰਤ ਨਾਲ ਛੇੜ-ਛਾੜ ਨੇ ਇਹਨਾਂ ਹੜ੍ਹਾਂ ਦੇ ਨੁਕਸਾਨ ਨੂੰ ਵਧਾ ਦਿੱਤਾ ਹੈ। ਦਰਿਆਵਾਂ ਵਿਚ ਹੜ੍ਹ ਆਉਣ ਦੀ ਗੱਲ ਪੱਕੀ ਤੈਅ ਹੋਣ ਕਾਰਨ ਹੀ ਕੌਮਾਂਤਰੀ ਪੱਧਰ 'ਤੇ ਦਰਿਆਵਾਂ ਦੇ ਪਾਣੀ ਦੇ ਹੱਕ ਬਾਰੇ ਰਾਇਪੇਰੀਅਨ ਕਾਨੂੰਨ ਬਣਾਇਆ ਗਿਆ ਹੈ ਜਿਸ ਮੁਤਾਬਕ ਦਰਿਆ ਦੇ ਪਾਣੀ ਦਾ ਹੱਕ ਉਸ ਸੂਬੇ ਦਾ ਹੁੰਦਾ ਹੈ ਜਿਸ ਸੂਬੇ ਵਿਚੋਂ ਦਰਿਆ ਲੰਘਦੇ ਹਨ ਕਿਉਂਕਿ ਦਰਿਆ ਦੇ ਹੜ੍ਹ ਦਾ ਨੁਕਸਾਨ ਵੀ ਉਸ ਸੂਬੇ ਦੇ ਲੋਕਾਂ ਨੂੰ ਹੀ ਹੁੰਦਾ ਹੈ। ਇਸ ਲਈ ਦਰਿਆ ਦੇ ਪਾਣੀ ਤੋਂ ਲਾਭ ਦਾ ਹੱਕ ਵੀ ਉਸ ਸੂਬੇ ਦੇ ਲੋਕਾਂ ਦਾ ਹੈ। ਪਰ ਪੰਜਾਬ ਦੇ ਹੋਰ ਕਈ ਹੱਕਾਂ ਨਾਲ ਦਰਿਆ ਦੇ ਪਾਣੀ ਦੇ ਹੱਕ 'ਤੇ ਵੀ ਭਾਰਤ ਸਰਕਾਰ ਨੇ ਡਾਕਾ ਮਾਰਿਆ ਹੋਇਆ ਹੈ, ਜਿਸ ਖਿਲਾਫ ਪੰਜਾਬ ਲੰਬੇ ਸਮੇਂ ਤੋਂ ਲੜਾਈ ਲੜ ਰਿਹਾ ਹੈ। ਪੰਜਾਬ ਦੇ ਹੜ੍ਹਾਂ ਦਾ ਨੁਕਸਾਨ ਪੰਜਾਬ ਨੂੰ ਹੀ ਝੱਲਣਾ ਪੈਂਦਾ ਹੈ ਪਰ ਡੈਮਾਂ ਤੋਂ ਨਿੱਕਲਦੀਆਂ ਨਹਿਰਾਂ ਨਾਲ ਰਾਜਸਥਾਨ, ਦਿੱਲੀ ਅਤੇ ਹਰਿਆਣਾ ਬੇਸ਼ਕੀਮਤੀ ਪਾਣੀ ਨੂੰ ਬਿਨ੍ਹਾਂ ਕੋਈ ਮੁੱਲ ਤਾਰਿਆਂ ਵਰਤਦੇ ਹਨ। ਇਸ ਤੋਂ ਵੀ ਵੱਧ ਇਹ ਸੂਬੇ ਇਸ ਪਾਣੀ 'ਤੇ ਆਪਣਾ ਮਾਲਕੀ ਦਾਅਵਾ ਵੀ ਕਰਦੇ ਹਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।