ਮਹਾਂਮਾਰੀ ਔਰਤਾਂ ਲਈ ਤਬਾਹਕੁੰਨ ਸਾਬਤ ਹੋਈ-ਕਮਲਾ ਹੈਰਿਸ

ਮਹਾਂਮਾਰੀ ਔਰਤਾਂ ਲਈ ਤਬਾਹਕੁੰਨ ਸਾਬਤ ਹੋਈ-ਕਮਲਾ ਹੈਰਿਸ

 ਅਮਰੀਕੀ ਔਰਤਾਂ ਮਹਾਨ ਹਨ..

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: ਹੁਸਨ ਲੜੋਆ ਬੰਗਾ) ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ 'ਯੂ ਐਸ ਏ ਟੂਡੇ' ਨਾਲ ਇਕ ਮੁਲਾਕਾਤ ਦੌਰਾਨ ਦੇਸ਼ ਵਿਚ ਔਰਤਾਂ ਦੀ ਹਾਲਤ ਬਾਰੇ ਖੁਲਕੇ ਗੱਲ ਕੀਤੀ ਤੇ ਉਨਾਂ ਦੀ ਸਮਾਜਿਕ ਸਥਿੱਤੀ ਉਪਰ ਚਿੰਤਾ ਪ੍ਰਗਟ ਕੀਤੀ।  ਉਪ ਰਾਸ਼ਟਰਪਤੀ ਨੇ ਛੋਟੇ ਕਾਰੋਬਾਰਾਂ ਵਿਚ ਔਰਤਾਂ ਤੇ ਘੱਟ ਗਿਣਤੀਆਂ ਨੂੰ ਤਰਜੀਹ ਦੇਣ ਦੀ ਗੱਲ ਕਹੀ। ਉਨਾਂ ਕਿਹਾ ਕਿ  ਕੋਰੋਨਾ ਮਹਾਂਮਾਰੀ ਔਰਤਾਂ ਤੇ ਵਿਸ਼ੇਸ਼ ਕਰਕੇ ਸਾਹਫਿਆਮ ਔਰਤਾਂ ਲਈ ਤਬਾਹੀ ਲੈ ਕੇ ਆਈ ਹੈ।   ਉਨਾਂ ਕਿਹਾ ਕਿ ''ਮੇਰਾ ਵਿਚਾਰ ਹੈ ਕਿ ਮਹਾਂਮਾਰੀ ਨੇ ਸਾਡੀਆਂ ਅਸਫਲਤਾਵਾਂ ਤੇ ਸਮਾਜਿਕ ਵੰਡ ਦਾ ਪਰਦਾਫਾਸ਼ ਕਰ ਦਿੱਤਾ ਹੈ ਜੋ ਲੰਬੇ ਸਮੇਂ ਤੋਂ ਸਾਡੇ ਸਮਾਜ ਵਿਚ ਮੌਜੂਦ ਹਨ । ਮਹਾਂਮਾਰੀ ਨੇ ਇਸ ਵੰਡ ਨੂੰ ਹੋਰ ਵਿਆਪਕ ਬਣਾ ਦਿੱਤਾ ਹੈ।'' ਉਨਾਂ ਕਿਹਾ ਕਿ ਇਕ ਸਾਲ ਦੌਰਾਨ ਮਹਾਂਮਾਰੀ ਨੇ ਅਮਰੀਕਾ ਵਿਚ ਪਾਈ ਜਾਂਦੀ ਲਿੰਗ ਅਸਮਾਨਤਾ ਨੂੰ ਹੋਰ ਵਧਾ ਦਿੱਤਾ ਹੈ ਤੇ ਦਹਾਕਿਆਂ ਦੌਰਾਨ ਔਰਤਾਂ ਵੱਲੋਂ ਕੀਤੀ ਉਨਤੀ ਦਾ ਗਲਾ ਘੁੱਟਣ ਦਾ ਕੰਮ ਕੀਤਾ ਹੈ। ਹੈਰਿਸ ਨੇ ਕਿਹਾ ''ਔਰਤਾਂ ਦੀ ਵਰਕਫੋਰਸ ਵਿਚ ਗਿਣਤੀ ਖੌਫ਼ਨਾਕ ਹੱਦ ਤੱਕ ਘਟੀ ਹੈ। ਔਰਤ ਉਦਮੀ ਦੀਆਂ ਦੁਕਾਨਾਂ ਬੰਦ ਹੋ ਗਈਆਂ ਹਨ ਜਾਂ ਖਾਲੀ ਹਨ। ਉਨਾਂ ਉਪਰ ਬੱਚਿਆਂ ਦੀ ਸੰਭਾਲ ਦਾ ਬੋਝ ਵਧਿਆ ਹੈ ਜਦ ਕਿ ਬੱਚੇ ਘਰਾਂ ਵਿਚ ਪੜ ਰਹੇ ਹਨ। ਕਾਲੀਆਂ ਤੇ ਅਮਰੀਕੀ ਮੂਲ ਦੀਆਂ ਲਤਿਨ ਔਰਤਾਂ ਵਿਸ਼ੇਸ਼ ਕਰਕੇ ਗੁਰਬੱਤ ਦੀ ਦਲ ਦਲ ਵਿਚ ਫਸ ਰਹੀਆਂ ਹਨ।'' ਉਪ ਰਾਸ਼ਟਰਪਤੀ ਨੇ ਇਸ ਸਥਿੱਤੀ ਦੀ ਤੁਲਨਾ 'ਕੌਮੀ ਹੰਗਾਮੀ ਸਥਿੱਤੀ' ਨਾਲ ਕੀਤੀ ਹੈ। ਉਨਾਂ ਕਿਹਾ ਕਿ ਸਭ ਲਈ 'ਪੇਅਡ ਸਿਕ ਲੀਵ' ਤੇ 'ਪੇਅਡ ਫੈਮਿਲੀ ਲੀਵ' ਦੀ ਲੋੜ ਹੈ ਤੇ ਬੱਚਿਆਂ ਵਾਸਤੇ ਸਸਤੇ ਸੰਭਾਲ ਕੇਂਦਰਾਂ ਦੀ ਲੋੜ ਹੈ। ਉਨਾਂ ਕਿਹਾ ਕਿ ਸਾਡੇ ਦਿਹਾਤ ਸਮੇਤ ਬਹੁਤ ਸਾਰੀਆਂ ਥਾਵਾਂ ਦੇ ਬੱਚਾ ਸੰਭਾਲ ਕੇਂਦਰਾਂ ਦੀ ਹਾਲਤ ਖੌਫਨਾਕ ਹੈ ਤੇ ਇਹ ਕਹਿਣਾ ਵੀ ਅਣਉਚਿੱਤ ਨਹੀਂ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਬੱਚਾ ਸੰਭਾਲ ਕੇਂਦਰ ਮੌਜੂਦ ਹੀ ਨਹੀਂ ਸਨ ਤੇ ਜੇ ਸਨ ਤਾਂ ਨਿਸ਼ਚਤ ਤੌਰ 'ਤੇ ਇਹ ਬਹੁਤ ਮਹਿੰਗੇ ਸਨ।'' ਅਮਰੀਕੀ  ਔਰਤਾਂ ਨੂੰ ਮਹਾਨ ਦਸਦਿਆਂ ਕਮਲਾ ਹੈਰਿਸ ਨੇ ਕਿਹਾ ਕਿ ਇਸ ਸਮੇਂ ਹਾਲਾਤ ਇਹ ਹਨ ਕਿ ਉਹ ਜਾਂ ਤਾਂ ਆਪਣਾ ਕਰੀਅਰ ਬਣਾਉਣ ਜਾਂ ਫਿਰ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਨ। ਮੇਰਾ ਵਿਚਾਰ ਹੈ ਕਿ ਉਹ ਇਹ ਦੋਨੋਂ ਕੰਮ ਕਰਨ ਦੇ ਸਮਰਥ ਹੋਣੀਆਂ ਚਾਹੀਦੀਆਂ ਹਨ।  ਉਨਾਂ ਕਿਹਾ ਕਿ ਉਹ ਆਪਣੇ ਖਜ਼ਾਨਾ ਸਕੱਤਰ ਨਾਲ ਕੰਮ ਕਰ ਰਹੀ ਹੈ ਤੇ ਅਸੀਂ ਆਪਣੇ ਛੋਟੇ ਕਾਰੋਬਾਰਾਂ ਲਈ ਵਧੇਰੇ ਸਾਧਨ ਜੁਟਾਉਣ ਦੇ ਯਤਨ ਵਿਚ ਹਾਂ।